ਕਾਂਗੜਾ ਵੈਲੀ ਰੇਲ ਲਾਈਨ ’ਤੇ ਗੱਡੀਆਂ ਦੀ ਆਵਾਜਾਈ ਬਹਾਲ ਕੀਤੀ ਜਾਏ

12/19/2023 5:18:52 AM

ਪੰਜਾਬ ਦੇ ਪਠਾਨਕੋਟ ਰੇਲਵੇ ਜੰਕਸ਼ਨ ਤੋਂ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਤੱਕ ਚੱਲਣ ਵਾਲੀ ਕਾਂਗੜਾ ਵੈਲੀ ਰੇਲ ਕਹਿਣ ਨੂੰ ਤਾਂ ਹੈਰੀਟੇਜ ਹੈ ਪਰ ਇਸ 164 ਕਿਲੋਮੀਟਰ ਲੰਬੇ ਰੇਲ ਮਾਰਗ ਦੀ ਮਾੜੀ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ।

ਇਸ ਮਾਰਗ ’ਤੇ ਪੈਣ ਵਾਲੇ ਸਭ ਰੇਲਵੇ ਸਟੇਸ਼ਨਾਂ ’ਚ ਪਲੇਟਫਾਰਮ, ਟਾਇਲਟਾਂ ਅਤੇ ਬੈਠਣ ਲਈ ਬਣਾਏ ਗਏ ਵਧੇਰੇ ਬੈਂਚਾਂ ਦਾ ਬੁਰਾ ਹਾਲ ਹੈ ਅਤੇ ਸਭ ਰੇਲਵੇ ਸਟੇਸ਼ਨਾਂ ਦੀ ਹਾਲਤ ਅਤਿਅੰਤ ਮਾੜੀ ਹੋ ਚੁੱਕੀ ਹੈ।

ਚੱਕੀ ਖੱਡ ਰੇਲਵੇ ਪੁਲ ਨੂੰ ਟੁੱਟਿਆਂ ਲਗਭਗ 16 ਮਹੀਨੇ ਹੋਣ ਵਾਲੇ ਹਨ ਅਤੇ ਇਸ ਰੇਲ ਮਾਰਗ ’ਤੇ ਚੱਲਣ ਵਾਲੀਆਂ ਸਭ ਰੇਲ ਗੱਡੀਆਂ ਬੰਦ ਹਨ, ਜਦੋਂਕਿ ਨੂਰਪੁਰ ਤੋਂ ਜਵਾਲਾਮੁਖੀ ਰੋਡ ਤੱਕ ਕਈ ਪਿੰਡਾਂ-ਕਸਬਿਆਂ ਦੇ ਲੋਕਾਂ ਲਈ ਟਰਾਂਸਪੋਰਟ ਦਾ ਇਕੋ-ਇਕ ਸਾਧਨ ਰੇਲ ਹੀ ਹੈ।

ਕਾਂਗੜਾ ਅਤੇ ਮੰਡੀ ਦੇ ਲੋਕਾਂ ਲਈ ਕਾਂਗੜਾ ਵਾਲੀ ਰੇਲ ਲਾਈਨ ਆਵਾਜਾਈ ਦੀ ਜੀਵਨ-ਰੇਖਾ ਹੈ। ਸਾਲ 2014 ਦੇ ਚੋਣ ਪ੍ਰਚਾਰ ਦੌਰਾਨ ਸ਼੍ਰੀ ਨਰਿੰਦਰ ਮੋਦੀ ਨੇ ਇਸ ਨੂੰ ਬ੍ਰਾਡਗੇਜ ਬਣਾਉਣ ਦਾ ਵਾਅਦਾ ਵੀ ਕੀਤਾ ਸੀ।

ਅੰਗਰੇਜ਼ਾਂ ਦੇ ਜ਼ਮਾਨੇ ਦਾ ਕਾਂਗੜਾ ਵੈਲੀ ਰੇਲ ਮਾਰਗ 1929 ਦਾ ਬਣਿਆ ਹੋਇਆ ਹੈ। ਕਿਸੇ ਸਮੇਂ ਇਸ ਰੇਲ ਮਾਰਗ ’ਤੇ ਇਕ ਐਕਸਪ੍ਰੈੱਸ ਰੇਲ ਗੱਡੀ ਸਮੇਤ ਰੋਜ਼ਾਨਾ 14 ਅਪ ਅਤੇ ਡਾਊਨ ਰੇਲ ਗੱਡੀਆਂ ਚਲਦੀਆਂ ਸਨ, ਜੋ ਹੁਣ ਬੰਦ ਹਨ।

ਚੱਕੀ ਪੁਲ ਦੇ ਰੁੜ੍ਹਣ ਪਿੱਛੋਂ ਰੇਲ ਵਿਭਾਗ ਪਠਾਨਕੋਟ ਤੋਂ ਨੂਰਪੁਰ ਰੋਡ (ਜਸੂਰ) ਤੱਕ ਰੇਲ ਗੱਡੀ ਚਲਾਉਣ ’ਚ ਅਸਮਰੱਥ ਹੈ ਪਰ ਮੀਂਹ ਰੁਕਣ ਪਿੱਛੋਂ ਹੁਣ ਘੱਟੋ-ਘੱਟ ਨੂਰਪੁਰ ਤੋਂ ਜੋਗਿੰਦਰ ਨਗਰ ਤੱਕ ਤਾਂ ਰੇਲ ਗੱਡੀਆਂ ਚਲਾਈਆਂ ਹੀ ਜਾ ਸਕਦੀਆਂ ਹਨ।

ਜਸੂਰ ਸਥਿਤ ਨੂਰਪੁਰ ਰੋਡ ਰੇਲਵੇ ਸਟੇਸ਼ਨ ’ਤੇ ਬਾਕਾਇਦਾ ਰੇਲ ਗੱਡੀਆਂ ਦੀ ਸੇਵਾ ਸੰਭਾਲ ਅਤੇ ਵਾਸ਼ਿੰਗ ਲਈ ਨਵਾਂ ਸ਼ੈੱਡ ਬਣਿਆ ਹੈ ਪਰ ਵਿਭਾਗ ਦੇ ਅਧਿਕਾਰੀ ਰੇਲ ਮਾਰਗ ਮਾੜਾ ਹੋਣ ਦੀ ਦਲੀਲ ਦੇ ਕੇ ਪੱਲਾ ਝਾੜ ਲੈਂਦੇ ਹਨ।

ਇੱਥੇ ਇਹ ਗੱਲ ਵੀ ਵਰਣਨਯੋਗ ਹੈ ਕਿ 15 ਜੁਲਾਈ, 2023 ਤੋਂ ਪਹਿਲਾਂ ਤਾਂ ਜਸੂਰ ਤੋਂ ਜੋਗਿੰਦਰ ਨਗਰ ਤੱਕ ਰੇਲ ਗੱਡੀਆਂ ਚਲਦੀਆਂ ਰਹੀਆਂ ਪਰ ਜੁਲਾਈ ’ਚ ਭਾਰੀ ਮੀਂਹ ਪਿੱਛੋਂ ਇਹ ਟ੍ਰੈਕ ਬਿਲਕੁਲ ਬੰਦ ਹੈ।

ਜੇ ਭਾਰਤ ਸਰਕਾਰ ਇਸ ਨੈਰੋਗੇਜ ਰੇਲ ਮਾਰਗ ਨੂੰ ਬ੍ਰਾਡਗੇਜ ’ਚ ਬਦਲ ਦੇਵੇ ਤਾਂ ਲੋਕਾਂ ਦੇ ਕਾਂਗੜਾ ਤੋਂ ਪਠਾਨਕੋਟ ਆਉਣ ਜਾਣ ’ਚ ਲੱਗਣ ਵਾਲੇ ਸਮੇਂ ’ਚ ਕਾਫੀ ਕਮੀ ਆ ਜਾਏਗੀ। ਇੰਝ ਕਰਨ ਲਈ ਸਰਕਾਰ ਨੂੰ ਜ਼ਮੀਨ ਵੀ ਹਾਸਲ ਨਹੀਂ ਕਰਨੀ ਪਏਗੀ ਅਤੇ ਲੋਕਾਂ ਦਾ ਕਾਰੋਬਾਰ ਵੀ ਚਮਕੇਗਾ।

ਜਿੰਨਾ ਧਿਆਨ ਰੇਲ ਵਿਭਾਗ ਹੈਰੀਟੇਜ ਕਾਲਕਾ-ਸ਼ਿਮਲਾ ਰੇਲ ਮਾਰਗ ’ਤੇ ਦਿੰਦਾ ਹੈ, ਉਸ ਦੀ ਤੁਲਨਾ ’ਚ ਰੇਲਵੇ ਦਾ ਇਸ ਰੇਲ ਮਾਰਗ ’ਤੇ 10 ਫੀਸਦੀ ਵੀ ਧਿਆਨ ਨਹੀਂ ਹੈ। ਜੁਲਾਈ-ਅਗਸਤ ’ਚ ਮਾਨਸੂਨ ਦੌਰਾਨ ਭਾਰੀ ਮੀਂਹ ਕਾਰਨ ਕਾਲਕਾ-ਸ਼ਿਮਲਾ ਰੇਲ ਮਾਰਗ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ, ਜਿਸ ਨੂੰ ਰੇਲਵੇ ਨੇ ਇਕ ਮਹੀਨੇ ’ਚ ਬਹਾਲ ਕਰ ਦਿੱਤਾ ਪਰ ਪਠਾਨਕੋਟ-ਜੋਗਿੰਦਰ ਨਗਰ ਰੇਲ ਮਾਰਗ ਲਗਭਗ 6 ਮਹੀਨਿਆਂ ਤੋਂ ਬੰਦ ਪਿਆ ਹੈ।

ਖੇਤਰ ਵਾਸੀਆਂ ਮੁਤਾਬਕ ਜੇ ਰੇਲ ਵਿਭਾਗ ਕਾਂਗੜਾ ਵੈਲੀ ਰੇਲ ਮਾਰਗ ਨੂੰ ਨੈਰੋਗੇਜ ਤੋਂ ਬ੍ਰਾਡਗੇਜ ’ਚ ਬਦਲਣ ’ਚ ਅਸਮਰੱਥ ਹੈ ਤਾਂ ਇਸ ਨੂੰ ਘੱਟੋ-ਘੱਟ ਦੋਹਰਾ ਭਾਵ ਡਬਲ ਕ੍ਰਾਸਿੰਗ ਰੇਲ ਮਾਰਗ ਬਣਾ ਦੇਵੇ। ਇਸ ਨਾਲ ਪਠਾਨਕੋਟ ਤੋਂ ਜੋਗਿੰਦਰ ਨਗਰ ਆਉਣ-ਜਾਣ ’ਚ ਲਗਭਗ 4-5 ਘੰਟੇ ਦਾ ਸਮਾਂ ਹੀ ਲੱਗੇਗਾ।

ਅਜੇ ਕਾਂਗੜਾ ਵੈਲੀ ਰੇਲ ਮਾਰਗ ’ਤੇ ਆਮਤੌਰ ’ਤੇ ਵਧੇਰੇ ਰੇਲ ਗੱਡੀਆਂ ਨੂੰ ਦੂਜੀ ਰੇਲ ਗੱਡੀ ਦੀ ਕ੍ਰਾਸਿੰਗ ਕਰਵਾਉਣ ਲਈ ਇਕ ਸਟੇਸ਼ਨ ’ਤੇ ਅੱਧੇ ਤੋਂ ਇਕ ਘੰਟੇ ਤੱਕ ਰੁਕਣਾ ਪੈਂਦਾ ਹੈ।

ਖੇਤਰ ਵਾਸੀਆਂ ਦੀ ਮੰਗ ਹੈ ਕਿ ਜੇ ਉੱਤਰ ਰੇਲਵੇ ਕਾਂਗੜਾ ਵੈਲੀ ਰੇਲ ਮਾਰਗ ਨੂੰ ਚਲਾਉਣ ’ਚ ਅਸਮਰੱਥ ਹੈ ਤਾਂ ਇਸ ਰੇਲ ਮਾਰਗ ਦਾ ਨਿੱਜੀਕਰਨ ਕਰ ਦੇਵੇ।

ਦੇਵਭੂਮੀ ਹਿਮਾਚਲ ਪ੍ਰਦੇਸ਼ ਦੇ ਲੋਕ ਆਪਣੀ ਦੇਸ਼-ਭਗਤੀ, ਕਰਮਠਤਾ, ਈਮਾਨਦਾਰੀ ਅਤੇ ਮਿਹਨਤ ਲਈ ਪ੍ਰਸਿੱਧ ਹੈ ਅਤੇ ਇਨ੍ਹਾਂ ਗੁਣਾਂ ਕਾਰਨ ਉਨ੍ਹਾਂ ਨੇ ਸਮੁੱਚੇ ਦੇਸ਼ ਵਿਚ ਆਪਣੀ ਵਿਸ਼ੇਸ਼ ਸਤਿਕਾਰਯੋਗ ਥਾਂ ਬਣਾਈ ਹੈ।

ਇਸ ਲਈ ਇਹ ਮੰਗ ਪੂਰੀ ਹੋ ਜਾਣ ਨਾਲ ਜਿੱਥੇ ਖੇਤਰ ਵਾਸੀਆਂ ਨੂੰ ਆਉਣ-ਜਾਣ ’ਚ ਕਾਫੀ ਸੌਖ ਹੋ ਜਾਏਗੀ, ਉੱਥੇ ਇਸ ਦਾ ਆਉਣ ਵਾਲੀਆਂ ਚੋਣਾਂ ’ਚ ਕੇਂਦਰ ਸਰਕਾਰ ਨੂੰ ਵੀ ਕਿਸੇ ਹੱਦ ਤੱਕ ਲਾਭ ਪਹੁੰਚੇਗਾ।

- ਵਿਜੇ ਕੁਮਾਰ

Anmol Tagra

This news is Content Editor Anmol Tagra