ਲਗਾਤਾਰ ਹੋ ਰਹੇ ਰੇਲ ਹਾਦਸੇਦੇ ਰਹੇ ਵੱਡੇ ਖਤਰੇ ਦੀ ਚਿਤਾਵਨੀ

10/28/2023 3:28:04 AM

ਭਾਰਤੀ ਰੇਲ ਨੈੱਟਵਰਕ ਦੀ ਕੁਲ ਲੰਬਾਈ ਲਗਭਗ 115,000 ਕਿਲੋਮੀਟਰ ਹੈ ਅਤੇ ਇਹ ਹਰ ਰੋਜ਼ ਲਗਭਗ 2 ਕਰੋੜ 31 ਲੱਖ ਯਾਤਰੀਆਂ (ਜੋ ਲਗਭਗ ਪੂਰੇ ਆਸਟ੍ਰੇਲੀਆ ਦੀ ਆਬਾਦੀ ਦੇ ਬਰਾਬਰ ਹੈ) ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਤੋਂ ਇਲਾਵਾ ਲਗਭਗ 93 ਲੱਖ ਟਨ ਸਮੱਗਰੀ ਢੋਂਦੀਆਂ ਹਨ।

ਦੇਸ਼ ’ਚ ਕਈ ਨਵੀਆਂ ਤੇਜ਼ ਰਫਤਾਰ ਰੇਲਗੱਡੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਇਸ ਲਿਹਾਜ਼ ਨਾਲ ਭਾਰਤੀ ਰੇਲਾਂ ’ਚ ਸੁਰੱਖਿਆ ਦੀ ਅਭੁੱਲ ਵਿਵਸਥਾ ਹੋਣੀ ਚਾਹੀਦੀ ਹੈ ਪਰ ਸਮੇਂ-ਸਮੇਂ ’ਤੇ ਹੋਣ ਵਾਲੇ ਰੇਲ ਹਾਦਸੇ ਸੁਚੇਤ ਕਰ ਰਹੇ ਹਨ ਕਿ ਭਾਰਤੀ ਰੇਲ ਪ੍ਰਣਾਲੀ ’ਚ ਸਭ ਕੁਝ ਠੀਕ ਨਹੀਂ ਹੈ।

* 2 ਜੂਨ, 2023 ਨੂੰ ਓਡਿਸ਼ਾ ਦੇ ਬਾਲਾਸੌਰ ’ਚ ਹੋਏ ਰੇਲ ਹਾਦਸੇ ’ਚ 291 ਯਾਤਰੀਆਂ ਦੀ ਮੌਤ ਅਤੇ ਵੱਡੀ ਗਿਣਤੀ ’ਚ ਲੋਕ ਜ਼ਖਮੀ ਹੋ ਗਏ।

* 26 ਅਗਸਤ ਨੂੰ ਤਮਿਲਨਾਡੂ ਦੇ ਮਦੁਰੈ ਰੇਲਵੇ ਜੰਕਸ਼ਨ ’ਤੇ ਖੜ੍ਹੀ ਇਕ ਸੈਲਾਨੀ ਟ੍ਰੇਨ ਦੇ ਪ੍ਰਾਈਵੇਟ ਕੋਚ ’ਚ ਅੱਗ ਲੱਗਣ ਨਾਲ 9 ਤੀਰਥ ਯਾਤਰੀਆਂ ਦੀ ਜਾਨ ਚਲੀ ਗਈ ਜਦਕਿ 20 ਹੋਰ ਜ਼ਖਮੀ ਹੋ ਗਏ।

* 11 ਅਕਤੂਬਰ ਰਾਤ ਨੂੰ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੋਂ ਕਾਮਾਖਿਆ ਜਾ ਰਹੀ 23 ਕੋਚਾਂ ਵਾਲੀ ਨਾਰਥ ਈਸਟ ਐਕਸਪ੍ਰੈੱਸ ਰਾਤ ਲਗਭਗ 9.35 ਵਜੇ ਬਿਹਾਰ ’ਚ ਬਕਸਰ ਦੇ ਨੇੜੇ ਰਘੂਨਾਥਪੁਰ ਸਟੇਸ਼ਨ ਕੋਲ ਪਟੜੀ ਤੋਂ ਉਤਰ ਗਈ, ਜਿਸ ’ਚ ਘੱਟੋ-ਘੱਟ 4 ਯਾਤਰੀ ਮਾਰੇ ਗਏ ਅਤੇ 70 ਤੋਂ ਵੱਧ ਜ਼ਖਮੀ ਹੋ ਗਏ।

ਟ੍ਰੇਨ ਦੇ ਗਾਰਡ ਵਿਜੇ ਕੁਮਾਰ ਅਨੁਸਾਰ ਹਾਦਸੇ ਸਮੇਂ ਇਹ ਟ੍ਰੇਨ ਲਗਭਗ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾ ਰਹੀ ਸੀ। ਘਟਨਾ ਨੂੰ ਬੇਹੱਦ ਭਿਆਨਕ ਦੱਸਦੇ ਹੋਏ ਪ੍ਰਤੱਖ ਦਰਸ਼ੀਆਂ ਨੇ ਕਿਹਾ ਕਿ ਅਚਾਨਕ ਟ੍ਰੇਨ ਨੂੰ ਝਟਕੇ ਲੱਗਣ ਲੱਗੇ ਅਤੇ ਯਾਤਰੀ ਆਪਣੀ ਬਰਥ ਤੋਂ ਡਿੱਗਣ ਲੱਗੇ ਅਤੇ ਜਦ ਤਕ ਕਿਸੇ ਨੂੰ ਕੁਝ ਸਮਝ ਆਉਂਦਾ ਟ੍ਰੇਨ ਪਟੜੀ ਤੋਂ ਲੱਥ ਚੁੱਕੀ ਸੀ।

ਰੇਲਵੇ ਦੇ ਸੂਤਰਾਂ ਮੁਤਾਬਕ ਜਿਸ ਥਾਂ ’ਤੇ ਹਾਦਸਾ ਹੋਇਆ, ਉੱਥੇ ਉਸੇ ਦਿਨ ਟ੍ਰੈਕ ’ਤੇ ਕੰਮ ਹੋਇਆ ਸੀ। ਇਹੀ ਨਹੀਂ, ਪਟੜੀ ’ਚ ਕ੍ਰੈਕ ਦੀ ਗੱਲ ਵੀ ਸਾਹਮਣੇ ਆਈ ਸੀ।

* 15 ਅਕਤੂਬਰ ਨੂੰ ਬਿਹਾਰ ਦੇ ਬਕਸਰ ਜ਼ਿਲੇ ’ਚ ਹੀ ਰਘੂਨਾਥਪੁਰ ਰੇਲਵੇ ਸਟੇਸ਼ਨ ’ਤੇ ਲੂਪ ਲਾਈਨ ’ਤੇ ਇਕ ਟ੍ਰੇਨ ਦਾ ਇੰਜਣ ਪਟੜੀ ਤੋਂ ਉਤਰ ਗਿਆ।

* 16 ਅਕਤੂਬਰ ਨੂੰ ਬਕਸਰ ’ਚ ਡੁਮਰਾਂਵ ਰੇਲਵੇ ਸਟੇਸ਼ਨ ਨੇੜੇ ਰਾਤ ਦੇ ਸਮੇਂ ਲੂਪ ਲਾਈਨ ’ਚ ਲਿਜਾਂਦੇ ਸਮੇਂ ਇਕ ਪਾਰਸਲ ਟ੍ਰੇਨ ਪਟੜੀ ਤੋਂ ਉਤਰ ਗਈ। ਇਕ ਹਫਤੇ ’ਚ ਬਕਸਰ ’ਚ ਟ੍ਰੇਨ ਦੇ ਪਟੜੀ ਤੋਂ ਉਤਰਨ ਦੀ ਇਹ ਤੀਜੀ ਘਟਨਾ ਹੈ।

* 16 ਅਕਤੂਬਰ ਨੂੰ ਹੀ ਮਹਾਰਾਸ਼ਟਰ ’ਚ ਬੀਡ ਜ਼ਿਲੇ ਦੇ ਆਸ਼ਟੀ ਸਟੇਸ਼ਨ ਤੋਂ ਅਹਿਮਦਨਗਰ ਵੱਲ ਜਾ ਰਹੀ ਇਕ ਡੀ. ਈ. ਐੱਮ. ਯੂ. ਯਾਤਰੀ ਟ੍ਰੇਨ ਦੇ 5 ਡੱਬਿਆਂ ’ਚ ‘ਨਾਰਾਇਣ ਡੋਹੋ’ ਰੇਲਵੇ ਸਟੇਸ਼ਨ ਨੇੜੇ ਅੱਗ ਲੱਗ ਗਈ।

* 24 ਅਕਤੂਬਰ ਨੂੰ ਤਮਿਲਨਾਡੂ ਦੇ ਚੇਨਈ ’ਚ ਅਵਾਡੀ ਸਟੇਸ਼ਨ ਦੇ ਨੇੜੇ ਇਕ ਈ. ਐੱਮ. ਯੂ. ਰੇਲਗੱਡੀ ਦੇ 4 ਡੱਬੇ ਪਟੜੀ ਤੋਂ ਉਤਰ ਗਏ। ਮੁੱਢਲੀਆਂ ਰਿਪੋਰਟਾਂ ਅਨੁਸਾਰ ਚਾਲਕ ਵੱਲੋਂ ਸਿਗਨਲ ਤੋੜ ਦੇਣ ਕਾਰਨ ਇਹ ਹਾਦਸਾ ਹੋਇਆ।

* ਹੁਣ 25 ਅਕਤੂਬਰ ਨੂੰ ਆਗਰਾ ਮੰਡਲ ’ਚ ‘ਭਾਂਡਈ’ ਅਤੇ ‘ਜਾਜਉ’ ਵਿਚਾਲੇ ਮਥੁਰਾ ਤੋਂ ਝਾਂਸੀ ਵੱਲ ਜਾ ਰਹੀ ‘ਪਾਤਾਲਕੋਟ ਐਕਸਪ੍ਰੈੱਸ’ ਦੇ 2 ਜਨਰਲ ਡੱਬਿਆਂ ’ਚ ਤੇਜ਼ ਧਮਾਕੇ ਨਾਲ ਅੱਗ ਲੱਗ ਜਾਣ ਨਾਲ ਯਾਤਰੀਆਂ ’ਚ ਦਹਿਸ਼ਤ ਫੈਲ ਗਈ।

ਧੂੰਏਂ ਅਤੇ ਅੱਗ ਨਾਲ ਯਾਤਰੀਆਂ ਦਾ ਸਾਹ ਘੁਟਣ ਲੱਗਾ ਅਤੇ ਉਨ੍ਹਾਂ ਨੇ ਛਾਲ ਮਾਰ ਕੇ ਜਾਨ ਬਚਾਈ। ਇਸ ਦੌਰਾਨ ਇਕ ਦਰਜਨ ਤੋਂ ਵੱਧ ਯਾਤਰੀ ਜ਼ਖਮੀ ਵੀ ਹੋ ਗਏ। ਦੱਸਿਆ ਜਾਂਦਾ ਹੈ ਕਿ 2 ਡੱਬੇ ਤਾਂ ਪੂਰੀ ਤਰ੍ਹਾਂ ਸੜ ਗਏ ਜਦਕਿ 2 ਹੋਰ ਡੱਬਿਆਂ ਨੂੰ ਵੀ ਨੁਕਸਾਨ ਪੱੁਜਾ।

* 25 ਅਕਤੂਬਰ ਨੂੰ ਹੀ ਵਾਰਾਣਸੀ ’ਚ ਚੌਕਾਘਾਟ ਪੁਲ ’ਤੇ ਇਕ ਮਾਲਗੱਡੀ ਦੇ 3 ਡੱਬੇ ਪਟੜੀ ਤੋਂ ਉਤਰ ਗਏ ਅਤੇ ਰੇਲ ਪਟੜੀ ਵੀ ਨੁਕਸਾਨੀ ਗਈ।

* ਅਤੇ ਹੁਣ 27 ਅਕਤੂਬਰ ਨੂੰ 2 ਰੇਲ ਹਾਦਸੇ ਹੋਣ ਦੀ ਖਬਰ ਹੈ। ਪਹਿਲੇ ਹਾਦਸੇ ’ਚ ਮਹਾਰਾਸ਼ਟਰ ’ਚ ਪੱਛਮੀ ਰੇਲਵੇ ਦੇ ਵਸਈ ਰੋਡ ਸਟੇਸ਼ਨ ਯਾਰਡ ’ਚ ਇਕ ਮਾਲਗੱਡੀ ਦੇ 2 ਡੱਬੇ ਪਟੜੀ ਤੋਂ ਉਤਰ ਜਾਣ ਨਾਲ ਰੇਲਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਜਦਕਿ ਦੂਜੀ ਘਟਨਾ ’ਚ ਹਰਿਆਣਾ ਦੇ ਹਿਸਾਰ ’ਚ ਸਾਤਰੋਡ ਰੇਲਵੇ ਸਟੇਸ਼ਨ ’ਤੇ ਮਾਲਗੱਡੀ ਦੇ ਇਕ ਡੱਬੇ ਦੇ 2 ਪਹੀਏ ਪਟੜੀ ਤੋਂ ਉਤਰ ਗਏ।

ਸਵਾਲੀਆ ਨਿਸ਼ਾਨ ਲਾਉਂਦੇ ਉਪਰੋਕਤ ਰੇਲਾਂ ਹਾਦਸੇ ਸਪੱਸ਼ਟ ਸਬੂਤ ਹਨ ਕਿ ਭਾਰਤੀ ਰੇਲਾਂ ਕਿਸ ਤਰ੍ਹਾਂ ਵੱਡੇ ਹਾਦਸੇ ਦੇ ਜੋਖਮ ’ਤੇ ਹਨ। ਅਜਿਹੀ ਸਥਿਤੀ ਪੈਦਾ ਨਾ ਹੋਵੇ, ਇਸ ਲਈ ਭਾਰਤੀ ਰੇਲਾਂ ਦੇ ਨਵੀਨੀਕਰਨ, ਰੱਖ-ਰਖਾਅ ਅਤੇ ਸੁਰੱਖਿਆ ਪ੍ਰਬੰਧਾਂ ’ਚ ਤੁਰੰਤ ਸੁਧਾਰ ਲਿਆਉਣ ਅਤੇ ਲਾਪ੍ਰਵਾਹ ਪਾਏ ਜਾਣ ਵਾਲੇ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।

- ਵਿਜੇ ਕੁਮਾਰ

Anmol Tagra

This news is Content Editor Anmol Tagra