ਅਪਰਾਧੀ ਗਿਰੋਹਾਂ ਦੀ ਪਨਾਹਗਾਹ ਬਣੀ ‘ਤਿਹਾੜ ਜੇਲ’, ਗੈਂਗਵਾਰ ਤੇ ਹਿੰਸਾ ਨਾਲ ਹੋ ਰਹੀ ਲਹੂ-ਲੁਹਾਨ

05/04/2023 2:45:49 AM

9 ਜੇਲਾਂ ’ਤੇ ਆਧਾਰਿਤ ਨਵੀਂ ਦਿੱਲੀ ਦੀ ‘ਤਿਹਾੜ ਜੇਲ’ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਜੇਲ ਕੰਪਲੈਕਸ ਹੈ ਜਿਸ ਨੂੰ ਮੁੱਖ ਤੌਰ ’ਤੇ ਇਕ ‘ਸੁਧਾਰ ਘਰ’ ਦੇ ਰੂਪ ’ਚ ਵਿਕਸਤ ਕੀਤਾ ਗਿਆ ਸੀ।

ਇਸ ਦਾ ਉਦੇਸ਼ ਜੇਲ ਦੇ ਕੈਦੀਆਂ ਨੂੰ ਦਸਤਕਾਰੀ ਦੀ ਟ੍ਰੇਨਿੰਗ ਅਤੇ ਸਾਧਾਰਨ ਸਿੱਖਿਆ ਦੇ ਕੇ ਕਾਨੂੰਨ ਦੇ ਆਗਿਆਕਾਰੀ ਨਾਗਰਿਕ ਬਣਾਉਣਾ ਸੀ ਪਰ ਅੱਜ ਸਥਿਤੀ ਬਹੁਤ ਬਦਲ ਚੁੱਕੀ ਹੈ ਅਤੇ ਇਹ ਅਪਰਾਧੀਆਂ ਦਾ ਸੁਧਾਰ ਘਰ ਨਾ ਰਹਿ ਕੇ ਸਗੋਂ ਅਪਰਾਧੀਆਂ ਦੀ ਪਨਾਹਗਾਹ ਬਣ ਚੁੱਕੀ ਹੈ।

ਤਿਹਾੜ ਜੇਲ ’ਚ ਗੈਂਗਵਾਰ ਦਾ ਸਿਲਸਿਲਾ ਲੰਬੇ ਸਮੇਂ ਤੋਂ ਜਾਰੀ ਹੈ ਅਤੇ ਪਿਛਲੇ ਕੁਝ ਸਾਲਾਂ ’ਚ ਇਸ ਜੇਲ ’ਚ ਗੈਂਗਵਾਰ ਦੀਆਂ ਕਈ ਵਾਰਦਾਤਾਂ ’ਚ ਕਈ ਕੈਦੀਆਂ ਦੀ ਮੌਤ ਅਤੇ ਕੁਝ ਜੇਲ ਕਰਮਚਾਰੀਆਂ ਸਮੇਤ ਕਈ ਲੋਕ ਜ਼ਖਮੀ ਹੋਏ ਹਨ।

ਇਨ੍ਹਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 2 ਜੁਲਾਈ, 2020 ਨੂੰ ਤਿਹਾੜ ਜੇਲ ਕੰਪਲੈਕਸ ’ਚ ਬੰਦ ਇਕ ਕੈਦੀ ਨੇ ਆਪਣੀ ਇਕ ਰਿਸ਼ਤੇਦਾਰ ਨਾਲ ਹੋਏ ਜਬਰ-ਜ਼ਨਾਹ ਦਾ ਬਦਲਾ ਲੈਣ ਲਈ ਇਸੇ ਜੇਲ ’ਚ ਬੰਦ ਇਕ ਹੋਰ ਕੈਦੀ ਦੀ ਹੱਤਿਆ ਕਰ ਦਿੱਤੀ।

* 30 ਨਵੰਬਰ, 2020 ਨੂੰ ਤਿਹਾੜ ਜੇਲ ਨੰਬਰ 3 ’ਚ ਇਕ ਹੱਤਿਆ ਦੇ ਦੋਸ਼ੀ ਦੀ ਜੇਲ ’ਚ ਬੰਦ 3 ਹੋਰ ਕੈਦੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ।

* 14 ਅਪ੍ਰੈਲ, 2023 ਨੂੰ ‘ਦਿੱਲੀ ਦਾ ਦਾਊਦ’ ਕਹਾਉਣ ਵਾਲੇ ਗੈਂਗਸਟਰ ਪ੍ਰਿੰਸ ਤੇਵਤੀਆ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਚਹੇਤੇ ‘ਰੋਹਿਤ ਮੋਈ’ ਗੈਂਗ ਦੇ ਗੁਰਗਿਆਂ ਨੇ ਚਾਕੂਆਂ ਨਾਲ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ 4 ਹੋਰ ਕੈਦੀਆਂ ਨੂੰ ਜ਼ਖਮੀ ਕਰ ਦਿੱਤਾ।

* ਅਤੇ ਹੁਣ 2 ਮਈ ਨੂੰ ਸਵੇਰੇ ਸਾਢੇੇ 6 ਵਜੇ ਤਿਹਾੜ ਜੇਲ ’ਚ ਵਿਰੋਧੀ ਗੋਗੀ ਗਿਰੋਹ ਦੇ 4 ਕੈਦੀਆਂ ਨੇ ਗੈਂਗਸਟਰ ‘ਟਿੱਲੂ ਤਾਜਪੁਰੀਆ’ ਦੀ ਹੱਤਿਆ ਕਰ ਦਿੱਤੀ। ਜ਼ਿਕਰਯੋਗ ਹੈ ਕਿ ਸਤੰਬਰ, 2021 ’ਚ ਰੋਹਿਣੀ ਅਦਾਲਤ ’ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਦੋਸ਼ੀ ਟਿੱਲੂ ਵਿਰੋਧੀ ਗਿਰੋਹਾਂ ਦੇ ਨਿਸ਼ਾਨੇ ’ਤੇ ਸੀ।

ਉਸ ’ਤੇ ਹਮਲਾ ਕਰਨ ਵਾਲੇ ਦੀਪਕ ਉਰਫ ਤੀਤਰ, ਯੋਗੇਸ਼ ਉਰਫ ਟੁੰਡਾ, ਰਾਜੇਸ਼ ਅਤੇ ਰਿਆਜ ਖਾਨ ਉਸ ਵਾਰਡ ਦੇ ਪਹਿਲੇ ਫਲੋਰ ’ਤੇ ਬੰਦ ਸਨ ਅਤੇ ਤਾਜਪੁਰੀਆ ਗ੍ਰਾਊਂਡ ਫਲੋਰ ’ਤੇ ਸੀ। ਉਨ੍ਹਾਂ ਫਿਲਮੀ ਸਟਾਈਲ ’ਚ ਉੱਚ ਸੁਰੱਖਿਆ ਵਾਲੇ ਵਾਰਡ ਦੀ ਪਹਿਲੀ ਮੰਜ਼ਿਲ ’ਤੇ ਲੱਗੀ ਲੋਹੇ ਦੀ ਗਰਿੱਲ ਨੂੰ ਕਥਿਤ ਤੌਰ ’ਤੇ ਕੱਟਿਆ ਅਤੇ ਬੈੱਡਸ਼ੀਟ ਦੀ ਮਦਦ ਨਾਲ ਹੇਠਾਂ ਉੱਤਰ ਕੇ ਤਾਜਪੁਰੀਆ ਦੇ ਸਰੀਰ ’ਤੇ 20 ਮਿੰਟ ਤੱਕ ਗਰਿੱਲ ਦੇ ਲੋਹੇ ਨਾਲ ਲਗਭਗ 90 ਵਾਰ ਕੀਤੇ।

ਇਹ ਤਾਂ ਤਿਹਾੜ ਜੇਲ ’ਚ ਅਪਰਾਧਿਕ ਸਰਗਰਮੀਆਂ ਦੀਆਂ ਕੁਝ ਉਦਾਹਰਣਾਂ ਹਨ। ਦਿੱਲੀ ਸਰਕਾਰ ਦੇ ਜੇਲ ਵਿਭਾਗ ਦੇ ਪ੍ਰਬੰਧ ਅਧੀਨ ਤਿਹਾੜ ਜੇਲ ’ਚ ਹਾਈ ਪ੍ਰੋਫਾਈਲ ਕੈਦੀ ਬੰਦ ਹੋਣ ਕਾਰਨ ਇੱਥੇ ਸਖਤ ਸੁਰੱਖਿਆ ਪ੍ਰਬੰਧਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਪਰਿੰਦਾ ਵੀ ਨਹੀਂ ਜਾ ਸਕਦਾ ਪਰ ਸਰਕਾਰ ਦੇ ਇਨ੍ਹਾਂ ਦਾਅਵਿਆਂ ਨੂੰ ਇੱਥੇ ਹੋਣ ਵਾਲੀਆਂ ਹਿੰਸਕ ਘਟਨਾਵਾਂ ਝੁਠਲਾਉਂਦੀਆਂ ਹਨ।

ਅਸਲ ’ਚ ਅਧਿਕਾਰੀਆਂ ’ਚ ਪੈਦਾ ਭ੍ਰਿਸ਼ਟਾਚਾਰ ਕਾਰਨ ਤਾਂ ਇਸ ਨੂੰ ‘ਰਿਸ਼ਵਤ ਮਹਿਲ’ ਤੱਕ ਦਾ ਨਾਂ ਦੇ ਦਿੱਤਾ ਗਿਆ ਹੈ ਜਿੱਥੇ ਖਰਚ ਕਰਨ ’ਤੇ ਸਭ ਕੁਝ ਮੁਹੱਈਆ ਹੈ ਅਤੇ ਜੇਲ ’ਚ ਕੈਦੀਆਂ ਦੀ ਭੀੜ ਵੀ ਇਸ ਅਵਿਵਸਥਾ ਦਾ ਇਕ ਵੱਡਾ ਕਾਰਨ ਹੈ।

ਗੈਂਗਸਟਰਾਂ ਦੀ ਸੁਰੱਖਿਅਤ ਪਨਾਹਗਾਹ ਬਣ ਗਈ ਇਸ ਜੇਲ ’ਚ ਵੀ ਵੱਖ-ਵੱਖ ਗਿਰੋਹਾਂ ਦਰਮਿਆਨ ਗਲਬੇ ਦੀ ਲੜਾਈ ਸ਼ੁਰੂ ਹੋ ਗਈ ਹੈ। ਮੁੱਢਲੀ ਜਾਂਚ ’ਚ ਇਸ ਹੱਤਿਆ ਦੀ ਸਾਜ਼ਿਸ਼ ’ਚ ਤਿਹਾੜ ਜੇਲ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਦਾ ਸ਼ੱਕ ਪੈਦਾ ਹੁੰਦਾ ਹੈ।

ਤਿਹਾੜ ਜੇਲ ’ਚ ਲਗਭਗ ਸਵਾ 5 ਹਜ਼ਾਰ ਕੈਦੀ ਰੱਖਣ ਦੀ ਸਮਰਥਾ ਹੈ ਜਦਕਿ 20 ਫਰਵਰੀ, 2023 ਦੇ ਅੰਕੜੇ ਮੁਤਾਬਕ ਇੱਥੇ ਇਸ ਸਮੇਂ 13,000 ਕੈਦੀ ਬੰਦ ਹਨ।

ਜ਼ਿਕਰਯੋਗ ਹੈ ਕਿ ਜਦੋਂ ਦੇਸ਼ ਦੀ ਸਭ ਤੋਂ ਸੁਰੱਖਿਅਤ ਜੇਲ ਕਹਾਉਣ ਵਾਲੀ ਤਿਹਾੜ ਜੇਲ ’ਚ ਸੁਰੱਖਿਆ ਦਾ ਇਹ ਹਾਲ ਹੈ ਤਾਂ ਦੇਸ਼ ਦੀਆਂ ਦੂਜੀਆਂ ਜੇਲਾਂ ’ਚ ਸੁਰੱਖਿਆ ਦੀ ਸਥਿਤੀ ਦਾ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ।

ਸਪੱਸ਼ਟ ਹੈ ਕਿ ਜਦੋਂ ਤੱਕ ਤਿਹਾੜ ਸਮੇਤ ਹੋਰ ਸਭ ਜੇਲਾਂ ’ਚ ਸੁਰੱਖਿਆ ਪ੍ਰਣਾਲੀ ਸਖਤ ਨਹੀਂ ਬਣਾਈ ਜਾਂਦੀ, ਉਦੋਂ ਤੱਕ ਉਨ੍ਹਾਂ ’ਚ ਅਪਰਾਧ ਹੁੰਦੇ ਹੀ ਰਹਿਣਗੇ।

ਇਸ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਜੇਲਾਂ ’ਚ ਕੈਦੀਆਂ ਦੀ ਭੀੜ ਘੱਟ ਕਰਨ, ਮੁੱਢਲੇ ਢਾਂਚੇ ਦੀਆਂ ਖਾਮੀਆਂ ਦੂਰ ਕਰਨ, ਉਥੇ ਹੋਣ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਲਈ ਸਟਾਫ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ ਫਰਜ਼ਾਂ ਨੂੰ ਨਿਭਾਉਣ ’ਚ ਢਿੱਲ ਵਰਤਣ ਵਾਲੇ ਕਰਮਚਾਰੀਆਂ ਵਿਰੁੱਧ ਵੀ ਉਚਿਤ ਕਾਰਵਾਈ ਕਰਨ ਦੀ ਲੋੜ ਹੈ।

- ਵਿਜੇ ਕੁਮਾਰ

Anmol Tagra

This news is Content Editor Anmol Tagra