''ਇਹ ਹੈ ਭਾਰਤ ਦੇਸ਼ ਅਸਾਡਾ''

04/14/2019 7:20:28 AM

         ਕਿਸੇ ਸਮੇਂ ਸਾਡੀ ਪ੍ਰਾਚੀਨ ਸੱਭਿਅਤਾ, ਸੰਸਕ੍ਰਿਤੀ ਅਤੇ ਉੱਚ ਸੰਸਕਾਰਾਂ ਕਰਕੇ ਸਾਰੀ ਦੁਨੀਆ ਮਾਰਗਦਰਸ਼ਨ ਲਈ ਭਾਰਤੀ ਗੁਰੂਆਂ ਦੀ ਪਨਾਹ 'ਚ ਆਉਣ 'ਤੇ ਮਾਣ ਮਹਿਸੂਸ ਕਰਦੀ ਸੀ ਪਰ ਅੱਜ ਅਸੀਂ ਆਪਣੇ ਉੱਚ ਸੰਸਕਾਰਾਂ, ਮਾਨਤਾਵਾਂ ਅਤੇ ਮਰਿਆਦਾਵਾਂ ਤੋਂ ਕਿਸ ਤਰ੍ਹਾਂ ਦੂਰ ਹੋ ਗਏ ਹਾਂ, ਇਹ ਸਿਰਫ 15 ਦਿਨਾਂ ਦੀਆਂ ਹੇਠਾਂ ਦਰਜ ਤਾਜ਼ਾ ਘਟਨਾਵਾਂ ਤੋਂ ਸਪੱਸ਼ਟ ਹੈ :

* 26 ਮਾਰਚ ਨੂੰ ਬਿਹਾਰ 'ਚ ਸੁਪੌਲ ਦੇ ਬੇਲਹੀ ਪਿੰਡ 'ਚ ਇਕ ਝੋਲਾਛਾਪ ਡਾਕਟਰ ਦੇ ਪਿਆਰ 'ਚ ਅੰਨ੍ਹੀ ਇਕ ਔਰਤ ਨੇ ਆਪਣੇ 8 ਸਾਲਾ ਬੇਟੇ ਦੀ ਹੱਤਿਆ ਕਰ ਦਿੱਤੀ।


* 27 ਮਾਰਚ ਨੂੰ ਬੰਗਾਲ ਦੇ ਬਰਦਵਾਨ 'ਚ ਸੁਰਜੀਤ ਨਾਮੀ ਇਕ ਨੌਜਵਾਨ ਨੇ ਸ਼ਰਾਬ ਲਈ ਪੈਸੇ ਦੇਣ ਤੋਂ ਨਾਂਹ ਕਰਨ 'ਤੇ ਆਪਣੀ 55 ਸਾਲਾ ਮਾਂ ਸਗਰੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਫਰਾਰ ਹੋ ਗਿਆ।

* 27 ਮਾਰਚ ਨੂੰ ਹੀ ਪਟਨਾ ਪੁਲਸ ਨੇ ਆਪਣੀ ਨਾਬਾਲਗ ਧੀ ਨੂੰ ਕੁੱਟਣ ਅਤੇ ਉਸ 'ਤੇ ਅੱਤਿਆਚਾਰ ਕਰਨ ਦਾ ਵੀਡੀਓ ਬਣਾ ਕੇ 16 ਸਾਲਾਂ ਤੋਂ ਉਸ ਨਾਲੋਂ ਅੱਡ ਰਹਿ ਰਹੀ ਪਤਨੀ ਨੂੰ ਭੇਜਣ ਦੇ ਦੋਸ਼ ਹੇਠ ਕ੍ਰਿਸ਼ਨ ਮੁਕਤੀਬੋਧ ਨਾਮੀ ਵਿਅਕਤੀ ਨੂੰ ਫੜਿਆ।

* 28 ਮਾਰਚ ਨੂੰ ਇੰਦੌਰ ਦੇ ਬੜਗੋਂਦਾ 'ਚ ਇਕ ਔਰਤ ਨੇ ਆਪਣੀ ਧੀ ਵਲੋਂ ਆਪਣੀ ਮਰਜ਼ੀ ਦੇ ਨੌਜਵਾਨ ਨਾਲ ਵਿਆਹ ਲਈ ਜ਼ੋਰ ਪਾਉਣ 'ਤੇ ਉਸ ਨੂੰ ਸਾੜ ਕੇ ਮਾਰ ਦਿੱਤਾ।

* 30 ਮਾਰਚ ਨੂੰ ਮੁੰਬਈ ਦੇ ਭਾਇੰਦਰ 'ਚ ਸੋਮਨਾਥ ਨਾਮੀ ਇਕ ਨੌਜਵਾਨ ਨੇ ਆਪਣੀ 80 ਸਾਲਾ ਮਾਂ ਰਮਾ ਮਿਤਰਾ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ।

* 01 ਅਪ੍ਰੈਲ ਨੂੰ ਕੋਟਕਪੂਰਾ ਦੇ ਵਾੜਾ ਧਰਾਕਾ ਪਿੰਡ 'ਚ ਸਿਕੰਦਰ ਸਿੰਘ ਨਾਂ ਦੇ ਵਿਅਕਤੀ ਦੀ ਉਸ ਦੇ ਬੇਟੇ ਲਖਵਿੰਦਰ ਨੇ ਹੱਤਿਆ ਕਰ ਦਿੱਤੀ। ਉਹ ਆਪਣੇ ਪਿਤਾ ਵਲੋਂ ਉਸ ਦੀ ਭੈਣ ਨੂੰ ਕੈਨੇਡਾ ਜਾਣ ਲਈ 17 ਲੱਖ ਰੁਪਏ ਦੇਣ ਤੋਂ ਨਾਰਾਜ਼ ਸੀ।

* 02 ਅਪ੍ਰੈਲ ਨੂੰ ਔਰੰਗਾਬਾਦ 'ਚ ਜਾਣ-ਪਛਾਣ ਦਾ ਫਾਇਦਾ ਉਠਾ ਕੇ ਇਕ ਵਿਅਕਤੀ ਨੇ ਆਪਣੀ 14 ਸਾਲਾ ਰਿਸ਼ਤੇਦਾਰ ਨਾਬਾਲਗ ਬੱਚੀ ਦੀ ਇੱਜ਼ਤ ਲੁੱਟ ਲਈ।

* 03 ਅਪ੍ਰੈਲ ਨੂੰ ਨੋਇਡਾ 'ਚ ਬਿਹਾਰ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਮਾਮੇ ਅਤੇ ਚਾਚੇ 'ਤੇ ਉਸ ਨੂੰ 40,000 ਰੁਪਏ 'ਚ ਇਕ ਵਿਅਕਤੀ ਕੋਲ ਵੇਚ ਦੇਣ ਦਾ ਦੋਸ਼ ਲਾਇਆ, ਜਿਸ ਨੇ ਉਸ ਨੂੰ ਬੰਧਕ ਬਣਾ ਕੇ ਉਸ ਨਾਲ ਰੇਪ ਕੀਤਾ।

* 04 ਅਪ੍ਰੈਲ ਨੂੰ ਸਦਰ ਥਾਣਾ ਜੀਂਦ ਦੇ ਪਿੰਡ 'ਚ ਇਕ ਕਲਯੁੱਗੀ ਪਿਓ ਨੇ ਆਪਣੀ ਮਾਂ-ਵਿਹੂਣੀ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਬਲਾਤਕਾਰ ਕੀਤਾ।

* 04 ਅਪ੍ਰੈਲ ਨੂੰ ਹੀ ਇਕ ਨੌਜਵਾਨ ਨੇ ਲੁਧਿਆਣਾ ਦੇ ਪਿੰਡ ਜਸਪਾਲ ਬਾਗੜ 'ਚੋਂ ਲੰਘਣ ਵਾਲੀ ਨਹਿਰ ਨੇੜੇ ਲਿਜਾ ਕੇ ਆਪਣੇ ਜੀਜੇ ਰਾਜਕੁਮਾਰ ਦੀ ਹੱਤਿਆ ਕਰ ਦਿੱਤੀ। ਉਹ ਆਪਣੀ ਭੈਣ ਵਲੋਂ ਪ੍ਰੇਮ-ਵਿਆਹ ਕਰਵਾਉਣ 'ਤੇ ਨਾਰਾਜ਼ ਸੀ।

* 04 ਅਪ੍ਰੈਲ ਨੂੰ ਬੰਗਾ ਦੇ ਪਿੰਡ ਰਸੂਲਪੁਰ 'ਚ ਇਕ ਨੌਜਵਾਨ ਨੇ ਆਪਣੀ ਉਮਰ ਨਾਲੋਂ 10 ਸਾਲ ਵੱਡੀ ਆਪਣੀ ਚਾਚੀ ਵਲੋਂ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰਨ 'ਤੇ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਉਸ ਨੂੰ ਮਾਰ ਦਿੱਤਾ।

* 06 ਅਪ੍ਰੈਲ ਨੂੰ ਕਰਨਾਲ ਦੇ ਪਿੰਡ ਕਲਰੀ ਜਾਗੀਰ 'ਚ ਪੂਜਾ ਰਾਣੀ ਨਾਂ ਦੀ ਔਰਤ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਜੈਪ੍ਰਕਾਸ਼ ਉਰਫ ਬੱਲੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

* 07 ਅਪ੍ਰੈਲ ਨੂੰ ਮੈਂਗਲੁਰੂ 'ਚ ਆਪਣੀ ਪਤਨੀ ਦੀ ਗੈਰ-ਮੌਜੂਦਗੀ 'ਚ ਇਕ ਵਿਅਕਤੀ ਨੇ ਆਪਣੀ 17 ਸਾਲਾ ਧੀ ਨਾਲ ਬਲਾਤਕਾਰ ਕੀਤਾ।

* 08 ਅਪ੍ਰੈਲ ਨੂੰ ਪਟਿਆਲਾ ਦੇ ਰਤਨਨਗਰ 'ਚ ਲਾਲੀ ਨਾਂ ਦੇ ਨੌਜਵਾਨ ਨੇ ਆਪਣੇ ਪਿਤਾ ਬਲਕਾਰ ਸਿੰਘ ਦੇ ਸਿਰ 'ਚ ਹਥੌੜੇ ਨਾਲ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ।

* 08 ਅਪ੍ਰੈਲ ਨੂੰ ਹੀ ਦੇਹਰਾਦੂਨ 'ਚ ਪਤੀ ਵਲੋਂ ਹੋਰਨਾਂ ਮਰਦਾਂ ਨਾਲ ਸਬੰਧ ਬਣਾਉਣ ਲਈ ਮਜਬੂਰ ਕਰਨ 'ਤੇ ਇਕ ਔਰਤ ਨੇ ਪਹਿਲਾਂ ਨਸ਼ੇ ਵਾਲੀਆਂ ਗੋਲੀਆਂ ਮਿਲਾ ਕੇ ਉਸ ਨੂੰ ਸ਼ਰਾਬ ਪਿਲਾਈ ਤੇ ਫਿਰ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ।

* 10 ਅਪ੍ਰੈਲ ਨੂੰ ਸੋਨਭਦਰ ਦੇ ਊਚਡੀਹ ਨਾਮੀ ਪਿੰਡ 'ਚ ਤਪੇਸ਼ਵਰੀ ਦੇਵੀ ਨਾਂ ਦੀ ਔਰਤ ਨੇ ਆਪਣੇ ਪਤੀ ਸ਼ੇਸ਼ਮਣੀ ਭਾਰਤੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਇਕ ਪੱਥਰ ਚੁੱਕ ਕੇ ਉਸ ਦੇ ਸਿਰ 'ਚ ਮਾਰਿਆ, ਜਿਸ ਨਾਲ ਸ਼ੇਸ਼ਮਣੀ ਦੀ ਮੌਤ ਹੋ ਗਈ।

* 10 ਅਪ੍ਰੈਲ ਨੂੰ ਹੀ ਯੂ. ਪੀ. ਦੇ ਸੇਂਗਨਪੁਰ 'ਚ ਇਕ ਵਿਅਕਤੀ ਨੇ ਉਦੋਂ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ, ਜਦੋਂ ਉਹ ਰਾਤ ਨੂੰ ਘਰ 'ਚ ਸੁੱਤੀ ਪਈ ਸੀ।

* 10 ਅਪ੍ਰੈਲ ਨੂੰ ਹੀ ਝਾਰਖੰਡ ਦੇ ਸੁੰਦਰਨਗਰ 'ਚ ਯਸ਼ਦਾਸ ਨਾਮੀ ਨੌਜਵਾਨ ਨੇ ਆਪਣੇ ਬੇਟੇ ਦੇ ਮੂੰਹ 'ਚ ਗੀਟੀ ਪਾਉਣ ਤੋਂ ਬਾਅਦ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਕਿਉਂਕਿ ਯਸ਼ ਦੇ ਮਾਤਾ-ਪਿਤਾ ਉਸ ਦੀ ਬਜਾਏ ਆਪਣੇ ਪੋਤੇ ਨੂੰ ਜ਼ਿਆਦਾ ਚਾਹੁੰਦੇ ਸਨ।

* 10 ਅਪ੍ਰੈਲ ਨੂੰ ਹੀ ਮੱਧ ਪ੍ਰਦੇਸ਼ ਦੇ ਸਾਗਰ 'ਚ ਦੇਰ ਰਾਤ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਨਸ਼ੇ 'ਚ ਘਰ ਪਹੁੰਚ ਕੇ ਖਰੂਦ ਮਚਾ ਰਹੇ ਇਕ ਪੁਲਸ ਗਾਰਡ ਅਭੈ ਗੰਗੇਲੇ ਦੀ ਉਸ ਦੇ ਪਿਤਾ ਸੰਤੋਸ਼ ਗੰਗੇਲੇ ਨੇ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ।

* 11 ਅਪ੍ਰੈਲ ਨੂੰ ਵਾਰਾਨਸੀ 'ਚ ਘਰੇਲੂ ਝਗੜੇ ਕਾਰਨ ਮ੍ਰਿਤੁੰਜਯ ਨਾਮੀ ਇਕ ਨੌਜਵਾਨ ਨੇ ਆਪਣੇ ਜੀਜੇ ਚੰਦਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਚੰਦਨ ਆਪਣੇ ਮਾਂ-ਪਿਓ ਦਾ ਇਕਲੌਤਾ ਬੇਟਾ ਤੇ 4 ਭੈਣਾਂ ਦਾ ਭਰਾ ਸੀ।

ਉਕਤ ਘਟਨਾਵਾਂ ਇਸ ਕੌੜੇ ਤੱਥ ਵੱਲ ਇਸ਼ਾਰਾ ਕਰਦੀਆਂ ਹਨ ਕਿ ਅੱਜ ਅਸੀਂ ਆਪਣੀਆਂ ਪ੍ਰਾਚੀਨ ਨੈਤਿਕ ਕਦਰਾਂ-ਕੀਮਤਾਂ ਤੋਂ ਕਿਵੇਂ ਹੇਠਾਂ ਡਿੱਗ ਗਏ ਹਾਂ। ਇਸ ਲਈ ਸਾਡੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਜਿਹੀਆਂ ਘਟਨਾਵਾਂ ਦੀ ਡੂੰਘਾਈ 'ਚ ਜਾ ਕੇ ਇਨ੍ਹਾਂ ਵਿਰੁੱਧ ਸਮਾਜ 'ਚ ਪ੍ਰਚਾਰ ਕਰਨ ਅਤੇ ਅੱਗੇ ਆ ਕੇ ਇਸ ਮਾਮਲੇ 'ਚ ਲੋਕਾਂ ਨੂੰ ਸਿੱਖਿਅਤ ਕਰਨ ਦੀ ਉਸੇ ਤਰ੍ਹਾਂ ਲੋੜ ਹੈ, ਜਿਸ ਤਰ੍ਹਾਂ ਪ੍ਰਾਚੀਨ ਕਾਲ 'ਚ ਦੇਸ਼ ਅੰਦਰ ਸਾਡੇ ਮਹਾਪੁਰਸ਼ਾਂ ਨੇ ਕੀਤਾ। ਜੇ ਅਜਿਹਾ ਨਾ ਕੀਤਾ ਗਿਆ ਤਾਂ ਦੇਸ਼ ਹੋਰ ਨੀਵਾਣ 'ਚ ਚਲਾ ਜਾਵੇਗਾ।

                                                                                            –ਵਿਜੇ ਕੁਮਾਰ

KamalJeet Singh

This news is Content Editor KamalJeet Singh