''ਇਹ ਹੈ ਭਾਰਤ ਦੇਸ਼ ਅਸਾਡਾ''
05/19/2019 4:54:13 AM
ਕਿਸੇ ਸਮੇਂ ਸਾਡੀ ਪ੍ਰਾਚੀਨ ਸੱਭਿਅਤਾ, ਸੰਸਕ੍ਰਿਤੀ ਅਤੇ ਉੱਚ ਸੰਸਕਾਰਾਂ ਕਾਰਨ ਸਮੁੱਚੀ ਦੁਨੀਆ ਮਾਰਗਦਰਸ਼ਨ ਲਈ ਭਾਰਤੀ ਗੁਰੂਆਂ ਦੀ ਪਨਾਹ 'ਚ ਆਉਣ 'ਤੇ ਮਾਣ ਮਹਿਸੂਸ ਕਰਦੀ ਸੀ ਪਰ ਅੱਜ ਅਸੀਂ ਆਪਣੇ ਉੱਚ ਸੰਸਕਾਰਾਂ, ਮਾਨਤਾਵਾਂ ਅਤੇ ਮਰਿਆਦਾਵਾਂ ਤੋਂ ਕਿੰਨੇ ਦੂਰ ਹੋ ਗਏ ਹਾਂ, ਇਹ ਸਿਰਫ ਇਕ ਮਹੀਨੇ ਦੀਆਂ ਹੇਠਾਂ ਦਰਜ ਤਾਜ਼ਾ ਘਟਨਾਵਾਂ ਤੋਂ ਸਪੱਸ਼ਟ ਹੈ :
* 15 ਅਪ੍ਰੈਲ ਨੂੰ ਬੁਲੰਦਸ਼ਹਿਰ 'ਚ ਇਕ ਲੜਕੀ ਨਾਲ ਉਸ ਦੇ ਰਿਸ਼ਤੇ ਦੇ ਭਰਾ ਅਤੇ ਦੋਸਤ ਨੇ ਰਿਵਾਲਵਰ ਦੀ ਨੋਕ 'ਤੇ ਰਾਤ ਭਰ ਦਰਿੰਦਗੀ ਕੀਤੀ, ਜਿਸ ਨਾਲ ਉਹ ਕੋਮਾ 'ਚ ਚਲੀ ਗਈ ਅਤੇ 11 ਮਈ ਨੂੰ ਕੋਮਾ 'ਚੋਂ ਬਾਹਰ ਆਉਣ 'ਤੇ ਉਸ ਨੇ ਆਪਣੀ ਹੱਡਬੀਤੀ ਲਿਖ ਕੇ ਦੱਸੀ।
* 13 ਮਈ ਨੂੰ ਧਰੀਆਬਾਦ 'ਚ ਇਕ ਵਿਅਕਤੀ ਨੇ ਜੰਗਲ 'ਚ ਲਿਜਾ ਕੇ ਆਪਣੀ ਧੀ ਦੇ ਗਲੇ 'ਤੇ ਤਲਵਾਰ ਰੱਖ ਕੇ ਉਸ ਨਾਲ ਬਲਾਤਕਾਰ ਕੀਤਾ।
* 14 ਮਈ ਨੂੰ ਜਗਰਾਓਂ ਨੇੜਲੇ ਇਕ ਪਿੰਡ 'ਚ ਇਕ ਨੌਜਵਾਨ ਨੇ ਆਪਣੀ ਚਚੇਰੀ ਭੈਣ ਨੂੰ ਘਰ ਛੱਡਣ ਦੇ ਬਹਾਨੇ ਖੇਤ 'ਚ ਲਿਜਾ ਕੇ ਉਸ ਦੀ ਇੱਜ਼ਤ ਲੁੱਟ ਲਈ।
* 15 ਮਈ ਨੂੰ ਜੰਮੂ ਦੇ ਕੰਗਰੈਲ ਭਲਵਾਲ ਪਿੰਡ 'ਚ ਇਕ ਔਰਤ ਨੇ ਆਪਣੇ ਪਤੀ 'ਤੇ ਆਪਣੀ 6 ਸਾਲਾ ਧੀ ਦੀ ਹੱਤਿਆ ਕਰਨ ਦਾ ਦੋਸ਼ ਲਾਇਆ।
* 15 ਮਈ ਨੂੰ ਹੀ ਬਰੋਟੀਵਾਲਾ ਨੇੜੇ ਮੜ੍ਹਾਵਾਲਾ ਪਿੰਡ 'ਚ ਆਸਿਫ ਨਾਮੀ ਵਿਅਕਤੀ ਨੇ ਆਪਣੀਆਂ 18 ਅਤੇ 17 ਸਾਲ ਦੀਆਂ ਦੋ ਮਤਰੇਈਆਂ ਧੀਆਂ ਨੂੰ ਚਾਕੂ ਨਾਲ ਵਿੰਨ੍ਹ ਕੇ ਮਾਰ ਦਿੱਤਾ। ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਆਸਿਫ ਨੇ ਆਪਣੀ ਛੋਟੀ ਧੀ ਨਾਲ ਛੇੜਖਾਨੀ ਕੀਤੀ ਸੀ, ਜਿਸ ਕਾਰਨ ਘਰ 'ਚ ਲੜਾਈ ਦਾ ਮਾਹੌਲ ਸੀ।
* 15 ਮਈ ਨੂੰ ਹੀ ਲੁਧਿਆਣਾ 'ਚ ਇਕ ਵਿਅਕਤੀ ਨੇ ਆਪਣੀ ਨੂੰਹ ਨਾਲ ਬਲਾਤਕਾਰ ਕੀਤਾ।
* 16 ਮਈ ਨੂੰ ਨਵੀਂ ਦਿੱਲੀ 'ਚ ਇਕ ਵਿਅਕਤੀ ਨੂੰ ਆਪਣੇ ਮਤਰੇਏ ਪਿਤਾ ਦੀ ਹੱਤਿਆ ਦੇ ਦੋਸ਼ 'ਚ ਫੜਿਆ ਗਿਆ। ਉਸ ਨੂੰ ਸ਼ੱਕ ਸੀ ਕਿ ਉਸ ਦਾ ਪਿਤਾ ਉਸ ਦੀ ਛੋਟੀ ਭੈਣ 'ਤੇ ਬੁਰੀ ਨਜ਼ਰ ਰੱਖਦਾ ਸੀ।
* 16 ਮਈ ਨੂੰ ਹੀ ਮੱਧ ਪ੍ਰਦੇਸ਼ ਦੇ ਸੇਮਰੀ ਘਾਟ 'ਚ ਇਕ ਵਿਅਕਤੀ ਨੇ ਘਰੇਲੂ ਝਗੜੇ ਕਾਰਨ ਕੁਹਾੜੀ ਮਾਰ ਕੇ ਆਪਣੀ ਪਤਨੀ ਅਤੇ ਬੁੱਢੇ ਮਾਂ-ਪਿਓ ਨੂੰ ਮਾਰ ਦਿੱਤਾ।
* 17 ਮਈ ਨੂੰ ਬਿਹਾਰ 'ਚ ਵੈਸ਼ਾਲੀ ਦੇ ਬੇਦੋਲੀ ਪਿੰਡ 'ਚ ਕਿਸੇ ਗੱਲ 'ਤੇ ਨਾਰਾਜ਼ ਹੋ ਕੇ ਅਨਿਲ ਰਾਏ ਨਾਮੀ ਨੌਜਵਾਨ ਨੇ ਆਪਣੇ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਇਹ ਘਟਨਾਵਾਂ ਸਾਨੂੰ ਚੌਕਸ ਕਰਦੀਆਂ ਹਨ ਕਿ ਆਪਣੇ ਪ੍ਰਚੀਨ ਉੱਚ ਆਦਰਸ਼ਾਂ ਨੂੰ ਭੁੱਲ ਕੇ ਅਸੀਂ ਕਿਸ ਤਰ੍ਹਾਂ ਨੈਤਿਕ ਪਤਨ ਦੀ ਦਲਦਲ 'ਚ ਧਸਦੇ ਜਾ ਰਹੇ ਹਾਂ।
—ਵਿਜੇ ਕੁਮਾਰ