ਪੰਜਾਬ ਦੇ ਸਾਬਕਾ ਰਾਜਪਾਲ ਅਰਜੁਨ ਸਿੰਘ ਦੀ ਵਿਧਵਾ ਵਲੋਂ ਬੇਟਿਆਂ ''ਤੇ ਘਰੋਂ ਬੇਦਖਲ ਕਰਨ ਦਾ ਦੋਸ਼

06/21/2018 5:13:24 AM

ਭਾਰਤ 'ਚ ਬਜ਼ੁਰਗਾਂ ਨੂੰ ਅਤੀਤ 'ਚ ਬਹੁਤ ਸਨਮਾਨਜਨਕ ਦਰਜਾ ਹਾਸਲ ਸੀ ਪਰ ਅੱਜ ਔਲਾਦਾਂ ਵਲੋਂ ਉਨ੍ਹਾਂ ਨਾਲ ਦੁਰਵਿਵਹਾਰ ਦਾ ਰੁਝਾਨ ਬਹੁਤ ਜ਼ਿਆਦਾ ਵਧ ਜਾਣ ਕਰਕੇ ਉਨ੍ਹਾਂ ਦੀ ਸਥਿਤੀ ਬਹੁਤ ਤਰਸਯੋਗ ਬਣ ਕੇ ਰਹਿ ਗਈ ਹੈ। ਬਜ਼ੁਰਗਾਂ ਨਾਲ ਦੁਰਵਿਵਹਾਰ ਕੀਤੇ ਜਾਣ ਦੀਆਂ ਖਬਰਾਂ ਪੜ੍ਹ-ਸੁਣ ਕੇ ਮਨ ਬੇਚੈਨ ਹੋ ਜਾਂਦਾ ਹੈ, ਜਿਨ੍ਹਾਂ 'ਚੋਂ ਕੁਝ ਹੇਠਾਂ ਦਰਜ ਹਨ :
* 11 ਜੂਨ ਨੂੰ ਗੁਜਰਾਤ ਦੇ 'ਛੋਟਾ ਉਦੈਪੁਰ' ਵਿਚ ਆਪਣੀ ਧੀ 'ਭਾਵਨਾ ਬੈਰੀਆ' ਕੋਲ ਰਹਿਣ ਵਾਲੀ ਮਾਨਸਿਕ ਤੌਰ 'ਤੇ ਕਮਜ਼ੋਰ 'ਬਾਲੀ ਬੈਰੀਆ' ਨਾਮੀ ਔਰਤ ਨੇ ਜਦੋਂ ਖਾਣਾ ਨਾ ਮਿਲਣ 'ਤੇ ਭਾਵਨਾ ਨੂੰ ਡਾਂਟਿਆ ਤਾਂ ਉਸ ਨੇ ਆਪਣੇ ਪਤੀ ਤੇ ਬੇਟੇ ਨਾਲ ਮਿਲ ਕੇ ਆਪਣੀ ਮਾਂ ਨੂੰ ਰੱਸੀ ਨਾਲ ਬੰਨ੍ਹ ਕੇ ਕੁੱਟ ਦਿੱਤਾ।
ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ 'ਚ ਦੋਹਤਾ, ਜੋ ਘਟਨਾ ਤੋਂ ਬਾਅਦ ਲਾਪਤਾ ਹੈ, ਆਪਣੀ ਨਾਨੀ ਨੂੰ ਘਰੋਂ ਬਾਹਰ ਧੱਕੇ ਦਿੰਦਾ ਦਿਖਾਈ ਦੇ ਰਿਹਾ ਹੈ। 
* 15 ਜੂਨ ਨੂੰ ਓਡਿਸ਼ਾ ਦੇ 'ਅੰਗੁਲ' ਜ਼ਿਲੇ ਦੇ 'ਬਾੜਾਪਾਦਰ' ਪਿੰਡ 'ਚ ਦੁਖੀ ਸ਼ਿਆਮ ਨਾਮੀ ਨੌਜਵਾਨ ਨੇ ਘਰ ਆ ਕੇ ਬੇਵਜ੍ਹਾ ਆਪਣੀ ਪਤਨੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਸ ਦੇ ਮਾਂ-ਪਿਓ ਨੇ ਆ ਕੇ ਉਸ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਹਥੌੜੇ ਨਾਲ ਉਨ੍ਹਾਂ 'ਤੇ ਵਾਰ ਕਰ ਕੇ ਦੋਵਾਂ ਦੀ ਹੱਤਿਆ ਕਰ ਦਿੱਤੀ।
* 16 ਜੂਨ ਨੂੰ ਯੂ. ਪੀ. 'ਚ ਵਾਰਾਣਸੀ ਨੇੜੇ 'ਕਰਹੀਆ' ਪਿੰਡ 'ਚ ਇਕ ਕਲਯੁਗੀ ਬੇਟੇ ਨੇ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਆਪਣੀ ਮਾਂ ਨੂੰ ਬੁਰੀ ਤਰ੍ਹਾਂ ਕੁੱਟਿਆ। 
* 17 ਜੂਨ ਨੂੰ ਮੱਧ ਪ੍ਰਦੇਸ਼ 'ਚ ਟੀਕਮਗੜ੍ਹ ਨੇੜੇ 'ਡੂਡਾ' ਪਿੰਡ 'ਚ ਇਕ ਕਲਯੁਗੀ ਬੇਟੇ ਮੂਲਚੰਦ ਨੇ ਆਪਣੀ ਮਾਂ ਜਾਨਕੀ ਬਾਈ ਕੁਸ਼ਵਾਹਾ ਨੂੰ ਲਾਠੀਆਂ ਨਾਲ ਇੰਨਾ ਕੁੱਟਿਆ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
* 17 ਜੂਨ ਨੂੰ ਹੀ 'ਫਾਦਰਜ਼ ਡੇਅ' ਮੌਕੇ ਛੱਤੀਸਗੜ੍ਹ ਦੇ 'ਛਿੰਦਪੁਰ' ਪਿੰਡ 'ਚ ਸ਼ਰਾਬ ਦੇ ਨਸ਼ੇ 'ਚ ਟੱਲੀ ਕੌਸ਼ਿਕ ਯਾਦਵ ਨਾਮੀ ਨੌਜਵਾਨ ਨੇ ਪਹਿਲਾਂ ਤਾਂ ਆਪਣੇ ਪਿਤਾ ਨਾਲ ਗਾਲੀ-ਗਲੋਚ ਕਰਦਿਆਂ ਉਸ ਨੂੰ ਕੁੱਟਿਆ ਤੇ ਜਦੋਂ ਉਸ ਦੀ ਮਾਂ 'ਪਾਂਚੋਬਾਈ' ਬਚਾਅ ਕਰਨ ਪਹੁੰਚੀ ਤਾਂ ਉਸ ਨਾਲ ਵੀ ਮਾਰ-ਕੁਟਾਈ ਕਰ ਕੇ ਦੋਵਾਂ ਨੂੰ ਜ਼ਖਮੀ ਕਰ ਦਿੱਤਾ।
* 18 ਜੂਨ ਨੂੰ ਓਡਿਸ਼ਾ ਦੇ 'ਗੰਜਮ' ਜ਼ਿਲੇ 'ਚ ਦਿਵਾਕਰ ਰਾਓ ਨਾਮੀ ਵਿਅਕਤੀ ਨੇ ਜਾਇਦਾਦ ਸਬੰਧੀ ਝਗੜੇ ਕਾਰਨ ਆਪਣੇ ਵੱਡੇ ਭਰਾਵਾਂ ਤੇ ਪਿਤਾ ਨਾਲ ਬਹਿਸ ਤੋਂ ਬਾਅਦ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ।
* ਅਤੇ ਹੁਣ 19 ਜੂਨ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ, ਪੰਜਾਬ ਦੇ ਸਾਬਕਾ ਰਾਜਪਾਲ ਤੇ ਕਾਂਗਰਸ ਦੇ ਸਵਰਗਵਾਸੀ ਨੇਤਾ ਅਰਜੁਨ ਸਿੰਘ ਦੀ 84 ਸਾਲਾ ਪਤਨੀ ਸਰੋਜ ਕੁਮਾਰੀ ਨੇ ਭੋਪਾਲ ਦੀ ਅਦਾਲਤ 'ਚ ਦਰਜ ਕਰਵਾਈ ਇਕ ਨਿੱਜੀ ਸ਼ਿਕਾਇਤ 'ਚ ਆਪਣੇ ਦੋਵਾਂ ਬੇਟਿਆਂ ਅਭਿਮੰਨਿਊ ਤੇ ਅਜੈ ਸਿੰਘ ਹੱਥੋਂ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਤੇ ਦੋਵਾਂ ਬੇਟਿਆਂ 'ਤੇ ਉਨ੍ਹਾਂ ਨੂੰ ਆਪਣੇ ਹੀ ਘਰ 'ਚੋਂ ਬੇਦਖਲ ਕਰਨ ਦਾ ਦੋਸ਼ ਲਾਇਆ ਹੈ। 
ਜ਼ਿਕਰਯੋਗ ਹੈ ਕਿ ਸ਼੍ਰੀਮਤੀ ਸਰੋਜ ਕੁਮਾਰੀ ਦਾ ਬੇਟਾ ਅਜੈ ਸਿੰਘ ਮੱਧ ਪ੍ਰਦੇਸ਼ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਹੈ ਤੇ ਇਸ ਮਾਮਲੇ 'ਚ ਸਰੋਜ ਕੁਮਾਰੀ ਨੇ ਅਜੈ ਸਿੰਘ ਦੀ ਪਤਨੀ ਸੁਨੀਤੀ ਸਿੰਘ ਨੂੰ ਵੀ ਪ੍ਰਤੀਵਾਦੀ ਬਣਾਇਆ ਹੈ। ਸਰੋਜ ਦਾ ਕਹਿਣਾ ਹੈ ਕਿ ਅਜੈ ਸਿੰਘ ਹਰ ਮਹੀਨੇ 10 ਲੱਖ ਰੁਪਏ ਕਮਾਉਣ ਦੇ ਬਾਵਜੂਦ ਉਨ੍ਹਾਂ ਦੀ ਦੇਖਭਾਲ ਨਹੀਂ ਕਰਦਾ।
ਵ੍ਹੀਲਚੇਅਰ 'ਤੇ ਨਿਰਭਰ ਸ਼੍ਰੀਮਤੀ ਸਰੋਜ ਕੁਮਾਰੀ ਨੇ ਅਦਾਲਤ ਨੂੰ ਸਹਾਇਤਾ ਦੀ ਅਪੀਲ ਕਰਦਿਆਂ ਇਹ ਵੀ ਕਿਹਾ ਹੈ ਕਿ ਇਸ ਉਮਰ 'ਚ ਉਨ੍ਹਾਂ ਨੂੰ ਆਪਣਾ ਘਰ ਛੱਡ ਕੇ ਵੱਖ-ਵੱਖ ਥਾਵਾਂ 'ਤੇ ਰਹਿਣਾ ਪੈ ਰਿਹਾ ਹੈ ਇਸ ਲਈ ਉਨ੍ਹਾਂ ਨੂੰ ਆਪਣੇ ਘਰ 'ਚ ਰਹਿਣ ਲਈ ਜਗ੍ਹਾ ਦਿਵਾਈ ਜਾਵੇ।
ਜ਼ਿਕਰਯੋਗ ਹੈ ਕਿ ਆਮ ਪਰਿਵਾਰਾਂ ਦੀਆਂ ਔਲਾਦਾਂ ਵਲੋਂ ਆਪਣੇ ਮਾਂ-ਪਿਓ ਨਾਲ ਦੁਰਵਿਵਹਾਰ ਕਰਨ ਦੀਆਂ ਖਬਰਾਂ ਤਾਂ ਆਮ ਤੌਰ 'ਤੇ ਆਉਂਦੀਆਂ ਰਹਿੰਦੀਆਂ ਹਨ ਪਰ ਸਮਾਜ ਦੇ ਉੱਚ ਵਰਗ, ਸਾਬਕਾ ਮੁੱਖ ਮੰਤਰੀ ਤੇ ਸਾਬਕਾ ਰਾਜਪਾਲ ਦੇ ਨਾਲ-ਨਾਲ ਕਾਂਗਰਸ ਦੇ ਸੀਨੀਅਰ ਆਗੂ ਸਵ. ਅਰਜੁਨ ਸਿੰਘ ਦੀ ਪਤਨੀ ਨਾਲ ਅਜਿਹਾ ਸਲੂਕ ਇਹ ਦਰਸਾਉਂਦਾ ਹੈ ਕਿ ਅੱਜ ਦੇ ਦੌਰ 'ਚ ਔਲਾਦਾਂ ਕਿਸ ਤਰ੍ਹਾਂ ਸਵਾਰਥੀ ਬਣ ਚੁੱਕੀਆਂ ਹਨ ਜੋ ਸਾਡੀਆਂ ਨੈਤਿਕ ਕਦਰਾਂ-ਕੀਮਤਾਂ 'ਚ ਗਿਰਾਵਟ ਦਾ ਸਪੱਸ਼ਟ ਸਬੂਤ ਹੈ।
ਔਲਾਦਾਂ ਵਲੋਂ ਆਪਣੇ ਬਜ਼ੁਰਗ ਮਾਂ-ਪਿਓ ਨਾਲ ਮਾਰ-ਕੁਟਾਈ ਤੇ ਦੁਰਵਿਵਹਾਰ ਦੀਆਂ ਇਹ ਤਾਂ ਸਿਰਫ 10 ਦਿਨਾਂ 'ਚ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਹਨ, ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਜੋ ਸਾਹਮਣੇ ਨਹੀਂ ਆਉਂਦੀਆਂ।
ਤਸੱਲੀ ਵਾਲੀ ਗੱਲ ਹੈ ਕਿ ਅਜਿਹੀ ਸਥਿਤੀ 'ਚ ਨਿਆਂਪਾਲਿਕਾ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਪੀੜਤ ਬਜ਼ੁਰਗਾਂ ਦੀ ਸਹਾਇਤਾ ਲਈ ਅੱਗੇ ਆ ਰਹੀ ਹੈ। ਇਸੇ ਸਿਲਸਿਲੇ 'ਚ ਬੀਤੀ 20 ਮਈ ਨੂੰ ਮੁੰਬਈ 'ਚ ਰਹਿਣ ਵਾਲੀ ਇਕ ਬਜ਼ੁਰਗ ਦੀ ਸ਼ਿਕਾਇਤ 'ਤੇ ਬੰਬਈ ਹਾਈਕੋਰਟ ਦੇ ਜੱਜ ਜਸਟਿਸ ਸ਼ਾਹਰੁਖ ਕੱਥਾਵਾਲਾ ਨੇ ਉਸ ਦੇ ਬੇਟੇ ਤੇ ਨੂੰਹ ਨੂੰ ਘਰ 'ਚੋਂ ਆਪਣਾ ਸਾਮਾਨ ਚੁੱਕ ਕੇ ਲਿਜਾਣ ਦਾ ਹੁਕਮ ਦਿੱਤਾ ਤੇ ਕਿਹਾ ਕਿ ਮਾਂ-ਪਿਓ ਨਾਲ ਦੁਰਵਿਵਹਾਰ ਕਰਨ ਵਾਲੀ ਔਲਾਦ ਨੂੰ ਉਨ੍ਹਾਂ ਦੇ ਘਰ 'ਚ ਰਹਿਣ ਦਾ ਅਧਿਕਾਰ ਨਹੀਂ ਹੈ।
ਅਜਿਹੀਆਂ ਲਗਾਤਾਰ ਵਧਦੀਆਂ ਘਟਨਾਵਾਂ ਤੋਂ ਸੂਝਵਾਨ ਲੋਕਾਂ ਦਾ ਚਿੰਤਤ ਹੋਣਾ ਸੁਭਾਵਿਕ ਹੈ ਤੇ ਇਸ ਸਬੰਧ 'ਚ ਡੂੰਘਾ ਵਿਚਾਰ-ਵਟਾਂਦਰਾ ਕਰ ਕੇ ਸਮਾਜ ਨੂੰ ਇਹ ਖਤਰਨਾਕ ਰੁਝਾਨ ਖਤਮ ਕਰਨ ਦੇ ਉਪਾਅ ਲੱਭਣ ਦੀ ਲੋੜ ਹੈ।
ਅੱਜ ਦੀਆਂ ਔਲਾਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੋ ਜਿਹਾ ਸਲੂਕ ਅੱਜ ਉਹ ਆਪਣੇ ਬਜ਼ੁਰਗ ਮਾਂ-ਪਿਓ ਨਾਲ ਕਰ ਰਹੀਆਂ ਹਨ, ਕਲ ਨੂੰ ਉਨ੍ਹਾਂ ਦੀਆਂ ਔਲਾਦਾਂ ਵੀ ਉਨ੍ਹਾਂ ਨਾਲ ਉਹੋ ਜਿਹਾ ਹੀ ਸਲੂਕ ਕਰਨਗੀਆਂ।                    —ਵਿਜੇ ਕੁਮਾਰ