ਲਗਾਤਾਰ ਵਧ ਰਹੀ ਹੈ ਸ਼ੈਲਟਰ ਹੋਮਜ਼ ''ਚ ਕੁੜੀਆਂ ਦੇ ਸ਼ੋਸ਼ਣ ਅਤੇ ਗਾਇਬ ਹੋਣ ਦੀ ਸਮੱਸਿਆ

08/12/2018 6:54:38 AM

ਹਾਲਾਂਕਿ ਦੇਸ਼ 'ਚ ਸਰਕਾਰੀ ਅਤੇ ਗੈਰ-ਸਰਕਾਰੀ ਤੌਰ 'ਤੇ ਚਲਾਏ ਜਾ ਰਹੇ ਮਹਿਲਾ ਸ਼ਰਣ ਗ੍ਰਹਿਆਂ (ਸ਼ੈਲਟਰ ਹੋਮਜ਼) ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਥੇ ਲੋੜਵੰਦ, ਬੇਸਹਾਰਾ ਤੇ ਲਾਚਾਰ ਔਰਤਾਂ ਸੁਰੱਖਿਅਤ ਮਾਹੌਲ ਵਿਚ ਰਹਿਣਗੀਆਂ ਪਰ ਅਸਲੀਅਤ ਕੁਝ ਹੋਰ ਹੀ ਹੈ ਅਤੇ ਉਥੇ ਲਗਾਤਾਰ ਔਰਤਾਂ 'ਤੇ ਤਸ਼ੱਦਦ ਤੇ ਸ਼ੋਸ਼ਣ ਹੋ ਰਿਹਾ ਹੈ। 
ਹੁਣੇ ਜਿਹੇ ਅੱਧਾ ਦਰਜਨ ਦੇ ਲੱਗਭਗ ਸ਼ੈਲਟਰ ਹੋਮਜ਼ ਵਿਚ ਰਹਿਣ ਵਾਲੀਆਂ ਔਰਤਾਂ ਤੇ ਕੁੜੀਆਂ ਦੇ ਗਾਇਬ ਹੋਣ ਅਤੇ ਉਨ੍ਹਾਂ ਦੇ ਸ਼ੋਸ਼ਣ ਨੇ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਸਬੰਧੀ ਸਵਾਲ ਖੜ੍ਹੇ ਕਰ ਦਿੱਤੇ ਹਨ। 
ਬਿਹਾਰ ਵਿਚ ਮੁਜ਼ੱਫਰਪੁਰ ਦੇ ਬਾਲਿਕਾ ਗ੍ਰਹਿ ਵਿਚ ਔਰਤਾਂ ਦੇ ਸ਼ੋਸ਼ਣ ਦਾ ਇਕ ਮਾਮਲਾ ਇਸ ਸਾਲ ਦੇ ਸ਼ੁਰੂ ਵਿਚ ਸਾਹਮਣੇ ਆਇਆ, ਜਦੋਂ 31 ਮਈ ਨੂੰ ਬਿਹਾਰ ਸਰਕਾਰ ਨੇ ਪੁਲਸ ਕੋਲ ਇਕ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਕਿਹਾ ਗਿਆ ਸੀ ਕਿ ਐੱਨ. ਜੀ. ਓ. 'ਸੇਵਾ ਸੰਕਲਪ ਤੇ ਵਿਕਾਸ ਸਮਿਤੀ' ਵਲੋਂ ਚਲਾਏ ਜਾਂਦੇ ਬਾਲਿਕਾ ਗ੍ਰਹਿ ਵਿਚ ਕਈ ਕੁੜੀਆਂ ਨੇ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਹੈ। 
ਪਹਿਲਾਂ ਉਥੇ 29 ਨਾਬਾਲਗ ਕੁੜੀਆਂ ਦਾ ਰੇਪ ਹੋਣਾ ਦੱਸਿਆ ਗਿਆ ਸੀ ਪਰ ਬਾਅਦ ਵਿਚ ਕਿਹਾ ਗਿਆ ਕਿ 29 ਨਹੀਂ, ਸਗੋਂ 34 ਨਾਬਾਲਗ ਕੁੜੀਆਂ ਦਾ ਰੇਪ ਹੋਇਆ। ਸੀ. ਬੀ. ਆਈ. ਦਾ ਦੋਸ਼ ਹੈ ਕਿ 'ਬਾਲਿਕਾ ਗ੍ਰਹਿ' ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਉਥੇ ਰਹਿ ਰਹੀਆਂ ਕੁੜੀਆਂ ਦਾ ਮਾਨਸਿਕ, ਸਰੀਰਕ ਅਤੇ ਸੈਕਸ ਸ਼ੋਸ਼ਣ ਕੀਤਾ। 
ਸਥਾਨਕ ਪੁਲਸ ਨੇ ਇਸ ਮਾਮਲੇ ਵਿਚ ਬਾਲਿਕਾ ਗ੍ਰਹਿ ਦੀਆਂ ਮਹਿਲਾ ਮੁਲਾਜ਼ਮਾਂ ਅਤੇ ਸਮਿਤੀ ਦੇ ਸੰਚਾਲਕ ਬਰਜੇਸ਼ ਠਾਕੁਰ ਸਮੇਤ ਘੱਟੋ-ਘੱਟ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਐੱਨ. ਜੀ. ਓ. ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਹੈ। 
ਮੁਜ਼ੱਫਰਪੁਰ ਵਿਚ ਹੀ ਉਕਤ 'ਬਾਲਿਕਾ ਗ੍ਰਹਿ' ਤੋਂ ਮੁਸ਼ਕਿਲ ਨਾਲ 200 ਮੀਟਰ ਦੀ ਦੂਰੀ 'ਤੇ ਸਥਿਤ 'ਸਵਾਧਾਰ ਗ੍ਰਹਿ' ਵਿਚੋਂ ਵੀ 11 ਔਰਤਾਂ ਦੇ ਲਾਪਤਾ ਹੋਣ ਦੀ ਖਬਰ ਹੈ। ਵਿਰੋਧੀ ਪਾਰਟੀਆਂ ਨੇ ਜਿੱਥੇ ਇਸ ਕਾਂਡ ਨੂੰ ਲੈ ਕੇ 2 ਅਗਸਤ ਨੂੰ 'ਬਿਹਾਰ ਬੰਦ' ਦਾ ਆਯੋਜਨ ਕੀਤਾ, ਉਥੇ ਹੀ ਇਸ ਸਬੰਧੀ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਹੈ। 
ਇਸ ਬਲਾਤਕਾਰ ਕਾਂਡ ਵਿਚ ਬਿਹਾਰ ਸਰਕਾਰ ਨੇ ਕਾਰਵਾਈ ਕਰਦਿਆਂ ਸਮਾਜ ਭਲਾਈ ਮੰਤਰੀ ਮੰਜੂ ਵਰਮਾ ਦਾ ਅਸਤੀਫਾ ਲੈ ਲਿਆ ਹੈ। ਉਨ੍ਹਾਂ ਦੇ ਪਤੀ ਚੰਦਰਸ਼ੇਖਰ ਵਰਮਾ 'ਤੇ ਮੁੱਖ ਦੋਸ਼ੀ ਬਰਜੇਸ਼ ਠਾਕੁਰ ਨਾਲ ਨੇੜਤਾ ਦੇ ਦੋਸ਼ ਹਨ, ਜੋ ਬਲਾਤਕਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗਾਇਬ ਹੈ। 
ਸੀ. ਡੀ. ਆਰ. ਰਿਕਾਰਡ 'ਚ ਇਹ ਤੱਥ ਸਾਹਮਣੇ ਆਇਆ ਹੈ ਕਿ ਬਰਜੇਸ਼ ਠਾਕੁਰ ਅਤੇ ਚੰਦਰਸ਼ੇਖਰ ਵਿਚਾਲੇ ਇਸ ਸਾਲ 5 ਮਹੀਨਿਆਂ 'ਚ 17 ਵਾਰ ਫੋਨ 'ਤੇ ਗੱਲਬਾਤ ਹੋਈ। ਦੋਵਾਂ ਦੀ ਮੁਲਾਕਾਤ ਵੀ ਹੁੰਦੀ ਸੀ ਅਤੇ ਦਿੱਲੀ 'ਚ ਇਕ ਟੂਰ 'ਤੇ ਵੀ ਦੋਵੇਂ ਇਕੱਠੇ ਸਨ। ਦੋਸ਼ ਹੈ ਕਿ ਚੰਦਰਸ਼ੇਖਰ ਸ਼ੈਲਟਰ ਹੋਮ ਵੀ ਜਾਂਦਾ ਸੀ। 
ਇਸੇ ਦੌਰਾਨ 5 ਅਗਸਤ ਨੂੰ ਉੱਤਰ ਪ੍ਰਦੇਸ਼ 'ਚ ਦੇਵਰੀਆ ਦੇ ਇਕ ਸ਼ੈਲਟਰ ਹੋਮ 'ਚ ਦੇਹ ਵਪਾਰ ਦੇ ਖੁਲਾਸੇ ਨਾਲ ਤਰਥੱਲੀ ਮਚ ਗਈ। ਪੁਲਸ ਨੇ ਇਥੋਂ 24 ਬੱਚੀਆਂ ਨੂੰ ਛੁਡਵਾਇਆ, ਜਦਕਿ 19 ਅਜੇ ਤਕ ਗਾਇਬ ਦੱਸੀਆਂ ਜਾ ਰਹੀਆਂ ਹਨ। 
ਇਥੋਂ ਦੌੜੀ ਇਕ 10 ਸਾਲਾ ਬੱਚੀ ਨੇ ਪੁਲਸ ਨੂੰ ਦੱਸਿਆ ਸੀ ਕਿ ਉਥੇ 'ਗੰਦਾ ਕੰਮ' ਹੋ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਉਥੇ ਛਾਪਾ ਮਾਰਿਆ ਸੀ। ਇਸ ਦੀ ਸੰਚਾਲਿਕਾ ਗਿਰਿਜਾ ਤ੍ਰਿਪਾਠੀ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 
7 ਅਗਸਤ ਨੂੰ ਹਰਦੋਈ ਦੇ ਬੇਨੀਗੰਜ ਵਿਚ ਸਥਿਤ 'ਸਵਾਧਾਰ ਗ੍ਰਹਿ' ਤੋਂ ਜ਼ਿਲਾ ਮੈਜਿਸਟ੍ਰੇਟ ਦੇ ਨਿਰੀਖਣ ਦੌਰਾਨ 19 ਕੁੜੀਆਂ ਗਾਇਬ ਮਿਲੀਆਂ। ਇਸ ਬਾਰੇ ਸ਼ੈਲਟਰ ਹੋਮ ਚਲਾਉਣ ਵਾਲੀ ਐੱਨ. ਜੀ. ਓ. 'ਆਇਸ਼ਾ ਗ੍ਰਾਮ ਉਦਯੋਗ ਸਮਿਤੀ' ਉੱਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ ਕੁੜੀਆਂ ਨੂੰ ਸਜਾ-ਸੰਵਾਰ ਕੇ ਕਾਰ ਰਾਹੀਂ ਗੋਰਖਪੁਰ ਲਿਜਾਇਆ ਜਾਂਦਾ ਸੀ, ਜਿੱਥੇ ਹੋਟਲ ਵਿਚ ਗਲਤ ਕੰਮ ਦੇ ਬਦਲੇ ਉਨ੍ਹਾਂ ਨੂੰ 500-1000 ਰੁਪਏ ਦਿੱਤੇ ਜਾਂਦੇ ਸਨ। 
8 ਅਗਸਤ ਨੂੰ ਝਾਰਖੰਡ ਵਿਚ ਚਾਈਬਾਸਾ ਦੇ ਮਝਗਾਂਵ ਡਵੀਜ਼ਨ ਵਿਚ ਚਲਦੇ ਕਸਤੂਰਬਾ ਗਾਂਧੀ  ਰਿਹਾਇਸ਼ੀ ਬਾਲਿਕਾ ਸਕੂਲ ਦੀਆਂ 76 ਵਿਦਿਆਰਥਣਾਂ ਗਾਇਬ ਮਿਲੀਆਂ ਅਤੇ 9 ਅਗਸਤ ਨੂੰ ਉੱਤਰ ਪ੍ਰਦੇਸ਼ ਵਿਚ ਪ੍ਰਤਾਪਗੜ੍ਹ ਜ਼ਿਲੇ ਦੇ 2 ਸ਼ੈਲਟਰ ਹੋਮਜ਼ ਦੀ ਜ਼ਿਲਾ ਪ੍ਰਸ਼ਾਸਨ ਵਲੋਂ ਅਚਨਚੇਤ ਜਾਂਚ ਦੌਰਾਨ  ਭਾਜਪਾ ਮਹਿਲਾ ਮੋਰਚਾ ਦੀ ਸਾਬਕਾ ਪ੍ਰਧਾਨ ਰਮਾ ਮਿਸ਼ਰਾ ਵਲੋਂ ਅਸ਼ਟਭੁਜਾ ਨਗਰ ਵਿਚ ਚਲਾਏ ਜਾ ਰਹੇ 'ਜਾਗ੍ਰਿਤੀ ਸ਼ੈਲਟਰ ਹੋਮ' ਵਿਚ ਰੱਖੀਆਂ 15 'ਚੋਂ 14 ਅਤੇ ਅਚਲਪੁਰ 'ਚ ਚਲਾਏ ਜਾ ਰਹੇ ਸ਼ੈਲਟਰ ਹੋਮ 'ਚ ਰਹਿਣ ਵਾਲੀਆਂ 15 'ਚੋਂ 12 ਔਰਤਾਂ ਗਾਇਬ ਮਿਲੀਆਂ।
ਸ਼ੈਲਟਰ ਹੋਮਜ਼ ਅਤੇ ਰਿਹਾਇਸ਼ੀ ਸਕੂਲ 'ਚ ਕੁੜੀਆਂ ਦੇ ਸ਼ੋਸ਼ਣ ਅਤੇ ਗਾਇਬ ਹੋਣ ਤੋਂ ਸਪੱਸ਼ਟ ਹੈ ਕਿ ਇਹ ਜਨਹਿੱਤਕਾਰੀ ਸੰਸਥਾਵਾਂ ਕਿਸ ਤਰ੍ਹਾਂ ਪ੍ਰਸ਼ਾਸਕੀ ਲਾਪਰਵਾਹੀ ਅਤੇ ਮਾੜੇ ਪ੍ਰਬੰਧਾਂ ਦੀਆਂ ਸ਼ਿਕਾਰ ਹਨ, ਜੋ ਕੁੜੀਆਂ ਲਈ ਪਨਾਹਗਾਹ ਦੀ ਬਜਾਏ 'ਮਰਨ-ਸਥਾਨ' ਸਿੱਧ ਹੋ ਰਹੀਆਂ ਹਨ। 
ਇਸ ਸਥਿਤੀ ਨੂੰ ਦੇਸ਼ ਦੇ ਸਾਰੇ ਸ਼ੈਲਟਰ ਹੋਮਜ਼ ਵਿਚ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਬਣਾ ਕੇ ਅਤੇ ਇਨ੍ਹਾਂ ਦੇ ਲਗਾਤਾਰ ਨਿਰੀਖਣ, ਸਟਾਫ ਦੀ ਜੁਆਬਦੇਹੀ ਤੈਅ ਕਰਕੇ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇ ਕੇ ਹੀ ਪਲਟਿਆ ਜਾ ਸਕਦਾ ਹੈ।           —ਵਿਜੇ ਕੁਮਾਰ