ਹੜ੍ਹਗ੍ਰਸਤ ਇਲਾਕਿਆਂ ’ਚ ਪਾਣੀ ਉਤਰਨ ਲੱਗਾ ਪਰ ਬੀਮਾਰੀਆਂ ਦਾ ਜ਼ੋਰ ਵਧਣ ਲੱਗਾ

08/26/2019 6:49:02 AM

ਇਸ ਸਾਲ ਆਏ ਭਿਆਨਕ ਹੜ੍ਹਾਂ ਨੇ ਜਾਨ-ਮਾਲ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਲੋਕਾਂ ਨੂੰ ਵੱਡੀਆਂ ਮੁਸੀਬਤਾਂ ਅਤੇ ਅਗਨੀ ਪ੍ਰੀਖਿਆਵਾਂ ’ਚੋਂ ਲੰਘਣਾ ਪੈ ਰਿਹਾ ਹੈ। ਅਜੇ ਵੀ ਅਨੇਕ ਥਾਵਾਂ ’ਤੇ ਲੋਕ ਮਕਾਨਾਂ ਦੀਆਂ ਛੱਤਾਂ ’ਤੇ ਹੀ ਹਨ। ਇਥੋਂ ਤਕ ਕਿ ਕੁਝ ਇਲਾਕਿਆਂ ਵਿਚ ਤਾਂ ਲੋਕਾਂ ਨੂੰ ਪਖਾਨੇ ਲਈ ਵੀ ਬਾਹਰ ਜਾਣ ਦੀ ਜਗ੍ਹਾ ਨਹੀਂ ਮਿਲੀ ਅਤੇ ਮਕਾਨਾਂ ਦੀਆਂ ਛੱਤਾਂ ’ਤੇ ਹੀ ਟਾਇਲਟ ਜਾਣਾ ਪਿਆ। ਕਈ ਲੋਕਾਂ ਨੂੰ ਦਰੱਖਤਾਂ ’ਤੇ ਪਨਾਹ ਲੈਣੀ ਪਈ। ਯਮੁਨਾ ਵਿਚ ਪਾਣੀ ਦੇ ਉਛਾਲਾਂ ਮਾਰਨ ਕਾਰਣ ਨਵੀਂ ਦਿੱਲੀ ਦੇ ਉਸਮਾਨਪੁਰ ਇਲਾਕੇ ’ਚ ਇਕ ਗਰਭਵਤੀ ਔਰਤ ਸਮੇਤ ਪੂਰੇ ਪਰਿਵਾਰ ਨੇ ਸਾਰੀ ਰਾਤ ਇਕ ਦਰੱਖਤ ’ਤੇ ਗੁਜ਼ਾਰੀ। ਹਾਲਾਂਕਿ ਹੁਣ ਅਨੇਕ ਇਲਾਕਿਆਂ ’ਚ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ ਪਰ ਉਥੇ ਬੀਮਾਰੀਆਂ ਜ਼ੋਰ ਫੜਨ ਲੱਗੀਆਂ ਹਨ, ਜਿਸ ਕਾਰਣ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਹਾਲਾਂਕਿ ਪ੍ਰਸ਼ਾਸਨ ਵਲੋਂ ਹੜ੍ਹਗ੍ਰਸਤ ਇਲਾਕਿਆਂ ’ਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਪਰ ਕਈ ਥਾਵਾਂ ’ਤੇ ਮੈਡੀਕਲ ਵਿਵਸਥਾ ਫੇਲ ਹੁੰਦੀ ਨਜ਼ਰ ਆ ਰਹੀ ਹੈ ਅਤੇ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ। ਕਈ ਸਰਕਾਰੀ ਹਸਪਤਾਲਾਂ ਵਿਚ ਖੂਨ ਆਦਿ ਦੀ ਜਾਂਚ ਮੁਫਤ ਨਹੀਂ ਹੋ ਰਹੀ ਅਤੇ ਮਰੀਜ਼ਾਂ ਨੂੰ ਮਜਬੂਰਨ ਜ਼ਿਆਦਾ ਪੈਸੇ ਦੇ ਕੇ ਬਾਹਰੋਂ ਜਾਂਚ ਕਰਵਾਉਣੀ ਪੈ ਰਹੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਤਾਂ ਸਮੱਸਿਆ ਦੀ ਸ਼ੁਰੂਆਤ ਹੋਈ ਹੈ, ਅਸਲ ਸਮੱਸਿਆ ਤਾਂ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਸ਼ੁਰੂ ਹੋਵੇਗੀ, ਜਦੋਂ ਠਹਿਰੇ ਹੋਏ ਪਾਣੀ ’ਚ ਮੱਖੀਆਂ ਅਤੇ ਮੱਛਰ ਪੈਦਾ ਹੋਣਗੇ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਮਲੇਰੀਆ, ਡੇਂਗੂ ਆਦਿ ਬੀਮਾਰੀਆਂ ਵਧ ਜਾਣਗੀਆਂ। ਠਹਿਰੇ ਹੋਏ ਪਾਣੀ ਵਿਚ ਮਰੇ ਹੋਏ ਜੀਵ-ਜੰਤੂਆਂ ਕਾਰਣ ਬਦਬੂ ਫੈਲਣ ਲੱਗੀ ਹੈ। ਘਰਾਂ ’ਚੋਂ ਉਜੜੇ ਅਤੇ ਰਾਹਤ ਕੈਂਪਾਂ ਵਿਚ ਰਹਿਣ ਵਾਲੇ ਲੋਕ ਚਮੜੀ ਰੋਗ ਅਤੇ ਪੇਟ ਨਾਲ ਸਬੰਧਿਤ ਰੋਗਾਂ ਤੋਂ ਇਲਾਵਾ ਸਰਦੀ, ਜ਼ੁਕਾਮ, ਖਾਂਸੀ, ਬੁਖਾਰ, ਉਲਟੀ, ਦਸਤ ਆਦਿ ਮੁੱਖ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਫੰਗਸ ਅਤੇ ਚਮੜੀ ਰੋਗਾਂ ਤੋਂ ਇਲਾਵਾ ਜਾਇਦਾਦ ਅਤੇ ਫਸਲਾਂ ਦੀ ਤਬਾਹੀ ਦੇ ਕਾਰਣ ਲੋਕ ਮਾਨਸਿਕ ਧੱਕੇ ਅਤੇ ਤਣਾਅ ਤਕ ਦਾ ਸ਼ਿਕਾਰ ਹੋ ਗਏ ਹਨ। ਕਈ ਲੋਕਾਂ ਨੂੰ ਸਾਹ ਦੀ ਤਕਲੀਫ ਨੇ ਘੇਰਿਆ ਹੈ। ਸ਼ੂਗਰ ਨਾਲ ਪੀੜਤ ਲੋਕਾਂ ਦੀ ਤਕਲੀਫ ਪਹਿਲਾਂ ਨਾਲੋਂ ਵੀ ਵਧ ਗਈ ਹੈ। ਅਨੇਕ ਥਾਵਾਂ ’ਤੇ ਪਾਣੀ ਦੇ ਪਾਈਪ ਟੁੱਟ ਜਾਣ ਕਾਰਣ ਮੀਂਹ ਨਾਲ ਸ਼ਹਿਰੀ ਅਤੇ ਦਿਹਾਤੀ ਖੇਤਰਾਂ ’ਚ ਦੂਸ਼ਿਤ ਪਾਣੀ ਲੋਕਾਂ ਦੇ ਘਰਾਂ ਤਕ ਪਹੁੰਚ ਰਿਹਾ ਹੈ। ਕੁਦਰਤੀ ਪਾਣੀ ਦੇ ਸੋਮੇ ਦੂਸ਼ਿਤ ਹੋ ਗਏ ਹਨ। ਲੋਕ ਇਸ ਪਾਣੀ ਨੂੰ ਪੀਣ ਲਈ ਵਰਤ ਰਹੇ ਹਨ, ਜਿਸ ਨਾਲ ਬੱਚਿਆਂ ’ਚ ਰੋਟਾ ਵਾਇਰਸ ਦੀ ਸ਼ਿਕਾਇਤ ਵਧ ਗਈ ਹੈ। ਇਸ ਲਈ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ, ਬੇਹਾ ਭੋਜਨ ਨਾ ਖਾਣ, ਲਗਾਤਾਰ ਉਲਟੀ-ਦਸਤ ਨੂੰ ਗੰਭੀਰਤਾ ਨਾਲ ਲੈਣ ਅਤੇ ਜ਼ਿਆਦਾ ਉਲਟੀ-ਦਸਤ ਆਦਿ ’ਤੇ ਤੁਰੰਤ ਪੀੜਤ ਨੂੰ ਓ. ਆਰ. ਐੱਸ. ਆਦਿ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜ਼ਰੂਰਤ ਰਾਹਤ ਕੰਮਾਂ ਨੂੰ ਜ਼ਿਆਦਾ ਤੇਜ਼ ਅਤੇ ਪ੍ਰਭਾਵੀ ਬਣਾਉਣ ਦੀ ਹੈ ਤਾਂ ਕਿ ਪੀੜਤਾਂ ਨੂੰ ਪ੍ਰਭਾਵੀ ਇਲਾਜ ਦੇਣ ਦੇ ਨਾਲ-ਨਾਲ ਬੀਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Bharat Thapa

This news is Content Editor Bharat Thapa