ਭਾਰਤੀ ਫੌਜਾਂ ਨੂੰ ਘਟੀਆ ਗੋਲਾ-ਬਾਰੂਦ ਅਤੇ ਸਪਲਾਈ ਦੀ ਵੀ ਕਮੀ ਚਿੰਤਾਜਨਕ

05/17/2019 1:38:47 AM

134 ਸਾਲ ਪਹਿਲਾਂ 1 ਅਪ੍ਰੈਲ 1895 ਨੂੰ ਸਥਾਪਿਤ ਭਾਰਤੀ ਫੌਜ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਫੌਜ ਹੈ, ਜਿਸ 'ਚ 38,000 ਅਧਿਕਾਰੀ ਅਤੇ 12 ਲੱਖ ਤੋਂ ਜ਼ਿਆਦਾ ਜਵਾਨ ਹਨ ਪਰ ਵੱਖ-ਵੱਖ ਕਾਰਣਾਂ ਕਰ ਕੇ ਇਸ ਨੂੰ ਮਿਆਰੀ ਗੋਲਾ-ਬਾਰੂਦ ਅਤੇ ਇਸਦੀ ਸਪਲਾਈ ਦੀ ਕਮੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣੇ-ਹੁਣੇ ਭਾਰਤੀ ਫੌਜ ਨੇ ਰੱਖਿਆ ਮੰਤਰਾਲੇ ਨੂੰ ਚਿੱਠੀ ਲਿਖ ਕੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ''ਫੌਜ ਨੂੰ ਟੈਂਕਾਂ, ਆਰਟੀਲਰੀ ਅਤੇ ਏਅਰ ਡਿਫੈਂਸ ਗੰਨ ਅਤੇ ਹੋਰ ਹਥਿਆਰਾਂ ਦੇ ਇਸਤੇਮਾਲ ਲਈ ਘਟੀਆ ਗੋਲਾ-ਬਾਰੂਦ ਮਿਲਣ ਕਾਰਣ ਜਵਾਨ ਮਾਰੇ ਜਾ ਰਹੇ ਹਨ, ਜ਼ਖ਼ਮੀ ਹੋ ਰਹੇ ਹਨ, ਰੱਖਿਆ ਯੰਤਰਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ ਅਤੇ ਹਾਦਸੇ ਵਧਦੇ ਜਾ ਰਹੇ ਹਨ।''

''ਜੇਕਰ ਇਸ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਫੌਜ ਦਾ ਸਰਕਾਰ ਦੇ ਕੰਟਰੋਲ ਵਾਲੇ ਆਰਡਨੈਂਸ ਫੈਕਟਰੀ ਬੋਰਡ (ਓ. ਐੱਫ. ਬੀ.) ਵਲੋਂ ਮੁਹੱਈਆ ਕਰਵਾਏ ਗਏ ਗੋਲਾ-ਬਾਰੂਦ ਉਤੋਂ ਭਰੋਸਾ ਉੱਠ ਜਾਵੇਗਾ।'' ''ਦੂਜੀ ਵੱਡੀ ਸਮੱਸਿਆ ਗੋਲਾ-ਬਾਰੂਦ ਦੀ ਸਪਲਾਈ 'ਚ ਗਿਰਾਵਟ ਹੈ। ਓ. ਐੱਫ. ਬੀ. ਵਲੋਂ ਪਹਿਲੇ ਐਮੀਨਿਊਸ਼ਨ ਰੋਲ ਆਨ ਪਲਾਨ (2009-14) ਦੌਰਾਨ 14,000 ਕਰੋੜ ਰੁਪਏ ਅਤੇ ਦੂਜੇ ਐਮੀਨਿਊਸ਼ਨ ਰੋਲ ਆਨ ਪਲਾਨ (2014-19) ਦੌਰਾਨ 7500 ਕਰੋੜ ਰੁਪਏ ਦੀ ਗਿਰਾਵਟ ਆਈ ਹੈ, ਜਿਸ ਨਾਲ ਗੋਲਾ-ਬਾਰੂਦ ਦੀ ਭਾਰੀ ਕਮੀ ਪੈਦਾ ਹੋ ਗਈ ਹੈ।'' ਉਕਤ ਚਿੱਠੀ 'ਚ ਲਿਖੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਭਾਰਤੀ ਰੱਖਿਆ ਮੰਤਰਾਲੇ ਨੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਕੇ ਓ. ਐੱਫ. ਬੀ. ਦੀ ਕਾਰਗੁਜ਼ਾਰੀ 'ਚ ਸੁਧਾਰ ਲਿਆਉਣ ਲਈ ਜ਼ਰੂਰੀ ਕਦਮ ਚੁੱਕਣ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਨ੍ਹਾਂ 'ਚ ਵੱਡੇ ਪੱਧਰ 'ਤੇ ਭਾਰਤੀ ਨਿੱਜੀ ਸੈਕਟਰ ਨੂੰ ਗੋਲਾ-ਬਾਰੂਦ ਦੇ ਨਿਰਮਾਣ 'ਚ ਸ਼ਾਮਿਲ ਕਰਨਾ ਅਤੇ ਗੁਣਵੱਤਾ 'ਤੇ ਜ਼ਿਆਦਾ ਧਿਆਨ ਦੇਣ ਲਈ ਓ. ਐੱਫ. ਬੀ. 'ਚ ਆਧੁਨਿਕੀਕਰਨ ਅਤੇ ਜੁਆਬਦੇਹੀ ਤੈਅ ਕਰਨਾ ਵੀ ਸ਼ਾਮਿਲ ਹੈ। ਅਜਿਹੀਆਂ ਊਣਤਾਈਆਂ ਸਾਡੀ ਅਧੂਰੀ ਰੱਖਿਆ ਤਿਆਰੀ ਦੀ ਹੀ ਮਿਸਾਲ ਹਨ। ਅੱਜ ਜਦੋਂ ਦੇਸ਼ ਨੂੰ ਅੰਦਰੋਂ ਅਤੇ ਬਾਹਰੋਂ ਕਈ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਾਡੀ ਅਧੂਰੀ ਰੱਖਿਆ ਤਿਆਰੀ ਸਾਨੂੰ ਬਹੁਤ ਮਹਿੰਗੀ ਪੈ ਸਕਦੀ ਹੈ। ਇਸ ਲਈ ਮੰਤਰਾਲਾ ਉਕਤ ਚਿੱਠੀ 'ਚ ਉਠਾਏ ਗਏ ਮੁੱਦਿਆਂ 'ਤੇ ਜਿੰਨੀ ਛੇਤੀ ਕੋਈ ਫੈਸਲਾ ਲਵੇਗਾ, ਓਨਾ ਹੀ ਚੰਗਾ ਹੋਵੇਗਾ।

–ਵਿਜੇ ਕੁਮਾਰ

Bharat Thapa

This news is Content Editor Bharat Thapa