''ਦੇਸ਼ ਦੇ ਰਖਵਾਲੇ'' ਇਹ ''ਦਬੰਗ ਅਤੇ ਟੱਲੀ'' ਪੁਲਸ ਵਾਲੇ ਕੀ-ਕੀ ਗੁਲ ਖਿੜਾਉਂਦੇ ਹਨ

08/30/2015 7:01:26 AM

ਦੇਸ਼ ''ਚ ਕਾਨੂੰਨ-ਵਿਵਸਥਾ ਬੁਰੇ ਦੌਰ ''ਚੋਂ ਲੰਘ ਰਹੀ ਹੈ। ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਤੋੜਨ ਵਾਲੇ ਬਣ ਰਹੇ ਹਨ। ਪੁਲਸ ਵਾਲਿਆਂ ਦੀਆਂ ਅਜਿਹੀਆਂ ਕਰਤੂਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪੁਲਸ ਫੋਰਸ ਦੇ ਚੰਦ ਮੈਂਬਰ ਕਿਸ ਹੱਦ ਤਕ ਫਰਜ਼ਾਂ ਤੋਂ ਬੇਮੁਖ ਹੋ ਚੁੱਕੇ ਹਨ। ਇਨ੍ਹਾਂ ਦੀਆਂ ਹਾਲ ਹੀ ਦੀਆਂ ਚੰਦ ਕਰਤੂਤਾਂ ਹੇਠਾਂ ਦਰਜ ਹਨ :
* 29 ਦਸੰਬਰ 2014 ਨੂੰ ਦਿੱਲੀ ਦੇ ਪਾਂਡਵ ਨਗਰ ''ਚ ਤਾਇਨਾਤ ਨਸ਼ੇ ''ਚ ਟੱਲੀ ਅਸ਼ੋਕ ਨਾਮੀ ਇਕ ਪੁਲਸ ਮੁਲਾਜ਼ਮ ਨੇ 10 ਮਹੀਨਿਆਂ ਦੇ ਇਕ ਮਾਸੂਮ ਨੂੰ ਆਪਣੀ ਕਾਰ ਹੇਠਾਂ ਕੁਚਲ ਕੇ ਮਾਰ ਦਿੱਤਾ। ਦੋਸ਼ ਹੈ ਕਿ ਕਾਂਸਟੇਬਲ ਨੇ ਪਹਿਲਾਂ ਤਾਂ ਆਪਣੀ ਕਾਰ ਉਸ ਦੇ ਉਪਰ ਚੜ੍ਹਾ ਦਿੱਤੀ, ਜਿਸ ਨਾਲ ਬੱਚਾ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਅਸ਼ੋਕ ਨੇ ਕਾਰ ਰਿਵਰਸ ਕਰਕੇ ਦੋਬਾਰਾ ਬੱਚੇ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ ਅਤੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ''ਚ ਉਸ ਦੀ ਮਾਂ ਵੀ ਜ਼ਖਮੀ ਹੋ ਗਈ।
* 24 ਜੁਲਾਈ 2015 ਨੂੰ ਫਿਲੌਰ ਦੇ ਇਕ ਹੋਟਲ ''ਚ ਆਪਣੇ ਸਾਥੀਆਂ ਸਮੇਤ ਖਾਣਾ ਖਾਣ ਤੋਂ ਬਾਅਦ ਹੋਟਲ ਦੇ ਮਾਲਕ ਵਲੋਂ 1500 ਰੁਪਏ ਦਾ ਬਿੱਲ ਮੰਗਣ ''ਤੇ ਆਪਣੀ ਵਰਦੀ ਦੀ ਧੌਂਸ ਦਿਖਾਉਣ ਵਾਲੇ ਫਿਲੌਰ ਇਲਾਕੇ ਦੇ ਡੀ. ਐੱਸ. ਪੀ. ਅਸ਼ਵਨੀ ਅਤਰੀ ਨੂੰ 6 ਅਗਸਤ ਨੂੰ ਸਸਪੈਂਡ ਕਰ ਦਿੱਤਾ ਗਿਆ।
* 3 ਅਗਸਤ ਨੂੰ ਰਾਏਗੜ੍ਹ ''ਚ ਜੂਟ ਮਿੱਲ ਚੌਕੀ ਦੇ ਹੌਲਦਾਰ ਵਿਜੇ ਬੰਜਾਰੇ ਨੇ ਦਿਨ ਚੜ੍ਹਦਿਆਂ ਹੀ ਨਸ਼ੇ ''ਚ ਟੱਲੀ ਹੋ ਕੇ ਚੌਕੀ ''ਚ ਖੂਬ ਹੰਗਾਮਾ ਕਰਨ ਤੋਂ ਬਾਅਦ ਵਾਇਰਲੈੱਸ ''ਤੇ ਆਪਣੇ ਉੱਚ ਅਧਿਕਾਰੀਆਂ ਨੂੰ ਗਾਲ੍ਹਾਂ ਬਕਣੀਆਂ ਸ਼ੁਰੂ ਕਰ ਦਿੱਤੀਆਂ, ਜੋ ਐੱਸ. ਪੀ. ਅਤੇ ਏ. ਐੱਸ. ਪੀ. ਨੇ ਸੁਣ ਲਈਆਂ, ਜਿਸ ''ਤੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।
* 15 ਅਗਸਤ ਨੂੰ ਮਹਾਰਾਸ਼ਟਰ ਦੇ ਠਾਣੇ ''ਚ ਸ਼ਰਾਬ ਦੇ ਨਸ਼ੇ ''ਚ ਟੱਲੀ ਪੁਲਸ ਕਾਂਸਟੇਬਲ ਮੰਗੇਸ਼ ਕੰਜਾਨੇ ਨੇ 4 ਬਾਈਕ ਸਵਾਰ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ।
* 17 ਅਗਸਤ ਨੂੰ ਸਿਰਫ ਅੰਡਰਵੀਅਰ ਪਹਿਨੀ ਯੂ. ਪੀ. ਪੁਲਸ ਦੇ ਨਸ਼ੇ ''ਚ ਟੱਲੀ ਇਕ ਮੁਲਾਜ਼ਮ ਨੇ ਹਾਪੁੜ ਰੇਲਵੇ ਸਟੇਸ਼ਨ ''ਤੇ ਖੂਬ ਹੰਗਾਮਾ ਕੀਤਾ ਅਤੇ ਜਦੋਂ ਹੋਰ ਪੁਲਸ ਅਧਿਕਾਰੀ ਉਸ ''ਤੇ ਕਾਬੂ ਪਾਉਣ ''ਚ ਸਫਲ ਨਹੀਂ ਹੋਏ ਤਾਂ ਉਹ ਉਸ ਨੂੰ ਦੋਹਾਂ ਹੱਥਾਂ ਅਤੇ ਦੋਹਾਂ ਪੈਰਾਂ ਤੋਂ ਫੜ ਕੇ ਉਥੋਂ ਚੁੱਕ ਕੇ ਲੈ ਗਏ।
* 18 ਅਗਸਤ ਨੂੰ ਪੱਛਮੀ ਦਿੱਲੀ ਦੇ ਨਾਂਗਲੋਈ ਥਾਣਾ ਖੇਤਰ ਦੇ ਕਮਰੂਦੀਨ ਨਗਰ ''ਚ ਮਹੀਨਾ ਨਾ ਦੇਣ ''ਤੇ ਅਜ਼ਹਰ ਨਾਮੀ ਇਕ ਰੇਹੜੀ ਲਗਾਉਣ ਵਾਲੇ ''ਤੇ ਨਾਂਗਲੋਈ ਥਾਣੇ ''ਚ ਤਾਇਨਾਤ ਕਾਂਸਟੇਬਲ ਜਗਦੀਸ਼ ਨੇ ਉੱਬਲਦੇ ਤੇਲ ਦੀ ਕੜਾਹੀ ਹੀ ਉਲਟਾਅ ਦਿੱਤੀ।
* 19 ਅਗਸਤ ਨੂੰ ਨਾਭਾ ਤੋਂ ਭਵਾਨੀਗੜ੍ਹ ਜਾ ਰਹੀ ਬੱਸ ''ਚ ਸਫਰ ਕਰ ਰਹੀ ਇਕ ਵਿਦਿਆਰਥਣ ਨਾਲ ਇਕ ਪੁਲਸ ਮੁਲਾਜ਼ਮ ਨੇ ਛੇੜਖਾਨੀ ਸ਼ੁਰੂ ਕਰ ਦਿੱਤੀ, ਜਿਸ ''ਤੇ ਕੁੜੀ ਨੇ ਚਿੱਲਾਉਣਾ ਸ਼ੁਰੂ ਕਰ ਦਿੱਤਾ ਤਾਂ ਡਰਾਈਵਰ ਨੇ ਬੱਸ ਥਾਣੇ ਦੇ ਅੰਦਰ ਲਿਜਾ ਕੇ ਖੜ੍ਹੀ ਕਰ ਦਿੱਤੀ, ਜਿਥੇ ਪੁਲਸ ਨੇ ਦੋਸ਼ੀ ਪੁਲਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ।
* 23 ਅਗਸਤ ਨੂੰ ਵਾਇਰਲ ਹੋਈ ਇਕ ਵੀਡੀਓ ਕਲਿੱਪ ''ਚ ਨਵੀਂ ਦਿੱਲੀ ਮੈਟਰੋ ''ਚ ਸਵਾਰ ਨਸ਼ੇ ''ਚ ਟੱਲੀ ਸਲੀਮ ਪੀ. ਕੇ. ਨਾਮੀ ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ ਨੇ ਖਾਕੀ ਨੂੰ ਬੁਰੀ ਤਰ੍ਹਾਂ ਸ਼ਰਮਸਾਰ ਕੀਤਾ। ਪਹਿਲਾਂ ਤਾਂ ਉਸ ਨੇ ਆਪਣੀ ਸ਼ਰਟ ਉਤਾਰ ਦਿੱਤੀ ਅਤੇ ਫਿਰ ਚਲਦੀ ਮੈਟਰੋ ਦਾ ਬੂਹਾ ਖੋਲ੍ਹਣ ਦੀ ਕੋਸ਼ਿਸ਼ ''ਚ ਕਈ ਵਾਰ ਫਰਸ਼ ''ਤੇ ਡਿਗਿਆ।
ਇਸ ਹੈੱਡ ਕਾਂਸਟੇਬਲ ਦੀ ਹਾਲਤ ਇੰਨੀ ਖਰਾਬ ਸੀ ਕਿ ਉਸ ਤੋਂ ਇਕ ਜਗ੍ਹਾ ਸੰਭਲ ਕੇ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਸੀ। ਹਾਲਾਂਕਿ ਦਿੱਲੀ ਮੈਟਰੋ ''ਚ ਸ਼ਰਾਬ ਪੀ ਕੇ ਸਫਰ ਕਰਨ ''ਤੇ ਜੁਰਮਾਨੇ ਦੀ ਵਿਵਸਥਾ ਹੈ ਪਰ ਮੈਟਰੋ ਦੇ ਸੁਰੱਖਿਆ ਮੁਲਾਜ਼ਮਾਂ ਨੇ ਇਸ ਪੁਲਸੀਏ ''ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।
* 22 ਅਗਸਤ ਨੂੰ ਮੱਧ ਪ੍ਰਦੇਸ਼ ਦੇ ਰਤਲਾਮ ''ਚ ਨਸ਼ੇ ਵਿਚ ਟੱਲੀ ਦੋ ਪੁਲਸ ਮੁਲਾਜ਼ਮਾਂ ਗਿਆਨੇਂਦਰ ਸਿੰਘ ਚੌਹਾਨ ਅਤੇ ਅਮਿਤ ਨੇ ਇਕ ਨਾਬਾਲਗ ਦੇ ਘਰ ''ਚ ਦਾਖਲ ਹੋ ਕੇ ਉਸ ਨੂੰ ਖੂਬ ਕੁੱਟਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ ਦੀਆਂ ਇਹ ਤਾਂ ਚੰਦ ਮਿਸਾਲਾਂ ਹਨ। ਅਜਿਹੇ ਹੋਰ ਵੀ ਮਾਮਲੇ ਹੋਏ ਹੋਣਗੇ, ਜਿਹੜੇ ਸਾਹਮਣੇ ਨਹੀਂ ਆ ਸਕੇ। ਜੇਕਰ ਰੱਖਿਅਕ ਹੀ ਭਕਸ਼ਕ ਬਣ ਕੇ ਆਮ ਲੋਕਾਂ ''ਤੇ ਅੱਤਿਆਚਾਰ ਅਤੇ ਸਮਾਜ ਵਿਰੋਧੀ ਕਰਤੂਤਾਂ ਕਰਨ ਲੱਗ ਪੈਣਗੇ ਤਾਂ ਫਿਰ ਆਮ ਆਦਮੀ ਦੀ ਸੁਰੱਖਿਆ ਕਿਵੇਂ ਯਕੀਨੀ ਹੋ ਸਕਦੀ ਹੈ।
ਇਸ ਲਈ ਜ਼ਰੂਰੀ ਹੈ ਕਿ ਸਮਾਜ ਦੇ ਅਜਿਹੇ ਅਪਰਾਧੀਆਂ ਨੂੰ ਸਿੱਖਿਆਦਾਇਕ ਅਤੇ ਸਖਤ ਸਜ਼ਾ ਦਿੱਤੀ ਜਾਵੇ, ਤਾਂ ਕਿ ਦੂਜਿਆਂ ਨੂੰ ਅਜਿਹਾ ਨਾ ਕਰਨ ਦੀ ਨਸੀਹਤ ਮਿਲੇ।
—ਵਿਜੇ ਕੁਮਾਰ


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Vijay Kumar Chopra

This news is Chief Editor Vijay Kumar Chopra