ਮੋਦੀ ’ਤੇ ‘ਟਾਈਮ’ ਪੱਤ੍ਰਿਕਾ ਦੀ ਕਵਰ ਸਟੋਰੀ

05/13/2019 5:40:49 AM

ਵੱਡੇ ਪੱਧਰ ’ਤੇ ਹੋਣ ਵਾਲੀਆਂ ਭਾਰਤੀ ਆਮ ਚੋਣਾਂ ਦਾ ਸਿਰਫ ਇਕ ਹੀ ਪੜਾਅ ਬਾਕੀ ਹੈ ਪਰ 6 ਪੜਾਵਾਂ ਦੇ ਸਫਲਤਾਪੂਰਵਕ ਅਤੇ ਲੱਗਭਗ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਣ ਦੇ ਬਾਵਜੂਦ ਇਨ੍ਹਾਂ ਚੋਣਾਂ ਦੇ ਰੌਲੇ-ਰੱਪੇ ਅਤੇ ਨਕਾਰਾਤਮਕਤਾ ਨੇ ਸਾਡਾ ਪਿੱਛਾ ਨਹੀਂ ਛੱਡਿਆ ਹੈ, ਸੋਸ਼ਲ ਮੀਡੀਆ ’ਤੇ ਤਾਂ ਬਿਲਕੁਲ ਵੀ ਨਹੀਂ। ਇਹ ਲੜਾਈ ਰਾਜਨੀਤੀ ਜਾਂ ਭਾਰਤੀ ਮੀਡੀਆ ਜਾਂ ਖ਼ੁਦ ਉਮੀਦਵਾਰਾਂ ਵਲੋਂ ਦਿੱਤੀ ਜਾਣ ਵਾਲੀ ਸੂਚਨਾ ’ਤੇ ਨਹੀਂ, ਸਗੋਂ ਪੱਛਮੀ ਦੇਸ਼ਾਂ ਦੇ ਮੀਡੀਆ ’ਚ ਪ੍ਰਕਾਸ਼ਿਤ ਆਰਟੀਕਲਾਂ ’ਤੇ ਹੈ। ਕਦੇ ਮੋਦੀ ਅਮਰੀਕੀ ਅਤੇ ਬ੍ਰਿਟਿਸ਼ ਮੀਡੀਆ ਦੇ ਪਸੰਦੀਦਾ ਨੇਤਾ ਹੁੰਦੇ ਸਨ ਪਰ ਹੁਣ ਨਿਊਯਾਰਕ ਟਾਈਮਜ਼, ਵਾਲ ਸਟ੍ਰੀਟ ਜਰਨਲ ਦੇ ਵੱਖ-ਵੱਖ ਲੇਖਾਂ ’ਚ ਮੋਦੀ ਦੇ 5 ਸਾਲ ਦੇ ਕਾਰਜਕਾਲ ਦਾ ਆਲੋਚਨਾਤਮਕ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਪਰ ਅਮਰੀਕਾ ਦੀ ਚਰਚਿਤ ‘ਟਾਈਮ’ ਮੈਗਜ਼ੀਨ ਵਲੋਂ ‘ਡਿਵਾਈਡਰ ਇਨ ਚੀਫ’ (ਭਾਰਤ ਨੂੰ ਵੰਡਣ ਵਾਲਾ) ਸਿਰਲੇਖ ਦੇ ਨਾਲ ਮੋਦੀ ’ਤੇ ਕਵਰ ਸਟੋਰੀ ਛਾਪਦੇ ਹੀ ਟਵਿਟਰ ’ਤੇ ਰੌਲਾ-ਰੱਪਾ ਪੈ ਗਿਆ। ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸੇ ਮੈਗਜ਼ੀਨ ਨੇ 2014 ’ਚ ਵੀ ਮੋਦੀ ਦੀ ਫੋਟੋ ਨੂੰ ਕਵਰ ਪੇਜ ’ਤੇ ‘ਮੋਦੀ ਮੀਨਜ਼ ਬਿਜ਼ਨੈੱਸ’ (ਮੋਦੀ ਦਾ ਜ਼ੋਰ ਕੰਮ ’ਤੇ ਹੈ) ਸਿਰਲੇਖ ਦੇ ਨਾਲ ਛਾਪਿਆ ਸੀ। ਅਸਲ ’ਚ 2016 ਅਤੇ ਫਿਰ 2017 ’ਚ ‘ਟਾਈਮ’ ਮੈਗਜ਼ੀਨ ਨੇ ਮੋਦੀ ਨੂੰ ਵਿਸ਼ਵ ਦੀਆਂ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੀ ਸੂਚੀ ’ਚ ਜਗ੍ਹਾ ਦਿੱਤੀ ਸੀ। 2016 ’ਚ ਮੋਦੀ ਦੇ ਲੇਖ ਨੂੰ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਲਿਖਿਆ ਸੀ। ਇਹ ਵੀ ਦੱਸਣਾ ਬਣਦਾ ਹੈ ਕਿ 10 ਮਈ ਨੂੰ ‘ਟਾਈਮ’ ਦਾ ਆਰਟੀਕਲ ਆਨਲਾਈਨ ਰਿਲੀਜ਼ ਹੋਣ ਤੋਂ ਪਹਿਲਾਂ 4 ਮਈ ਨੂੰ ਇਸੇ ਤਰ੍ਹਾਂ ਦਾ ਇਕ ਆਰਟੀਕਲ ਇਕੋਨੋਮਿਸਟ ਵਿਚ ਛਪਿਆ ਸੀ, ਜਿਸ ਦਾ ਸਿਰਲੇਖ ਸੀ–‘ਏਜੰਟ ਓਰੇਂਜ : ਅੰਡਰ ਨਰਿੰਦਰ ਮੋਦੀ, ਦਿ ਭਾਰਤੀਯ ਜਨਤਾ ਪਾਰਟੀ ਪੋਜ਼ੇਜ਼ ਰਿਸਕ ਟੂ ਡੈਮੋਕ੍ਰੇਸੀ’ (ਭਗਵਾ ਏਜੰਟ : ਨਰਿੰਦਰ ਮੋਦੀ ਦੀ ਅਗਵਾਈ ਵਿਚ ਲੋਕਤੰਤਰ ਲਈ ਖਤਰਾ ਹੈ ਭਾਜਪਾ)। ਕਮਾਲ ਦੀ ਗੱਲ ਹੈ ਕਿ ਇਹ ਦੋਵੇਂ ਲੇਖ ਕਾਫੀ ਸੰਤੁਲਿਤ ਅਤੇ ਪੂਰਨ ਤੌਰ ’ਤੇ ਮੋਦੀ ਦੇ ਵਿਰੁੱਧ ਨਹੀਂ ਹਨ। ਅਸਲ ’ਚ ਇਕੋਨੋਮਿਸਟ ਨੇ ਭਾਰਤੀ ਚੋਣਾਂ ’ਤੇ ਲੇਖ ਲਿਖਿਆ ਹੈ ਤਾਂ ‘ਟਾਈਮ’ ਨੇ 2 ਲੇਖ ਛਾਪੇ ਹਨ। ਇਨ੍ਹਾਂ ’ਚੋਂ ਇਕ ‘ਇੰਡੀਆਜ਼ ਬੈਸਟ ਹੋਪ ਫਾਰ ਇਕੋਨੋਮਿਕ ਰਿਫਾਰਮ’ ਨੂੰ ਇਯਾਨ ਬ੍ਰੇਮਰ ਨੇ ਲਿਖਿਆ ਹੈ, ਜਿਸ ’ਚ ਉਨ੍ਹਾਂ ਨੇ ਨੋਟਬੰਦੀ ਨੂੰ ਛੱਡਦੇ ਹੋਏ ਮੋਦੀ ਸਰਕਾਰ ਦੇ ਹਰੇਕ ਆਰਥਿਕ ਅਤੇ ਨੀਤੀਗਤ ਸੁਧਾਰਾਂ ਦਾ ਵਰਣਨ ਕੀਤਾ ਹੈ। ਜੀ. ਐੱਸ. ਟੀ., ਰਿਕਾਰਡ ਟੈਕਸ ਕੁਲੈਕਸ਼ਨ, ਇਨਫ੍ਰਾਸਟਰੱਕਚਰ ਨਿਰਮਾਣ, ਉੱਜਵਲਾ ਯੋਜਨਾ ਆਦਿ ਦਾ ਜ਼ਿਕਰ ਕੀਤਾ ਹੈ। ਅਸਲ ’ਚ ਭਾਜਪਾ ਸਰਕਾਰ ਸ਼ਾਇਦ ਖ਼ੁਦ ਹੀ ਆਪਣੀਆਂ ਉਪਲੱਬਧੀਆਂ ਦਾ ਇਸ ਤੋਂ ਬਿਹਤਰ ਢੰਗ ਨਾਲ ਵਰਣਨ ਨਾ ਕਰ ਸਕਦੀ। ਤਾਂ ਇਹ ਸਾਰਾ ਹੰਗਾਮਾ ਕਿਸ ਗੱਲ ’ਤੇ ਹੈ। ਦੂਜਾ ਲੇਖ ‘ਮੋਦੀ ਇਰਾ’ ਆਤਿਸ਼ ਤਾਸੀਰ ਨੇ ਲਿਖਿਆ ਹੈ। ਇਸ ਦੀ ਟੈਗ ਲਾਈਨ ਹੈ ‘ਭਾਰਤ ’ਚ ਚੋਣਾਂ : ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹਮੇਸ਼ਾ ਤੋਂ ਜ਼ਿਆਦਾ ਵੰਡਿਆ ਹੋਇਆ ਹੈ’ ਪਰ ਇਸ ’ਚ ਵੀ ਕੁਝ ਨਵਾਂ ਨਹੀਂ ਹੈ ਕਿਉਂਕਿ ਭਾਰਤੀ ਮੀਡੀਆ ’ਚ ਵੀ ਇਸ ਤਰ੍ਹਾਂ ਦੇ ਸਿਰਲੇਖ ਅਕਸਰ ਵਰਤੇ ਜਾਂਦੇ ਰਹੇ ਹਨ। ਹੰਗਾਮੇ ਦਾ ਅਸਲੀ ਕਾਰਨ ਹੈ ਕਿ ਇਸ ਨੂੰ ਆਤਿਸ਼ ਤਾਸੀਰ ਨੇ ਲਿਖਿਆ ਹੈ।

ਉਹ ਇਕ ਮੁਸਲਿਮ ਅਤੇ ਪਾਕਿਸਤਾਨ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਦੇ ਬੇਟੇ ਹਨ ਪਰ ਇਹ ਗੱਲ ਸਾਰੇ ਭੁੱਲ ਬੈਠੇ ਹਨ ਕਿ ਉਨ੍ਹਾਂ ਦੀ ਮਾਂ ਇਕ ਸੀਨੀਅਰ ਅਤੇ ਸਨਮਾਨਿਤ ਭਾਰਤੀ ਪੱਤਰਕਾਰ ਤਵਲੀਨ ਸਿੰਘ ਹੈ, ਜੋ ਪੰਜਾਬ ’ਚ ਅੱਤਵਾਦ ’ਤੇ ਲਿਖਦੀ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਲੰਡਨ ’ਚ ਸਲਮਾਨ ਤਾਸੀਰ ਨਾਲ ਵਿਆਹ ਕਰਵਾਇਆ ਸੀ ਪਰ ਆਤਿਸ਼ ਦਾ ਪਾਲਣ-ਪੋਸ਼ਣ ਭਾਰਤ ’ਚ ਉਨ੍ਹਾਂ ਦੇ ਪਰਿਵਾਰ ’ਚ ਸਿੱਖਾਂ ਅਤੇ ਹਿੰਦੂਆਂ ਵਿਚਾਲੇ ਹੋਇਆ ਹੈ ਅਤੇ ਉਨ੍ਹਾਂ ਨੇ ਕਾਨਵੈਂਟ ਸਕੂਲ ’ਚ ਪੜ੍ਹਾਈ ਕੀਤੀ ਹੈ। ਉਨ੍ਹਾਂ ਦੇ ਪਿਤਾ ਸਲਮਾਨ ਪਾਕਿਸਤਾਨ ਦੇ ਈਸ਼ਨਿੰਦਾ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਇਕ ਉਦਾਰਵਾਦੀ ਦੇ ਰੂਪ ’ਚ ਜਾਣੇ ਜਾਂਦੇ ਸਨ। ਅਸਲ ’ਚ ਈਸ਼ਨਿੰਦਾ ਦੀ ਮੁਲਜ਼ਮ ਆਸੀਆ ਬੀਬੀ ਦਾ ਸਾਥ ਦੇਣ ਲਈ ਹੀ ਉਨ੍ਹਾਂ ਦੇ ਅੰਗਰੱਖਿਅਕ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਉਨ੍ਹਾਂ ਦੇ ਵੱਡੇ ਬੇਟੇ ਨੂੰ ਤਾਲਿਬਾਨ ਨੇ ਫਾਂਸੀ ਦੇ ਦਿੱਤੀ ਸੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਤਿਸ਼ ਦੇ ਪੱਧਰ ਦਾ ਪੱਤਰਕਾਰ, ਜੋ ਟਾਈਮ, ਟੈਲੀਗ੍ਰਾਫ ਅਤੇ ਹੋਰ ਪ੍ਰਸਿੱਧ ਜਰਨਲਜ਼ ਲਈ ਕੰਮ ਕਰਦਾ ਹੈ, ਨੂੰ ਵੀ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਨਹੀਂ ਹੈ। ‘ਟਾਈਮ’ ਵਿਚ ਉਨ੍ਹਾਂ ਦਾ ਆਰਟੀਕਲ ਛਪਣ ਤੋਂ ਬਾਅਦ ਵਿਕੀਪੀਡੀਆ ਪੇਜ ’ਤੇ ਉਨ੍ਹਾਂ ਦੀ ਜਾਣਕਾਰੀ ਦੇ ਨਾਲ ਛੇੜਛਾੜ ਕੀਤੀ ਗਈ ਅਤੇ ਟਵਿਟਰ ’ਤੇ ਉਨ੍ਹਾਂ ਉੱਤੇ ਨਫਰਤ ਭਰੇ ਸੰਦੇਸ਼ਾਂ ਦੀ ਵਾਛੜ ਕਰ ਦਿੱਤੀ ਗਈ ਹੈ ਪਰ ਲੱਗਦਾ ਇਹੀ ਹੈ ਕਿ ਘੱਟ ਹੀ ਲੋਕਾਂ ਨੇ ਹੁਣ ਤਕ ਉਨ੍ਹਾਂ ਦਾ ਆਰਟੀਕਲ ਪੜ੍ਹਿਆ ਹੋਵੇਗਾ ਕਿਉਂਕਿ ਇਹ ਆਰਟੀਕਲ ਵੀ ਕਾਫੀ ਸੰਤੁਲਿਤ ਹੈ, ਜਿਸ ਵਿਚ ਲੋਕਤੰਤਰ ਦੇ ਮਾਮਲੇ ’ਚ ਭਾਰਤ ਦੀ ਤੁਲਨਾ ਅਮਰੀਕਾ ਨਾਲ ਕੀਤੀ ਗਈ ਹੈ, ਨਾ ਕਿ ਤੁਰਕੀ ਨਾਲ। ਜੇਕਰ ਹੁਣ ਅਸੀਂ ਰਚਨਾਤਮਕ ਆਲੋਚਨਾ ਨੂੰ ਵੀ ਸਵੀਕਾਰ ਨਹੀਂ ਕਰ ਸਕਦੇ ਹਾਂ ਤਾਂ ਸਵਾਲ ਉੱਠਦਾ ਹੈ ਕਿ ਸਾਡੇ ਉਨ੍ਹਾਂ ਸਿਧਾਂਤਾਂ ਦਾ ਕੀ ਬਣਿਆ, ਜੋ ਕਹਿੰਦੇ ਹਨ, ‘ਨਿੰਦਕ ਨਿਯਰੇ ਰਾਖੀਏ, ਆਂਗਨ ਕੁਟੀ ਛਵਾਯ, ਬਿਨ ਪਾਨੀ, ਸਾਬੁਨ ਬਿਨਾ, ਨਿਰਮਲ ਕਰੇ ਸੁਭਾਯ।’

Bharat Thapa

This news is Content Editor Bharat Thapa