ਦੇਸ਼ ਮਾਫੀਆ ਰਾਜ ਦੀ ਗ੍ਰਿਫਤ ’ਚ ਨਹੀਂ ਰੁਕ ਰਿਹਾ ਇਨ੍ਹਾਂ ਦੀਅਾਂ ਨਾਜਾਇਜ਼ ਸਰਗਰਮੀਅਾਂ ਦਾ ਸਿਲਸਿਲਾ

11/10/2018 7:16:04 AM

ਅੱਜ ਦੇਸ਼ ’ਚ ਜਿੱਥੇ ਇਕ ਪਾਸੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਸਮਾਜ ਵਿਰੋਧੀ ਅਨਸਰਾਂ ਤੇ ਵੱਖ-ਵੱਖ ਮਾਫੀਆਵਾਂ ਵਲੋਂ ਦੇਸ਼ ’ਚ ਹਿੰਸਾ ਤੇ ਖੂਨ-ਖਰਾਬਾ ਲਗਾਤਾਰ ਜਾਰੀ ਹੈ। 
ਇਨ੍ਹਾਂ ਮਾਫੀਆਵਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਆਪਣੇ ਰਾਹ ’ਚ ਰੁਕਾਵਟ ਬਣਨ ਵਾਲੇ ਕਿਸੇ ਵੀ ਵਿਅਕਤੀ ਦੀ ਹੱਤਿਆ ਕਰਨ ਅਤੇ ਹੋਰਨਾਂ ਤਰੀਕਿਅਾਂ ਨਾਲ ਉਸ ਨੂੰ ਨੁਕਸਾਨ ਪਹੁੰਚਾਉਣ ਤੋਂ ਜ਼ਰਾ ਨਹੀਂ ਝਿਜਕਦੇ। ਇਥੇ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 05 ਜਨਵਰੀ ਨੂੰ ਤੇਲੰਗਾਨਾ ਦੇ ਕਾਮਾਰੈੱਡੀ ਜ਼ਿਲੇ ’ਚ ਰੇਤ ਮਾਫੀਆ ਦੇ ਮੈਂਬਰਾਂ ਨੇ ਇਕ ਪਿੰਡ ’ਚ ਛਾਪਾ ਮਾਰਨ ਗਏ ‘ਦਿਹਾਤੀ ਮਾਲੀਆ ਸਹਾਇਕ’ ਬੋਇਨੀ ਸਾਇਲੂ ਨੂੰ ਟਰੈਕਟਰ ਨਾਲ ਕੁਚਲ ਕੇ ਮਾਰ ਦਿੱਤਾ।
* 08 ਮਈ ਨੂੰ ਤਾਮਿਲਨਾਡੂ ਦੇ ਤਿਰੂਨੇਲਵੇਲੀ ’ਚ ਨਾਂਬਿਆਰ ਨਦੀ ਨੇੜੇ ਨਾਜਾਇਜ਼ ਰੇਤਾ ਕੱਢਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਪੁਲਸ ਕਾਂਸਟੇਬਲ ਜਗਦੀਸ਼ ਦੁੱਰਈ ’ਤੇ ਰੇਤ ਮਾਫੀਆ ਨੇ ਲੋਹੇ ਦੀਅਾਂ ਰਾਡਾਂ ਨਾਲ ਵਾਰ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। 
* 07 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਮੁਰੈਨਾ ’ਚ ਰੇਤਾ ਨਾਲ ਭਰੀ ਟਰੈਕਟਰ-ਟਰਾਲੀ ਰੋਕਣ ਦੀ ਕੋਸ਼ਿਸ਼ ਕਰ ਰਹੇ ਡਿਪਟੀ ਰੇਂਜਰ ਸੂਬੇਦਾਰ ਸਿੰਘ ਕੁਸ਼ਵਾਹਾ ਨੂੰ ਟਰੈਕਟਰ ਚਾਲਕ  ਨੇ ਕੁਚਲ ਕੇ ਮਾਰ ਦਿੱਤਾ। 
* 13 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਅਜੈਗੜ੍ਹ ’ਚ ਰੇਤਾ ਦੀ ਨਾਜਾਇਜ਼ ਢੁਆਈ ਕਰ ਰਹੇ ਟਰੈਕਟਰ ਚਾਲਕ ਨੇ 2 ਬੱਚਿਅਾਂ ਨੂੰ ਕੁਚਲ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। 
* 15 ਅਕਤੂਬਰ ਨੂੰ ਯੂ. ਪੀ. ਦੇ ਹੀਰਾਪੁਰ ਬਾਜ਼ਾਰ ਨੇੜੇ ਹਥਿਆਰਬੰਦ ਬਦਮਾਸ਼ਾਂ ਨੇ ਤਾਬੜ-ਤੋੜ ਗੋਲੀਅਾਂ ਵਰ੍ਹਾ ਕੇ ਬਸਪਾ ਨੇਤਾ ‘ਜੁਰਗਾਮ ਮੇਹੰਦੀ’ ਅਤੇ ਉਸ ਦੇ ਡਰਾਈਵਰ ਦੀ ਹੱਤਿਆ ਕਰ ਦਿੱਤੀ। ਇਸ ਘਟਨਾ ਬਾਰੇ ਮਾਫੀਆ ਡਾਨ ਖਾਨ ਮੁਬਾਰਕ ਸਮੇਤ 11 ਵਿਅਕਤੀਅਾਂ ਵਿਰੁੱਧ ਕਤਲ ਅਤੇ ਸਾਜ਼ਿਸ਼ ਦੀਅਾਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਹੈ। 
* 20 ਅਕਤੂਬਰ ਨੂੰ ਸ਼ਾਹਜਹਾਂਪੁਰ ਨੇੜੇ ਦੁਧਵਾ ਟਾਈਗਰ ਰਿਜ਼ਰਵ ਦੇ ਇਕ ਵਣ ਰੱਖਿਅਕ ਸੁਖਪਾਲ ਸਿੰਘ ਦੀ ਲੱਕੜੀ ਮਾਫੀਆ ਦੇ ਮੈਂਬਰਾਂ ਨੇ ਹੱਤਿਆ ਕਰ ਦਿੱਤੀ। ਸੁਖਪਾਲ ਸਿੰਘ ਨੇ ਆਪਣੀ ਡਿਊਟੀ ਨਿਭਾਉਂਦਿਅਾਂ ਕਈ ਲੱਕੜੀ ਚੋਰਾਂ ਨੂੰ ਫੜਵਾਇਆ ਸੀ, ਜਿਸ ਕਾਰਨ ਉਹ ਲੱਕੜੀ ਮਾਫੀਆ ਦੀਅਾਂ ਅੱਖਾਂ ਦਾ ਰੋੜ ਬਣਿਆ ਹੋਇਆ ਸੀ। 
* 22 ਅਕਤੂਬਰ ਨੂੰ ਯੂ. ਪੀ. ਦੇ ਸੀਤਾਪੁਰ ’ਚ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਕਰਨ ’ਤੇ ਭਾਜਪਾ ਵਰਕਰ ਪਵਨ ਮੌਰਿਆ ਦੀ ਰੇਤ ਮਾਫੀਆ ਵਲੋਂ ਟਰੈਕਟਰ ਨਾਲ ਕੁਚਲ ਕੇ ਹੱਤਿਆ ਕਰਵਾ ਦਿੱਤੀ ਗਈ। 
* 31 ਅਕਤੂਬਰ ਨੂੰ ਬਿਆਨਾ (ਰਾਜਸਥਾਨ) ’ਚ ਰੇਤਾ ਦੀ ਨਾਜਾਇਜ਼ ਮਾਈਨਿੰਗ ਅਤੇ ਢੁਆਈ ਦੀ ਰੋਕਥਾਮ ਕਰ ਰਹੀ ਵਣ ਵਿਭਾਗ ਦੀ ਗਸ਼ਤੀ ਟੁਕੜੀ ’ਤੇ ਮਾਈਨਿੰਗ ਮਾਫੀਆ ਨੇ ਹਮਲਾ ਕਰ ਦਿੱਤਾ ਅਤੇ ਗਸ਼ਤੀ ਟੁਕੜੀ ਦੇ ਇੰਚਾਰਜ ਫਾਰੈਸਟਰ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਨਾਜਾਇਜ਼ ਮਾਈਨਿੰਗ ਦੇ ਸੈਂਡ ਸਟੋਨ ਨਾਲ ਭਰਿਆ ਟਰਾਲਾ ਛੁਡਾ ਕੇ ਲੈ ਗਏ।
* 06 ਨਵੰਬਰ ਨੂੰ ਗੁਜਰਾਤ ਦੇ ਨਵਸਾਰੀ ’ਚ ਰੇਤ ਮਾਫੀਆ ਦੇ ਮੈਂਬਰਾਂ ਨੇ ਨਾਜਾਇਜ਼ ਰੇਤਾ ਕੱਢਣ ਵਿਰੁੱਧ ਲਗਾਤਾਰ ਆਵਾਜ਼ ਉਠਾਉਣ ਵਾਲੇ ਡਾ. ਜਾਏਸ਼ ਨਾਇਕ ਨੂੰ ਰੋਕ ਕੇ ਉਸ ’ਤੇ ਸਰੀਏ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਤੇ ਉਸ ਦਾ ਮੋਟਰਸਾਈਕਲ ਵੀ ਤੋੜ ਦਿੱਤਾ। 
* 06 ਨਵੰਬਰ ਨੂੰ ਹੀ ਮਹਾਰਾਸ਼ਟਰ ਦੇ ਚੰਦਰਪੁਰ ’ਚ ਸਿਪਾਹੀਅਾਂ ਨਾਲ ਗਸ਼ਤ ’ਤੇ ਨਿਕਲੇ ਪੁਲਸ ਸਬ-ਇੰਸਪੈਕਟਰ ਛਤਰਪਤੀ ਚਿੜੇ ਨੂੰ ਨਾਜਾਇਜ਼ ਸ਼ਰਾਬ ਤਸਕਰਾਂ ਨੇ ਉਦੋਂ ਗੱਡੀ ਨਾਲ ਕੁਚਲ ਕੇ ਮਾਰ ਦਿੱਤਾ, ਜਦੋਂ ਉਨ੍ਹਾਂ ਨੇ ਸ਼ਰਾਬ ਤਸਕਰਾਂ ਦੀ ਗੱਡੀ ਰੋਕਣੀ ਚਾਹੀ। ਪਹਿਲਾਂ ਵੀ 3 ਪੁਲਸ ਵਾਲੇ ਸ਼ਰਾਬ ਮਾਫੀਆ ਦੇ ਹਮਲੇ ਦਾ ਸ਼ਿਕਾਰ ਹੋ ਚੁੱਕੇ ਹਨ। 
* 08 ਨਵੰਬਰ ਨੂੰ ਮੇਘਾਲਿਆ ’ਚ ਚਿਲੋਂਗ ਨੇੜੇ ਪੂਰਬੀ ਜੈਅੰਤੀਅਾ ਪਹਾੜੀਅਾਂ ’ਚ ਸਥਿਤ ਪਿੰਡ ਟੁਬੇਰ ਵਿਚ ਕੋਲਾ ਮਾਫੀਆ ਦੇ ਮੈਂਬਰਾਂ ਨੇ ਇਕ ਸੋਸ਼ਲ ਵਰਕਰ ਏਗਨੈਸ ਖਾਰਸ਼ਿੰਗ ਉੱਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜੈਅੰਤੀਆ ਪਹਾੜੀਅਾਂ ਦੇ ਇਲਾਕੇ ’ਚ ਕੋਲੇ ਦਾ ਅਥਾਹ ਭੰਡਾਰ ਹੈ, ਜਿਸ ’ਤੇ ਇਥੋਂ ਦੇ ਕੋਲਾ ਮਾਫੀਆ ਦੀ ਨਜ਼ਰ ਟਿਕੀ ਰਹਿੰਦੀ ਹੈ। 
* 08 ਨਵੰਬਰ ਨੂੰ ਹੀ ਬਿਹਾਰ ਦੇ ਰੋਹਤਾਸ ਜ਼ਿਲੇ ’ਚ ਇਕ ਨੌਜਵਾਨ ਵਲੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਦਾ ਵਿਰੋਧ ਕਰਨ ’ਤੇ ਸ਼ਰਾਬ ਮਾਫੀਆ ਨੇ ਉਸ ਦੀ ਹੱਤਿਆ ਕਰ ਦਿੱਤੀ। 
ਕਈ ਥਾਵਾਂ ’ਤੇ ਰੇਤ ਮਾਫੀਆ ਨੇ ਆਪਣੇ ਵਿਰੁੱਧ ਛਾਪਿਅਾਂ ਦੀ ਸੂਚਨਾ ਹਾਸਿਲ ਕਰਨ ਲਈ ਆਪਣੀ ‘ਖੁਫੀਆ ਪ੍ਰਣਾਲੀ’ ਕਾਇਮ ਕੀਤੀ ਹੋਈ ਹੈ ਅਤੇ ਸੂਚਨਾ ਮਿਲਣ ’ਤੇ ਛਾਪਾ ਪੈਣ ਤੋਂ ਪਹਿਲਾਂ ਹੀ ਉਹ ਮੌਕੇ ਤੋਂ ਗਾਇਬ ਹੋ ਜਾਂਦੇ ਹਨ। 
ਸਭ ਤੋਂ ਵੱਡੀ ਗੱਲ ਇਹ ਹੈ ਕਿ ਲੱਗਭਗ ਹਰੇਕ ਸੂਬੇ ’ਚ ਸਰਗਰਮ ਮਾਫੀਆ ਨੂੰ ਕਿਸੇ ਨਾ ਕਿਸੇ ਰੂਪ ’ਚ ਕਥਿਤ ਤੌਰ ’ਤੇ ਸਿਆਸੀ ਤੇ ਪੁਲਸ ਦੀ ਸ਼ਹਿ ਪ੍ਰਾਪਤ ਹੈ, ਜਿਨ੍ਹਾਂ ਸਾਹਮਣੇ ਕਾਨੂੰਨ ਬੇਵੱਸ ਹੋ ਕੇ ਰਹਿ ਗਿਆ ਹੈ। ਲਿਹਾਜ਼ਾ ਇਸ ਬਾਰੇ ਮਾਫੀਆ ਵਿਰੁੱਧ ਸਖਤ ਮੁਹਿੰਮ ਛੇੜਨ ਦੇ ਨਾਲ-ਨਾਲ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਸਿਆਸਤਦਾਨਾਂ, ਪੁਲਸ ਮੁਲਾਜ਼ਮਾਂ, ਅਧਿਕਾਰੀਅਾਂ ਆਦਿ ਦਾ ਪਤਾ ਲਾ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੇ ਬਿਨਾਂ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ।                     –ਵਿਜੇ ਕੁਮਾਰ