‘ਕੋੋਰੋਨਾ ਦੇ ਸੰਕਟ ਦੇ ਦਰਮਿਆਨ’ ਇਕ ਹੋਰ ਮਹਾ-ਆਫਤ ‘ਨਿਸਰਗ ਦੀ ਦਸਤਕ’

06/04/2020 1:28:23 AM

ਕੁਝ ਸਮੇਂ ਤੋਂ ਦੇਸ਼ ਦੇ ਹਾਲਾਤ ਦੇਖਦੇ ਹੋਏ ਅਨੇਕ ਲੋਕਾਂ ਦਾ ਕਹਿਣਾ ਠੀਕ ਹੀ ਜਾਪਦਾ ਹੈ ਕਿ ਸ਼ਨੀ ਦੇਵ ਭਾਰਤ ਨਾਲ ਰੁੱਸੇ ਹੋਏ ਹਨ ਅਤੇ ਦੇਸ਼ ਲਗਾਤਾਰ ਕੁਦਰਤੀ ਅਤੇ ਮਨੁੱਖ ਵਲੋਂ ਸਿਰਜੀਅਾਂ ਆਫਤਾਂ ਦੇ ਕਾਰਨ ਜਾਨਮਾਲ ਦਾ ਭਾਰੀ ਨੁਕਸਾਨ ਝੱਲ ਰਿਹਾ ਹੈ। ਇਕ ਪਾਸੇ ਲੋਕ ਕੋਰੋਨਾ ਨਾਲ ਮਰ ਰਹੇ ਹਨ, ਤਾਂ ਦੂਜੇ ਪਾਸੇ ਮਨੁੱਖੀ ਲਾਪ੍ਰਵਾਹੀ ਅਤੇ ਕੁਦਰਤ ਦੇ ਪ੍ਰਕੋਪ ਨਾਲ ਵੀ ਲਗਾਤਾਰ ਮੌਤਾਂ ਅਤੇ ਤਬਾਹੀ ਹੋ ਰਹੀ ਹੈ।

* 07 ਮਈ ਨੂੰ ਵਿਸ਼ਾਖਾਪਟਨਮ ਦੇ ਨੇੜੇ ‘ਐਲਰਜੀ ਪੋਲੀਮਰਸ’ ਦੇ ਪਲਾਂਟ ’ਚ ਗੈਸ ਰਿਸਣ ਨਾਲ 11 ਵਿਅਕਤੀਅਾਂ ਦੀ ਮੌਤ ਅਤੇ ਕਈ ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

* 20 ਮਈ ਨੂੰ ਚੱਕਰਵਾਤੀ ਤੂਫਾਨ ‘ਅੰਫਾਨ’ ਦੇ ਕਾਰਨ ਬੰਗਾਲ ’ਚ ਘੱਟੋ-ਘੱਟ 98 ਲੋਕ ਮਾਰੇ ਗਏ ਅਤੇ ਓਡਿਸ਼ਾ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਕੇਰਲ ਸਮੇਤ 9 ਸਮੁੰਦਰੀ ਕੰਢਿਅਾਂ ਵਾਲੇ ਸੂਬਿਅਾਂ ’ਚ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ।

* 28-29 ਮਈ ਨੂੰ ਪੰਜਾਬ ’ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਦਰਜਨਾਂ ਰੁੱਖ ਪੁੱਟੇ ਗਏ, ਵੱਡੀ ਗਿਣਤੀ ’ਚ ਮਕਾਨਾਂ ਅਤੇ ਫਸਲਾਂ ਨੂੰ ਨੁਕਸਾਨ ਪੁੱਜਾ ਅਤੇ ਤਿੰਨ ਵਿਅਕਤੀਅਾਂ ਦੀ ਹਨੇਰੀ ਅਤੇ ਮੀਂਹ ’ਚ ਘਿਰ ਜਾਣ ਨਾਲ ਮੌਤ ਹੋ ਗਈ।

* 31 ਮਈ ਨੂੰ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਮੀਂਹ ਨਾਲ 16 ਵਿਅਕਤੀਅਾਂ ਦੀ ਮੌਤ ਹੋ ਗਈ।

* 02 ਜੂਨ ਨੂੰ ਆਸਾਮ ’ਚ ਕਈ ਥਾਵਾਂ ’ਤੇ ਭਾਰੀ ਮੀਂਹ ਕਾਰਨ ਸੂਬੇ ਦੇ ਤਿੰਨ ਜ਼ਿਲਿਅਾਂ ’ਚ ਜ਼ਮੀਨ ਖਿਸਕਣ ਕਾਰਨ 21 ਵਿਅਕਤੀਅਾਂ ਦੀ ਜਾਨ ਚਲੀ ਗਈ।

* 03 ਜੂਨ ਨੂੰ ਦਿੱਲੀ ਐੱਨ.ਸੀ.ਆਰ. ’ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਪਿਛਲੇ ਡੇਢ ਮਹੀਨੇ ’ਚ ਇਸ ਖੇਤਰ ’ਚ ਭੂਚਾਲਾਂ ਦੇ 10 ਝਟਕੇ ਲੱਗ ਚੁੱਕੇ ਹਨ।

* 03 ਜੂਨ ਨੂੰ ਹੀ ਗੁਜਰਾਤ ਦੇ ਭਰੂਚ ’ਚ ਇਕ ਕੈਮੀਕਲ ਫੈਕਟਰੀ ’ਚ ਹੋਏ ਧਮਾਕੇ ’ਚ 5 ਲੋਕਾਂ ਦੀ ਮੌਤ ਅਤੇ ਕਈ ਲੋਕ ਜ਼ਖਮੀ ਹੋ ਗਏ।

... ਅਤੇ ਇਸੇ ਦਿਨ ਦੇਸ਼ ’ਚ ‘ਕੋਰੋਨਾ ਇਨਫੈਕਸ਼ਨ’ ਦੀ ਰਾਜਧਾਨੀ ਬਣੀ ਮੁੰਬਈ ਅਤੇ ਸਮੁੱਚੇ ਮਹਾਰਾਸ਼ਟਰ, ਗੁਜਰਾਤ, ਗੋਅਾ, ਦਮਨ ਤੇ ਦੀਵ ਅਤੇ ਦਾਦਰ ਤੇ ਨਗਰ ਹਵੇਲੀ ’ਚ ‘ਨਿਸਰਗ’ ਨਾਂ ਦੇ ਭਿਆਨਕ ਤੂਫਾਨ ਨੇ ਤਬਾਹੀ ਮਚਾਈ।

ਇਸ ਦੀ ਰਫਤਾਰ ਇੰਨੀ ਤੇਜ਼ ਸੀ ਕਿ ਇਹ ਜਲਦੀ ਹੀ ‘ਬਹੁਤ ਹੀ ਗੰਭੀਰ ਚੱਕਰਵਾਤੀ ਤੂਫਾਨ’ ਦੀ ਸ਼੍ਰੇਣੀ ’ਚ ਪਹੁੰਚ ਗਿਆ ਅਤੇ ਇਸ ਦੀ ਰਫਤਾਰ ਲਗਾਤਾਰ ਵਧਦੀ ਚਲੀ ਗਈ। ਇਸ ਦੇ ਮੁੰਬਈ ਦੇ ਕੰਢੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਸਮੁੱਚੇ ਇਲਾਕੇ ਅਤੇ ਕੇਰਲ ਅਤੇ ਮਹਾਰਾਸ਼ਟਰ ਦੇ ਰਾਏਗੜ੍ਹ ਆਦਿ ’ਚ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ।

ਵਿਸ਼ੇਸ਼ ਤੌਰ ’ਤੇ ਮੁੰਬਈ ਦੇ ਸਮੁੰਦਰੀ ਕੰਢਿਅਾਂ ਵਾਲੇ ਇਲਾਕਿਅਾਂ ਅਤੇ ਹੋਰਨਾਂ ਥਾਵਾਂ ’ਤੇ ਬਿਜਲੀ ਅਤੇ ਟੈਲੀਫੋਨ ਦੇ ਖੰਭਿਅਾਂ ਆਦਿ ਦੇ ਨਾਲ-ਨਾਲ ਝੌਂਪੜ ਪੱਟੀਅਾਂ ਨੂੰ ਨੁਕਸਾਨ ਪੁੱਜਾ ਅਤੇ ‘ਹਾਈ ਰਾਈਜ਼’ ਇਮਾਰਤਾਂ ਤਕ ਦੇ ਲਈ ਭਾਰੀ ਖਤਰਾ ਪੈਦਾ ਹੋ ਗਿਆ।

ਅਰਬ ਸਾਗਰ ’ਚ ਊਫਾਨ ਜਿਹਾ ਆ ਗਿਆ ਅਤੇ ਇਸ ਦੀਅਾਂ ਲਹਿਰਾਂ ਤਿੰਨ ਮੀਟਰ ਤੋਂ ਵੱਧ ਉੱਚੀਅਾਂ ਉੱਠਣ ਲੱਗੀਅਾਂ, ਜਿਨ੍ਹਾਂ ’ਚ ਇਕ ਵਿਸ਼ਾਲ ਜਹਾਜ਼ ਵੀ ਫਸ ਗਿਆ।

ਅਨੇਕਾਂ ਮਕਾਨਾਂ ਦੀਅਾਂ ਛੱਤਾਂ ਉੱਡ ਗਈਅਾਂ ਅਤੇ ਵੱਡੇ-ਵੱਡੇ ਰੁੱਖ ਜੜ੍ਹਾਂ ਸਮੇਤ ਉਖੜ ਕੇ ਸੜਕਾਂ ’ਤੇ ਖਿੱਲਰ ਗਏ, ਜਿਸ ਨਾਲ ਕੁਝ ਲੋਕ ਜ਼ਖਮੀ ਵੀ ਹੋਏ। ਸੜਕਾਂ ’ਤੇ ਜਾ ਰਹੇ ਵਾਹਨ ਪਲਟ ਗਏ। ਸੜਕ, ਰੇਲ ਅਤੇ ਹਵਾਈ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ।

ਮਹਾਰਾਸ਼ਟਰ ’ਤੇ ਧਾਵਾ ਬੋਲਣ ਵਾਲੇ ਹੁਣ ਤਕ ਦੇ ਇਸ ਸਭ ਤੋਂ ਭਿਆਨਕ ਤੂਫਾਨ ਦੇ ਅਲੀਬਾਗ ਨਾਲ ਟਕਰਾਉਣ ਦੇ ਬਾਅਦ ਮੁੰਬਈ ਪਹੁੰਚਦੇ-ਪਹੁੰਚਦੇ ਇਸ ਦੀ ਰਫਤਾਰ 120 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਤੇਜ਼ ਹੋ ਗਈ ਪਰ ਮਹਾਰਾਸ਼ਟਰ ’ਚ ਤਬਾਹੀ ਦੇ ਮੰਜ਼ਰ ਛੱਡਣ ਤੋਂ ਬਾਅਦ ਗੁਜਰਾਤ ਵੱਲ ਵਧਦੇ ਸਮੇਂ ਇਸ ਦੀ ਤੀਬਰਤਾ ਘਟ ਹੋ ਗਈ।

119 ਸਾਲ ਦੇ ਬਾਅਦ ਮੁੰਬਈ ’ਤੇ ਇੰਨੇ ਖਤਰਨਾਕ ਤੂਫਾਨ ਦੇ ਹਮਲੇ ਨਾਲ ਭਾਰੀ ਤਬਾਹੀ ਮਨੁੱਖ ਵਲੋਂ ਕੁਦਰਤ ਨਾਲ ਛੇੜਛਾੜ, ਜੰਗਲਾਂ ਦੀ ਵੱਡੀ ਗਿਣਤੀ ’ਚ ਨਾਜਾਇਜ਼ ਕਟਾਈ, ਭੂ-ਮਾਫੀਆ ਵਲੋਂ ਨਾਜਾਇਜ਼ ਖੋੋਦਾਈ, ਕਿਸਾਨਾਂ ਵਲੋਂ ਖੇਤਾਂ ’ਚ ਕੀਟਨਾਸ਼ਕਾਂ ਅਤੇ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ, ਪਾਣੀ ਦੀ ਬਰਬਾਦੀ, ਵੱਖ-ਵੱਖ ਉਦਯੋਗਾਂ ਵਲੋਂ ਨਦੀਅਾਂ ’ਚ ਜ਼ਹਿਰੀਲਾ ਪਾਣੀ ਛੱਡਣ ਆਦਿ ਦੇ ਕਾਰਨ ਵਿਗੜੇ ਹੋਏ ਵਾਤਾਵਰਣ ਦਾ ਨਤੀਜਾ ਹੈ।

ਇਸ ਲਈ ਇਸ ਤਰ੍ਹਾਂ ਦੀਅਾਂ ਆਫਤਾਵਾਂ ਨੂੰ ਟਾਲਣ ਲਈ ਜਿੱਥੇ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਲੋੜ ਹੈ, ਉਥੇ ਲੋਕਾਂ ਲਈ ਕੁਦਰਤ ਅਤੇ ਵਾਤਾਵਰਣ ਨਾਲ ਛੇੜਛਾੜ ਬੰਦ ਕਰਨੀ ਵੀ ਜ਼ਰੂਰੀ ਹੈ, ਤਦ ਹੀ ਅਸੀਂ ਕੁਦਰਤ ਦੇ ਪ੍ਰਕੋਪ ਤੋਂ ਬਚ ਸਕਾਂਗੇ।

–ਵਿਜੇ ਕੁਮਾਰ

Bharat Thapa

This news is Content Editor Bharat Thapa