''ਆਮ ਆਦਮੀ ਪਾਰਟੀ'' ਵਿਚ ਇਹ ਸਭ ਕੀ ਹੋ ਰਿਹਾ ਹੈ

07/26/2016 1:54:48 AM

ਵਿਚਾਰਕ ਮਤਭੇਦਾਂ ਦੇ ਆਧਾਰ ''ਤੇ ਗਾਂਧੀਵਾਦੀ ਸਮਾਜ ਸੇਵਕ ਅੰਨਾ ਹਜ਼ਾਰੇ ਨਾਲੋਂ ਅੱਡ ਹੋ ਕੇ ਅਰਵਿੰਦ ਕੇਜਰੀਵਾਲ ਨੇ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਮਨੀਸ਼ ਸਿਸੋਦੀਆ ਤੇ ਕਿਰਨ ਬੇਦੀ ਆਦਿ ਨੂੰ ਨਾਲ ਲੈ ਕੇ 2 ਅਕਤੂਬਰ 2012 ਨੂੰ ''ਆਮ ਆਦਮੀ ਪਾਰਟੀ'' (ਆਪ) ਦਾ ਗਠਨ ਕੀਤਾ ਸੀ। 
''ਆਪ'' ਨੇ 28 ਦਸੰਬਰ 2013 ਨੂੰ ਕਾਂਗਰਸ ਦੇ ਸਮਰਥਨ ਨਾਲ ਦਿੱਲੀ ''ਚ ਸਰਕਾਰ ਬਣਾਈ ਪਰ 49 ਦਿਨਾਂ ਬਾਅਦ ਹੀ ਜਨ-ਲੋਕਪਾਲ ਬਿੱਲ ਪੇਸ਼ ਕਰਨ ਦੀ ਤਜਵੀਜ਼ ਨੂੰ ਸਮਰਥਨ ਨਾ ਮਿਲ ਸਕਣ ਕਰਕੇ ਉਨ੍ਹਾਂ ਦੀ ਸਰਕਾਰ ਨੇ ਅਸਤੀਫਾ ਦੇ ਦਿੱਤਾ। 
ਪਾਰਟੀ ''ਚ ਇਸ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਨੇਤਾਵਾਂ ਦੇ ਇਕ ਵਰਗ ਦੀ ਅੱਗੇ ਵਧਣ ਦੀ ਯੋਜਨਾ ਦਾ ਕੇਜਰੀਵਾਲ ਵਲੋਂ ਵਿਰੋਧ ਕਰਨ ''ਤੇ ਪਾਰਟੀ ''ਚ ਪਹਿਲੀ ਵਾਰ ਫੁੱਟ ਪਈ। ਇਸੇ ਕਾਰਨ 2014 ''ਚ ਪਹਿਲਾਂ ਵਿਧਾਇਕ ਵਿਨੋਦ ਬਿੰਨੀ ਨੂੰ ਪਾਰਟੀ ''ਚੋਂ ਕੱਢਿਆ ਗਿਆ, ਫਿਰ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਦੇ ਕੰਪਲੈਕਸਾਂ ''ਚੋਂ ਹਜ਼ਾਰਾਂ ਬੋਤਲਾਂ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਦੇ ਦੋਸ਼ਾਂ ਕਾਰਨ ਵਿਵਾਦ ਪੈਦਾ ਹੋਇਆ।
ਇਸ ਦੇ ਬਾਵਜੂਦ ਪਾਰਟੀ ਨੇ ਦਿੱਲੀ ''ਚ 2015 ਦੀਆਂ ਚੋਣਾਂ ''ਚ 70 ''ਚੋਂ 67 ਸੀਟਾਂ ਜਿੱਤੀਆਂ ਅਤੇ ਕੇਜਰੀਵਾਲ ਦੁਬਾਰਾ ਮੁੱਖ ਮੰਤਰੀ ਬਣੇ। ਕੁਝ ਹੀ ਸਮੇਂ ਬਾਅਦ ਪਾਰਟੀ ''ਚ ਉਨ੍ਹਾਂ ਵਿਰੁੱਧ ਆਵਾਜ਼ਾਂ ਉੱਠਣ ਲੱਗੀਆਂ। ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਨੇ ਉਨ੍ਹਾਂ ''ਤੇ ਕਈ ਦੋਸ਼ ਲਾਏ, ਜਿਸ ''ਤੇ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ''ਚੋਂ ਕੱਢ ਦਿੱਤਾ।
ਫਿਰ ਉਸ ਵੇਲੇ ਦੇ ਕਾਨੂੰਨ ਮੰਤਰੀ  ਜਤਿੰਦਰ ਸਿੰਘ ਤੋਮਰ, ਵਿਧਾਇਕ ਸੁਰਿੰਦਰ ਸਿੰਘ, ਸੀਨੀਅਰ ਨੇਤਾ ਕੁਮਾਰ ਵਿਸ਼ਵਾਸ, ਸਿਹਤ ਮੰਤਰੀ ਸਤੇਂਦਰ ਜੈਨ, ਵਿਧਾਇਕਾ ਰਾਖੀ ਬਿੜਲਾ, ਮਨੋਜ ਕੁਮਾਰ, ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ ''ਤੇ ਵੱਖ-ਵੱਖ ਦੋਸ਼ਾਂ ''ਚ ਕੇਸ ਦਰਜ ਹੋਏ। ਸਾਬਕਾ ਮੰਤਰੀ ਸੋਮਨਾਥ ਭਾਰਤੀ ਨੂੰ ਜੇਲ ਦੀ ਹਵਾ ਖਾਣੀ ਪਈ ਅਤੇ ਚੌਗਿਰਦਾ ਮੰਤਰੀ ਆਸਿਮ ਅਹਿਮਦ ਖਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ''ਚ ਬਰਖਾਸਤ ਕੀਤਾ ਗਿਆ।
ਲੋਕ ਸਭਾ ਚੋਣਾਂ ''ਚ ਪੰਜਾਬ ਤੋਂ 4 ਸੀਟਾਂ ਜਿੱਤ ਕੇ ਪੈਰ ਜਮਾ ਰਹੀ ਪਾਰਟੀ ਵਿਚ ਵੀ ਬਗਾਵਤ ਦੇ ਸੁਰ ਉੱਭਰਨ ਲੱਗੇ। ਇਸ ਕਾਰਨ ਜਿਥੇ ''ਆਪ'' ਦੀ ਸੂਬਾ ਅਨੁਸ਼ਾਸਨ ਕਮੇਟੀ ਦੇ ਮੁਖੀ ਡਾ. ਦਿਲਜੀਤ ਸਿੰਘ ਚੀਮਾ ਨੂੰ ਪਾਰਟੀ ''ਚੋਂ ਕੱਢਿਆ ਗਿਆ, ਉਥੇ ਹੀ ਕਈ ਨਾਰਾਜ਼ ਨੇਤਾਵਾਂ, ਵਰਕਰਾਂ ਨੇ ਇਕ ਨਵੇਂ ਮੋਰਚੇ ਦਾ ਐਲਾਨ ਕਰ ਦਿੱਤਾ।
ਪਾਰਟੀ ਦੇ ਮੁਅੱਤਲ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕੇਜਰੀਵਾਲ ਨੂੰ ''ਤਾਨਾਸ਼ਾਹ'' ਦੱਸਦਿਆਂ ਕਿਹਾ ਕਿ ''''ਤੁਸੀਂ ਮੁਲਾਇਮ ਸਿੰਘ ਤੇ ਮਾਇਆਵਤੀ ਦੀਆਂ ਪਾਰਟੀਆਂ ਨਾਲੋਂ ਵੱਖਰੇ ਨਹੀਂ ਹੋ।'''' ਉਥੇ ਹੀ ਇਕ ਹੋਰ ਮੁਅੱਤਲ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਅਨੁਸਾਰ, ''''ਕੇਜਰੀਵਾਲ ਆਪਣੇ ਦੁਆਲੇ  ''ਰੀੜ੍ਹ-ਰਹਿਤ'' ਲੋਕਾਂ ਨੂੰ ਪਸੰਦ ਕਰਦੇ ਹਨ ਅਤੇ ਪੰਜਾਬੀ ਅਜਿਹੇ ਨਹੀਂ ਹਨ।''''
ਇਸ ਸਮੇਂ ਇਕ ਪਾਸੇ ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ''ਚ ਸੱਤਾ ''ਤੇ ਕਬਜ਼ਾ ਕਰਨ ਲਈ ''ਆਪ'' ਪੂਰਾ ਜ਼ੋਰ ਲਾ ਰਹੀ ਤਾਂ ਦੂਜੇ ਪਾਸੇ ਇਸ ਦੇ ਲੋਕ-ਨੁਮਾਇੰਦਿਆਂ ਦਾ ਵਿਵਾਦ ਪੂਰੇ ਜ਼ੋਰਾਂ ''ਤੇ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁੱਖ ਸਕੱਤਰ ਰਾਜਿੰਦਰ ਕੁਮਾਰ ਨੂੰ 4 ਜੁਲਾਈ 2016 ਨੂੰ ਉਨ੍ਹਾਂ ਦੇ ਚਾਰ ਸਾਥੀਆਂ ਸਮੇਤ ਸੀ. ਬੀ. ਆਈ. ਨੇ ਗ੍ਰਿਫਤਾਰ ਕੀਤਾ। ਉਨ੍ਹਾਂ ''ਤੇ ਇਕ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਰਿਸ਼ਵਤ ਲੈਣ ਦਾ ਦੋਸ਼ ਹੈ।
20 ਜੁਲਾਈ ਨੂੰ ਸੋਮਨਾਥ ਭਾਰਤੀ ''ਤੇ ਇਕ ਔਰਤ ਨਾਲ ਅਭੱਦਰ ਵਤੀਰਾ ਕਰਨ ਦਾ ਕੇਸ ਦਰਜ ਕੀਤਾ ਗਿਆ ਤੇ 24 ਜੁਲਾਈ ਨੂੰ ''ਆਪ'' ਦੇ ਦੋ ਵਿਧਾਇਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ''ਚੋਂ ਦਿੱਲੀ ਦੇ ਨਰੇਸ਼ ਯਾਦਵ ''ਤੇ ਮਾਲੇਰਕੋਟਲਾ ਵਿਚ ''ਕੁਰਾਨ'' ਦੀ ਬੇਅਦਬੀ ਅਤੇ ਅਮਾਨਤੁੱਲਾ ਖਾਨ ''ਤੇ ਇਕ ਔਰਤ ਨਾਲ ਬਦਸਲੂਕੀ ਕਰਨ ਦੇ ਦੋਸ਼ ਹਨ।
ਇਸੇ ਦੌਰਾਨ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਸੰਸਦ ਦੇ ਬਾਹਰੋਂ ਅੰਦਰ ਤਕ ਜਾਣ ਦੀ ਵੀਡੀਓ ਬਣਾ ਕੇ ਫੇਸਬੁੱਕ ''ਤੇ ਪੋਸਟ ਕਰ ਕੇ ਸੰਸਦ ਦੀ ਸੁਰੱਖਿਆ ਨੂੰ ਖਤਰੇ ''ਚ ਪਾਉਣ ਦਾ ਮਾਮਲਾ ਤੂਲ ਫੜ ਗਿਆ ਹੈ। 
ਹਾਲਾਂਕਿ ਮਾਨ ਨੇ ਮੁਆਫੀ ਮੰਗਣ ਤੋਂ ਬਾਅਦ ਇਹ ਵੀਡੀਓ ਆਪਣੀ ਫੇਸਬੁੱਕ ''ਚੋਂ ਹਟਾ ਦਿੱਤੀ ਸੀ ਪਰ ਲੋਕ ਸਭਾ ਸਪੀਕਰ ਸ਼੍ਰੀਮਤੀ ਸੁਮਿੱਤਰਾ ਮਹਾਜਨ ਨੇ ਕਿਹਾ ਕਿ ਮੁਆਫੀ ਮੰਗ ਲੈਣਾ ਕਾਫੀ ਨਹੀਂ ਹੈ। ਇਸ ਲਈ ਉਨ੍ਹਾਂ ਨੇ 25 ਜੁਲਾਈ ਨੂੰ ਇਕ 9 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ, ਜੋ 3 ਅਗਸਤ ਤਕ ਆਪਣੀ ਰਿਪੋਰਟ ਦੇਵੇਗੀ।
ਇਸ ਬਾਰੇ ਭਗਵੰਤ ਮਾਨ ਨੂੰ 26 ਜੁਲਾਈ ਨੂੰ ਸਵੇਰੇ 10.30 ਵਜੇ ਤਕ ਜਾਂਚ ਕਮੇਟੀ ਅੱਗੇ ਆਪਣਾ ਪੱਖ ਰੱਖਣ ਲਈ ਕਹਿਣ ਤੋਂ ਇਲਾਵਾ ਇਸ ਦਾ ਫੈਸਲਾ ਹੋਣ ਤਕ ਸਦਨ ਦੀ ਕਾਰਵਾਈ ''ਚ ਹਿੱਸਾ ਨਾ ਲੈਣ ਦੀ ਸਲਾਹ ਦਿੱਤੀ ਗਈ ਹੈ।
ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨਾਲ ਲੋਕਾਂ ਅੰਦਰ ਦੇਸ਼ ''ਚ ਸਾਫ-ਸੁਥਰੀ ਸਿਆਸਤ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਦੀ ਉਮੀਦ ਜਾਗੀ ਸੀ ਪਰ ਉਕਤ ਕਾਰਨਾਂ ਕਰਕੇ ਉਨ੍ਹਾਂ ਦੀ ਉਮੀਦ ਧੁੰਦਲੀ ਹੁੰਦੀ ਜਾ ਰਹੀ ਹੈ।
ਬੇਸ਼ੱਕ ਅਰਵਿੰਦ ਕੇਜਰੀਵਾਲ ਹੁਣ ਵੀ ਦੇਸ਼ ਨੂੰ ਭ੍ਰਿਸ਼ਟ ਸਿਆਸਤ ਤੋਂ ਮੁਕਤ ਕਰਨ ਦੇ ਆਪਣੇ ਸੰਕਲਪ ''ਤੇ ਡਟੇ ਹੋਏ ਹਨ ਪਰ ਅਜਿਹੀਆਂ ਘਟਨਾਵਾਂ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਾਰਟੀ ਦੇ ਅਕਸ ਨੂੰ ਠੇਸ ਹੀ ਪਹੁੰਚਾ ਰਹੀਆਂ ਹਨ, ਜਿਨ੍ਹਾਂ ਦੇ ਜਾਰੀ ਰਹਿਣ ''ਤੇ ਉਨ੍ਹਾਂ ਲਈ ਆਪਣਾ ਟੀਚਾ ਹਾਸਲ ਕਰ ਸਕਣਾ ਮੁਸ਼ਕਿਲ ਹੋ ਸਕਦਾ ਹੈ।                                                        
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra