ਵਾਦੀ ''ਚ ਸਰਗਰਮ ਅੱਤਵਾਦੀ ਹੁਣ ਆਪਣਿਆਂ ''ਤੇ ਹੀ ਕਰਨ ਲੱਗੇ ਅਣਮਨੁੱਖੀ ਅੱਤਿਆਚਾਰ

05/12/2017 7:37:07 AM

8 ਮਈ ਨੂੰ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ, ''''ਕਸ਼ਮੀਰ ਦੇ ਸਾਰੇ ਨੌਜਵਾਨ ਪੱਥਰਬਾਜ਼ ਨਹੀਂ ਹਨ। ਇਹ ਸਿਰਫ ਕੁਝ ਲੋਕਾਂ ਦਾ ਕੰਮ ਹੈ। ਅਜਿਹਾ ਹੁੰਦਾ ਤਾਂ ਕਸ਼ਮੀਰੀ ਨੌਜਵਾਨ ਕੌਮੀ ਪੱਧਰ ਦੇ ਇਮਤਿਹਾਨਾਂ ਵਿਚ ਅੱਵਲ ਕਿਵੇਂ ਆਉਂਦੇ! ਖੇਡਾਂ ਅਤੇ ਹੋਰ ਰਚਨਾਤਮਕ ਕੰਮਾਂ ਵਿਚ ਵੀ ਸਾਡੇ ਬੱਚੇ ਦੇਸ਼ ਵਿਚ ਆਪਣਾ ਲੋਹਾ ਮੰਨਵਾ ਰਹੇ ਹਨ।''''
ਇਸ ਦੇ ਨਾਲ ਹੀ ਮਹਿਬੂਬਾ ਨੇ ਦੇਸ਼ ਦੇ ਮੀਡੀਆ ਨੂੰ ਕਸ਼ਮੀਰੀ ਲੋਕਾਂ ਬਾਰੇ ''ਬੁਰੀਆਂ'' ਗੱਲਾਂ ਦਿਖਾਉਣਾ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ''''ਇਸ ਦਾ ਅਸਰ ਕਸ਼ਮੀਰ ਦੇ ਸੈਰ-ਸਪਾਟੇ ''ਤੇ ਵੀ ਪੈ ਰਿਹਾ ਹੈ, ਜਿਸ ਨਾਲ ਹਜ਼ਾਰਾਂ ਕਸ਼ਮੀਰੀਆਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ ਤੇ ਕਸ਼ਮੀਰ ਬਾਰੇ ਗਲਤ ਗੱਲਾਂ ਦਿਖਾਉਣ ਨਾਲ ਹੋਰਨਾਂ ਦੇਸ਼ ਵਾਸੀਆਂ ਦੇ ਮਨ ਵਿਚ ਕਸ਼ਮੀਰੀਆਂ ਪ੍ਰਤੀ ਨਫਰਤ ਪੈਦਾ ਹੁੰਦੀ ਹੈ।''''
ਮਹਿਬੂਬਾ ਦਾ ਕਹਿਣਾ ਸਹੀ ਹੋ ਸਕਦਾ ਹੈ ਪਰ ਇਸ ਦੇ ਨਾਲ ਹੀ ਕਸ਼ਮੀਰ ਦੇ ਲੋਕਾਂ ਨੂੰ ਇਹ ਸਮਝਾਉਣਾ ਵੀ ਜ਼ਰੂਰੀ ਹੈ ਕਿ ਲਗਾਤਾਰ ਜਾਰੀ ਅਸ਼ਾਂਤੀ ਅਤੇ ਪਾਕਿਸਤਾਨ ਦੇ ਸਮਰਥਨ ਵਾਲੇ ਵੱਖਵਾਦੀਆਂ ਦੀ ਸ਼ਹਿ ''ਤੇ ਉਥੇ ਹੋਣ ਵਾਲੀ ਹਿੰਸਾ ਤੇ ਪੱਥਰਬਾਜ਼ੀ ਕਾਰਨ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਹੋ ਰਿਹਾ ਹੈ। 
ਇਸੇ ਲਈ ਹੁਣੇ-ਹੁਣੇ ਮਹਿਬੂਬਾ ਮੁਫਤੀ ਨੇ ਇਕ ਉੱਚ ਪੱਧਰੀ ਮੀਟਿੰਗ ਵਿਚ ਵਾਦੀ ਅੰਦਰ ਪੱਥਰਬਾਜ਼ੀ ਦੇ ਵਧ ਰਹੇ ਰੁਝਾਨ ''ਤੇ ਚਿੰਤਾ ਪ੍ਰਗਟਾਉਂਦਿਆਂ ਮੰਤਰੀਆਂ, ਵਿਧਾਇਕਾਂ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ-ਵਿਦਿਆਰਥਣਾਂ ਨੂੰ ਸਮਝਾਉਣ ਦੀ ਜ਼ਿੰਮੇਵਾਰੀ ਸੌਂਪਦਿਆਂ ਕਾਨੂੰਨ ਵਿਵਸਥਾ ਨੂੰ ਹੱਥ ਵਿਚ ਲੈਣ ਵਾਲਿਆਂ ਨਾਲ ਕਰੜੇ ਹੱਥੀਂ ਸਿੱਝਣ ਲਈ ਕਿਹਾ।
ਕਸ਼ਮੀਰ ਵਾਦੀ ਹੁਣ ਤਕ ਦੇ ਸਭ ਤੋਂ ਬੁਰੇ ਦੌਰ ''ਚੋਂ ਲੰਘ ਰਹੀ ਹੈ ਤੇ ਵਿਦਿਆਰਥੀਆਂ ਦੀ ਪੜ੍ਹਾਈ ਤੋਂ ਲੈ ਕੇ ਕਾਰੋਬਾਰ, ਹੋਰ ਕੰਮ-ਧੰਦੇ ਅਤੇ ਸੂਬੇ ਦੀ ਆਮਦਨ ਦੇ ਮੁੱਖ ਸੋਮੇ ਸੈਰ-ਸਪਾਟੇ ਦਾ ਵੀ ਭੱਠਾ ਬੈਠ ਗਿਆ ਹੈ। 
ਹੋਰ ਤਾਂ ਹੋਰ, ਹੁਣ ਤਾਂ ਉਥੇ ਮਹਿਲਾ ਵੱਖਵਾਦੀਆਂ ਨੇ ਵਿਦਿਆਰਥਣਾਂ ਨੂੰ ਵੀ ਪੱਥਰਬਾਜ਼ੀ ਲਈ ਭੜਕਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਨੇ ਵਾਦੀ ਵਿਚ ਪਾਕਿ ਫੌਜ ਵਾਂਗ ਆਪਣੇ ਹੀ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਉਨ੍ਹਾਂ ''ਤੇ ਉਸੇ ਤਰ੍ਹਾਂ ਅਣਮਨੁੱਖੀ ਅੱਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। 
ਇਸ ਦਾ ਸਬੂਤ 9 ਮਈ ਨੂੰ ਮਿਲਿਆ, ਜਦੋਂ ਰਾਤੀਂ 10 ਵਜੇ 3 ਅੱਤਵਾਦੀਆਂ ਨੇ ਕਸ਼ਮੀਰ ਦੇ ਨੌਜਵਾਨ ਫੌਜੀ ਅਧਿਕਾਰੀ ਲੈਫਟੀਨੈਂਟ ਉਮਰ ਫਯਾਜ਼ ਨੂੰ ਸ਼ੋਪੀਆਂ ''ਚ ਸਭ ਦੇ ਸਾਹਮਣੇ ਅਗ਼ਵਾ ਕਰ ਲਿਆ ਤੇ ਸਾਰੀ ਰਾਤ ਟਾਰਚਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ। 
ਗਰੀਬ ਮਾਂ-ਪਿਓ ਦੀ ਔਲਾਦ 26 ਸਾਲਾ ਉਮਰ ਫਯਾਜ਼ 2 ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਆਪਣੀ ਮਮੇਰੀ ਭੈਣ ਦੇ ਵਾਰ-ਵਾਰ ਬੁਲਾਉਣ ''ਤੇ ਫੌਜ ਵਿਚ ਨਿਯੁਕਤੀ ਤੋਂ ਬਾਅਦ ਪਹਿਲੀ ਵਾਰ ਛੁੱਟੀ ਲੈ ਕੇ ਉਸ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਆਇਆ ਸੀ। 
ਜਦੋਂ ਅੱਤਵਾਦੀ ਫਯਾਜ਼ ਨੂੰ ਘੜੀਸ ਕੇ ਲਿਜਾਣ ਲੱਗੇ ਤਾਂ ਕਿਸੇ ਵਿਚ ਵੀ ਹਿੰਮਤ ਨਹੀਂ ਪਈ ਕਿ ਉਹ ਉਨ੍ਹਾਂ ਨੂੰ ਰੋਕ ਸਕੇ ਅਤੇ ਉਨ੍ਹਾਂ ਵਿਰੁੱਧ ਮੂੰਹ ਖੋਲ੍ਹ ਸਕੇ। ਫਯਾਜ਼ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਉਸ ਦਾ ਜਬਾੜਾ ਅਤੇ ਗਿੱਟੇ ਤੋੜ ਦਿੱਤੇ, ਦੰਦ ਕੱਢਣ ਤੋਂ ਬਾਅਦ ਸਿਰ ਅਤੇ ਛਾਤੀ ''ਤੇ ਗੋਲੀਆਂ ਮਾਰੀਆਂ, ਜਿਸ ਨਾਲ ਦੇਸ਼ ਇਕ ਬਹੁਤ ਪ੍ਰਤਿਭਾਸ਼ਾਲੀ ਤੇ ਦੇਸ਼ ਭਗਤ ਬਹਾਦਰ ਜਵਾਨ ਤੋਂ ਵਾਂਝਾ ਹੋ ਗਿਆ।
ਇਥੋਂ ਤਕ ਕਿ ਜਦੋਂ ਫੌਜ ਉਸ ਦਾ ਜਨਾਜ਼ਾ ਲੈ ਕੇ ਜਾ ਰਹੀ ਸੀ ਤਾਂ ਅੱਤਵਾਦੀਆਂ ਨੇ ਜਨਾਜ਼ੇ ਵਿਚ ਸ਼ਾਮਿਲ ਜਵਾਨਾਂ ''ਤੇ ਪਥਰਾਅ ਕੀਤਾ, ਜਿਸ ਨਾਲ ਹਫੜਾ-ਦਫੜੀ ਮਚ ਗਈ। 
ਜ਼ਿਕਰਯੋਗ ਹੈ ਕਿ ਇਕ ਪਾਸੇ ਪਾਕਿਸਤਾਨੀ ਸ਼ਾਸਕ ਜ਼ਬਰਦਸਤੀ ਆਪਣੇ ਕਬਜ਼ੇ ਵਿਚ ਲਏ ਕਸ਼ਮੀਰ ਵਾਲੇ ਹਿੱਸੇ ''ਚ ਉੱਠ ਰਹੀਆਂ ਆਜ਼ਾਦੀ ਦੀਆਂ ਆਵਾਜ਼ਾਂ ਨੂੰ ਕੁਚਲਣ ਲਈ ਉਥੋਂ ਦੇ ਲੋਕਾਂ ''ਤੇ ਭਾਰੀ ਅੱਤਿਆਚਾਰ ਕਰ ਰਹੇ ਹਨ ਤਾਂ ਦੂਜੇ ਪਾਸੇ ਭਾਰਤੀ ਕਸ਼ਮੀਰ ਵਿਚ ਲੋਕਾਂ ਦੀ ਖੁਸ਼ਹਾਲੀ ਅਤੇ ਤਰੱਕੀ ਤੋਂ ਸੜ ਕੇ ਇਥੇ ਪਾਲੇ  ਹੋਏ ਆਪਣੇ ਅੱਤਵਾਦੀਆਂ ਦੇ ਜ਼ਰੀਏ ਲਗਾਤਾਰ ਹਿੰਸਾ ਤੇ ਤੋੜ-ਭੰਨ ਕਰਵਾ ਰਹੇ ਹਨ। 
ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਇਥੋਂ ਦੇ ਲੋਕਾਂ ਦੀ ਖੁਸ਼ਹਾਲੀ ਵਿਚ ਕੇਂਦਰ ਸਰਕਾਰ, ਭਾਰਤੀ ਫੌਜ ਅਤੇ ਹੋਰ ਭਾਰਤੀ ਏਜੰਸੀਆਂ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਹੀ ਬਿਨਾਂ ਕਿਸੇ ਵਿਤਕਰੇ ਦੇ ਯੋਗਦਾਨ ਦੇ ਰਹੀਆਂ ਹਨ। ਹੜ੍ਹ ਅਤੇ ਕਿਸੇ ਵੀ ਹੋਰ ਸੰਕਟ ਦੀ ਘੜੀ ਵਿਚ ਕਸ਼ਮੀਰ ਦੇ ਲੋਕਾਂ ਦੀ ਸਹਾਇਤਾ ਕਰਨ ਦੇ ਨਾਲ-ਨਾਲ ਉਹ ਵਿਦਿਆਰਥੀਆਂ ਦੀ ਸਿੱਖਿਆ ਵਿਚ ਵੀ ਅਹਿਮ ਯੋਗਦਾਨ ਦਿੰਦੀਆਂ ਹਨ। 
ਇਸ ਦਾ ਸਬੂਤ ਇਹ ਹੈ ਕਿ ਫੌਜ ਵਲੋਂ ਕਸ਼ਮੀਰੀ ਨੌਜਵਾਨਾਂ ਨੂੰ ਕੋਚਿੰਗ ਦੇਣ ਲਈ ਸ਼ੁਰੂ ਕੀਤੇ ਗਏ ''ਕਸ਼ਮੀਰ ਸੁਪਰ 40'' ਪ੍ਰੋਗਰਾਮ ਨੇ ''ਆਈ. ਆਈ. ਟੀ.'' ਦਾਖਲਾ ਪ੍ਰੀਖਿਆ ''ਚ ਸਫਲਤਾ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਜੰਮੂ-ਕਸ਼ਮੀਰ ਤੋਂ ਇਸ ਸਾਲ 26 ਮੁੰਡਿਆਂ ਤੇ 2 ਕੁੜੀਆਂ ਨੇ ਆਈ. ਆਈ. ਟੀ. ਜੇ. ਈ. ਈ. ਮੇਨ ਪ੍ਰੀਖਿਆ ਵਿਚ ਸਫਲਤਾ ਹਾਸਿਲ ਕੀਤੀ। 
ਇਕ ਪਾਸੇ ਤਾਂ ਵਾਦੀ ਵਿਚ ਨੌਜਵਾਨਾਂ ਲਈ ਰੋਜ਼ਗਾਰ, ਕਾਰੋਬਾਰ ਆਦਿ ਵਿਚ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਵਾਦੀ ਵਿਚ ਸਰਗਰਮ ਵੱਖਵਾਦੀ ਅਨਸਰਾਂ ਦੇ ਬਹਿਕਾਵੇ ''ਚ ਆ ਕੇ ਅੱਤਵਾਦੀਆਂ ਵਲੋਂ ਸਕੂਲਾਂ ਨੂੰ ਅੱਗ ਲਾ ਕੇ ਸਿੱਖਿਆ ਦੇ ਸਾਰੇ ਰਾਹ ਬੰਦ ਕੀਤੇ ਜਾ ਰਹੇ ਹਨ, ਸੜਕਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਕੇ ਸੈਰ-ਸਪਾਟੇ ਦਾ ਸੱਤਿਆਨਾਸ ਕੀਤਾ ਜਾ ਰਿਹਾ ਹੈ। ਦੂਜਿਆਂ ਨੂੰ ਮਾਰਦੇ-ਮਾਰਦੇ ਹੁਣ ਇਨ੍ਹਾਂ ਅੱਤਵਾਦੀਆਂ ਨੇ ਆਪਣਿਆਂ ਨੂੰ ਹੀ ਮਾਰਨਾ ਸ਼ੁਰੂ ਕਰ ਦਿੱਤਾ ਹੈ। 
ਇਹ ਸਭ ਦੇਖਦਿਆਂ ਮਨ ਵਿਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਆਖਿਰ ਵਾਦੀ ''ਚ ਸਰਗਰਮ ਵੱਖਵਾਦੀਆਂ ਤੇ ਅੱਤਵਾਦੀਆਂ ਦੇ ਕਦਮ ਕਿੱਧਰ ਜਾ ਰਹੇ ਹਨ ਅਤੇ ਆਪਣਿਆਂ ਨੂੰ ਹੀ ਮਾਰ ਕੇ ਉਹ ਕੀ ਹਾਸਿਲ ਕਰ ਸਕਣਗੇ?    
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra