‘ਆਜ਼ਾਦੀ’ ਦੇ 73ਵੇਂ ਸਾਲ ’ਚ ਦਾਖਲਾ ਬਹੁਤ ਕੁਝ ਕਰਨਾ ਅਜੇ ਬਾਕੀ

08/15/2019 6:57:08 AM

ਅੱਜ 15 ਅਗਸਤ ਹੈ ਅਤੇ ਅਸੀਂ ਆਪਣੀ ਆਜ਼ਾਦੀ ਦੇ 73ਵੇਂ ਸਾਲ ’ਚ ਦਾਖਲ ਹੋ ਰਹੇ ਹਾਂ। ਅੱਜ ਦਾ ਇਹ ਦਿਨ ਅਸੀਂ ਅਜਿਹੇ ਵਾਤਾਵਰਣ ’ਚ ਮਨਾ ਰਹੇ ਹਾਂ, ਜਦੋਂ ਦੇਸ਼ ’ਚ ਅੱਤਵਾਦੀ ਹਮਲਿਆਂ ਸਬੰਧੀ ਅਲਰਟ ਜਾਰੀ ਹਨ।

ਆਪਣੇ ਹੁਣ ਤਕ ਦੇ ਸਫਰ ’ਤੇ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਅਸੀਂ ਅਨੇਕ ਖੇਤਰਾਂ ’ਚ ਤਰੱਕੀ ਕੀਤੀ ਹੈ। ਅਸੀਂ ਖੁਰਾਕ ਪਦਾਰਥਾਂ ’ਚ ਆਤਮ-ਨਿਰਭਰਤਾ ਹਾਸਿਲ ਕੀਤੀ ਹੈ। ਘਰ-ਘਰ ਵਿਚ ਮੋਟਰਸਾਈਕਲ, ਏਅਰ ਕੰਡੀਸ਼ਨਰ, ਕੰਪਿਊਟਰ, ਟੈਲੀਵਿਜ਼ਨ ਅਤੇ ਜੇਬਾਂ ’ਚ ਮੋਬਾਇਲ ਫੋਨ ਪਹੁੰਚ ਗਏ ਹਨ ਅਤੇ ਦੇਸ਼ ’ਚ ਕਾਰਾਂ ਦੀ ਗਿਣਤੀ ਵਧੀ ਹੈ।

ਸਾਡੇ ਇਥੇ ਕੰਪਿਊਟਰ ਇਨਕਲਾਬ ਆਇਆ ਅਤੇ ਵਿਗਿਆਨ ਤੇ ਸੰਚਾਰ ਟੈਕਨਾਲੋਜੀ ’ਚ ਭਾਰਤ ਦਾ ਵਿਸ਼ਵ ’ਚ ਦਬਦਬਾ ਬਣਿਆ ਹੈ। ਵਿਦੇਸ਼ਾਂ ’ਚ ਜਾ ਕੇ ਵਸਣ ਵਾਲੇ ਭਾਰਤੀਆਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਸਾਡੇ ਬੱਚੇ ਵੀ ਉੱਚ ਸਿੱਖਿਆ ਹਾਸਿਲ ਕਰਨ ਲਈ ਲਗਾਤਾਰ ਵਿਦੇਸ਼ਾਂ ਵੱਲ ਜਾ ਰਹੇ ਹਨ।

ਇਸ ਸਾਲ 30 ਮਈ ਨੂੰ ਭਾਜਪਾ ਸਰਕਾਰ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰਦਿਆਂ ਹੀ ਵਿਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ਦੀ ਦਿਸ਼ਾ ’ਚ ਤੇਜ਼ੀ ਨਾਲ ਕਦਮ ਵਧਾਉਣ ਤੋਂ ਇਲਾਵਾ ਕੁਝ ਮਹੱਤਵਪੂਰਨ ਅਤੇ ਹਿੰਮਤੀ ਸੁਧਾਰਵਾਦੀ ਫੈਸਲੇ ਲਏ ਹਨ।

22 ਜੁਲਾਈ ਨੂੰ ਭਾਰਤ ਨੇ ਆਪਣੇ ਉਪ-ਗ੍ਰਹਿ ਚੰਦਰਯਾਨ-2 ਦਾ ਪ੍ਰਖੇਪਣ ਕੀਤਾ, ਜੋ 6 ਤੋਂ 8 ਸਤੰਬਰ ਵਿਚਾਲੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਪਹੁੰਚ ਕੇ ਚੰਦਰਲੋਕ ਨਾਲ ਸਬੰਧਤ ਵੱਖ-ਵੱਖ ਠੋਸ ਕੰਮ ਕਰੇਗਾ। 14 ਅਗਸਤ ਨੂੰ ਚੰਦਰਯਾਨ-2 ਧਰਤੀ ਦੇ ਪੰਧ ਨੂੰ ਛੱਡ ਕੇ ਚੰਦਰਮਾ ਦੇ ਰਾਹ ਵੱਲ ਰਵਾਨਾ ਹੋ ਗਿਆ ਹੈ।

30 ਜੁਲਾਈ ਨੂੰ ਸਰਕਾਰ ਨੇ ਤਿੰਨ ਤਲਾਕ ਖਾਤਮਾ ਬਿੱਲ ਰਾਜ ਸਭਾ ’ਚ ਪਾਸ ਕਰਵਾ ਕੇ ਮੁਸਲਿਮ ਭੈਣਾਂ ਨੂੰ ਤੁਰੰਤ ਤਲਾਕ ਦੀ ਲਾਹਨਤ ਤੋਂ ਮੁਕਤੀ ਦਿਵਾਉਣ ਵੱਲ ਕਦਮ ਵਧਾਇਆ। ਇਸ ਨਾਲ ਉਨ੍ਹਾਂ ਨੂੰ ‘ਹਲਾਲਾ’ ਵਰਗੀ ਪ੍ਰੰਪਰਾ ਤੋਂ ਛੁਟਕਾਰਾ ਮਿਲੇਗਾ ਅਤੇ ਉਨ੍ਹਾਂ ਦਾ ਵਿਆਹੁਤਾ ਜੀਵਨ ਵੀ ਹੋਰਨਾਂ ਔਰਤਾਂ ਵਰਗਾ ਹੋ ਜਾਵੇਗਾ।

5 ਅਗਸਤ ਨੂੰ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਆਰਟੀਕਲ 370 ਅਤੇ ਉਸ ਨੂੰ ਮਜ਼ਬੂਤੀ ਦੇਣ ਵਾਲਾ ਆਰਟੀਕਲ 35 ਏ ਖਤਮ ਕਰਨ ਦਾ ਹਿੰਮਤੀ ਕਦਮ ਚੁੱਕਿਆ ਅਤੇ ਜੰਮੂ-ਕਸ਼ਮੀਰ ਤੇ ਲੱਦਾਖ ਦਾ ਮੁੜ ਗਠਨ ਕਰ ਕੇ ਇਨ੍ਹਾਂ ਨੂੰ 2 ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਐਲਾਨ ਕੀਤਾ, ਜਿਸ ਨਾਲ ਉਥੇ ਵਿਕਾਸ ਦੀ ਰਫਤਾਰ ਤੇਜ਼ ਹੋਵੇਗੀ।

ਹਾਲਾਂਕਿ ਸਾਬਕਾ ਪ੍ਰਧਾਨ ਮੰਤਰੀ ਪੰ. ਨਹਿਰੂ ਨੇ ਕਿਹਾ ਸੀ ਕਿ ਆਰਟੀਕਲ 370 ਸਮੇਂ ਦੇ ਨਾਲ-ਨਾਲ ਆਪਣੇ ਆਪ ਖਤਮ ਹੋ ਜਾਵੇਗਾ ਪਰ ਹੋਰ ਉਡੀਕ ਨਾ ਕਰਦੇ ਹੋਏ ਭਾਜਪਾ ਸਰਕਾਰ ਨੇ ਇਸ ਨੂੰ ਖਤਮ ਕਰ ਕੇ ਜੰਮੂ-ਕਸ਼ਮੀਰ ਦੇ ਭਾਰਤ ’ਚ ਰਲੇਵੇਂ ਨੂੰ ਨਾ ਸਿਰਫ ਮਜ਼ਬੂਤ ਕੀਤਾ ਹੈ, ਸਗੋਂ ਜੰਮੂ-ਕਸ਼ਮੀਰ ’ਚ ਸੁੱਖ, ਖੁਸ਼ਹਾਲੀ ਅਤੇ ਸ਼ਾਂਤੀ ਦਾ ਨਵਾਂ ਅਧਿਆਏ ਖੋਲ੍ਹ ਦਿੱਤਾ ਹੈ।

ਕਸ਼ਮੀਰ ਇਕ ‘ਜੰਨਤ’ ਹੈ, ਜਿਸ ਨੂੰ ਪਾਕਿਸਤਾਨ ਦੀ ਸ਼ਹਿ ’ਤੇ ਅੱਤਵਾਦੀਆਂ ਅਤੇ ਵੱਖਵਾਦੀਆਂ ਨੇ ‘ਜਹੰਨੁਮ’ ਵਿਚ ਬਦਲ ਦਿੱਤਾ ਸੀ ਅਤੇ ਆਰਟੀਕਲ 370 ਦੇ ਖਤਮ ਹੋਣ ਤੋਂ ਬਾਅਦ ਧਰਤੀ ਦਾ ਇਹ ਸਵਰਗ ਇਕ ਵਾਰ ਫਿਰ ਸੈਲਾਨੀਆਂ ਨਾਲ ਭਰ ਜਾਵੇਗਾ।

ਇਨ੍ਹਾਂ ਉਪਲੱਬਧੀਆਂ ਦੇ ਨਾਲ ਹੀ ਨਕਾਰਾਤਮਕ ਪਹਿਲੂਆਂ ਦੀ ਕਮੀ ਨਹੀਂ। ਅੱਜ ਵੀ ਦੇਸ਼ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਅਤੇ ਮੈਡੀਕਲ ਸਹੂਲਤ ਨਹੀਂ ਮਿਲ ਰਹੀ। ਲੋਕ ਸਵੱਛ ਪਾਣੀ ਅਤੇ ਲਗਾਤਾਰ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਅਤੇ ਆਰਥਿਕ ਬੋਝ ਹੇਠ ਦੱਬੇ ਕਿਸਾਨ ਲਗਾਤਾਰ ਆਤਮ-ਹੱਤਿਆਵਾਂ ਕਰ ਰਹੇ ਹਨ।

ਦੇਸ਼ ’ਚ ਕਾਨੂੰਨ-ਵਿਵਸਥਾ ਦਾ ਭੱਠਾ ਬੈਠਾ ਹੋਇਆ ਹੈ। ਮਾਸੂਮ ਬੱਚੀਆਂ ਅਤੇ ਬਜ਼ੁਰਗ ਔਰਤਾਂ ਤਕ ਨਾਲ ਬਲਾਤਕਾਰ ਹੋ ਰਹੇ ਹਨ। ਥਾਣਿਆਂ ’ਤੇ ਹਮਲੇ ਹੋ ਰਹੇ ਹਨ। ਮਾਓਵਾਦੀਆਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਦੀਆਂ ਤਬਾਹਕੁੰਨ ਸਰਗਰਮੀਆਂ ਪਹਿਲਾਂ ਵਾਂਗ ਜਾਰੀ ਹਨ।

ਦੇਸ਼ ਦੀ ਜੀ. ਡੀ. ਪੀ. 3 ਸਾਲਾਂ ਤੋਂ ਲਗਾਤਾਰ ਡਿੱਗ ਰਹੀ ਹੈ। 2016-17 ਵਿਚ ਇਹ 8.2 ਫੀਸਦੀ ਪ੍ਰਤੀ ਸਾਲ ਸੀ, ਜੋ 2018-19 ’ਚ ਘਟ ਕੇ 6.8 ਫੀਸਦੀ ਰਹਿ ਗਈ ਹੈ।

ਇਸ ਨਾਲ ਲੋਕਾਂ ਦੀ ਆਮਦਨੀ ’ਤੇ ਬੁਰਾ ਅਸਰ ਪਿਆ ਹੈ। ਦੇਸ਼ ’ਚ ਬੇਰੋਜ਼ਗਾਰੀ 45 ਸਾਲਾਂ ਦੇ ਸਰਵਉੱਚ ਪੱਧਰ ’ਤੇ ਹੈ। ਪ੍ਰਾਪਰਟੀ ਦੇ ਧੰਦੇ ’ਚ ਵੀ ਭਾਰੀ ਮੰਦੀ ਪਾਈ ਜਾ ਰਹੀ ਹੈ।

ਜੁਲਾਈ ਮਹੀਨੇ ’ਚ ਦੇਸ਼ ਵਿਚ ਵਾਹਨਾਂ ਦੀ ਵਿਕਰੀ ’ਚ 18.71 ਫੀਸਦੀ ਦੀ ਕਮੀ ਦਰਜ ਕੀਤੀ ਗਈ, ਜੋ ਪਿਛਲੇ 19 ਸਾਲਾਂ ’ਚ ਆਟੋ ਸੈਕਟਰ ’ਚ ਸਭ ਤੋਂ ਵੱਡੀ ਗਿਰਾਵਟ ਹੈ ਅਤੇ ਇਸ ਕਾਰਣ ਦੇਸ਼ ’ਚ ਘੱਟੋ-ਘੱਟ 15,000 ਤੋਂ ਵੱਧ ਲੋਕਾਂ ਨੂੰ ਨੌਕਰੀ ਗੁਆਉਣੀ ਪਈ, ਜਦਕਿ ਦੇਸ਼ ਪਹਿਲਾਂ ਹੀ ਬੇਰੋਜ਼ਗਾਰੀ ਨਾਲ ਜੂਝ ਰਿਹਾ ਹੈ।

ਇਨ੍ਹਾਂ ਸਾਰਿਆਂ ਤੋਂ ਇਲਾਵਾ ਦੇਸ਼ ਦੇ ਅਨੇਕ ਸੂਬੇ ਕੇਰਲ, ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਆਸਾਮ ਅਤੇ ਬਿਹਾਰ ਆਦਿ ’ਚ ਭਾਰੀ ਵਰਖਾ ਅਤੇ ਹੜ੍ਹਾਂ ਦੇ ਸਿੱਟੇ ਵਜੋਂ ਲੱਗਭਗ 500 ਲੋਕਾਂ ਦੀ ਮੌਤ ਤੋਂ ਇਲਾਵਾ ਕਰੋੜਾਂ ਰੁਪਏ ਦੀ ਜਾਇਦਾਦ ਨਸ਼ਟ ਹੋਈ ਹੈ। ਲੋਕਾਂ ’ਚ ਨਿਰਾਸ਼ਾ ਵਧ ਰਹੀ ਹੈ ਅਤੇ ਖੁਸ਼ੀ, ਜਿਵੇਂ ਉਨ੍ਹਾਂ ਤੋਂ ਦੂਰ ਜਾ ਰਹੀ ਹੈ। ਇਸ ਲਈ ਜੇਕਰ ਦੇਸ਼ ’ਚ ਭੂਟਾਨ ਵਾਂਗ ਖੁਸ਼ੀ ਦਾ ਸੂਚਕਅੰਕ ਬਣਾਇਆ ਜਾ ਸਕੇ ਤਾਂ ਚੰਗਾ ਹੋਵੇਗਾ।

ਇਸ ਤਰ੍ਹਾਂ ਦੇ ਹਾਲਾਤ ’ਚ ਆਸ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਾਲਾਂ ’ਚ ਸਾਨੂੰ ਕੁਦਰਤੀ ਅਤੇ ਮਨੁੱਖ ਵਲੋਂ ਪੈਦਾ ਕੀਤੀਆਂ ਸਮੱਸਿਆਵਾਂ ਤੋਂ ਮੁਕਤੀ ਮਿਲੇਗੀ ਅਤੇ ਅਸੀਂ ਅੱਜ ਤੋਂ ਵੀ ਬਿਹਤਰ ਭਵਿੱਖ ਵੱਲ ਵਧਾਂਗੇ।

–ਵਿਜੇ ਕੁਮਾਰ\\\
 

Bharat Thapa

This news is Content Editor Bharat Thapa