ਵਫ਼ਾਦਾਰੀ ਬਦਲਣ ਦੀ ''ਅੰਨ੍ਹੀ ਦੌੜ'' ਕਦੇ ਚੰਗੇ ਲੱਗਣ ਵਾਲੇ ਹੁਣ ਲੱਗਣ ਲੱਗੇ ਬੁਰੇ

03/17/2019 4:48:17 AM

ਹਮੇਸ਼ਾ ਵਾਂਗ ਚੋਣਾਂ ਦਾ ਮੌਸਮ ਆਉਂਦਿਆਂ ਹੀ ਝੰਡੀ ਵਾਲੀ ਕਾਰ ਅਤੇ ਹੋਰ ਸਹੂਲਤਾਂ ਲੈਣ ਦੇ ਲਾਲਚ 'ਚ ਸਿਆਸਤਦਾਨਾਂ ਦੇ ਵਫ਼ਾਦਾਰੀ ਬਦਲਣ ਅਤੇ ਇਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ 'ਚ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ। 14 ਮਾਰਚ ਨੂੰ ਏਅਰ ਸਟ੍ਰਾਈਕ ਦੇ ਸਬੂਤ ਮੰਗਣ ਤੋਂ ਦੁਖੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਬੁਲਾਰੇ ਟੌਮ ਵਡੱੱਕਨ ਭਾਜਪਾ 'ਚ ਸ਼ਾਮਿਲ ਹੋ ਗਏ। ਕਿਸੇ ਸਮੇਂ ਸੋਨੀਆ ਗਾਂਧੀ ਦੇ ਨੇੜਲੇ ਰਹੇ ਵਡੱਕਨ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਹੁਣ 'ਯੂਜ਼ ਐਂਡ ਥ੍ਰੋ' ਦੀ ਨੀਤੀ 'ਤੇ ਚੱਲ ਰਹੀ ਹੈ, ਜਿੱਥੇ ਸਵੈਮਾਣ ਵਾਲੇ ਲੋਕਾਂ ਲਈ ਜਗ੍ਹਾ ਘਟਦੀ ਜਾ ਰਹੀ ਹੈ। ਇਸੇ ਦਿਨ ਤ੍ਰਿਣਮੂਲ ਕਾਂਗਰਸ ਦੇ ਚਾਰ ਵਾਰ ਦੇ ਵਿਧਾਇਕ ਅਰਜੁਨ ਸਿੰਘ ਨੇ ਮਮਤਾ ਬੈਨਰਜੀ ਵਲੋਂ ਬਾਲਾਕੋਟ ਏਅਰ ਸਟ੍ਰਾਈਕ 'ਤੇ ਸਵਾਲ ਉਠਾਉਣ 'ਤੇ ਇਤਰਾਜ਼ ਕਰਦਿਆਂ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। 
ਬੰਗਾਲ ਦੇ ਬੋਲਪੁਰ ਤੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਨੁਪਮ ਹਾਜਰਾ ਵੀ ਭਾਜਪਾ 'ਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾਂ ਮਾਲਦਾ ਤੋਂ ਮਾਕਪਾ ਵਿਧਾਇਕ ਖਗੇਨ ਮੁਰਮੂ ਅਤੇ ਬਾਗੜਾ ਤੋਂ ਕਾਂਗਰਸੀ ਵਿਧਾਇਕ ਦੁਲਾਲ ਚੰਦਰ ਵੀ ਭਾਜਪਾ 'ਚ ਜਾ ਮਿਲੇ। 
ਮਹਾਰਾਸ਼ਟਰ 'ਚ ਕਾਂਗਰਸ ਦੇ ਨੇਤਾ ਰਾਧਾਕ੍ਰਿਸ਼ਨ ਵਿਖੇ ਪਾਟਿਲ ਦਾ ਬੇਟਾ ਸੁਜਯ ਵਿਖੇ ਪਾਟਿਲ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦੀ ਗੱਡੀ 'ਚ ਸਵਾਰ ਹੋ ਗਿਆ। ਮਹਾਰਾਸ਼ਟਰ ਵਿਧਾਨ ਸਭਾ 'ਚ ਮਨਸੇ ਦੇ ਇਕੋ-ਇਕ ਵਿਧਾਇਕ ਸ਼ਰਦ ਸੋਨਾਵਨੇ ਵੀ ਹੁਣੇ ਜਿਹੇ ਦਲ-ਬਦਲੀ ਕਰ ਕੇ ਸ਼ਿਵ ਸੈਨਾ 'ਚ ਜਾ ਮਿਲੇ। ਸ਼ਿਵ ਸੈਨਾ ਦੇ ਸਾਬਕਾ ਨੇਤਾ ਡਾ. ਅਮੋਲ ਕੋਹਲੇ ਰਾਕਾਂਪਾ ਦੀ ਪਨਾਹ 'ਚ ਚਲੇ ਗਏ ਹਨ। 
ਯੂ. ਪੀ. 'ਚ ਕੁਝ ਸਮਾਂ ਪਹਿਲਾਂ ਉਥੋਂ ਭਾਜਪਾ ਐੱਮ. ਪੀ. ਸਵਿੱਤਰੀ ਬਾਈ ਫੂਲੇ ਤੇ ਬਸਪਾ ਦੀ ਸਾਬਕਾ ਐੱਮ. ਪੀ. ਕੈਸਰ ਜਿਥੇ ਕਾਂਗਰਸ 'ਚ ਸ਼ਾਮਿਲ ਹੋ ਗਈਆਂ ਸਨ, ਉਥੇ ਹੀ ਸਪਾ ਦੇ ਸਾਬਕਾ ਬੁਲਾਰੇ ਸੰਜੇ ਅਗਰਵਾਲ 14 ਮਾਰਚ ਨੂੰ ਕਾਂਗਰਸ 'ਚ ਸ਼ਾਮਿਲ ਹੋ ਗਏ। ਸੂਬੇ ਤੋਂ ਬਸਪਾ ਦੇ ਘੱਟੋ-ਘੱਟ 15 ਅਤੇ ਸਪਾ, ਰਾਲੋਦ ਤੇ ਕਾਂਗਰਸ 'ਚੋਂ 28 ਨੇਤਾ ਇਕ ਮਹੀਨੇ ਦੌਰਾਨ ਭਾਜਪਾ 'ਚ ਜਾ ਮਿਲੇ ਹਨ। 15 ਮਾਰਚ ਨੂੰ ਕਾਂਗਰਸ ਦੇ ਸਾਬਕਾ ਐੱਮ.  ਪੀ. ਡਾ. ਅਰਵਿੰਦ ਸ਼ਰਮਾ ਭਾਜਪਾ 'ਚ, ਓਡਿਸ਼ਾ 'ਚ ਕਾਂਗਰਸ ਦੀ ਬੁਲਾਰਨ ਮੰਜੂ ਨਾਇਕ ਬੀਜੂ ਜਨਤਾ ਦਲ 'ਚ ਅਤੇ ਸ਼ਸ਼ੀ ਥਰੂਰ ਦੇ ਮਾਸੀ-ਮਾਸੜ ਸ਼ੋਭਨਾ ਤੇ ਸ਼ਸ਼ੀ ਕੁਮਾਰ ਕਾਂਗਰਸ ਛੱਡ ਕੇ ਭਾਜਪਾ 'ਚ ਚਲੇ ਗਏ ਹਨ। 15 ਮਾਰਚ ਨੂੰ ਹੀ ਉੱਤਰੀ ਕਸ਼ਮੀਰ ਦੇ ਸੀਨੀਅਰ ਨੈਕਾ ਆਗੂ ਸ਼ੱਬੀਰ ਅਹਿਮਦ ਮੀਰ ਪਾਰਟੀ ਤੋਂ ਅਸਤੀਫਾ ਦੇ ਕੇ ਮਹਿਬੂਬਾ ਮੁਫਤੀ ਦੀ ਪੀ. ਡੀ. ਪੀ. 'ਚ ਜਾ ਮਿਲੇ, ਜਦਕਿ ਰਾਜਸਥਾਨ 'ਚ ਸੰਸਦੀ ਚੋਣਾਂ ਲੜਨ ਲਈ ਟਿਕਟ ਨਾ ਮਿਲਣ 'ਤੇ ਨਾਰਾਜ਼ ਸੀਨੀਅਰ ਭਾਜਪਾ ਆਗੂ ਦੇਵੀ ਸਿੰਘ ਭਾਟੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ।
ਉੱਤਰਾਖੰਡ 'ਚ ਭਾਜਪਾ ਦੇ ਕੱਦਾਵਰ ਨੇਤਾ ਬੀ. ਸੀ. ਖੰਡੂਰੀ ਦੇ ਬੇਟੇ ਮਨੀਸ਼ ਖੰਡੂਰੀ ਨੇ 16 ਮਾਰਚ ਨੂੰ ਕਾਂਗਰਸ ਦਾ ਅਤੇ ਜਨਤਾ ਦਲ (ਐੱਸ) ਦੇ ਸੁਪਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਦੇ ਨੇੜਲੇ ਦਾਨਿਸ਼ ਅਲੀ ਨੇ ਬਸਪਾ ਦਾ ਪੱਲਾ ਫੜ ਲਿਆ। ਇਲਾਹਾਬਾਦ ਤੋਂ ਭਾਜਪਾ ਐੱਮ. ਪੀ. ਸ਼ਿਆਮਾਚਰਨ ਗੁਪਤਾ ਨੂੰ ਸਪਾ ਨੇ ਬਾਂਦਾ ਤੋਂ ਟਿਕਟ ਦੇ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਕਈ ਲੋਕਾਂ ਦੇ ਛੇਤੀ ਹੀ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ 'ਚ ਜਾਣ ਦੀ ਚਰਚਾ ਵੀ ਸੁਣਾਈ ਦੇ ਰਹੀ ਹੈ, ਜਿਨ੍ਹਾਂ 'ਚ ਭਾਜਪਾ ਐੱਮ. ਪੀ. ਸ਼ਤਰੂਘਨ ਸਿਨ੍ਹਾ, ਭਾਜਪਾ ਦੇ ਰਾਜ ਸਭਾ ਮੈਂਬਰ ਸੰਜੇ ਕਾਕੜੇ, 'ਆਪ' ਦੀ ਵਿਧਾਇਕਾ ਅਲਕਾ ਲਾਂਬਾ ਆਦਿ ਸ਼ਾਮਿਲ ਹਨ। ਹੁਣ ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ, ਇਹ ਕਹਿਣਾ ਮੁਸ਼ਕਿਲ ਹੈ। ਇੰਨਾ ਤਾਂ ਤੈਅ ਹੈ ਕਿ ਹੋਰ ਸਾਰੇ ਮੁੱਦਿਆਂ ਨੂੰ ਨਕਾਰ ਕੇ ਹੁਣ ਚੋਣਾਂ ਜਿੱਤਣਾ ਹੀ ਇਕੋ-ਇਕ ਮੁੱਦਾ ਰਹਿ ਗਿਆ ਹੈ। 
ਬਸਪਾ ਤੋਂ ਭਾਜਪਾ 'ਚ ਆਉਣ ਵਾਲੇ ਇਕ ਨੇਤਾ ਦਾ ਕਹਿਣਾ ਹੈ ਕਿ ''ਜਦੋਂ ਮੈਂ ਬਸਪਾ 'ਚ ਸੀ ਤਾਂ ਮੈਨੂੰ ਵੋਟਾਂ ਬਸਪਾ ਕਾਰਨ ਨਹੀਂ, ਸਗੋਂ ਮੇਰੀ ਨਿੱਜੀ ਹਰਮਨਪਿਆਰਤਾ ਕਾਰਨ ਮਿਲੀਆਂ ਸਨ।'' ਉਕਤ ਨੇਤਾ ਦੇ ਇਨ੍ਹਾਂ ਸ਼ਬਦਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਅੱਜ ਪਾਰਟੀਆਂ  ਪ੍ਰਤੀ ਵਫ਼ਾਦਾਰੀ ਨਹੀਂ, ਸਗੋਂ ਨਿੱਜੀ ਸੁਆਰਥਾਂ ਦੀ ਪੂਰਤੀ ਹੀ ਅਹਿਮ ਬਣ ਚੁੱਕੀ ਹੈ। ਭਾਜਪਾ 'ਚ ਸ਼ਾਮਿਲ ਹੋਣ ਦੀ ਕਤਾਰ 'ਚ ਲੱਗੇ ਇਕ ਹੋਰ ਨੇਤਾ ਨੇ ਵੀ ਕਿਹਾ ਕਿ ਉਸ ਦਾ ਇਕੋ-ਇਕ ਉਦੇਸ਼ ਚੋਣਾਂ ਲੜਨ ਲਈ ਟਿਕਟ ਹਾਸਿਲ ਕਰਨਾ ਹੀ ਹੈ। 
ਸਾਡਾ ਇਹ ਮੰਨਣਾ ਹੈ ਕਿ ਮੂਲ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਜਾਣ ਵਾਲਿਆਂ ਨੂੰ ਸਨਮਾਨ ਨਹੀਂ ਮਿਲਦਾ। ਅਸਲ 'ਚ ਆਪਣੇ ਸੁਆਰਥ ਦੀ ਪੂਰਤੀ ਨਾ ਹੋ ਕਰਕੇ ਹੀ ਕੋਈ ਵਿਅਕਤੀ ਦੂਜੀ ਪਾਰਟੀ 'ਚ ਜਾਂਦਾ ਹੈ ਪਰ ਦੂਜੀ ਪਾਰਟੀ 'ਚ ਜਾਣ ਨਾਲ ਜਿੱਥੇ ਉਸ ਦੀ ਵਿਚਾਰਕ ਵਚਨਬੱਧਤਾ ਤੇ ਭਰੋਸੇਯੋਗਤਾ 'ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ, ਉਥੇ ਹੀ ਦੂਜੀ ਪਾਰਟੀ ਨਾਲ ਪਹਿਲਾਂ ਤੋਂ ਜੁੜੇ ਲੋਕ ਵੀ ਪਾਰਟੀ 'ਚ ਉਸ ਦੀ ਜਗ੍ਹਾ ਨਹੀਂ ਬਣਨ ਦਿੰਦੇ। ਇਸ ਲਈ ਵਿਅਕਤੀ ਨੇ ਜਿਸ ਪਾਰਟੀ 'ਚ ਰਹਿ ਕੇ ਆਪਣੀ ਥਾਂ ਬਣਾਈ ਹੈ, ਉਸ ਨੂੰ ਪਾਰਟੀ ਛੱਡ ਕੇ ਜਾਣ ਦੀ ਬਜਾਏ ਉਸੇ ਪਾਰਟੀ 'ਚ ਰਹਿ ਕੇ ਸੰਘਰਸ਼ ਕਰਨਾ ਚਾਹੀਦਾ ਹੈ।                                                    
                                                                                                                   –ਵਿਜੇ ਕੁਮਾਰ

KamalJeet Singh

This news is Content Editor KamalJeet Singh