''ਇਕ ਤੋਂ ਬਾਅਦ ਇਕ'' ਸਮੱਸਿਆਵਾਂ ਦੇ ''ਚੱਕਰਵਿਊ ਵਿਚ ਫਸਿਆ ਭਾਰਤ''

04/19/2018 7:13:03 AM

ਹਾਲਾਂਕਿ ਮਈ 2014 'ਚ ਕੇਂਦਰ 'ਚ ਭਾਜਪਾ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਲੋਕਾਂ ਨੂੰ ਚੰਗੇ ਦਿਨਾਂ ਦੀ ਉਮੀਦ ਬੱਝੀ ਸੀ ਪਰ ਸਰਕਾਰ ਵਲੋਂ ਚੁੱਕੇ ਗਏ ਚੰਦ ਵੱਡੇ ਸੁਧਾਰਾਤਮਕ ਕਦਮਾਂ ਦਾ ਵੀ ਅਜੇ ਤਕ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ ਹੈ। ਸਰਕਾਰ ਨੇ ਕਾਲਾ ਧਨ ਕੱਢਣ, ਨਕਲੀ ਕਰੰਸੀ ਤੇ ਅੱਤਵਾਦੀਆਂ ਦੀ ਆਮਦਨ ਦਾ ਸੋਮਾ ਖਤਮ ਕਰਨ ਲਈ 8 ਨਵੰਬਰ 2016 ਨੂੰ 500 ਤੇ 1000 ਰੁਪਏ ਵਾਲੇ ਪੁਰਾਣੇ ਨੋਟ ਬੰਦ ਕਰ ਕੇ 500 ਤੇ 2000 ਰੁਪਏ ਵਾਲੇ ਨਵੇਂ ਨੋਟ ਜਾਰੀ ਕੀਤੇ ਸਨ। ਬਿਨਾਂ ਤਿਆਰੀ ਦੇ ਲਾਗੂ ਕੀਤੀ ਗਈ ਨੋਟਬੰਦੀ ਦੇ ਪਹਿਲੇ ਮਹੀਨੇ 'ਚ ਹੀ ਪੈਦਾ ਹੋਈ ਧਨ ਦੀ ਘਾਟ ਕਾਰਨ  ਏ. ਟੀ. ਐੈੱਮਜ਼ ਅੱਗੇ ਲਾਈਨਾਂ 'ਚ ਖੜ੍ਹੇ 100 ਤੋਂ ਜ਼ਿਆਦਾ ਲੋਕ ਮਾਰੇ ਗਏ। ਜਾਅਲੀ ਕਰੰਸੀ ਦੇ ਧੰਦੇ ਤੇ ਅੱਤਵਾਦੀ ਘਟਨਾਵਾਂ 'ਚ ਵੀ ਕਮੀ ਨਹੀਂ ਆਈ। ਸੰਨ 2016-17 'ਚ ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਿਆਂ 'ਚ 54.81 ਫੀਸਦੀ ਵਾਧਾ ਹੋਇਆ ਤੇ 500 ਤੇ 2000 ਰੁਪਏ ਵਾਲੇ ਨਕਲੀ ਨੋਟ ਵੀ ਬਾਜ਼ਾਰ 'ਚ ਆ ਗਏ।
ਇਸੇ ਤਰ੍ਹਾਂ ਇਕ ਵੱਡੇ ਟੈਕਸ ਸੁਧਾਰ ਵਜੋਂ 1 ਜੁਲਾਈ 2017 ਨੂੰ ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਲਾਗੂ ਕੀਤਾ ਗਿਆ, ਜੋ 10 ਕਰੋੜ ਛੋਟੇ ਕਾਰੋਬਾਰੀਆਂ ਲਈ ਬੁਰਾ ਸੁਪਨਾ ਸਿੱਧ ਹੋਇਆ ਅਤੇ ਇਸ ਦੇ ਵਿਰੋਧ 'ਚ ਦੇਸ਼ ਅੰਦਰ ਵਿਆਪਕ ਮੁਜ਼ਾਹਰੇ ਹੋਏ। ਜੀ. ਐੱਸ. ਟੀ. ਲਾਗੂ ਕਰਨ 'ਚ ਅੜਚਣਾਂ ਨੂੰ ਦੇਖਦਿਆਂ ਸਰਕਾਰ ਨੇ ਇਸ ਦੇ ਨਿਯਮਾਂ 'ਚ ਕੁਝ ਰਾਹਤ ਦਿੱਤੀ ਪਰ ਅਜੇ ਵੀ ਇਹ ਪ੍ਰਣਾਲੀ ਪੱਟੜੀ 'ਤੇ ਨਹੀਂ ਆ ਸਕੀ ਹੈ ਤੇ ਹੁਣ ਤਾਂ ਤਨਖਾਹ ਲੈਣ ਵਾਲਿਆਂ ਨੂੰ ਵੀ ਜੀ. ਐੱਸ. ਟੀ. ਦੇ ਅਧੀਨ ਲਿਆਉਣ ਦੀ ਚਰਚਾ ਸੁਣਾਈ ਦੇ ਰਹੀ ਹੈ।
ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ''ਜੀ. ਐੱਸ. ਟੀ. ਪ੍ਰਣਾਲੀ ਦੇ ਤਹਿਤ ,ਰਿਟਰਨ ਦਾਖਲ ਕਰਨ ਦੀ ਪ੍ਰਕਿਰਿਆ ਪਹਾੜ 'ਤੇ ਚੜ੍ਹਣ ਵਾਂਗ ਔਖੀ ਹੈ।''
ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਅਨੁਸਾਰ, ''ਨੋਟਬੰਦੀ ਦਾ ਕਦਮ ਚੰਗੀ ਤਰ੍ਹਾਂ ਸੋਚ ਸਮਝ ਕੇ ਤੇ ਯੋਜਨਾ ਬਣਾ ਕੇ ਨਹੀਂ ਚੁੱਕਿਆ ਗਿਆ। ਜੀ. ਐੱਸ. ਟੀ. ਤੇ ਨੋਟਬੰਦੀ ਵਰਗੇ ਸੁਧਾਰ ਬਿਹਤਰ ਢੰਗ ਨਾਲ ਲਾਗੂ ਕੀਤੇ ਜਾਂਦੇ ਤਾਂ ਚੰਗਾ ਸੀ।''ਇਹੋ ਨਹੀਂ, ਹੁਣੇ ਜਿਹੇ ਦੇਸ਼ 'ਚ ਵੱਖ-ਵੱਖ ਇਮਤਿਹਾਨਾਂ ਦੇ ਪ੍ਰਸ਼ਨ ਪੱਤਰ ਲੀਕ ਹੋਣ ਕਾਰਨ ਵਿੱਦਿਅਕ ਢਾਂਚਾ ਹੀ ਸਵਾਲਾਂ ਦੇ ਘੇਰੇ 'ਚ ਆ ਗਿਆ। ਸੀ. ਬੀ. ਐੱਸ. ਈ. ਦੀ 12ਵੀਂ, ਪੰਡਿਤ ਦੀਨਦਿਆਲ ਉਪਾਧਿਆਏ ਸ਼ੇਖਾਵਾਟੀ ਯੂਨੀਵਰਸਿਟੀ ਦੇ ਬੀ. ਐੱਸ. ਸੀ.-1, ਗੋਰਖਪੁਰ ਯੂਨੀਵਰਸਿਟੀ ਦੇ ਬੀ. ਐੱਸ.ਸੀ-1 ਅਤੇ 2 ਦੇ ਵੱਖ-ਵੱਖ ਵਿਸ਼ਿਆਂ ਦੇ ਪੇਪਰ ਲੀਕ ਹੋਣ ਨਾਲ ਹੰਗਾਮਾ ਹੋਇਆ। ਮੱਧ ਪ੍ਰਦੇਸ਼ 'ਚ ਐੱਫ. ਸੀ. ਆਈ. ਦੇ ਟੈਸਟ ਦਾ ਪੇਪਰ ਲੀਕ ਹੋਇਆ ਤੇ ਮੁਲਾਜ਼ਮ ਚੋਣ ਕਮਿਸ਼ਨ ਦੀ ਗ੍ਰੈਜੂਏਟ ਪੱਧਰ ਦੀ ਪ੍ਰੀਖਿਆ 'ਚ ਧਾਂਦਲੀ ਵਿਰੁੱਧ 31 ਮਾਰਚ ਨੂੰ ਦਿੱਲੀ 'ਚ ਵਿਖਾਵਾਕਾਰੀ ਪ੍ਰੀਖਿਆਰਥੀਆਂ 'ਤੇ ਪੁਲਸ ਲਾਠੀਚਾਰਜ ਨਾਲ ਕਈ ਪ੍ਰੀਖਿਆਰਥੀਆਂ ਨੂੰ ਸੱਟਾਂ ਲੱਗੀਆਂ। 
ਇਸ ਦੇ ਨਾਲ ਹੀ ਦੇਸ਼ 'ਚ ਪ੍ਰਮੁੱਖ ਹਸਤੀਆਂ ਦੇ ਬੁੱਤ ਤੋੜਣ ਦੀਆਂ ਘਟਨਾਵਾਂ ਵੀ ਲਗਾਤਾਰ ਜਾਰੀਆਂ ਹਨ। ਬੀਤੀ 5 ਮਾਰਚ ਨੂੰ ਤ੍ਰਿਪੁਰਾ 'ਚ ਲੈਨਿਨ ਦਾ ਬੁੱਤ ਤੋੜੇ ਜਾਣ ਨਾਲ ਉਥੇ ਹਿੰਸਾ ਭੜਕ ਉੱਠੀ ਤੇ 6 ਮਾਰਚ ਨੂੰ ਤਾਮਿਲਨਾਡੂ 'ਚ ਮਹਾਨ ਸਮਾਜ ਸੁਧਾਰਕ ਈ. ਵੀ. ਰਾਮਾਸਵਾਮੀ ਪੇਰੀਆਰ ਤੇ ਬੰਗਾਲ ਦੇ ਕੋਲਕਾਤਾ 'ਚ ਸ਼ਿਆਮਾ ਪ੍ਰਸਾਦ ਮੁਖਰਜੀ ਆਦਿ ਦੇ ਬੁੱਤ ਤੋੜੇ ਗਏ। 
30 ਮਾਰਚ ਨੂੰ ਬਿਹਾਰ ਦੇ ਨਾਵਾਦਾ 'ਚ ਇਕ ਬੁੱਤ ਤੋੜੇ ਜਾਣ ਨਾਲ ਭੜਕੀ ਹਿੰਸਾ ਦੌਰਾਨ ਕਈ ਦੁਕਾਨਾਂ ਨੂੰ ਸਾੜ ਦਿੱਤਾ ਗਿਆ ਜਦਕਿ 31 ਮਾਰਚ ਨੂੰ ਯੂ. ਪੀ. 'ਚ ਬਾਬਾ ਸਾਹਿਬ ਦੇ ਬੁੱਤ ਤੋੜੇ ਜਾਣ ਨਾਲ ਤਣਾਅ ਫੈਲ ਗਿਆ ਤੇ ਮੁਜ਼ਾਹਰੇ ਸ਼ੁਰੂ ਹੋ ਗਏ।
ਰਾਮਨੌਮੀ ਮੌਕੇ ਬੰਗਾਲ 'ਚ ਹੋਈ ਫਿਰਕੂ ਹਿੰਸਾ 'ਚ ਘੱਟੋ-ਘੱਟ 5 ਵਿਅਕਤੀ ਮਾਰੇ ਗਏ ਜਦਕਿ ਬਿਹਾਰ 'ਚ ਘੱਟੋ-ਘੱਟ 8 ਜ਼ਿਲੇ ਫਿਰਕੂ ਹਿੰਸਾ ਤੋਂ ਪ੍ਰਭਾਵਿਤ ਹੋਏ।
29 ਮਾਰਚ ਨੂੰ ਗੁਜਰਾਤ 'ਚ ਸੂਰਤ ਦੇ ਕੋਸਾਡ 'ਚ ਦੋ ਭਾਈਚਾਰਿਆਂ ਵਿਚਾਲੇ ਹਿੰਸਕ ਝੜਪਾਂ ਤੋਂ ਬਾਅਦ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲੱਗੇ। 2 ਅਪ੍ਰੈਲ ਨੂੰ ਦਲਿਤ ਸੰਗਠਨਾਂ ਦੇ 'ਭਾਰਤ ਬੰਦ' ਦੌਰਾਨ ਵੱਖ-ਵੱਖ ਸੂਬਿਆਂ 'ਚ ਹੋਈ ਹਿੰਸਾ 'ਚ ਘੱਟੋ-ਘੱਟ 9 ਵਿਅਕਤੀ ਮਾਰੇ ਗਏ।
ਦੇਸ਼ 'ਚ ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਕਠੂਆ ਤੇ ਉੱਨਾਵ ਦੀਆਂ ਵਾਰਦਾਤਾਂ 'ਤੇ ਦੇਸ਼ 'ਚ ਆਏ ਉਬਾਲ ਦਰਮਿਆਨ 17 ਅਪ੍ਰੈਲ ਨੂੰ ਯੂ. ਪੀ. 'ਚ 5 ਨਾਬਾਲਿਗਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਵਿਚੋਂ 3 ਬੱਚੀਆਂ ਦੀ ਬਾਅਦ 'ਚ ਹੱਤਿਆ ਕਰ ਦਿੱਤੀ ਗਈ। ਰੋਜ਼ਾਨਾ 107 ਤੋਂ ਜ਼ਿਆਦਾ ਔਰਤਾਂ ਨਾਲ ਬਲਾਤਕਾਰ ਤੇ ਔਸਤਨ 290 ਬੱਚਿਆਂ ਦਾ ਯੌਨ ਸ਼ੋਸ਼ਣ ਤੇ ਕਿਡਨੈਪਿੰਗ ਹੋ ਰਹੀ ਹੈ। 
ਹੁਣ ਇਕ ਵਾਰ ਫਿਰ 10 ਸੂਬਿਆਂ 'ਚ ਕਰੰਸੀ ਦਾ ਸੰਕਟ ਪੈਦਾ ਹੋ ਗਿਆ ਹੈ। ਏ. ਟੀ. ਐੱਮਜ਼ 'ਸੁੱਕ' ਗਏ ਹਨ ਤੇ ਕਈ ਜਗ੍ਹਾ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਇਸ 'ਤੇ ਟਿੱਪਣੀ ਕਰਦਿਆਂ ਕਿਹਾ ਹੈ, ''ਨੋਟਬੰਦੀ ਤੇ ਜੀ. ਐੱਸ. ਟੀ. ਨੂੰ ਗਲਤ ਢੰਗ ਨਾਲ ਲਾਗੂ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੋਟੇ ਵਪਾਰੀਆਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਲੋਕਾਂ ਨੂੰ ਮੋਦੀ ਸਰਕਾਰ ਦੇ ਚਾਰ ਵਰ੍ਹਿਆਂ 'ਚ ਧੋਖੇ ਤੋਂ ਇਲਾਵਾ ਕੁਝ ਨਹੀਂ ਮਿਲਿਆ।''
ਇਸ ਸਮੇਂ ਜਦੋਂ ਦੇਸ਼ ਨੂੰ ਸਰਹੱਦ 'ਤੇ ਪਾਕਿਸਤਾਨ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਚੀਨ ਕਾਰਨ ਭਾਰਤ ਦਾ ਲਘੂ ਉਦਯੋਗ ਠੱਪ ਹੋ ਕੇ ਰਹਿ ਗਿਆ ਹੈ, ਅਜਿਹੀ ਸਥਿਤੀ 'ਚ ਦੇਸ਼ ਦੇ ਨੇਤਾਵਾਂ ਨੂੰ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰ ਕੇ ਲੋਕਾਂ ਅੰਦਰ ਪੈਦਾ ਹੋਈ ਨਾਰਾਜ਼ਗੀ ਦੇ ਕਾਰਨਾਂ ਨੂੰ ਦੂਰ ਕਰਨ ਦੀ ਲੋੜ ਹੈ।
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra