ਕੰਨਿਆ ਪੂਜਕ ਦੇਸ਼ ’ਚ ਮਾਸੂਮ ਕੰਨਿਆਵਾਂ ’ਤੇ ਭਿਆਨਕ ਅੱਤਿਆਚਾਰ

10/13/2019 1:27:47 AM

ਭਾਰਤ ’ਚ ਔਰਤਾਂ ਨੂੰ ਹਮੇਸ਼ਾ ਹੀ ਆਦਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ ਅਤੇ ਸਾਡੇ ਰਿਸ਼ੀਆਂ-ਮੁਨੀਆਂ ਦਾ ਵੀ ਇਹੀ ਉਪਦੇਸ਼ ਹੈ ਕਿ ਜਿਸ ਘਰ ਵਿਚ ਨਾਰੀ ਦੀ ਪੂਜਾ ਹੁੰਦੀ ਹੈ, ਉਥੇ ਦੇਵਤਾ ਨਿਵਾਸ ਕਰਦੇ ਹਨ।

ਅੱਜ ਜ਼ਮਾਨਾ ਬਦਲ ਗਿਆ ਹੈ। ਸਾਡੇ ਕੰਨਿਆ ਪੂਜਕ ਦੇਸ਼ ’ਚ ਨਾਰੀ ਜਾਤੀ ਅਤੇ ਦੁੱਧ ਪੀਂਦੀਆਂ ਬੱਚੀਆਂ ਤਕ ’ਤੇ ਜੋ ਅਣਮਨੁੱਖੀ ਅੱਤਿਆਚਾਰ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਆਤਮਾ ਕੰਬ ਉੱਠਦੀ ਹੈ, ਜੋ ਕੁਝ ਤਾਜ਼ਾ ਉਦਾਹਰਣਾਂ ਤੋਂ ਸਪੱਸ਼ਟ ਹੈ :

* 01 ਅਕਤੂਬਰ ਨੂੰ ਕਾਠਗੋਦਾਮ ਦੇ ਭਦਰਾੜੀ ’ਚ ਇਕ ਵਿਅਕਤੀ ਨੇ ਆਪਣੀ ਇਕ ਮਹੀਨੇ ਦੀ ਬੇਟੀ ਨੂੰ ਪਾਣੀ ਵਿਚ ਡੁਬੋ ਕੇ ਮਾਰ ਦਿੱਤਾ ਕਿਉਂਕਿ ਉਹ ਬੇਟਾ ਚਾਹੁੰਦਾ ਸੀ।

* 01 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਬੜਵਾਨੀ ’ਚ ਇਕ 14 ਸਾਲਾ ਨਾਬਾਲਗ ਨੇ ਪੋਰਨ ਦੇਖ ਕੇ ਇਕ 5 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਨਿਰਭਯਾ ਵਰਗੀ ਦਰਿੰਦਗੀ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ। ਬੱਚੀ ਦੇ ਸਿਰ ’ਤੇ 20 ਤੋਂ ਵੱਧ ਜ਼ਖ਼ਮ ਸਨ। ਉਸ ਦੀ ਅੱਖ ਅਤੇ ਨੱਕ ’ਚ ਮਿੱਟੀ ਅਤੇ ਮੂੰਹ ’ਚ ਲੱਕੜੀ ਦੇ ਟੁਕੜੇ ਅਤੇ ਨਿੱਜੀ ਅੰਗ ’ਚ ਮਿੱਟੀ ਅਤੇ ਕਪਾਹ ਦੇ ਟੀਂਡੇ ਤੁੰਨ ਕੇ ਭਰੇ ਹੋਏ ਸਨ।

* 02 ਅਕਤੂਬਰ ਨੂੰ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੇ ਵਿਰਾਰ ਨਗਰ ’ਚ ਸ਼ਮਸ਼ਾਨਘਾਟ ਦੇ ਬਾਹਰ ਕੂੜੇ ਦੇ ਢੇਰ ’ਚ ਬੋਰੀ ਵਿਚ ਲਪੇਟ ਕੇ ਸੁੱਟੀ ਗਈ ਇਕ ਨਵਜੰਮੀ ਬੱਚੀ ਦੀਆਂ ਚੀਕਾਂ ਸੁਣ ਕੇ ਕੁਝ ਲੋਕਾਂ ਨੇ ਉਸ ਨੂੰ ਉਥੋਂ ਚੁੱਕ ਕੇ ਹਸਪਤਾਲ ਪਹੁੰਚਾਇਆ।

* 02 ਅਕਤੂਬਰ ਨੂੰ ਮਹਾਰਾਸ਼ਟਰ ’ਚ ਠਾਣੇ ਦੇ ਇਕ ਕ੍ਰੈੱਚ ’ਚ 4 ਸਾਲਾ ਇਕ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਦਸ਼ਰਥ ਕਾਂਬਲੇ ਨਾਂ ਦਾ ਵਿਅਕਤੀ ਫੜਿਆ ਗਿਆ।

* 03 ਅਕਤੂਬਰ ਨੂੰ ਇਕ 2 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਗੈਰ-ਕੁਦਰਤੀ ਸੈਕਸ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੇ ਦੋਸ਼ ’ਚ ਸੁਪਰੀਮ ਕੋਰਟ ਨੇ ਔਰੰਗਾਬਾਦ ਦੇ ਰਵੀ ਘੁਮਰੇ ਨਾਂ ਦੇ ਨੌਜਵਾਨ ਨੂੰ ਬੰਬਈ ਹਾਈਕੋਰਟ ਵਲੋਂ ਸੁਣਾਈ ਗਈ ਮੌਤ ਦੀ ਸਜ਼ਾ ਬਹਾਲ ਰੱਖੀ।

* 03 ਅਕਤੂਬਰ ਨੂੰ ਦੱਖਣੀ ਭਾਰਤ ਦੇ ਕੁਡਾਲੋਰ ’ਚ ਇਕ 27 ਸਾਲਾ ਔਰਤ ਨੇ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਆਪਣੀਆਂ 3 ਬੇਟੀਆਂ ਹੰਸਿਕਾ (6), ਰੰਜਨੀ (5) ਅਤੇ ਦਰਸ਼ਿਨੀ (2) ਨੂੰ ਨਹਿਰ ’ਚ ਸੁੱਟ ਕੇ ਮਾਰ ਦਿੱਤਾ।

* 04 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦੇ ਯਾਮੀਗਨੂਰ ’ਚ ਘਰੋਂ ਜੰਗਲ-ਪਾਣੀ ਲਈ ਗਈ ਅਣਪਛਾਤੇ ਲੋਕਾਂ ਵਲੋਂ ਬਲਾਤਕਾਰ ਦੀ ਸ਼ਿਕਾਰ ਇਕ 9 ਸਾਲਾ ਬੱਚੀ ਝਾੜੀਆਂ ਦੇ ਨੇੜੇ ਗੰਭੀਰ ਹਾਲਤ ’ਚ ਬੇਹੋਸ਼ ਪਈ ਮਿਲੀ।

* 04 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲੇ ਦੇ ਜੰਗਲਾਂ ’ਚ ਪਲਾਸਟਿਕ ਦੇ ਬੈਗ ’ਚ ਲਪੇਟੀ ਹੋਈ ਇਕ ਨਵਜੰਮੀ ਬੱਚੀ ਰੋਂਦੀ ਹੋਈ ਮਿਲੀ, ਜਿਸ ਨੂੰ ਉਥੋਂ ਲੰਘ ਰਹੇ ਕੁਝ ਲੋਕਾਂ ਨੇ ਦੇਖ ਕੇ ਹਸਪਤਾਲ ਪਹੁੰਚਾਇਆ।

* 06 ਅਕਤੂਬਰ ਨੂੰ ਕੇਰਲ ਦੇ ਕੋਲਮ ’ਚ ਪੇਸ਼ੇ ਤੋਂ ਨਰਸ ਇਕ ਔਰਤ ਨੇ ਖਾਣਾ ਨਾ ਖਾਣ ਦੀ ਜ਼ਿੱਦ ਕਰਨ ’ਤੇ ਆਪਣੀ 4 ਸਾਲਾ ਬੇਟੀ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਦੀ ਮੌਤ ਹੋ ਗਈ।

* 07 ਅਕਤੂਬਰ ਨੂੰ ਉੱਤਰਾਖੰਡ ’ਚ ਊਧਮ ਸਿੰਘ ਨਗਰ ਦੇ ਬਾਜਪੁਰ ’ਚ ਇਕ ਪ੍ਰਾਈਵੇਟ ਸਕੂਲ ਦਾ ਮਾਲਕ ਇਕ 15 ਸਾਲਾ ਅਪਾਹਜ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਫੜਿਆ ਗਿਆ।

* 07 ਅਕਤੂਬਰ ਨੂੰ ਉੱਤਰ ਪ੍ਰਦੇਸ਼ ’ਚ ਸ਼ਾਮਲੀ ਜ਼ਿਲੇ ਦੇ ਕੈਲਸ਼ਿਕਾਪੁਰ ਪਿੰਡ ਦੇ ਖੇਤਾਂ ’ਚ ਇਕ 14 ਸਾਲਾ ਨਾਬਾਲਗ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਬਲਾਤਕਾਰ ਕਰਨ ਤੋਂ ਬਾਅਦ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ।

* 08 ਅਕਤੂਬਰ ਨੂੰ ਚੇਨਈ ’ਚ ਆਪਣੀ 6 ਸਾਲਾ ਮਤਰੇਈ ਧੀ ਨੂੰ ਮਕਾਨ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਕੇ ਮਾਰ ਦੇਣ ਦੇ ਦੋਸ਼ ’ਚ 26 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ।

* 08 ਅਕਤੂਬਰ ਨੂੰ ਜੈਪੁਰ ਦੇ ਬਾਂਸਵਾੜਾ ’ਚ 2 ਦਰਿੰਦੇ 5 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਮਾਰਕੁੱਟ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਦੌੜ ਗਏ।

* 09 ਅਕਤੂਬਰ ਨੂੰ ਗੁੜਗਾਓਂ ਵਿਚ ਇਕ 13 ਸਾਲਾ ਨਾਬਾਲਗਾ ਨਾਲ ਬਲਾਤਕਾਰ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ’ਚ 2 ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ।

* 09 ਅਕਤੂਬਰ ਨੂੰ ਓਡਿਸ਼ਾ ਦੇ ਕੇਂਦਰਪਾੜਾ ’ਚ ਜੰਗਲ-ਪਾਣੀ ਲਈ ਘਰੋਂ ਬਾਹਰ ਗਈ ਇਕ ਨਾਬਾਲਗਾ ਨਾਲ 2 ਵਿਅਕਤੀਆਂ ਨੇ ਸਮੂਹਿਕ ਬਲਾਤਕਾਰ ਕਰ ਦਿੱਤਾ।

* 11 ਅਕਤੂਬਰ ਨੂੰ ਚੰਡੀਗੜ੍ਹ ’ਚ 6ਵੀਂ ਕਲਾਸ ਦੀ ਇਕ ਵਿਦਿਆਰਥਣ ਗਰਭਵਤੀ ਪਾਈ ਗਈ, ਜਿਸ ਦੇ ਚਚੇਰੇ ਭਰਾ ’ਤੇ ਇਸ ਪਾਪ ਦਾ ਦੋਸ਼ ਲੱਗਾ ਹੈ।

* 11 ਅਕਤੂਬਰ ਨੂੰ ਬਰਨਾਲਾ ਜ਼ਿਲੇ ਦੇ ਫਰਵਾਹੀ ਪਿੰਡ ’ਚ ਅਣਪਛਾਤੇ ਲੋਕ ਇਕ ਦਿਨ ਦੀ ਨਵਜੰਮੀ ਬੱਚੀ ਨੂੰ ਸੜਕ ’ਤੇ ਸੁੱਟ ਕੇ ਚਲੇ ਗਏ।

* 11 ਅਕਤੂਬਰ ਨੂੰ ਕੈਥਲ ’ਚ ਇਕ ਬੱਚੀ ਦੀ ਬੁਰੀ ਤਰ੍ਹਾਂ ਨਾਲ ਖੁਰਦ-ਬੁਰਦ ਲਾਸ਼ ਮਿਲੀ, ਜਿਸ ਦੀਆਂ ਦੋਵੇਂ ਲੱਤਾਂ ਅਤੇ ਹੱਥ ਨਹੀਂ ਸਨ ਅਤੇ ਦੋਵੇਂ ਅੱਖਾਂ ਵੀ ਕੱਢ ਲਈਆਂ ਗਈਆਂ ਸਨ।

* 11 ਅਕਤੂਬਰ ਨੂੰ ਕਰਨਾਲ ਐੱਮ. ਬੀ. ਡੀ. ਬਾਲ ਭਵਨ ਦੇ ਬਾਹਰ ਤੌਲੀਏ ’ਚ ਲਪੇਟੀ ਸਿਰਫ 15 ਦਿਨਾਂ ਦੀ ਬੱਚੀ ਪਈ ਮਿਲੀ।

ਸਿਰਫ 11 ਦਿਨਾਂ (ਅਕਤੂਬਰ) ਦੀਆਂ ਉਪਰੋਕਤ ਉਦਾਹਰਣਾਂ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਸਾਡੇ ਦੇਸ਼ ’ਚ ਅੱਜ ਮਨੁੱਖਤਾ ਅਤੇ ਨਾਰੀ ਜਾਤੀ ਤੇ ਛੋਟੀਆਂ-ਛੋਟੀਆਂ ਬੱਚੀਆਂ ਤਕ ਪ੍ਰਤੀ ਆਦਰ, ਸਨੇਹ ਅਤੇ ਸਨਮਾਨ ਦੀ ਭਾਵਨਾ ਬਚੀ ਹੀ ਨਹੀਂ।

ਬਿਨਾਂ ਸ਼ੱਕ ਅਜਿਹੇ ਕੁਕਰਮੀਆਂ ਵਿਰੁੱਧ ਫਾਸਟ ਟਰੈਕ ਅਦਾਲਤਾਂ ’ਚ ਮੁਕੱਦਮਾ ਚਲਾ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੇ ਅਪਰਾਧਾਂ ’ਤੇ ਰੋਕ ਲੱਗ ਸਕੇ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਕੰਨਿਆ ਅਤੇ ਨਾਰੀ ਪ੍ਰਤੀ ਸਨਮਾਨ ਦਾ ਪਾਠ ਪਰਿਵਾਰਾਂ ਅਤੇ ਸਕੂਲਾਂ ’ਚ ਨਿਯਮਿਤ ਤੌਰ ’ਤੇ ਵੀ ਪੜ੍ਹਾਇਆ ਜਾਵੇ।

–ਵਿਜੇ ਕੁਮਾਰ\\\

Bharat Thapa

This news is Content Editor Bharat Thapa