ਬੇਗਾਨਿਆਂ ਦੇ ਨਾਲ-ਨਾਲ ਆਪਣੇ ਵੀ ਕਰ ਰਹੇ ਔਰਤਾਂ ਅਤੇ ਬੱਚੀਆਂ ''ਤੇ ਭਿਆਨਕ ਅੱਤਿਆਚਾਰ

06/24/2018 3:22:44 AM

ਅੱਜ ਦੇਸ਼ ਵਿਚ ਔਰਤਾਂ ਅਤੇ ਬੱਚੀਆਂ 'ਤੇ ਹੋ ਰਹੇ ਅੱਤਿਆਚਾਰਾਂ ਕਾਰਨ ਹਾਹਾਕਾਰ ਜਿਹੀ ਮਚੀ ਹੋਈ ਹੈ ਅਤੇ ਤ੍ਰਾਸਦੀ ਇਹ ਵੀ ਹੈ ਕਿ ਇਨ੍ਹਾਂ ਅਣਮਨੁੱਖੀ ਅੱਤਿਆਚਾਰਾਂ ਵਿਚ ਬਾਹਰਲੇ ਲੋਕਾਂ ਦੇ ਨਾਲ-ਨਾਲ ਪਿਤਾ, ਪਤੀ ਅਤੇ ਭਰਾ ਆਦਿ ਤੇ ਕੁਝ ਧਾਰਮਿਕ ਲੋਕ ਵੀ ਸ਼ਾਮਿਲ ਹਨ, ਜਿਸ ਦੀਆਂ ਸਿਰਫ ਲੱਗਭਗ ਇਕ ਮਹੀਨੇ ਦੀਆਂ ਮਿਸਾਲਾਂ ਹੇਠਾਂ ਦਰਜ ਹਨ :

* 27 ਮਈ ਨੂੰ ਗ੍ਰੇਟਰ ਨੋਇਡਾ ਦੇ 'ਕੁਲੇਸਰਾ' ਪਿੰਡ ਵਿਚ ਮੁਕੇਸ਼ ਕੁਮਾਰ ਨਾਮੀ ਵਿਅਕਤੀ ਨਾਸ਼ਤਾ ਮਿਲਣ ਵਿਚ ਦੇਰੀ ਹੋਣ 'ਤੇ ਆਪਣੀ ਪਤਨੀ ਨਾਲ ਉਲਝ ਪਿਆ ਅਤੇ ਆਪਣੇ ਬੇਟੇ ਤੇ ਬੇਟੀ ਸਾਹਮਣੇ ਤੌਲੀਏ ਨਾਲ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।

* 04 ਜੂਨ ਨੂੰ ਹਿਮਾਚਲ ਦੇ ਸੋਲਨ ਜ਼ਿਲੇ ਵਿਚ ਇਕ ਨਾਬਾਲਗ ਕੁੜੀ ਨੇ ਆਪਣੇ ਪਿਤਾ 'ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲਾਇਆ।

* 06 ਜੂਨ ਨੂੰ ਅਬੋਹਰ-ਜਲਾਲਾਬਾਦ ਦੇ ਬੂਰਵਾਲ ਪਿੰਡ ਵਿਚ ਮਨਜੀਤ ਸਿੰਘ ਮਨੂੰ ਨਾਮੀ ਨੌਜਵਾਨ ਨੇ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਆਪਣੀ ਮਾਂ ਛਿੰਦਰਪਾਲ ਕੌਰ ਅਤੇ ਭੈਣ ਸੀਮਾ ਰਾਣੀ ਦੀ ਬੇਲਚੇ ਨਾਲ ਵਾਰ ਕਰ ਕੇ ਹੱਤਿਆ ਕਰ ਦਿੱਤੀ।

* 06 ਜੂਨ ਨੂੰ ਹੀ ਯੂ. ਪੀ. ਦੇ ਜੌਨਪੁਰ 'ਚ ਚੋਰੀ ਦੇ ਦੋਸ਼ ਹੇਠ ਇਕ ਔਰਤ ਨੂੰ ਨੰਗੀ ਕਰ ਕੇ ਕੁੱਟਿਆ ਗਿਆ ਅਤੇ ਉਸ ਦੇ ਗੁਪਤ ਅੰਗ ਵਿਚ ਲੋਹੇ ਦੀ ਗਰਮ ਰਾਡ ਵਾੜ ਦਿੱਤੀ ਗਈ।

* 07 ਜੂਨ ਨੂੰ ਰਾਜਸਥਾਨ ਦੇ ਜੋਧਪੁਰ 'ਚ ਇਕ ਅੰਧ-ਵਿਸ਼ਵਾਸੀ ਪਿਤਾ ਨੇ ਪਵਿੱਤਰ ਰਮਜ਼ਾਨ ਦੇ ਮਹੀਨੇ 'ਚ ਅੱਲ੍ਹਾ ਦੀ ਰਹਿਮਤ ਪਾਉਣ ਲਈ ਕੁਰਬਾਨੀ ਦੇ ਨਾਂ 'ਤੇ ਆਪਣੀ 4 ਵਰ੍ਹਿਆਂ ਦੀ ਧੀ ਨੂੰ ਗਲ਼ਾ ਵੱਢ ਕੇ ਮਾਰ ਦਿੱਤਾ।

* 10 ਜੂਨ ਨੂੰ ਭਿਵੰਡੀ ਵਿਖੇ ਮੋਬਾਇਲ 'ਤੇ ਪੋਰਨ ਦੇਖਣ ਦੇ ਆਦੀ 14 ਸਾਲਾ ਪੋਰਨ ਅਡਿਕਟ ਨੂੰ ਆਪਣੀ 16 ਸਾਲਾ ਭੈਣ ਨਾਲ ਬਲਾਤਕਾਰ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

* 12 ਜੂਨ ਦੀ ਰਾਤ ਨੂੰ ਮੋਗਾ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਮਾਰ-ਕੁਟਾਈ ਕਰ ਕੇ ਉਸ ਨੂੰ ਪੂਰੀ ਰਾਤ ਬੰਧਕ ਬਣਾਈ ਰੱਖਿਆ। ਹਸਪਤਾਲ ਵਿਚ ਜ਼ੇਰੇ ਇਲਾਜ ਪੀੜਤਾ ਨੇ ਬਾਅਦ ਵਿਚ ਪੁਲਸ ਨੂੰ ਬਿਆਨ ਦਿੱਤਾ ਕਿ ਉਸ ਦੇ ਪਤੀ ਨੇ ਸਾਰੀ ਰਾਤ ਉਸ ਨੂੰ ਨਗਨ ਅਵਸਥਾ ਵਿਚ ਰੱਖਿਆ ਅਤੇ ਮਾਰ-ਕੁਟਾਈ ਕਰਨ ਤੋਂ ਇਲਾਵਾ ਉਸ ਦੇ ਗੁਪਤ ਅੰਗ ਵਿਚ ਪੇਚਕਸ ਮਾਰਦਾ ਰਿਹਾ।

* 14 ਜੂਨ ਨੂੰ ਬੰਗਾਲ ਦੇ ਮਾਲਦਾ ਵਿਚ 'ਪੁਖੂਰੀਆ' ਦੇ 'ਛਕਰਾਮੇਰੀ' ਪਿੰਡ ਵਿਚ ਗੇਂਦੂਸ਼ੇਖ ਨਾਮੀ ਵਿਅਕਤੀ ਨੇ ਆਪਣੀ ਪਤਨੀ ਮੀਨੂੰ ਨਾਲ ਮਾਰ-ਕੁਟਾਈ ਤੇ ਉਸ ਦੇ ਗੁਪਤ ਅੰਗ ਵਿਚ ਸੋਟੀ ਵਾੜ ਕੇ ਬੁਰੀ ਤਰ੍ਹਾਂ ਟਾਰਚਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮੀਨੂੰ ਨੇ ਇਕ ਵਿਧਵਾ ਔਰਤ ਨਾਲ ਗੇਂਦੂਸ਼ੇਖ ਦੇ ਸਬੰਧਾਂ 'ਤੇ ਇਤਰਾਜ਼ ਕੀਤਾ ਸੀ।

* 16 ਜੂਨ ਨੂੰ ਆਸਾਮ ਦੇ ਡਿਬਰੂਗੜ੍ਹ 'ਚ ਬੇਟੀ ਨਾਲ ਬਲਾਤਕਾਰ ਦੇ ਦੋਸ਼ੀ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਚਾਕੂ ਨਾਲ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ।

* 19 ਜੂਨ ਨੂੰ ਪਿੰਜੌਰ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਵਲੋਂ ਉਸ ਦੇ ਵਿਆਹ-ਬਾਹਰੇ ਸਬੰਧਾਂ 'ਤੇ ਇਤਰਾਜ਼ ਕਰਨ ਉੱਤੇ ਆਪਣੀ ਪਤਨੀ ਤੇ 12 ਸਾਲਾ ਧੀ ਦੀ ਛਾਤੀ 'ਤੇ ਚੜ੍ਹ ਕੇ ਦੋਹਾਂ ਨੂੰ ਬੇਰਹਿਮੀ ਨਾਲ ਕੁੱਟਿਆ।

* 20 ਜੂਨ ਨੂੰ ਜਬਲਪੁਰ 'ਚ ਆਪਣੀ ਬੇਟੀ 'ਤੇ ਬੁਰੀ ਨਜ਼ਰ ਰੱਖਣ ਵਾਲੇ ਪਤੀ ਨੂੰ ਉਸ ਦੀ ਪਤਨੀ ਨੇ ਮਰਵਾ ਦਿੱਤਾ।

* 20 ਜੂਨ ਨੂੰ ਹੀ ਗੁੜਗਾਓਂ ਦੇ ਨਾਹਰਪੁਰ ਪਿੰਡ 'ਚ ਆਪਣੇ ਗੁਆਂਢੀ ਦੀ 5 ਸਾਲਾ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

* 20 ਜੂਨ ਨੂੰ ਹੀ ਝਾਰਖੰਡ 'ਚ ਰਾਂਚੀ ਦੇ ਚੌਚਾਂਗ ਪਿੰਡ ਵਿਚ ਮਨੁੱਖੀ ਤਸਕਰੀ ਦੇ ਸਬੰਧ ਵਿਚ ਜਾਗਰੂਕਤਾ ਫੈਲਾਉਣ ਗਈਆਂ ਇਕ ਐੱਨ. ਜੀ. ਓ. ਨਾਲ ਜੁੜੀਆਂ 5 ਔਰਤਾਂ ਦੇ ਅਗਵਾ ਤੇ ਬੰਦੂਕ ਦੇ ਦਮ 'ਤੇ ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਦੇ ਸਬੰਧ ਵਿਚ ਇਕ ਈਸਾਈ ਪਾਦਰੀ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

* 22 ਜੂਨ ਨੂੰ ਬਾੜਮੇਰ ਦੇ ਗਿਰਾਬ ਥਾਣਾ ਖੇਤਰ ਦੇ ਊਨਰੋੜ 'ਚ 8 ਸਾਲਾ ਇਕ ਮਾਸੂਮ ਦੀ ਅਗਵਾ ਅਤੇ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ।

* 22 ਜੂਨ ਨੂੰ ਹੀ ਤਰਨਤਾਰਨ ਦੇ ਝੰਡੇਰ ਮਹਾਨਪੁਰ ਪਿੰਡ ਵਿਚ ਇਕ ਲੜਕੇ ਨੇ 12 ਸਾਲਾਂ ਦੀ ਇਕ ਲੜਕੀ ਨੂੰ ਆਪਣੇ ਘਰ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ।

* 22 ਜੂਨ ਨੂੰ ਹੀ ਟਾਂਡਾ ਦੇ ਪਿੰਡ ਫੱਤਾਕੁਲਾ ਵਿਚ ਇਕ ਵਿਆਹੁਤਾ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਨੇ ਸਹੁਰਾ ਪਰਿਵਾਰ 'ਤੇ ਲੜਕੀ ਨਾਲ ਮਾਰ-ਕੁਟਾਈ ਕਰ ਕੇ ਉਸ ਨੂੰ ਜ਼ਬਰਦਸਤੀ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲਾਇਆ ਹੈ।

ਭਾਰਤ ਵਰਗੇ ਦੇਸ਼ ਵਿਚ ਜਿਥੇ ਔਰਤਾਂ ਨੂੰ ਦੇਵੀ ਦਾ ਦਰਜਾ ਪ੍ਰਾਪਤ ਹੈ ਅਤੇ ਸਦੀਆਂ ਤੋਂ ਇਹ ਕਹਾਵਤ ਚੱਲੀ ਆ ਰਹੀ ਹੈ ਕਿ 'ਯਤ੍ਰ ਨਾਰਯਸਤੂ ਪੂਜਯੰਤੇ ਰਮੰਤੇ  ਤਤ੍ਰ ਦੇਵਤਾ', ਭਾਵ ਜਿਥੇ ਔਰਤਾਂ ਦੀ ਪੂਜਾ ਹੁੰਦੀ ਹੈ, ਉਥੇ ਦੇਵਤੇ ਵਾਸ ਕਰਦੇ ਹਨ, ਉਸੇ ਭਾਰਤ ਵਿਚ ਅੱਜ ਨਾਰੀ ਜਾਤੀ 'ਤੇ ਅਜਿਹੇ ਅੱਤਿਆਚਾਰ ਘੋਰ ਨਿੰਦਣਯੋਗ ਅਤੇ ਸਮਾਜ ਵਿਚ ਆ ਰਹੀ ਗਿਰਾਵਟ ਤੇ ਮਰਦ ਪ੍ਰਧਾਨ ਸਮਾਜ ਦੇ ਦੋਹਰੇ ਮਾਪਦੰਡਾਂ ਦੇ ਮੂੰਹ ਬੋਲਦੇ ਸਬੂਤ ਹਨ।                             —ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra