ਲੋਕਾਂ ’ਚ ਖ਼ਤਰਨਾਕ ਹੱਦ ਤਕ ਵਧ ਰਹੀ ਹਿੰਸਾ ਦੀ ਪ੍ਰਵਿਰਤੀ

06/17/2023 3:18:45 AM

ਲੋਕਾਂ ’ਚ ਅਸਹਿਣਸ਼ੀਲਤਾ ਅਤੇ ਗੁੱਸੇ ਦੀ ਭਾਵਨਾ ਬੇਹੱਦ ਵਧਦੀ ਜਾ ਰਹੀ ਹੈ। ਇਸ ਦਾ ਨਤੀਜਾ ਹਿੰਸਕ ਘਟਨਾਵਾਂ ਦੇ ਰੂਪ ’ਚ ਨਿਕਲ ਰਿਹਾ ਹੈ ਅਤੇ ਬੇਗਾਨੇ ਹੀ ਨਹੀਂ, ਪੀੜਤਾ ਦੇ ਰਿਸ਼ਤੇਦਾਰ ਤੱਕ ਇਨ੍ਹਾਂ ਘਟਨਾਵਾਂ ’ਚ ਸ਼ਾਮਲ ਪਾਏ ਜਾਣ ਲੱਗੇ ਹਨ।

ਪਿਛਲੇ 1 ਹਫ਼ਤੇ ’ਚ ਹੋਈਆਂ ਚੰਦ ਘਟਨਾਵਾਂ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ :-

* 15 ਜੂਨ ਨੂੰ ਨਾਭਾ (ਪੰਜਾਬ) ’ਚ ਇਕ ਨਵ-ਵਿਆਹੁਤਾ ਲੜਕੀ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਘਰੇਲੂ ਕਲੇਸ਼ ਕਾਰਨ ਹੱਤਿਆ ਕਰਨ ਤੋਂ ਬਾਅਦ ਉਸ ਦਾ ਪਤੀ ਲਾਸ਼ ਨੂੰ ਘਰ ’ਚ ਹੀ ਛੱਡ ਕੇ ਚਲਾ ਗਿਆ ਸੀ।

* 15 ਜੂਨ ਨੂੰ ਹੀ ਦਿੱਲੀ ਦੇ ਨਾਂਗਲੋਈ ਇਲਾਕੇ ’ਚ ਮਾਮੂਲੀ ਝਗੜੇ ’ਚ ਦੋ ਨਾਬਾਲਿਗਾਂ ਨੇ ਇਕ ਨਾਬਾਲਿਗ ਦੀ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਏ।

* 15 ਜੂਨ ਨੂੰ ਹੀ ਫਰੀਦਾਬਾਦ (ਹਰਿਆਣਾ) ਦੇ ‘ਭਾਂਖਰੀ’ ਪਿੰਡ ’ਚ ਸਰਕਾਰੀ ਟੈਂਕੀ ਤੋਂ ਪਾਣੀ ਭਰਨ ਨੂੰ ਲੈ ਕੇ ਗੁਆਂਢੀਆਂ ਦਰਮਿਆਨ ਹੋਏ ਝਗੜੇ ’ਚ ਲਾਠੀ, ਡੰਡੇ ਅਤੇ ਲੋਹੇ ਦੀ ਰਾਡ ਨਾਲ ਹਮਲੇ ਕਾਰਨ ਇਕ ਬਜ਼ੁਰਗ ਮਹਿਲਾ ਦੀ ਜਾਨ ਚਲੀ ਗਈ।

* 14 ਜੂਨ ਨੂੰ ਕਨੌਜ (ਉੱਤਰ ਪ੍ਰਦੇਸ਼) ਵਿਚ 2 ਸਾਲ ਪਹਿਲਾਂ ਆਪਣੇ ਪ੍ਰੇਮੀ ਨਾਲ ਘਰੋਂ ਭੱਜੀ ਲੜਕੀ ਦੇ ਆਪਣੀ 5 ਮਹੀਨੇ ਦੀ ਬੱਚੀ ਅਤੇ ਪ੍ਰੇਮੀ ਨਾਲ ਅਚਾਨਕ ਵਾਪਸ ਆ ਜਾਣ ’ਤੇ ਉਸ ਦੇ ਪਤੀ ਨੇ ਤਿੰਨਾਂ ’ਤੇ ਚਾਕੂ ਅਤੇ ਲਾਠੀ ਨਾਲ ਤਾਬੜਤੋੜ ਵਾਰ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ।

* 14 ਜੂਨ ਨੂੰ ਹੀ ਫਿਰੋਜ਼ਪੁਰ (ਪੰਜਾਬ) ਦੇ ‘ਮੱਖੂ’ ਦੇ ਪਿੰਡ ਕੁੱਸੂਵਾਲਾ ’ਚ ਇਕ ਵਿਅਕਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਖੁਦ ਹੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਕਿ 3-4 ਲੋਕਾਂ ਨੇ ਘਰ ’ਚ ਦਾਖਲ ਹੋ ਕੇ ਉਸ ਨੂੰ ਮਾਰ ਦਿੱਤਾ ਹੈ।

* 14 ਜੂਨ ਨੂੰ ਹੀ ਮੁਰਾਦਾਬਾਦ (ਉੱਤਰ ਪ੍ਰਦੇਸ਼) ’ਚ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਕਾਰਨ ਉਸ ਨੂੰ ਗਲ ਨਾਲ ਲਾ ਕੇ ਉਸਦੀ ਪਿੱਠ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਪਤਨੀ ਦੀ ਛਾਤੀ ਨੂੰ ਚੀਰਦਿਆਂ ਉਸ ਦੀ ਛਾਤੀ ’ਚ ਵੀ ਦਾਖਲ ਹੋ ਗਈ ਅਤੇ ਦੋਵਾਂ ਨੇ ਦਮ ਤੋੜ ਦਿੱਤਾ।

* 14 ਜੂਨ ਨੂੰ ਹੀ ਪੁਲਸ ਨੇ ਮੁਕਤਸਰ (ਪੰਜਾਬ) ਜ਼ਿਲੇ ਦੇ ਪਿੰਡ ਬੁਰਜ ਸਿੱਧਵਾਂ ’ਚ ਇਕ ਵਿਅਕਤੀ ਦੀ ਹੱਤਿਆ ਦੇ ਦੋਸ਼ ’ਚ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ’ਚ ਵਰਤਿਆ ਗਿਆ ਹਥੌੜਾ ਵੀ ਬਰਾਮਦ ਕੀਤਾ। ਔਰਤ ਨੇ ਆਪਣੇ ਪਤੀ ਦੇ ਚਰਿੱਤਰ ’ਤੇ ਸ਼ੱਕ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

* 14 ਜੂਨ ਨੂੰ ਕੋਰਬਾ (ਛੱਤੀਸਗੜ੍ਹ) ਵਿਚ ਨਾਜਾਇਜ਼ ਸਬੰਧਾਂ ਕਾਰਨ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਸ਼ਰਾਬ ਪਿਲਾ ਕੇ ਉਸ ਦੀ ਹੱਤਿਆ ਕਰ ਦਿੱਤੀ।

* 13 ਜੂਨ ਨੂੰ ਬੈਂਗਲੁਰੂ (ਕਰਨਾਟਕ) ਵਿਚ ਇਕ ਮਹਿਲਾ ਫਿਜ਼ੀਓਥੈਰੇਪਿਸਟ ਆਪਣੀ ਮਾਂ ਦਾ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਸੂਟਕੇਸ ਵਿਚ ਪਾ ਕੇ ਖੁਦ ਹੀ ਪੁਲਸ ਥਾਣੇ ’ਚ ਸਮਰਪਣ ਕਰਨ ਲਈ ਪਹੁੰਚ ਗਈ।

* 13 ਜੂਨ ਨੂੰ ਹੀ ਅਮਲੋਹ (ਪੰਜਾਬ) ਦੇ ਪਿੰਡ ਖਨਿਆਣ ’ਚ ਇਕ ਨੌਜਵਾਨ ਨੇ ਨਸ਼ੇ ਦੀ ਤਲਬ ਪੂਰੀ ਕਰਨ ਲਈ ਆਪਣੀ 82 ਸਾਲਾ ਦਾਦੀ ਦੀ ਹੱਤਿਆ ਕਰ ਕੇ ਮੋਬਾਈਲ ਤੇ ਸੋਨੇ ਦੇ ਗਹਿਣੇ ਲੁੱਟ ਲਏ।

* 13 ਜੂਨ ਨੂੰ ਹੀ ਬਾਂਕਾ (ਬਿਹਾਰ) ਦੇ ‘ਵਿਸ਼ੰਭਰ ਚੱਕ’ ਪਿੰਡ ’ਚ ਇਕ ਵਿਅਕਤੀ ਨੇ ਆਪਣੇ ਰੁੱਖ ਤੋਂ ਅੰਬ ਤੋੜਣ ’ਤੇ ਇਕ ਬੱਚੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

* 12 ਜੂਨ ਨੂੰ ‘ਚਤਰਾ’ (ਝਾਰਖੰਡ) ’ਚ 10 ਰੁਪਏ ਮੰਗਣ ’ਤੇ ਗੁੱਸੇ ’ਚ ਆਏ ਇਕ ਵਿਅਕਤੀ ਨੇ ਗਲਾ ਘੁੱਟ ਕੇ ਆਪਣੇ 12 ਸਾਲਾ ਬੇਟੇ ਨੂੰ ਮਾਰ ਦਿੱਤਾ।

* 11 ਜੂਨ ਨੂੰ ਹਿਸਾਰ (ਹਰਿਆਣਾ) ’ਚ ਸਵੇਰੇ-ਸਵੇਰੇ ਇਕ ਪ੍ਰਾਪਰਟੀ ਡੀਲਰ ਨੇ ਆਪਣੇ ਘਰ ਆਏ 2 ਸਾਲਿਆਂ ਨਾਲ ਕਿਸੇ ਗੱਲ ’ਤੇ ਝਗੜਾ ਹੋਣ ਪਿੱਛੋਂ ਉਨ੍ਹਾਂ ਨੂੰ ਅਤੇ ਆਪਣੀ ਪਤਨੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

* 9 ਜੂਨ ਨੂੰ ਰਾਏਪੁਰ (ਉੱਤਰ ਪ੍ਰਦੇਸ਼) ਸਦਰ ਥਾਣਾ ਖੇਤਰ ਦੇ ਪਿੰਡ ‘ਸਮੋਦੀਆ’ ’ਚ ਟੀ. ਵੀ. ਸੀਰੀਅਲ ਦੇਖ ਰਹੀ ਔਰਤ ਨੇ ਆਪਣੇ ਪਤੀ ਦੇ ਕਹਿਣ ’ਤੇ ਟੀ. ਵੀ. ਬੰਦ ਨਾ ਕੀਤਾ ਤਾਂ ਉਸ ਦੇ ਪਤੀ ਨੇ ਗੁੱਸੇ ’ਚ ਆ ਕੇ ਉਸ ਨੂੰ ਗੋਲੀ ਮਾਰ ਦਿੱਤੀ।

ਉਪਰੋਕਤ ਚੰਦ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ਵਾਸੀਆਂ ’ਚ ਹਿੰਸਕ ਪ੍ਰਵਿਰਤੀ ਕਿੰਨੀ ਗੰਭੀਰ ਰੂਪ ਲੈਂਦੀ ਜਾ ਰਹੀ ਹੈ। ਝਾਰਖੰਡ ਦੀ ‘ਕੋਲਹਾਨ ਯੂਨੀਵਰਸਿਟੀ’ ’ਚ ਮਨੋਵਿਗਿਆਨ ਦੇ ਪ੍ਰੋਫੈਸਰ ਡਾ. ਧਰਮਿੰਦਰ ਕੁਮਾਰ ਅਨੁਸਾਰ ਸਮਾਜ ’ਚ ਅਜਿਹੀਆਂ ਘਟਨਾਵਾਂ ਦਾ ਵੱਡਾ ਕਾਰਨ ਅੱਜ ਦੀ ਗੁੰਝਲਦਾਰ ਜੀਵਨ-ਸ਼ੈਲੀ ਤੋਂ ਪੈਦਾ ਹੋਈਆਂ ਸਮੱਸਿਆਵਾਂ ਤੇ ਮਾਨਸਿਕ ਵਿਕਾਰ ਹਨ।

ਇਸ ਲਈ ਸਮਾਜਿਕ, ਸਿਆਸੀ ਅਤੇ ਪ੍ਰਸ਼ਾਸਨਿਕ ਸੰਸਥਾਵਾਂ ਵੱਲੋਂ ਇਸ ਤਰ੍ਹਾਂ ਦੇ ਮਾਮਲਿਆਂ ’ਚ ਸਖਤ ਅਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਇਸ ਭੈੜੀ ਪ੍ਰਵਿਰਤੀ ’ਤੇ ਰੋਕ ਲਾਈ ਜਾ ਸਕੇ ਅਤੇ ਅਜਿਹੀਆਂ ਘਟਨਾਵਾਂ ਨਾ ਹੋਣ।

-ਵਿਜੇ ਕੁਮਾਰ

Anmol Tagra

This news is Content Editor Anmol Tagra