ਦਲਿਤਾਂ ਨੂੰ ਮੰਦਰ ’ਚ ਨਾ ਜਾਣ ਦੇਣ ਕਾਰਨ ਤਮਿਲਨਾਡੂ ਦਾ ਇਕ ਮੰਦਰ ‘ਸੀਲ’

06/09/2023 5:58:11 AM

ਛੂਤਛਾਤ ਅਤੇ ਜਾਤੀ ਆਧਾਰਿਤ ਭੇਦਭਾਵ ਮਿਟਾਉਣ ਲਈ ਸਵਾਮੀ ਦਯਾਨੰਦ, ਸਵਾਮੀ ਵਿਵੇਕਾਨੰਦ, ਮਹਾਤਮਾ ਗਾਂਧੀ ਅਤੇ ਹੋਰ ਮਹਾਪੁਰਖਾਂ ਨੇ ਅਣਥੱਕ ਯਤਨ ਕੀਤੇ ਪਰ ਆਜ਼ਾਦੀ ਦੇ 76 ਸਾਲ ਬਾਅਦ ਵੀ ਅਨੇਕਾਂ ਸਥਾਨਾਂ ’ਤੇ ਦਲਿਤਾਂ ਨਾਲ ਵਿਤਕਰਾ ਜਾਰੀ ਹੈ।

ਇਸ ਸਾਲ ਅਪ੍ਰੈਲ ’ਚ ਤਮਿਲਨਾਡੂ ਦੇ ਵਿੱਲੂਪੁਰਮ ਜ਼ਿਲੇ ਦੇ ਮੇਲਪਾਥੀ ਪਿੰਡ ’ਚ ‘ਸ਼੍ਰੀ ਧਰਮਰਾਜ ਦ੍ਰੋਪਦੀ ਅੰਮਨ ਮੰਦਰ’ ’ਚ ਇਕ ਦਲਿਤ ਵਿਅਕਤੀ ਦੇ ਪੂਜਾ ਕਰਨ ਜਾਣ ’ਤੇ ਉੱਚ ਜਾਤੀ ਵਾਲਿਆਂ ਨੇ ਇਤਰਾਜ਼ ਕੀਤਾ ਅਤੇ ਦਲਿਤਾਂ ਦਾ ਮੰਦਰ ’ਚ ਦਾਖਲਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਫਿਰਕਿਆਂ ’ਚ ਟਕਰਾਅ ਜਾਰੀ ਹੈ।

ਪਾਬੰਦੀ ਹਟਾਉਣ ਲਈ ਦੋਵਾਂ ਧਿਰਾਂ ’ਚ ਹੋਈਆਂ ਕਈ ਸ਼ਾਂਤੀ ਵਾਰਤਾਵਾਂ ਅਸਫਲ ਹੋਣ ਤੋਂ ਬਾਅਦ ਅਖੀਰ 6 ਜੂਨ ਨੂੰ ਅਧਿਕਾਰੀਆਂ ਨੇ ਮੰਦਰ ਸੀਲ ਕਰਨ ਤੋਂ ਇਲਾਵਾ ਉੱਥੇ ਪੁਲਸ ਵੀ ਤਾਇਨਾਤ ਕਰ ਕੇ ਪ੍ਰਵੇਸ਼ ਦੁਆਰ ’ਤੇ ਨੋਟਿਸ ਚਿਪਕਾ ਦਿੱਤਾ ਕਿ ਇਸ ਵਿਵਾਦ ਦਾ ਹੱਲ ਨਿਕਲਣ ਤਕ ਕਿਸੇ ਨੂੰ ਮੰਦਰ ’ਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।

ਇਸ ਮਾਮਲੇ ਨੂੰ ਲੈ ਕੇ ਵਿੱਲੂਪੁਰਮ ਤੋਂ ਦ੍ਰਮੁਕ ਸੰਸਦ ਮੈਂਬਰ ਡੀ. ਰਵੀ ਕੁਮਾਰ ਨੇ ਪਾਰਟੀ ਦੇ ਹੋਰ ਆਗੂਆਂ ਨਾਲ ਜ਼ਿਲਾ ਕੁਲੈਕਟਰ ਸੀ. ਪਲਾਨੀ ਨੂੰ ਦਿੱਤੇ ਗਏ ਇਕ ਮੰਗ ਪੱਤਰ ’ਚ ਉਨ੍ਹਾਂ ਨੂੰ ਬੇਨਤੀ ਕੀਤੀ ਕਿ ‘‘ਸਾਰੇ ਸ਼ਰਧਾਲੂਆਂ ਨੂੰ ਜਾਤੀ ਅਤੇ ਧਰਮ ਦੇ ਪੱਖਪਾਤ ਤੋਂ ਬਿਨਾਂ ਮੰਦਰ ’ਚ ਦਾਖਲੇ ਅਤੇ ਪੂਜਾ ਪਾਠ ਕਰਨ ਦੀ ਆਗਿਆ ਦਿੱਤੀ ਜਾਵੇ।’’

ਕਿਸੇ ਵੀ ਧਰਮ ਦੇ ਸ਼ਰਧਾਲੂਆਂ ਨਾਲ ਭੇਦਭਾਵ ਕਰਨ ਦੀ ਗੱਲ ਨਹੀਂ ਕਹੀ ਗਈ ਹੈ ਅਤੇ ਸਾਰੇ ਧਰਮ ਇਹੀ ਸਿੱਖਿਆ ਦਿੰਦੇ ਹਨ ਕਿ ਸਾਰੇ ਲੋਕ ਇਕ ਹੀ ਭਗਵਾਨ ਦੇ ਬਣਾਏ ਹੋਣ ਕਾਰਨ ਨੈਤਿਕ, ਧਾਰਮਿਕ ਅਤੇ ਸੰਵਿਧਾਨਕ ਲਿਹਾਜ਼ ਨਾਲ ਬਰਾਬਰ ਹਨ।

ਪ੍ਰਭੂ ਦੇ ਦਰਬਾਰ ’ਚ ਕਿਸੇ ਨੂੰ ਵੀ ਜਾਣ ਤੋਂ ਰੋਕਣਾ ਇਕ ਗੰਭੀਰ ਅਪਰਾਧ ਹੈ। ਇਸ ਲਈ ਅਜਿਹਾ ਆਚਰਣ ਕਰਨ ਵਾਲੇ ਲੋਕਾਂ ਨੂੰ ਜਦ ਤਕ ਸਖਤ ਸਜ਼ਾ ਨਹੀਂ ਮਿਲੇਗੀ ਤਦ ਤਕ ਇਹ ਕੁਰੀਤੀ ਸਮਾਪਤ ਨਹੀਂ ਹੋ ਸਕਦੀ।

- ਵਿਜੇ ਕੁਮਾਰ

Anmol Tagra

This news is Content Editor Anmol Tagra