ਮੋਦੀ ਮਾਰਕਾ ਪਿਆਲਿਆਂ ''ਚ ਚਾਹ : ਕਾਂਗਰਸ ਦੀ ਪ੍ਰਚਾਰ ਸਮੱਗਰੀ ਦੀ ਹੋਲੀ : ''ਧਰਤੀ ਪਕੜ'' ਫਿਰ ਮੈਦਾਨ ''ਚ

03/24/2019 4:30:31 AM

ਚੋਣਾਂ ਨੂੰ ਲੈ ਕੇ ਦੇਸ਼ 'ਚ ਜਿੰਨਾ ਉਤਸ਼ਾਹ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ, ਓਨਾ ਸ਼ਾਇਦ ਇਸ ਤੋਂ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ। ਇਥੇ ਹੇਠਾਂ ਪੇਸ਼ ਹਨ ਕੁਝ ਦਿਲਚਸਪ ਚੋਣ ਝਲਕੀਆਂ :
ਪੋਲਿੰਗ ਦੇ ਦਿਨ ਨੇੜੇ ਆਉਣ ਦੇ ਨਾਲ ਹੀ ਚੋਣ ਸਮੱਗਰੀ ਦੀ ਵਿਕਰੀ ਦਾ ਬਾਜ਼ਾਰ ਵੀ ਤੇਜ਼ ਹੁੰਦਾ ਜਾ ਰਿਹਾ ਹੈ ਤੇ ਦੋਹਾਂ ਮੁੱਖ ਵਿਰੋਧੀਆਂ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਨਾਲ ਸਬੰਧਤ ਪ੍ਰਚਾਰ ਸਮੱਗਰੀ ਖੂਬ ਵਿਕ ਰਹੀ ਹੈ। ਬਾਜ਼ਾਰ 'ਚ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਦੁਕਾਨਾਂ 'ਚ ਲਟਕੀਆਂ ਦਿਖਾਈ ਦੇ ਰਹੀਆਂ ਹਨ। ਮੋਬਾਇਲ ਪ੍ਰੋਟੈਕਟਰ, ਮੋਬਾਇਲ ਸਟਿੱਕਰ ਅਤੇ ਉਹ ਗੁਬਾਰੇ ਖੂਬ ਵਿਕ ਰਹੇ ਹਨ, ਜਿਨ੍ਹਾਂ 'ਤੇ ਪਾਰਟੀਆਂ ਦੇ ਨਾਂ ਛਪੇ ਹਨ। ਇਸ ਵਾਰ 'ਮੋਦੀ ਜੈਕੇਟਾਂ' ਦੀ ਵਿਕਰੀ ਘੱਟ ਹੈ ਪਰ ਨੇਤਾ ਜੀ ਸਟਾਈਲ ਦੇ ਕੁੜਤੇ-ਪਜਾਮੇ ਖੂਬ ਵਿਕ ਰਹੇ ਹਨ। 
2014 ਦੀਆਂ ਚੋਣਾਂ 'ਚ ਭਾਜਪਾ ਨੇ ਚਾਹ 'ਤੇ ਖੂਬ ਚਰਚਾ ਕੀਤੀ ਸੀ। ਇਨ੍ਹਾਂ ਚੋਣਾਂ 'ਚ ਭਾਜਪਾ ਦੇ ਨੇਤਾ ਲੋਕਾਂ ਨੂੰ ਚਾਹ ਤਾਂ ਨਹੀਂ ਪਿਲਾ ਰਹੇ ਪਰ ਉਹ ਇਸ ਵਾਰ ਚਾਹ ਦੀ ਸਟਾਲ ਵਾਲਿਆਂ ਨੂੰ ਖਾਸ ਤੌਰ 'ਤੇ ਬਣਵਾਏ ਕੱਪ 50 ਪੈਸੇ ਪ੍ਰਤੀ ਕੱਪ ਦੀ ਨਾਮਾਤਰ ਕੀਮਤ 'ਤੇ ਵੰਡ ਰਹੇ ਹਨ, ਜਿਨ੍ਹਾਂ 'ਤੇ 'ਨਮੋ ਅਗੇਨ–2019' ਲਿਖਿਆ ਹੈ। ਭਾਜਪਾ ਦਾ ਦਿੱਲੀ ਅਤੇ ਆਸ–ਪਾਸ ਦੇ ਇਲਾਕਿਆਂ 'ਚ ਅਜਿਹੇ 50 ਹਜ਼ਾਰ ਕੱਪ ਵੰਡਣ ਦਾ ਟੀਚਾ ਹੈ। ਨਮੋ ਕੱਪ 'ਚ ਚਾਹ ਪੀ ਰਹੇ ਇਕ ਵਿਅਕਤੀ ਅਨੁਸਾਰ ਇਹ ਸਿਰਫ ਚਾਹ ਨਹੀਂ, ਸਾਡੇ ਲਈ ਤਾਕਤ ਦੀ ਦਵਾਈ ਹੈ।
 ਲੋਕ ਸਭਾ ਚੋਣਾਂ ਲੜਨ ਲਈ ਟਿਕਟ ਨਾ ਦੇਣ ਤੋਂ ਨਾਰਾਜ਼ ਤੇਲੰਗਾਨਾ ਕਾਂਗਰਸ ਦੇ ਇਕ ਦਲਿਤ ਨੇਤਾ ਮੰਨੇ ਕ੍ਰਿਸ਼ੰਕ ਨੇ ਬੀਤੇ ਦਿਨੀਂ 15 ਲੱਖ ਰੁਪਏ ਮੁੱਲ ਦੇ ਪਾਰਟੀ ਦੇ ਝੰਡਿਆਂ, ਪੋਸਟਰਾਂ, ਬੈਨਰਾਂ ਤੇ ਹੋਰ ਪ੍ਰਚਾਰ ਸਮੱਗਰੀ ਨੂੰ ਅੱਗ ਲਾ ਕੇ ਸਾੜ ਦਿੱਤਾ ਅਤੇ ਉਸ ਤੋਂ ਬਾਅਦ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। 
ਪਟਨਾ ਸਾਹਿਬ ਸੀਟ ਤੋਂ ਭਾਜਪਾ ਦੇ ਬਾਗ਼ੀ ਐੱਮ. ਪੀ. ਸ਼ਤਰੂਘਨ ਸਿਨ੍ਹਾ ਦੀ ਥਾਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਇਸ ਵਾਰ ਟਿਕਟ ਦਿੱਤੀ ਗਈ ਹੈ। ਸ਼ਾਇਦ ਸ਼ਤਰੂਘਨ ਸਿਨ੍ਹਾ ਕਾਂਗਰਸ ਦੀ ਟਿਕਟ 'ਤੇ ਰਵੀਸ਼ੰਕਰ ਪ੍ਰਸਾਦ ਦੇ ਵਿਰੁੱਧ ਚੋਣ ਲੜਨਗੇ। ਸ਼ਤਰੂਘਨ ਸਿਨ੍ਹਾ ਦੇ 24 ਜਾਂ 25 ਮਾਰਚ ਨੂੰ ਕਾਂਗਰਸ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਸ਼ਤਰੂਘਨ  ਸਿਨ੍ਹਾ ਦਾ ਕਹਿਣਾ ਹੈ ਕਿ ਜੇ ਸੱਚ ਕਹਿਣਾ ਬਗ਼ਾਵਤ ਹੈ ਤਾਂ ਉਹ ਬਾਗ਼ੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਅਹੁਦੇ ਦੀ ਲਾਲਸਾ ਨਹੀਂ ਹੈ ਪਰ ਜਦੋਂ ਐਸੇ-ਵੈਸੇ ਲੋਕਾਂ ਨੂੰ ਇੰਨਾ ਕੁਝ ਮਿਲ ਗਿਆ ਅਤੇ ਜੇ ਉਨ੍ਹਾਂ ਨੂੰ ਵੀ ਅਹੁਦਾ ਦੇ ਦਿੱਤਾ ਜਾਂਦਾ ਤਾਂ ਕਿਹੜਾ ਆਸਮਾਨ ਡਿੱਗ ਪੈਣਾ ਸੀ? 
ਨਗਰ ਪਾਲਿਕਾ ਪੱਧਰ ਤੋਂ ਲੈ ਕੇ ਰਾਸ਼ਟਰਪਤੀ ਪੱਧਰ ਤਕ ਦੀਆਂ 260 ਚੋਣਾਂ ਲੜ ਚੁੱਕੇ 'ਧਰਤੀ ਪਕੜ' ਦੇ ਨਾਂ ਨਾਲ ਮਸ਼ਹੂਰ ਬਿਹਾਰ ਦੇ ਭਾਗਲਪੁਰ ਸ਼ਹਿਰ ਦੇ 93 ਸਾਲਾ ਨਾਗਮਲ ਬਾਜੌਰੀਆ ਨੇ ਇਕ ਵਾਰ ਫਿਰ 3 ਸੀਟਾਂ 'ਤੇ ਚੋਣਾਂ  ਲੜਨ ਦਾ ਫੈਸਲਾ ਕੀਤਾ ਹੈ। ਉਹ ਪੁਰਾਣੀ ਦਿੱਲੀ, ਰਾਇਬਰੇਲੀ ਅਤੇ ਪਟਨਾ ਸਾਹਿਬ ਤੋਂ ਚੋਣਾਂ  ਲੜਨਗੇ। ਜ਼ਿਆਦਾ ਉਮਰ ਕਾਰਨ ਉਹ ਮੁਸ਼ਕਿਲ ਨਾਲ ਹੀ ਚੱਲ-ਫਿਰ ਸਕਦੇ ਹਨ ਅਤੇ  ਉਨ੍ਹਾਂ ਦੀ ਯਾਦਦਾਸ਼ਤ ਵੀ ਬਹੁਤ ਕਮਜ਼ੋਰ ਹੋ ਗਈ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਉਕਤ  ਚੋਣ ਹਲਕਿਆਂ 'ਚ ਪ੍ਰਚਾਰ ਲਈ ਇਕ ਮਾਰੂਤੀ ਖਰੀਦ ਲਈ ਹੈ। 
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਉਹ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਨਾਲੋਂ ਜ਼ਿਆਦਾ ਧਾਰਮਿਕ ਹਨ। ਇਕ ਸਭਾ 'ਚ ਉਨ੍ਹਾਂ ਕਿਹਾ ਕਿ ਉਹ ਧਾਰਮਿਕ ਮੰਤਰਾਂ ਦਾ ਇਨ੍ਹਾਂ ਦੋਹਾਂ ਨੇਤਾਵਾਂ ਨਾਲੋਂ ਬਿਹਤਰ ਉਚਾਰਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ''ਚਾਹੇ ਤਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਮੰਤਰ ਉਚਾਰਨ 'ਚ ਮੇਰੇ ਨਾਲ ਮੁਕਾਬਲਾ ਕਰ ਲੈਣ। ਮੱਥੇ 'ਤੇ ਸਿਰਫ ਤਿਲਕ ਲਾ ਲੈਣਾ ਹੀ ਪੂਜਾ ਨਹੀਂ ਹੈ।''
ਇਨ੍ਹਾਂ ਚੋਣਾਂ 'ਚ ਵੱਖ-ਵੱਖ ਸਿਆਸੀ ਪਾਰਟੀਆਂ ਨੇ ਫਿਲਮ ਜਗਤ ਦੇ ਕਈ ਸਿਤਾਰੇ ਉਤਾਰੇ ਹਨ। ਅਜਿਹੇ ਹੀ 2 ਸਿਤਾਰਿਆਂ ਦੀ ਆਸਨਸੋਲ 'ਚ ਟੱਕਰ ਹੋਣ ਵਾਲੀ ਹੈ। ਭਾਜਪਾ ਨੇ ਇਥੋਂ 2014 ਵਾਂਗ ਹੀ ਇਸ ਵਾਰ ਵੀ ਗਾਇਕ ਬਾਬੁਲ ਸੁਪ੍ਰਿਓ ਨੂੰ ਉਤਾਰਿਆ ਹੈ, ਜਦਕਿ ਤ੍ਰਿਣਮੂਲ ਕਾਂਗਰਸ ਨੇ ਉਨ੍ਹਾਂ ਦੇ ਮੁਕਾਬਲੇ ਪ੍ਰਸਿੱਧ ਅਭਿਨੇਤਰੀ ਮੁਨਮੁਨ ਸੇਨ ਨੂੰ ਉਤਾਰਿਆ ਹੈ, ਜੋ ਬੀਤੇ ਜ਼ਮਾਨੇ ਦੀ ਪ੍ਰਸਿੱਧ ਅਭਿਨੇਤਰੀ ਸੁਚਿੱਤਰਾ ਸੇਨ ਦੀ ਧੀ ਹੈ। 
ਅਰੁਣਾਚਲ ਪ੍ਰਦੇਸ਼ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ, ਜਿਥੇ ਪਾਰਟੀ ਦੇ 2 ਮੰਤਰੀਆਂ ਤੇ 6 ਹੋਰ ਮੌਜੂਦਾ ਵਿਧਾਇਕਾਂ ਸਮੇਤ ਕਈ ਨੇਤਾ ਨੈਸ਼ਨਲ ਪੀਪਲਜ਼ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਇਸੇ ਤਰ੍ਹਾਂ ਤ੍ਰਿਪੁਰਾ ਤੋਂ ਭਾਜਪਾ ਦੇ ਉਪ-ਪ੍ਰਧਾਨ ਸੁਬਲ ਭੌਮਿਕ ਸਮੇਤ 3 ਨੇਤਾ ਕਾਂਗਰਸ 'ਚ ਸ਼ਾਮਿਲ ਹੋ ਗਏ ਹਨ। 
ਹਿਮਾਚਲ 'ਚ ਪੱਤਨ ਘਾਟੀ ਦੀਆਂ 10 ਪੰਚਾਇਤਾਂ ਤੇ ਲਾਹੌਲ ਦੀ ਚੰਦਰਾ ਘਾਟੀ ਦੀਆਂ 2 ਪੰਚਾਇਤਾਂ ਵਲੋਂ ਲੋਕ ਸਭਾ ਚੋਣਾਂ ਦੇ ਬਾਈਕਾਟ ਦੇ ਫੈਸਲੇ ਤੋਂ ਬਾਅਦ ਹੁਣ ਚੰਦਰਾ ਘਾਟੀ ਦੀਆਂ 2 ਹੋਰ ਪੰਚਾਇਤਾਂ ਗੋਂਧਲਾ ਅਤੇ ਖੰਗਸਾਰ ਦੇ ਵੋਟਰਾਂ ਨੇ ਵੀ ਚੋਣਾਂ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ  ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਤੇ ਸਰਕਾਰ ਨੇ ਉਨ੍ਹਾਂ ਨੂੰ ਮੁਸ਼ਕਿਲ ਹਾਲਾਤ 'ਚ ਮਰਨ ਲਈ ਛੱਡ ਦਿੱਤਾ ਹੈ। 
ਉਕਤ ਮਿਸਾਲਾਂ ਤੋਂ ਸਪੱਸ਼ਟ ਹੈ  ਕਿ ਚੋਣਾਂ ਹਰ ਬੀਤਣ ਵਾਲੇ ਦਿਨ ਨਾਲ ਦਿਲਚਸਪ ਤੇ ਬਹੁਰੰਗੀਆਂ ਹੁੰਦੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਦਿਲਚਸਪੀਆਂ ਬਾਰੇ ਅਸੀਂ ਅਗਾਂਹ ਵੀ ਪਾਠਕਾਂ ਨੂੰ ਦੱਸਦੇ ਰਹਾਂਗੇ।                              
                                                                                          –ਵਿਜੇ ਕੁਮਾਰ

KamalJeet Singh

This news is Content Editor KamalJeet Singh