ਹਰਿਆਣਾ, ਪੰਜਾਬ ਅਤੇ ਹਿਮਾਚਲ ’ਚ ਟੀ. ਬੀ. ਨਾਲ ਹੋ ਰਹੀਆਂ ਮੌਤਾਂ

08/21/2023 4:04:38 AM

ਹਵਾ ਦੇ ਰਾਹੀਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਫੈਲਣ ਵਾਲਾ ਟੀ. ਬੀ. ਇਕ ਅਜਿਹਾ ਰੋਗ ਹੈ ਜੋ ਵਾਲਾਂ ਅਤੇ ਨਹੁੰਆਂ ਨੂੰ ਛੱਡ ਕੇ ਸਰੀਰ ਦੇ ਕਿਸੇ ਵੀ ਅੰਗ ’ਚ ਹੋ ਸਕਦਾ ਹੈ। ਪੋਸ਼ਣ ਦੀ ਕਮੀ, ਸਵੇਰ ਦਾ ਨਾਸ਼ਤਾ ਨਾ ਕਰਨਾ, ਰਾਤ ਨੂੰ ਦੇਰ ਨਾਲ ਸੌਣਾ ਅਤੇ ਸਮੇਂ ’ਤੇ ਖਾਣਾ ਨਾ ਖਾ ਸਕਣ ਕਾਰਨ ਸਰੀਰ ’ਚ ਰੋਗਾਂ ਤੋਂ ਬਚਾਅ ਦੀ ਸਮਰੱਥਾ ’ਚ ਕਮੀ ਆਉਂਦੀ ਹੈ ਜੋ ਟੀ. ਬੀ. ਵਰਗੇ ਰੋਗਾਂ ਦਾ ਕਾਰਨ ਬਣਦੀ ਹੈ।

50 ਫੀਸਦੀ ਮਾਮਲਿਆਂ ’ਚ ਟੀ. ਬੀ. ਫੇਫੜਿਆਂ ’ਚ ਅਤੇ ਬਾਕੀ 50 ਫੀਸਦੀ ਸਰੀਰ ਦੇ ਹੋਰ ਅੰਗਾਂ ’ਚ ਹੁੰਦਾ ਹੈ। ਟੀ. ਬੀ. ਹੋਣ ’ਤੇ ਰੋਗੀ ਦਾ ਭਾਰ ਘੱਟ ਹੋਣ ਲੱਗਦਾ ਹੈ, ਭੁੱਖ ਘੱਟ ਜਾਂਦੀ ਹੈ, ਹਮੇਸ਼ਾ ਹਲਕਾ ਬੁਖਾਰ ਰਹਿੰਦਾ ਹੈ।

ਦੁਨੀਆ ’ਚ ਹਰ ਸਾਲ ਟੀ. ਬੀ. ਦੇ ਲਗਭਗ 1 ਕਰੋੜ ਨਵੇਂ ਰੋਗੀ ਦਰਜ ਕੀਤੇ ਜਾਂਦੇ ਹਨ ਜਿਨ੍ਹਾਂ ’ਚੋਂ 25 ਫੀਸਦੀ ਭਾਰਤ ਦੇ ਹਨ। ਦੁਨੀਆ ’ਚ ਕੋਰੋਨਾ ਮਹਾਮਾਰੀ ਨਾਲ ਮੁਕਾਬਲੇ ਦੌਰਾਨ ਟੀ. ਬੀ. ਨੂੰ ਖਤਮ ਕਰਨ ਦੇ ਯਤਨਾਂ ’ਚ ਕਮੀ ਆ ਗਈ ਸੀ ਪਰ ਹੁਣ ਇਸ ’ਚ ਕੁਝ ਤੇਜ਼ੀ ਆਈ ਹੈ ਅਤੇ ਇਸ ਦੇ ਇਲਾਜ ਦੇ ਤਰੀਕਿਆਂ ’ਚ ਵੀ ਤਬਦੀਲੀ ਆਈ ਹੈ।

ਵਿਸ਼ਵ ਸਿਹਤ ਸੰਗਠਨ ਦੀ ਦੱਖਣ ਪੂਰਬ ਏਸ਼ੀਆ ਦੀ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਮੁਤਾਬਕ ਇਸ ਖੇਤਰ ਨੂੰ ਟੀ. ਬੀ. ਤੋਂ ਮੁਕਤ ਕਰਨ ਦਾ ਨਿਸ਼ਾਨਾ ਹਾਸਲ ਕਰਨ ਲਈ ਪਹਿਲਾਂ ਤੋਂ ਕਿਤੇ ਵੱਧ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਇਹ ਰੋਗ ਲੱਖਾਂ ਲੋਕਾਂ ਨੂੰ ਬੀਮਾਰੀ ਅਤੇ ਮੌਤ, ਗਰੀਬੀ ਅਤੇ ਨਿਰਾਸ਼ਾ ਦਾ ਸ਼ਿਕਾਰ ਬਣਾ ਰਿਹਾ ਹੈ।

ਸਰਕਾਰ ਵੱਲੋਂ ਟੀ. ਬੀ. ਰੋਗ ’ਤੇ ਕੰਟ੍ਰੋਲ ਕਰਨ ਲਈ ਸਭ ਯਤਨਾਂ ਦੇ ਬਾਵਜੂਦ ਦੇਸ਼ ’ਚ ਟੀ. ਬੀ. ਨਾਲ ਮੌਤਾਂ ਦਾ ਸਿਲਸਿਲਾ ਜਾਰੀ ਹੈ। ਇਕ ਰਿਪੋਰਟ ਮੁਤਾਬਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ ਪਿਛਲੇ 6 ਮਹੀਨਿਆਂ ’ਚ ਟੀ. ਬੀ. ਨਾਲ 4027 ਵਿਅਕਤੀਆਂ ਦੀ ਮੌਤ ਹੋਈ ਹੈ।

ਹਰਿਆਣਾ ’ਚ ਇਸ ਸਾਲ ਜਨਵਰੀ ਤੋਂ 30 ਜੂਨ ਦਰਮਿਆਨ ਸਭ ਤੋਂ ਵੱਧ 1943 ਮੌਤਾਂ ਹੋਈਆਂ ਜਦੋਂ ਕਿ ਪੰਜਾਬ ’ਚ 1570 ਅਤੇ ਹਿਮਾਚਲ ’ਚ 514 ਲੋਕਾਂ ਦੀ ਜਾਨ ਗਈ। ਇਹ ਗਿਣਤੀ ਪਿਛਲੇ ਸਾਲ ਨਾਲੋਂ ਵੱਧ ਹੈ ਅਤੇ ਇਸ ’ਚ ਘੱਟ ਉਮਰ ਦੇ ਰੋਗੀ ਵੀ ਸ਼ਾਮਲ ਹਨ।

ਟੀ. ਬੀ. ਕਾਰਨ ਵਧੇਰੇ ਮੌਤਾਂ ਇਲਾਜ ਸ਼ੁਰੂ ਕਰਨ ’ਚ ਦੇਰੀ ਕਾਰਨ ਹੁੰਦੀਆਂ ਹਨ। ਇਸ ਲਈ ਡਾਕਟਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰਾਂ ਇਸ ਨੂੰ ਰੋਕਣ ਲਈ ਜ਼ੋਰਦਾਰ ਯਤਨ ਕਰ ਰਹੀਆਂ ਹਨ ਪਰ ਇੰਨਾ ਹੀ ਕਾਫੀ ਨਹੀਂ ਹੈ, ਰੋਗੀਆਂ ਨੂੰ ਵੀ ਇਸ ਮਾਮਲੇ ’ਚ ਜਾਗਰੂਕਤਾ ਵਰਤਣੀ ਹੋਵੇਗੀ ਅਤੇ 4 ਹਫਤਿਆਂ ਤੋਂ ਵੱਧ ਸਮੇਂ ਤੱਕ ਖੰਘ ਆਉਣ ’ਤੇ ਟੀ. ਬੀ. ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਦੀ ਬੇਸਿਕ ਜਾਂਚ ਐਕਸ-ਰੇ ਹੈ ਅਤੇ ਉਸ ਤੋਂ ਬਾਅਦ ਡਾਕਟਰ ਜਿਨ੍ਹਾਂ ਜਾਂਚਾਂ ਦੀ ਸਲਾਹ ਦੇਣ, ਉਹ ਕਰਵਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ’ਚ ਥੁੱਕ ਅਤੇ ਬਲਗਮ ਆਦਿ ਦੀ ਜਾਂਚ ਸ਼ਾਮਲ ਹੈ।

Anmol Tagra

This news is Content Editor Anmol Tagra