ਟਾਟਾ ਨੇ ਭਾਜਪਾ ਨੂੰ ਦਿੱਤੇ ਚੰਦੇ ''ਚ 356 ਕਰੋੜ ਇਸ ''ਤੇ ਸੰਸਦ ਮੈਂਬਰ ਡਾ. ਸਵਾਮੀ ਨੇ ਚੁੱਕੇ ਸਵਾਲ!

11/16/2019 1:16:09 AM

ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਸੁਬਰਾਮਣੀਅਮ ਸਵਾਮੀ ਇਕ ਰਾਜਨੇਤਾ ਹੋਣ ਦੇ ਨਾਲ-ਨਾਲ ਅਰਥ ਸ਼ਾਸਤਰੀ ਵੀ ਹਨ, ਜੋ ਅਕਸਰ ਦੇਸ਼ ਦੀ ਖਰਾਬ ਅਰਥ ਵਿਵਸਥਾ ਲਈ ਆਪਣੀ ਹੀ ਸਰਕਾਰ ਨੂੰ ਝੰਜੋੜਦੇ ਰਹਿੰਦੇ ਹਨ।
ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਦੇਸ਼ ਦੀ ਅਰਥ ਵਿਵਸਥਾ ਦੇ ਮੌਜੂਦਾ ਸੰਕਟ ਲਈ ਨੋਟਬੰਦੀ ਅਤੇ ਕਾਹਲੀ 'ਚ ਲਾਗੂ ਕੀਤੇ ਗਏ ਜੀ. ਐੱਸ. ਟੀ. ਨੂੰ ਵੀ ਜ਼ਿੰਮੇਵਾਰ ਠਹਿਰਾਉਣ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੌੜਾ ਸੱਚ ਸੁਣਨ ਦਾ ਸੁਭਾਅ ਪੈਦਾ ਕਰਨ ਦੀ ਨਸੀਹਤ ਦਿੰਦੇ ਹੋਏ ਕਿਹਾ ਸੀ, ''ਦੇਸ਼ ਸਹੀ ਆਰਥਿਕ ਨੀਤੀਆਂ ਨਹੀਂ ਅਪਣਾ ਰਿਹਾ ਹੈ।''
ਹੁਣ ਉਨ੍ਹਾਂ ਨੇ ਭਾਜਪਾ ਵਲੋਂ 2018-19 ਵਿਚ ਭਾਰਤੀ ਕਾਰਪੋਰੇਟ ਸੈਕਟਰ ਤੋਂ ਇਲੈਕਟ੍ਰੋਲ ਟਰੱਸਟ ਰਾਹੀਂ ਮਿਲਣ ਵਾਲੇ ਕੁਲ 472 ਕਰੋੜ ਰੁਪਏ ਦੇ ਚੰਦੇ 'ਤੇ ਸਵਾਲ ਚੁੱਕੇ ਹਨ, ਜਿਸ 'ਚੋਂ 356 ਕਰੋੜ ਰੁਪਏ ਇਸ ਨੂੰ ਇਕੱਲੇ ਟਾਟਾ ਗਰੁੱਪ ਵਲੋਂ ਚਲਾਏ ਜਾ ਰਹੇ 'ਪ੍ਰੋਗਰੈਸਿਵ ਇਲੈਕਟ੍ਰੋਲ ਟਰੱਸਟ' ਨੇ ਦਿੱਤੇ ਹਨ।
ਡਾ. ਸੁਬਰਾਮਣੀਅਮ ਸਵਾਮੀ ਨੇ ਕਿਹਾ, ''ਟਾਟਾ ਨੇ ਭਾਜਪਾ ਨੂੰ ਭਾਰੀ ਰਕਮ ਚੰਦੇ 'ਚ ਦਿੱਤੀ ਹੈ। ਜੇ ਸਰਕਾਰ ਏਅਰ ਇੰਡੀਆ ਦੀ ਕਮਾਨ ਟਾਟਾ ਨੂੰ ਸੌਂਪਦੀ ਹੈ ਤਾਂ ਇਸ ਨੂੰ 'ਕਨਫਲਿਕਟ ਆਫ ਇੰਟਰਸਟ' (ਹਿੱਤਾਂ ਦਾ ਟਕਰਾਅ) ਮੰਨਿਆ ਜਾਵੇਗਾ।''
ਜ਼ਿਕਰਯੋਗ ਹੈ ਕਿ ਹਾਲ ਹੀ ਦੇ ਮਹੀਨਿਆਂ ਵਿਚ ਕੇਂਦਰ ਸਰਕਾਰ ਨੇ ਮੁਸ਼ਕਿਲ 'ਚ ਫਸੀ ਏਅਰ ਇੰਡੀਆ ਦਾ ਮਾਲਿਕਾਨਾ ਪੂਰੀ ਤਰ੍ਹਾਂ ਛੱਡਣ ਦੇ ਸੰਕੇਤ ਦਿੱਤੇ ਹਨ, ਜਦਕਿ ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿਚ ਆਪਣਾ ਵਾਧਾ ਕਰਨ ਦਾ ਚਾਹਵਾਨ ਟਾਟਾ ਗਰੁੱਪ ਏਅਰ ਇੰਡੀਆ ਲਈ ਬੋਲੀ ਲਾਉਣ 'ਚ ਰੁਚੀ ਲੈ ਰਿਹਾ ਹੈ।
ਹਾਲਾਂਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੋਣ ਲੜਨ ਲਈ ਚੰਦੇ ਦੀ ਲੋੜ ਪੈਂਦੀ ਹੈ ਅਤੇ ਉਹ ਵੱਖ-ਵੱਖ ਵਪਾਰਕ ਗਰੁੱਪਾਂ ਤੋਂ ਚੰਦਾ ਲੈਂਦੀਆਂ ਵੀ ਹਨ।
ਡਾ. ਸਵਾਮੀ ਵਲੋਂ ਭਾਜਪਾ ਨੂੰ ਟਾਟਾ ਗਰੁੱਪ ਸੰਸਥਾ ਵਲੋਂ ਦਿੱਤੇ ਗਏ ਚੰਦੇ 'ਤੇ ਸਵਾਲੀਆ ਨਿਸ਼ਾਨ ਲਾਉਣਾ ਇਕ ਗੰਭੀਰ ਮਾਮਲਾ ਹੈ, ਜਿਸ ਨਾਲ ਇਸ ਖਦਸ਼ੇ ਨੂੰ ਮਜ਼ਬੂਤੀ ਮਿਲਦੀ ਹੈ ਕਿ ਕਿਤੇ ਨਾ ਕਿਤੇ ਕੁਝ ਕਮੀ ਜ਼ਰੂਰ ਹੈ।
ਭਾਜਪਾ ਕਿਉਂਕਿ ਇਕ ਪਾਰਦਰਸ਼ੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਇਸ ਲਈ ਇਸ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ ਤਾਂ ਕਿ ਡਾ. ਸਵਾਮੀ ਵਲੋਂ ਉਠਾਏ ਗਏ ਮੁੱਦੇ 'ਤੇ ਜਨਤਾ ਵਿਚ ਭਰਮ ਨਾ ਫੈਲੇ।

                                                                                                        —ਵਿਜੇ ਕੁਮਾਰ

KamalJeet Singh

This news is Content Editor KamalJeet Singh