ਬਿਹਾਰ ''ਚ ਸਵੀਪਰ ਤੋਂ ਫੈਸ਼ਨ ਡਿਜ਼ਾਈਨਰ ਤਕ ਮਹਿਲਾ ਉਮੀਦਵਾਰ ਮੈਦਾਨ ''ਚ

10/04/2015 8:41:30 AM

ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ''ਚ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧ ਰੱਖਣ ਵਾਲੇ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਿਥੋਂ ਤਕ ਔਰਤਾਂ ਦਾ ਸੰਬੰਧ ਹੈ, ਉਨ੍ਹਾਂ ਵਿਚ ਵੀ ਬਹੁਤ ਜ਼ਿਆਦਾ ਵੰਨ-ਸੁਵੰਨਤਾ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ''ਚ ਮੁਸਹਰ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀ ਮਜ਼ਦੂਰ ਅਤੇ ਸਵੀਪਰ ਉਮੀਦਵਾਰ ਤੋਂ ਲੈ ਕੇ ਉੱਚ ਸਿੱੱਖਿਆ ਪ੍ਰਾਪਤ ਫੈਸ਼ਨ ਡਿਜ਼ਾਈਨਰ ਤੇ ਕਾਲਜ ਲੈਕਚਰਾਰ ਤਕ  ਮਹਿਲਾ ਉਮੀਦਵਾਰ ਸ਼ਾਮਲ ਹਨ। 
ਦਰਭੰਗਾ (ਦਿਹਾਤੀ) ਤੋਂ ਮਾਰਕਸੀ (ਲੈਨਿਨਵਾਦੀ) ਪਾਰਟੀ ਦੀ ਉਮੀਦਵਾਰ ਸ਼ਨਿਚਰੀ ਦੇਵੀ ਮੁਸਹਰ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀ ਇਕ ਖੇਤ ਮਜ਼ਦੂਰ ਹੈ, ਜਦਕਿ ਰਾਮਨਗਰ ਤੋਂ ਭਾਜਪਾ ਉਮੀਦਵਾਰ ਮਹਾਦਲਿਤ ਭਾਈਚਾਰੇ ਦੀ 65 ਸਾਲਾ ਭਗੀਰਥੀ ਦੇਵੀ ਹੈ ਅਤੇ ਉਹ ਪੱਛਮੀ ਚੰਪਾਰਨ ਜ਼ਿਲੇ ''ਚ ਨਰਕਟੀਆਗੰਜ ਦੇ ਇਕ ਬਲਾਕ ਵਿਕਾਸ ਦਫਤਰ ''ਚ ਸਵੀਪਰ ਦਾ ਕੰਮ ਕਰਦੀ ਸੀ। ਤਿੰਨ ਵਾਰ ਵਿਧਾਇਕ ਰਹਿ ਚੁੱਕੀ ਸਿਰਫ 5ਵੀਂ ਜਮਾਤ ਪਾਸ ਭਗੀਰਥੀ ਦੇਵੀ ਇਸ ਵਾਰ ਫਿਰ ਆਪਣੀ ਕਿਸਮਤ ਅਜ਼ਮਾ ਰਹੀ ਹੈ।
ਭਗੀਰਥੀ ਦਾ ਕਹਿਣਾ ਹੈ, ''''ਆਪਣੇ ਦਫਤਰ ''ਚ ਕੰਮ ਕਰਦਿਆਂ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇਥੇ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੇ ਗਰੀਬ ਲੋਕਾਂ, ਖਾਸ ਕਰਕੇ ਔਰਤਾਂ ਨੂੰ ਅਧਿਕਾਰੀਆਂ ਵਲੋਂ ਪ੍ਰੇਸ਼ਾਨ ਅਤੇ ਅਪਮਾਨਿਤ ਕੀਤਾ ਜਾਂਦਾ ਹੈ। ਇਹ ਸਭ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ ਸੀ ਅਤੇ ਉਸੇ ਦਿਨ ਅਸੀਂ ਸੋਚ ਲਿਆ ਸੀ ਕਿ ਸਿਆਸਤ ''ਚ ਜਾਵਾਂਗੇ ਤੇ ਬਾਬੂਆਂ ਨੂੰ ਸਬਕ ਸਿਖਾਵਾਂਗੇ।''''
ਇਸੇ ਕਰਕੇ 1980 ''ਚ ਨੌਕਰੀ ਛੱਡਣ ਤੋਂ ਬਾਅਦ ਭਗੀਰਥੀ ਦੇਵੀ ਨੇ ਨਰਕਟੀਆਗੰਜ ਬਲਾਕ ''ਚ ਮਹਿਲਾ ਸੰਗਠਨ ਖੜ੍ਹੇ ਕਰਨ ਅਤੇ ਔਰਤਾਂ ਨੂੰ ਘਰੇਲੂ ਹਿੰਸਾ, ਦਲਿਤਾਂ ''ਤੇ ਅੱਤਿਆਚਾਰ, ਮਰਦਾਂ ਦੇ ਬਰਾਬਰ ਤਨਖਾਹ ਦੇ ਮੁੱਦੇ ''ਤੇ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਨ੍ਹਾਂ ਨੇ ਆਪਣੀਆਂ ਸਰਗਰਮੀਆਂ ਦੂਜੇ ਜ਼ਿਲਿਆਂ ''ਚ ਵੀ ਵਧਾ ਦਿੱਤੀਆਂ ਅਤੇ 1991 ''ਚ ਵੱਖ-ਵੱਖ ਮੁਜ਼ਾਹਰਿਆਂ ''ਚ ਹਿੱਸਾ ਲੈ ਕੇ ਜੇਲ ਯਾਤਰਾ ਵੀ ਕੀਤੀ। 
6 ਬੱਚਿਆਂ ਦੀ ਮਾਂ ਭਗੀਰਥੀ ਦੇਵੀ ਦੇ ਸਿਆਸਤ ''ਚ ਆਉਣ ਦੇ ਫੈਸਲੇ ''ਤੇ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ ਪਰ ਪੰਜ ਸਾਲਾਂ ਬਾਅਦ ਆਪਣੀ ਗਲਤੀ ਮਹਿਸੂਸ ਹੋਣ ''ਤੇ ਉਸ ਨੇ ਭਗੀਰਥੀ ਦੇਵੀ ਨਾਲ ਸਮਝੌਤਾ ਕਰ ਲਿਆ। ਸੰਨ 2000 ''ਚ ਭਗੀਰਥੀ ਦੇਵੀ ਪਹਿਲੀ ਵਾਰ ਭਾਜਪਾ ਦੀ ਟਿਕਟ ''ਤੇ ਚੋਣ ਲੜ ਕੇ ਵਿਧਾਨ ਸਭਾ ''ਚ ਪਹੁੰਚੀ ਸੀ ਤੇ ਹੁਣ ਚੌਥੀ ਵਾਰ ਚੋਣ ਲੜ ਰਹੀ ਹੈ।
ਇਸ ਦੇ ਉਲਟ ਬੇਗੂਸਰਾਏ ਤੋਂ ਕਾਂਗਰਸੀ ਉਮੀਦਵਾਰ ਅਮਿਤਾ ਭੂਸ਼ਣ ਪੇਸ਼ੇਵਰ ਫੈਸ਼ਨ ਡਿਜ਼ਾਈਨਰ ਹੈ। ਅਮਿਤਾ ਦਾ ਕਹਿਣਾ ਹੈ ਕਿ ਉਸ ਨੇ ਤਾਂ ਸਿਆਸਤ ''ਚ ਜਾਣ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਉਹ ਪਟਨਾ ''ਚ ''ਚੁਆਇਸ ਕਾਟੇਜ'' ਨਾਂ ਨਾਲ ਇਕ ਬੁਟੀਕ ਚਲਾ ਰਹੀ ਸੀ ਤੇ ਬਿਹਾਰ ਮਹਿਲਾ ਉਦਯੋਗ ਸੰਘ ਨਾਲ ਵੀ ਜੁੜੀ ਹੋਈ ਸੀ ਪਰ ਕਿਸਮਤ ਨੇ ਉਸ ਦੇ ਲਈ ਕੁਝ ਹੋਰ ਹੀ ਸੋਚਿਆ ਹੋਇਆ ਸੀ।
ਅਮਿਤਾ ਦੀ ਮਾਂ ਚੰਦਰਭਾਨੂ ਦੇਵੀ, ਜਿਨ੍ਹਾਂ ਦੀ 2008 ''ਚ ਮੌਤ ਹੋ ਗਈ, ਬੇਗੂਸਰਾਏ ਤੋਂ ਐੱਮ. ਪੀ. ਸੀ ਤੇ ਉਹ ਇਕ ਐੱਨ. ਜੀ. ਓ. ਵੀ ਚਲਾਉਂਦੀ ਸੀ। ਅਮਿਤਾ ਵੀ ਉਨ੍ਹਾਂ ਦੇ ਕੰਮ ''ਚ ਥੋੜ੍ਹਾ-ਬਹੁਤ ਹਿੱਸਾ ਲੈਂਦੀ ਸੀ। ਉਨ੍ਹੀਂ ਦਿਨੀਂ ਹੀ ਅਮਿਤਾ ਦੀ ਮੁਲਾਕਾਤ ਕਾਂਗਰਸ ਦੇ ਕਈ ਨੇਤਾਵਾਂ ਨਾਲ ਹੋਈ, ਜਿਨ੍ਹਾਂ ਨੇ ਉਸ ਨੂੰ ਪਾਰਟੀ ਦੀ ਮੈਂਬਰ ਬਣਨ ਲਈ ਪ੍ਰੇਰਿਤ ਕੀਤਾ ਅਤੇ ਇਸ ਤਰ੍ਹਾਂ ਉਹ ਸਿਆਸਤ ''ਚ ਆ ਗਈ।
ਸਮਸਤੀਪੁਰ ਤੋਂ ਭਾਜਪਾ ਉਮੀਦਵਾਰ ਰੇਣੂ ਕੁਮਾਰੀ ਕੁਸ਼ਵਾਹਾ ਖਗੜੀਆ ਦੇ ਇਕ ਕਾਲਜ ''ਚ ਫਿਲਾਸਫੀ ਦੀ ਲੈਕਚਰਾਰ ਹੈ। ਰੇਣੂ ਦਾ ਕਹਿਣਾ ਹੈ ਕਿ ਉਹ ਸ਼ੁਰੂ-ਸ਼ੁਰੂ ''ਚ ਜਨਤਕ ਸਭਾਵਾਂ ''ਚ ਭਾਸ਼ਣ ਦਿੰਦਿਆਂ ਘਬਰਾ ਜਾਂਦੀ ਸੀ ਪਰ ਸਰੋਤਿਆਂ ਤੋਂ ਮਿਲਣ ਵਾਲੀ ਤਾਰੀਫ ਨੇ ਉਸ ''ਚ ਆਤਮ-ਵਿਸ਼ਵਾਸ ਪੈਦਾ ਕਰ ਦਿੱਤਾ ਹੈ।
ਹੋਰ ਮਹਿਲਾ ਉਮੀਦਵਾਰਾਂ ''ਚੋਂ ਪੂਰਣੀਆ ਤੋਂ ਜਨਤਾ ਦਲ (ਯੂ) ਦੀ ਬੀਮਾ ਦੇਵੀ ਨੇ ਆਪਣਾ ਬਚਪਨ ਪਸ਼ੂ ਚਾਰਦਿਆਂ ਬਿਤਾਇਆ, ਜਦਕਿ ਧਮਦਾਹਾ ਤੋਂ ਜਨਤਾ ਦਲ (ਯੂ) ਦੀ ਹੀ ਲੇਸ਼ੀ ਸਿੰਘ ਆਪਣੇ ਪਤੀ ਬੂਟਨ ਸਿੰਘ ਦੀ ਹੱਤਿਆ ਤੋਂ ਬਾਅਦ ਸਿਆਸਤ ''ਚ ਆਈ ਹੈ। ਇਸੇ ਤਰ੍ਹਾਂ ਭਾਜਪਾ ਦੀ ਆਸ਼ਾ ਸਿਨ੍ਹਾ ਨੇ 2010 ''ਚ ਇਕ ਸਿਆਸੀ ਰੈਲੀ ਦੌਰਾਨ ਆਪਣੇ ਪਤੀ ਸਤਿਆ ਨਾਰਾਇਣ ਦੀ ਹੱਤਿਆ ਤੋਂ ਬਾਅਦ ਸਿਆਸਤ ''ਚ ਨਿੱਤਰਨ ਦਾ ਫੈਸਲਾ ਲਿਆ।
ਪਿਛਲੀਆਂ ਚੋਣਾਂ ''ਚ 34 ਔਰਤਾਂ ਵਿਧਾਨ ਸਭਾ ''ਚ ਪਹੁੰਚੀਆਂ ਸਨ। ਇਸ ਵਾਰ ਵੱਡੀਆਂ ਪਾਰਟੀਆਂ ਨੇ ਲੱਗਭਗ 50 ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ। ਹੁਣ ਦੇਖਣਾ ਇਹ ਹੈ ਕਿ ਇਨ੍ਹਾਂ ''ਚੋਂ ਕਿੰਨੀਆਂ ਔਰਤਾਂ ਵਿਧਾਨ ਸਭਾ ''ਚ ਪਹੁੰਚਦੀਆਂ ਹਨ। 
—ਵਿਜੇ ਕੁਮਾਰ


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Vijay Kumar Chopra

This news is Chief Editor Vijay Kumar Chopra