ਜੇਲਾਂ ’ਚ ਵਧ ਰਹੀ ‘ਕੋਰੋਨਾ’ ਇਨਫੈਕਸ਼ਨ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ

07/22/2020 3:30:23 AM

ਦੇਸ਼ ’ਚ ‘ਕੋਰੋਨਾ’ ਦੀ ਸਥਿਤੀ ਲਗਾਤਾਰ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਵਿਸ਼ਵ ਦੀ ਮੋਹਰੀ ਡਾਕਟਰੀ ਪੱਤ੍ਰਿਕਾ ‘ਲੈਂਸੇਟ’ ਦੀ ਨਵੀਂ ਰਿਪੋਰਟ ਦੇ ਅਨੁਸਾਰ ਭਾਰਤ ਦਾ 98 ਫੀਸਦੀ ਹਿੱਸਾ ‘ਕੋਰੋਨਾ’ ਵਾਇਰਸ ਦੀ ਲਪੇਟ ’ਚ ਆ ਚੁੱਕਾ ਹੈ।

ਨਵੀਆਂ ਖਬਰਾਂ ਦੇ ਅਨੁਸਾਰ ਭਾਰਤ ’ਚ ‘ਕੋਰੋਨਾ’ ਇਨਫੈਕਸ਼ਨ ਦੀ ਦਰ ਸਭ ਤੋਂ ਵੱਧ ਅਮਰੀਕਾ ਨਾਲੋਂ ਵੀ ਵੱਧ ਹੋ ਗਈ ਹੈ, ਜਿਸ ਦੇ ਪਿੱਛੇ ਲੋਕਾਂ ਵਲੋਂ ਲਾਕਡਾਊਨ ਦੀ ਸਮਾਪਤੀ ਦੀ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਦੇ ਬਾਅਦ ਵਰਤੀ ਜਾਣ ਵਾਲੀ ਲਾਪਰਵਾਹੀ ਅਤੇ ਸੁਰੱਖਿਆ ਨਿਯਮਾਂ ਦੀ ਅਣਦੇਖੀ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਹਾਲਾਂਕਿ ‘ਕੋਰੋਨਾ’ ਤੋਂ ਬਚਾਅ ਲਈ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਬਹੁਤ ਜ਼ਰੂਰੀ ਹੈ ਪਰ ਲੋਕਾਂ ਵਲੋਂ ਇਸਦੀ ਪਾਲਣਾ ਨਾ ਕਰਨ ਅਤੇ ਥਾਂ-ਥਾਂ ’ਤੇ ਭੀੜ ਇਕੱਠੀ ਕਰਨ ਨਾਲ ਜੋਖਮ ਵਧ ਗਿਆ ਹੈ। ਹੁਣ ਤਾਂ ਇਹ ਅਦ੍ਰਿਸ਼ ਦੁਸ਼ਮਣ ਜੇਲ ਦੀ ਚਾਰਦੀਵਾਰੀ ਦੇ ਅੰਦਰ ਵੀ ਪਹੁੰਚ ਗਿਆ ਹੈ, ਜਿਸਦੀਆਂ ਕੁਝ ਕੁ ਉਦਾਹਰਣਾਂ ਹੇਠਾਂ ਦਰਜ ਹਨ :

* ਦੱਖਣੀ ਕਸ਼ਮੀਰ ’ਚ ਸਥਿਤ ਅਨੰਤਨਾਗ ਜ਼ਿਲਾ ਜੇਲ ’ਚ ਰੱਖੇ ਗਏ ਲਗਭਗ 190 ਕੈਦੀਆਂ ’ਚੋਂ 86 ਕੈਦੀਆਂ ’ਚ ‘ਕੋਰੋਨਾ’ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।

* ਪੰਜਾਬ ਦੀਆਂ ਜੇਲਾਂ ’ਚ ‘ਰੈਂਡਮ ਟੈਸਟ’ ’ਚ 70 ਕੈਦੀ ਇਨਫੈਕਟਿਡ ਪਾਏ ਗਏ।

* ਮੱਧ ਪ੍ਰਦੇਸ਼ ’ਚ ਰਾਏਸੇਨ ਜ਼ਿਲੇ ਦੀ ‘ਬਰੇਲੀ’ ਸਥਿਤ ਜੇਲ ’ਚ ਇਕੱਠੇ 3 ਪਹਿਰੇਦਾਰਾਂ ਅਤੇ 67 ‘ਕੋਰੋਨਾ’ ਪਾਜ਼ੇਟਿਵ ਕੈਦੀਆਂ ਦਾ ਪਤਾ ਲੱਗਣ ’ਤੇ ਭੜਥੂ ਪੈ ਗਿਆ ਹੈ।

* ਬਿਹਾਰ ’ਚ ਭਾਗਲਪੁਰ ਕੇਂਦਰੀ ਜੇਲ ’ਚ ਕਈ ਕੈਦੀਆਂ ਦੀ ‘ਕੋਰੋਨਾ’ ਨਾਲ ਮੌਤ ਤੋਂ ਬਾਅਦ ‘ਸ਼ਹੀਦ ਜੂਬਾ ਸਹਿਨੀ ਕੇਂਦਰੀ ਜੇਲ’ ’ਚ ਵੀ ਪਹੁੰਚ ਗਿਆ ਹੈੈ ਅਤੇ ਉਥੇ ਇਕ ਹਫਤੇ ’ਚ 5 ਕੈਦੀਆਂ ਦੀ ਮੌਤ ਅਤੇ 4 ਹੋਰ ਇਨਫੈਕਟਿਡ ਪਾਏ ਜਾ ਚੁੱਕੇ ਹਨ।

* ਤਾਮਿਲਨਾਡੂ ਦੀ ਕਡਲੂਰ ਕੇਂਦਰੀ ਜੇਲ ’ਚ ਵੀ 18 ਕੈਦੀ ‘ਕੋਰੋਨਾ’ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ।

* ਛੱਤੀਸਗੜ੍ਹ ਦੀ ਬਿਲਾਸਪੁਰ ਜ਼ਿਲਾ ਜੇਲ ’ਚ ਬੰਦ ਉਮਰਕੈਦੀ ਦੇ ਇਲਾਵਾ ਸੈਲੂਨ ਦਾ ਕੰਮ ਕਰਨ ਵਾਲੇ 2 ਸਕੇ ਭਰਾਵਾਂ ਸਮੇਤ 8 ਨਵੇਂ ‘ਕੋਰੋਨਾ’ ਦੇ ਮਾਮਲੇ ਸਾਹਮਣੇ ਆਏ ਹਨ।

ਚੰਗਾ ਹੋਵੇਗਾ ਕਿ ਜੇਕਰ ਜੇਲਾਂ ’ਚ ਬੰਦ ਕੈਦੀਆਂ ਨੂੰ ਮਿਲਣ ਆਉਣ ਵਾਲੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੁਲਾਕਾਤ ਵੀਡੀਓ ਕਾਲਿੰਗ ਰਾਹੀਂ ਜਾਂ ਈ-ਪ੍ਰਿਜ਼ਨ ਸਾਫਟਵੇਅਰ ਰਾਹੀਂ ਈ-ਮੁਲਾਕਾਤ ਕਰਵਾਈ ਜਾਵੇ ਤਾਂ ਕਿ ਇਨਫੈਕਸ਼ਨ ਤੋਂ ਜਿੰਨਾ ਹੋ ਸਕੇ ਬਚਿਆ ਜਾ ਸਕੇ, ਜਿਵੇਂ ਕਿ ਪੰਜਾਬ ਸਰਕਾਰ ਕਰਨ ਦੀ ਯੋਜਨਾ ਬਣਾ ਰਹੀ ਹੈ।

ਜੇਕਰ ਜੇਲਾਂ ’ਚ ਵੀ ‘ਕੋਰੋਨਾ’ ਫੈਲਦਾ ਗਿਆ ਤਾਂ ਕੈਦੀਆਂ ਦੇ ਨਾਲ-ਨਾਲ ਉਥੇ ਤਾਇਨਾਤ ਸੁਰੱਖਿਆ ਕਰਮਚਾਰੀ ਅਤੇ ਅਧਿਕਾਰੀ ਵੀ ਇਸ ਮਹਾਮਾਰੀ ਨਾਲ ਇਨਫੈਕਟਿਡ ਹੋ ਜਾਣ ਦੇ ਕਾਰਨ ਉਨ੍ਹਾਂ ਦਾ ਇਲਾਜ ਕਰਵਾਉਣਾ ਹੀ ਮੁਸ਼ਕਲ ਹੋ ਜਾਵੇਗਾ, ਜਿਸ ਨਾਲ ਜੇਲਾਂ ’ਚ ਦੰਗੇ ਤਕ ਭੜਕਣ ਦਾ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਇਸ ਸਥਿਤੀ ਨੂੰ ਟਾਲਣ ਲਈ ਜੇਲਾਂ ’ਚ ਤੁਰੰਤ ਸਖਤ ਸੁਰੱਖਿਆ ਉਪਾਅ ਲਾਗੂ ਕਰਨੇ ਚਾਹੀਦੇ ਹਨ।

-ਵਿਜੇ ਕੁਮਾਰ

Bharat Thapa

This news is Content Editor Bharat Thapa