''ਆਵਾਰਾ ਕੁੱਤਿਆਂ'' ਦੀ ਲਗਾਤਾਰ ਵਧ ਰਹੀ ਸਮੱਸਿਆ

12/02/2015 4:36:23 AM

ਲੋਕਾਂ ਨੂੰ ਦਰਪੇਸ਼ ਹੋਰਨਾਂ ਸਮੱਸਿਆਵਾਂ ਵਾਂਗ ਵਰ੍ਹਿਆਂ ਤੋਂ ਚੱਲੀ ਆ ਰਹੀ ਆਵਾਰਾ ਕੁੱਤਿਆਂ ਦੀ ਸਮੱਸਿਆ ਵੱਲ ਵੀ ਸੂਬਾ ਸਰਕਾਰਾਂ ਕੋਈ ਧਿਆਨ ਨਹੀਂ ਦੇ ਰਹੀਆਂ। ਇਹ ਕੁੱਤੇ ਲੋਕਾਂ ਨੂੰ ਦਿਨ ਵੇਲੇ ਚੈਨ ਨਹੀਂ ਲੈਣ ਦਿੰਦੇ ਅਤੇ ਰਾਤ ਨੂੰ ਥੱਕੇ-ਹਾਰੇ ਲੋਕਾਂ ਦੇ ਆਰਾਮ ਕਰਨ ਸਮੇਂ ਭੌਂਕ-ਭੌਂਕ ਕੇ ਉਨ੍ਹਾਂ ਦੀ ਨੀਂਦ ਹਰਾਮ ਕਰ ਦਿੰਦੇ ਹਨ। ਹਰ ਗਲੀ-ਮੁਹੱਲੇ ''ਚ ਕੂੜੇ ਦੇ ਢੇਰ ਲੱਗੇ ਰਹਿਣ ਕਰਕੇ ਕੁੱਤੇ ਉਥੇ ਘੁੰਮਦੇ ਰਹਿੰਦੇ ਹਨ ਅਤੇ ਹਰੇਕ ਆਉਣ-ਜਾਣ ਵਾਲੇ ਦੇ ਪਿੱਛੇ ਭੱਜਦੇ ਹਨ। ਹੱਡਾ-ਰੋੜੀਆਂ ''ਤੇ ਰਹਿਣ ਵਾਲੇ ਅਤੇ ਪਾਗਲ ਕੁੱਤੇ ਜ਼ਿਆਦਾ ਖੂੰਖਾਰ ਅਤੇ ਖਤਰਨਾਕ ਹੁੰਦੇ ਹਨ।
ਭਾਰਤ ''ਚ ਆਵਾਰਾ ਕੁੱਤਿਆਂ ਦੀ ਗਿਣਤੀ 3 ਕਰੋੜ ਤੋਂ ਵੱਧ ਹੈ ਅਤੇ ਹਰ ਸਾਲ ਕੁੱਤਿਆਂ ਦੇ ਵੱਢਣ ਨਾਲ ਰੈਬੀਜ਼ ਕਾਰਨ 20,000 ਲੋਕ ਬੇਵਕਤੀ ਮੌਤ ਦਾ ਸ਼ਿਕਾਰ ਹੁੰਦੇ ਹਨ। ਦੇਸ਼ ਦਾ ਕੋਈ ਵੀ ਹਿੱਸਾ ਆਵਾਰਾ ਕੁੱਤਿਆਂ ਦੇ ਹੁੜਦੰਗ ਤੋਂ ਮੁਕਤ ਨਹੀਂ।
ਮੁੰਬਈ ''ਚ ਹਰ ਰੋਜ਼ 150 ਲੋਕ ਕੁੱਤਿਆਂ ਦੇ ਵੱਢਣ ਦਾ ਸ਼ਿਕਾਰ ਹੁੰਦੇ ਹਨ, ਜਦਕਿ ਦਿੱਲੀ ''ਚ ਵੀ ਸਥਿਤੀ ਲੱਗਭਗ ਅਜਿਹੀ ਹੀ ਹੈ ਤੇ ਉਥੇ ਵੀ ਕੁੱਤਿਆਂ ਦੇ ਵੱਢੇ ਸੈਂਕੜੇ ਲੋਕ ਹਰ ਰੋਜ਼ ਹਸਪਤਾਲਾਂ ''ਚ ਪਹੁੰਚਦੇ ਹਨ। ਇਨ੍ਹਾਂ ਵਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਹਨ, ਜਿਨ੍ਹਾਂ ''ਚੋਂ ਹਾਲ ਹੀ ਦੀਆਂ ਕੁਝ ਘਟਨਾਵਾਂ ਹੇਠ ਲਿਖੀਆਂ ਹਨ :
* 3 ਨਵੰਬਰ ਨੂੰ ਬਿਹਾਰ ਦੇ ਕਟਿਹਾਰ ''ਚ ਇਕ 7 ਸਾਲਾ ਬੱਚੇ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ।
* 9 ਨਵੰਬਰ ਨੂੰ ਝਾਰਖੰਡ ਦੇ ਪਤਰਾਤੂ ਦੀਆਂ 5 ਕਾਲੋਨੀਆਂ ''ਚ ਇਕ ਪਾਗਲ ਕੁੱਤੇ ਨੇ 40 ਵਿਅਕਤੀਆਂ ਨੂੰ ਵੱਢ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ''ਚੋਂ 10 ਨੂੰ ਰਿਮਸ (ਰਾਂਚੀ ਮੈਡੀਕਲ ਕਾਲਜ) ''ਚ ਇਲਾਜ ਲਈ ਦਾਖਲ ਕਰਵਾਉਣਾ ਪਿਆ।
* 13 ਨਵੰਬਰ ਨੂੰ ਖੰਨਾ ਨੇੜੇ ਪੈਂਦੇ ਪਿੰਡ ਬਖੌਰ ''ਚ ਕੁੱਤਿਆਂ ਦੇ ਇਕ ਝੁੰਡ ਨੇ ਹਮਲਾ ਕਰਕੇ ਇਕ 5 ਸਾਲਾ ਮਾਸੂਮ ਨੂੰ ਨੋਚ-ਨੋਚ ਕੇ ਮਾਰ ਦਿੱਤਾ।
* 16 ਨਵੰਬਰ ਨੂੰ ਪੰਚਕੂਲਾ ਦੇ ਸੈਕਟਰ-19 ''ਚ 2 ਔਰਤਾਂ ਨੂੰ ਸਵੇਰੇ-ਸਵੇਰੇ ਉਨ੍ਹਾਂ ਦੇ ਘਰ ਸਾਹਮਣੇ ਹੀ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾ ਲਿਆ।
* 20 ਨਵੰਬਰ ਨੂੰ ਕੋਟਦੁਆਰ ਦੇ ਪਿੰਡ ਝੰਡੀਚੌੜ ''ਚ ਕੁੱਤਿਆਂ ਨੇ 5 ਵਿਅਕਤੀਆਂ ਨੂੰ ਵੱਢ ਲਿਆ ਤੇ ਇਕ ਔਰਤ ਦੀ ਖੱਬੀ ਬਾਂਹ ਦਾ ਪੂਰਾ ਮਾਸ ਨੋਚ ਕੇ ਲੈ ਗਏ।
* 26 ਨਵੰਬਰ ਨੂੰ ਪਠਾਨਕੋਟ ''ਚ ਇਕ ਆਵਾਰਾ ਕੁੱਤੇ ਨੇ ਪੰਜ ਸਾਲ ਦੇ ਬੱਚੇ ਤੇ ਉਸ ਦੀ ਚਾਚੀ ਨੂੰ ਨੋਚ-ਨੋਚ ਕੇ ਲਹੂ-ਲੁਹਾਨ ਕਰ ਦਿੱਤਾ।
* 28, 29 ਤੇ 30 ਨਵੰਬਰ ਨੂੰ ਫਗਵਾੜਾ ਸਬ-ਡਵੀਜ਼ਨ ''ਚ ਆਵਾਰਾ ਕੁੱਤਿਆਂ ਨੇ 40 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ, ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ''ਚ ਦਾਖਲ ਕਰਵਾਇਆ ਗਿਆ। ਕਈ ਪੀੜਤਾਂ ਨੂੰ ਕੁੱਤੇ ਦੇ ਵੱਢਣ ''ਤੇ ਤੁਰੰਤ ਰਾਹਤ ਦੇਣ ਵਾਲੇ ਇਮਿਊਨੋਗਲੋਬਿਨ ਦੇ ਇੰਜੈਕਸ਼ਨ ਮੁਹੱਈਆ ਨਾ ਹੋਣ ਕਰਕੇ  ਭਾਰੀ ਪ੍ਰੇਸ਼ਾਨੀ ਹੋਈ। ਨਵੰਬਰ ''ਚ ਹੀ ਇਕੱਲੇ ਫਗਵਾੜਾ ''ਚ 36 ਵਿਅਕਤੀਆਂ ਨੂੰ ਕੁੱਤਿਆਂ ਨੇ ਵੱਢਿਆ।
* 29 ਨਵੰਬਰ ਨੂੰ ਰਾਜਸਥਾਨ ''ਚ ਉਦੈਪੁਰ ਨੇੜੇ ਭੀਂਡਰ ''ਚ ਇਕੋ ਰਾਤ ਨੂੰ ਆਵਾਰਾ ਕੁੱਤਿਆਂ ਨੇ 6 ਵਿਅਕਤੀਆਂ ਨੂੰ ਵੱਢਿਆ।
* 30 ਨਵੰਬਰ ਨੂੰ ਨੈਨੀਤਾਲ ਦੇ ਮਾਲ ਰੋਡ ''ਤੇ ਇਕ ਪਾਗਲ ਕੁੱਤੇ ਨੇ ਇਕ ਦਰਜਨ ਲੋਕਾਂ ਨੂੰ ਵੱਢਿਆ। ਇਸੇ ਦਿਨ ਯੂ. ਪੀ. ਦੇ ਸ਼ਾਮਲੀ ''ਚ 14 ਸਾਲਾ ਲੜਕੇ ਦੀ ਮੌਤ ਹੋ ਗਈ, ਜਿਸ ਨੂੰ ਇਕ ਮਹੀਨਾ ਪਹਿਲਾਂ ਕੁੱਤੇ ਨੇ ਵੱਢਿਆ ਸੀ।
* 30 ਨਵੰਬਰ ਨੂੰ ਹੀ ਸ਼ਿਮਲਾ ਦੇ ਆਈ. ਜੀ. ਐੱਮ. ਸੀ. ਹਸਪਤਾਲ ''ਚ ਸ਼ਾਮ 4 ਵਜੇ ਤਕ ਸਕੂਲ ਜਾ ਰਹੇ 5 ਬੱਚਿਆਂ ਸਮੇਤ ਕੁੱਤਿਆਂ ਦੇ ਵੱਢਣ ਦੇ 11 ਮਾਮਲੇ ਆਏ।
ਕੁੱਤਿਆਂ ਦੇ ਵੱਢਣ ਦੀਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਦੇਸ਼ ਦਾ ਕੋਈ ਵੀ ਕੋਨਾ ਇਨ੍ਹਾਂ ਦੇ ਹਮਲਿਆਂ ਤੋਂ ਬਚਿਆ ਨਹੀਂ ਹੈ। ਇਕ ਕੁੱਤੀ ਸਾਲ ''ਚ ਦੋ ਵਾਰ ਬੱਚੇ ਦਿੰਦੀ ਹੈ ਤੇ ਹਰ ਸਾਲ ਘੱਟੋ-ਘੱਟ 4-6 ਕੁੱਤਿਆਂ ਦਾ ਵਾਧਾ ਕਰ ਦਿੰਦੀ ਹੈ।
ਕੁੱਤਿਆਂ ਦੀ ਗਿਣਤੀ ਲਗਾਤਾਰ ਵਧਣ ਦੀ ਇਕ ਵਜ੍ਹਾ ਇਹ ਵੀ ਹੈ ਕਿ ''ਕਰੂਐਲਿਟੀ  ਅਗੇਂਸਟ ਐਨੀਮਲ'' ਨਿਯਮ ਦੇ ਤਹਿਤ ਇਨ੍ਹਾਂ ਨੂੰ ਮਾਰਨ ''ਤੇ ਦੇਸ਼ ਭਰ ''ਚ ਰੋਕ ਲੱਗੀ ਹੋਈ ਹੈ ਤੇ ਇਨ੍ਹਾਂ ਨੂੰ ਖੱਸੀ ਕਰਨ ਲਈ ਚਲਾਏ ਜਾਣ ਵਾਲੇ ਨਸਬੰਦੀ ਪ੍ਰੋਗਰਾਮ ''ਤੇ ਅਮਲ ਬੇਹੱਦ ਨਿਰਾਸ਼ਾਜਨਕ ਹੈ।
ਆਵਾਰਾ ਕੁੱਤਿਆਂ ਦੀ ਵਧਦੀ ਆਬਾਦੀ ''ਤੇ ਕਾਬੂ ਪਾਉਣ ਲਈ ਬਣਾਇਆ ਗਿਆ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਫਾਈਲਾਂ ''ਚ ਹੀ ਦਫਨ ਹੋ ਕੇ ਰਹਿ ਗਿਆ ਹੈ ਤੇ ਇਨ੍ਹਾਂ ਦੀ ਨਸਬੰਦੀ-ਨਲਬੰਦੀ ਦੀ ਮੁਹਿੰਮ ਠੰਡੇ ਬਸਤੇ ''ਚ ਪੈ ਗਈ ਹੈ।
ਸੁਪਰੀਮ ਕੋਰਟ ਨੇ 19 ਨਵੰਬਰ ਦੇ ਆਪਣੇ ਫੈਸਲੇ ''ਚ 90 ਸਾਲ ਪਹਿਲਾਂ ਆਵਾਰਾ ਕੁੱਤਿਆਂ ਦੇ ਸੰਬੰਧ ''ਚ ਮਹਾਤਮਾ ਗਾਂਧੀ ਦੇ ਲਿਖੇ ਇਕ ਲੇਖ ਦਾ ਹਵਾਲਾ ਦਿੱਤਾ, ਜਿਸ ''ਚ ਕਿਹਾ ਗਿਆ ਸੀ ਕਿ ''''ਜਿਸ ਕੁੱਤੇ ਦਾ ਮਾਲਕ ਨਹੀਂ ਹੈ, ਉਹ ਸਮਾਜ ਲਈ ਖਤਰਾ ਹੈ।''''
ਇਸ ਲਈ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਨੂੰ ਮੁੜ ਸੁਰਜੀਤ ਕਰਕੇ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਆਵਾਰਾ ਕੁੱਤਿਆਂ ਦੀ ਪਨਾਹਗਾਹ ਬਣਨ ਵਾਲੇ ਕੂੜੇ ਦੇ ਢੇਰਾਂ ਤੇ ਹੱਡਾ-ਰੋੜੀਆਂ ਨੂੰ ਵੀ ਉੱਚੀ ਚਾਰਦੀਵਾਰੀ ਨਾਲ ਘੇਰਨ, ਪੀੜਤਾਂ ਦੇ ਇਲਾਜ ਲਈ ਹਸਪਤਾਲਾਂ ''ਚ ਕਾਫੀ ਦਵਾਈਆਂ ਮੁਹੱਈਆ ਕਰਵਾਉਣ, ਆਵਾਰਾ ਕੁੱਤਿਆਂ ਨੂੰ ਬੰਦ ਕਰਕੇ ਰੱਖਣ ਲਈ ''ਕਾਂਜੀ ਹਾਊਸ'' ਬਣਾਉਣ ਦੀ ਤੁਰੰਤ ਲੋੜ ਹੈ।        
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra