ਜ਼ਹਿਰੀਲੀ ਵੇਲ ਵਾਂਗ ਫੈਲਦਾ ਹੀ ਜਾ ਰਿਹੈ ਭ੍ਰਿਸ਼ਟਾਚਾਰ ਰੂਪੀ ਘੁਣ

09/10/2017 4:35:38 AM

ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ, ਜਦੋਂ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਵਲੋਂ ਭ੍ਰਿਸ਼ਟਾਚਾਰ ਜਾਂ ਨਾਜਾਇਜ਼ ਜਾਇਦਾਦ ਬਣਾਉਣ ਦੀਆਂ ਖ਼ਬਰਾਂ ਨਾ ਆਉਂਦੀਆਂ ਹੋਣ। ਦੇਸ਼ ਵਿਚ ਦਹਾਕਿਆਂ ਤੋਂ ਵਧ ਰਹੇ ਭ੍ਰਿਸ਼ਟਾਚਾਰ ਦਾ ਹੀ ਸਿੱਟਾ ਹੈ ਕਿ ਭਾਰਤ ਏਸ਼ੀਆ ਦੇ ਸਭ ਤੋਂ ਵੱਧ ਭ੍ਰਿਸ਼ਟ ਦੇਸ਼ਾਂ 'ਚ ਟੌਪ 'ਤੇ ਪਹੁੰਚ ਗਿਆ ਹੈ। 
6 ਸਰਕਾਰੀ ਮਹਿਕਮਿਆਂ ਦੇ ਸਰਵੇਖਣ ਤੋਂ ਬਾਅਦ 'ਫੋਰਬਸ' ਵਲੋਂ ਸ਼ੇਅਰ ਕੀਤੀ ਗਈ ਸੂਚੀ ਵਿਚ ਭਾਰਤ ਪਹਿਲੇ ਨੰਬਰ 'ਤੇ ਹੈ। ਇਸ ਤੋਂ ਸਪੱਸ਼ਟ ਹੈ ਕਿ ਭਾਰਤ ਵਿਚ ਭ੍ਰਿਸ਼ਟਾਚਾਰ ਰੂਪੀ ਜ਼ਹਿਰੀਲੀ ਵੇਲ ਪਹਿਲਾਂ ਵਾਂਗ ਹੀ ਵਧ-ਫੁੱਲ ਰਹੀ ਹੈ, ਜਿਸ ਦੀਆਂ ਸਿਰਫ ਪਿਛਲੇ 15 ਦਿਨਾਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 26 ਅਗਸਤ ਨੂੰ ਕਸਬਾ ਕਾਹਨੂੰਵਾਨ ਵਿਚ ਇਕ ਕਿਸਾਨ ਤੋਂ 3000 ਰੁਪਏ ਰਿਸ਼ਵਤ ਲੈਂਦਿਆਂ ਪਟਵਾਰੀ ਗੁਰਦੀਪ ਸਿੰਘ ਫੜਿਆ ਗਿਆ।
* 27 ਅਗਸਤ ਨੂੰ ਹਰਿਦੁਆਰ ਦੇ ਹੋਟਲ ਵਿਚ ਛਾਪੇਮਾਰੀ ਦੌਰਾਨ ਫੜੇ ਗਏ ਸੈਕਸ ਰੈਕੇਟ ਵਿਚ ਵੱਡੀ ਕਾਰਵਾਈ ਕਰਦਿਆਂ ਐੱਸ. ਐੱਸ. ਪੀ. 'ਕ੍ਰਿਸ਼ਨ ਕੁਮਾਰ ਵੀ. ਕੇ.' ਨੇ 3 ਪ੍ਰੇਮੀ ਜੋੜਿਆਂ ਤੋਂ 40,000 ਰੁਪਏ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਛੱਡਣ ਦੇ ਦੋਸ਼ ਹੇਠ 2 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ।
* 29 ਅਗਸਤ ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਵਿਚ ਲੋਕ-ਆਯੁਕਤ ਪੁਲਸ ਨੇ ਇਕ ਰੋਜ਼ਗਾਰ ਸਹਾਇਕ 'ਰਾਜੇਸ਼ ਧਾਕੜ' ਨੂੰ ਕੁਟੀਰ ਆਵਾਸ (ਕਾਟੇਜ ਹਾਊਸਿੰਗ) ਦੀ ਕਿਸ਼ਤ ਜਾਰੀ ਕਰਨ ਬਦਲੇ ਸ਼ਿਕਾਇਤਕਰਤਾ ਤੋਂ 4000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 29 ਅਗਸਤ ਨੂੰ ਹੀ ਐੱਸ. ਬੀ. ਐੱਸ. ਨਗਰ 'ਚ ਐੱਸ. ਡੀ. ਐੱਮ. ਦਫਤਰ ਵਿਚ ਤਾਇਨਾਤ ਵਧੀਕ ਸਬ-ਡਵੀਜ਼ਨਲ ਸਹਾਇਕ ਸੁਖਵਿੰਦਰ ਸਿੰਘ ਤੇ ਨੰਬਰਦਾਰ ਸ਼ਿੰਗਾਰਾ ਰਾਮ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ 1 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ।
* 29 ਅਗਸਤ ਨੂੰ ਹੀ ਰਾਜਸਥਾਨ ਵਿਚ ਨਾਗੌਰ ਏ. ਸੀ. ਬੀ. ਨੇ 'ਨਗਰ ਪ੍ਰੀਸ਼ਦ ਮਕਰਾਨਾ' ਦੇ ਜੇ. ਈ. ਐੱਨ. ਦੀਪਕ ਤੇ ਦਲਾਲ ਗਿਰਧਾਰੀ ਸਿੰਘ ਨੂੰ ਇਕ ਠੇਕੇਦਾਰ ਦੇ 4 ਲੱਖ ਰੁਪਏ ਦੇ ਬਿੱਲ ਪਾਸ ਕਰਨ ਬਦਲੇ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਫੜਿਆ।
* 30 ਅਗਸਤ ਨੂੰ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਨੇ ਬਲਦੇਵ ਕ੍ਰਿਸ਼ਨ ਨਾਮੀ ਇਕ ਪਟਵਾਰੀ ਨੂੰ 2000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ।
* 30 ਅਗਸਤ ਨੂੰ ਹੀ ਸਟੇਟ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਪੁਣੇ ਦੇ 'ਸੁਸ' ਪਿੰਡ ਦੇ ਮਾਲੀਆ ਅਧਿਕਾਰੀ ਨੂੰ ਇਕ ਪ੍ਰਾਪਰਟੀ ਡਿਵੈੱਲਪਰ ਤੋਂ ਜਾਇਦਾਦ ਸੰਬੰਧੀ ਇਕ ਇੰਦਰਾਜ ਕਰਨ ਬਦਲੇ 4.5 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ।
* 04 ਸਤੰਬਰ ਨੂੰ ਵਿਜੀਲੈਂਸ ਬਿਊਰੋ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਖੁਰਾਕ ਸਪਲਾਈ ਮਹਿਕਮੇ ਦੇ ਸਹਾਇਕ ਖੁਰਾਕ ਸਪਲਾਈ ਅਫਸਰ ਖਮਾਣੋਂ ਬਲਰਾਜ ਸਿੰਘ ਅਤੇ ਇੰਸਪੈਕਟਰ ਮੁਕੇਸ਼ ਕੁਮਾਰ ਸ਼ੁਕਲਾ ਨੂੰ 4,000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 07 ਸਤੰਬਰ ਨੂੰ ਬਠਿੰਡਾ ਵਿਚ ਵਿਜੀਲੈਂਸ ਬਿਊਰੋ ਨੇ ਹੋਮਗਾਰਡ ਬਟਾਲੀਅਨ ਦੇ ਇਕ ਕਮਾਂਡੈਂਟ ਕੇਵਲ ਕ੍ਰਿਸ਼ਨ ਨੂੰ ਪੰਜਾਬ ਹੋਮਗਾਰਡਜ਼ ਦੇ ਇਕ ਵਾਲੰਟੀਅਰ ਪ੍ਰਿਤਪਾਲ ਸਿੰਘ ਤੋਂ 40,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ।
* 07 ਸਤੰਬਰ ਨੂੰ ਹੀ ਵਿਜੀਲੈਂਸ ਬਿਊਰੋ ਨੇ ਕੁੱਲੂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਐੱਸ. ਡੀ. ਓ. ਚੰਦਨ ਸਿੰਘ ਨੂੰ ਸ਼ਿਕਾਇਤਕਰਤਾ ਦੇ ਹੋਟਲ ਵਾਸਤੇ ਸਰਟੀਫਿਕੇਟ ਦੇਣ ਬਦਲੇ 1 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ।
* 07 ਸਤੰਬਰ ਨੂੰ ਹੀ ਵਿਜੀਲੈਂਸ ਬਿਊਰੋ ਨੇ ਬੀ. ਡੀ. ਪੀ. ਓ. ਬੰਗਾ ਰਮੇਸ਼ ਕੁਮਾਰ ਨੂੰ ਸ਼ਿਕਾਇਤਕਰਤਾ ਤੋਂ 40,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਕੇ ਉਸ ਤੋਂ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ। 
* 08 ਸਤੰਬਰ ਨੂੰ ਵਿਜੀਲੈਂਸ ਬਿਊਰੋ ਨੇ ਸੰਗਰੂਰ ਦੇ ਬਹਾਦੁਰਪੁਰ ਪਿੰਡ ਵਿਚ ਬੀ. ਡੀ. ਪੀ. ਓ. ਦਫਤਰ ਵਿਚ ਤਾਇਨਾਤ ਇਕ ਪੰਚਾਇਤ ਸਕੱਤਰ ਅਸ਼ੋਕ ਕੁਮਾਰ ਨੂੰ ਸ਼ਿਕਾਇਤਕਰਤਾ ਤੋਂ 70,000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 08 ਸਤੰਬਰ ਨੂੰ ਹੀ ਰਾਜਸਥਾਨ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਜੈਪੁਰ ਵਿਕਾਸ ਅਥਾਰਿਟੀ 'ਚ ਤਾਇਨਾਤ ਮੁਲਾਜ਼ਮ ਮੁਕੇਸ਼ ਮੀਣਾ ਦੀ ਰਿਹਾਇਸ਼ 'ਤੇ ਛਾਪਾ ਮਾਰ ਕੇ ਕਰੋੜਾਂ ਰੁਪਏ ਦੀ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਹਨ। ਵੱਖ-ਵੱਖ ਥਾਵਾਂ 'ਤੇ ਰਿਹਾਇਸ਼ੀ ਤੇ ਖੇਤੀਯੋਗ ਜ਼ਮੀਨ ਤੋਂ ਇਲਾਵਾ ਕਈ ਬੈਂਕਾਂ ਵਿਚ ਖਾਤਿਆਂ ਦੇ ਦਸਤਾਵੇਜ਼ ਜ਼ਬਤ ਕਰਨ ਮਗਰੋਂ ਬਿਊਰੋ ਨੇ ਉਸ ਵਿਰੁੱਧ ਆਮਦਨ ਦੇ ਜਾਣਕਾਰ ਸੋਮਿਆਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ।
ਵਿਜੀਲੈਂਸ ਬਿਊਰੋ ਦੇ ਸੂਤਰਾਂ ਮੁਤਾਬਿਕ ਇਕੱਲੇ ਅਗਸਤ ਮਹੀਨੇ ਵਿਚ ਹੀ ਬਿਊਰੋ ਨੇ ਪੰਜਾਬ 'ਚ ਮਾਲੀਆ ਵਿਭਾਗ ਦੇ 5, ਪੁਲਸ ਵਿਭਾਗ ਦੇ 4 ਅਤੇ ਹੋਰਨਾਂ ਵਿਭਾਗਾਂ ਦੇ 3 ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰਨ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਦੋਸ਼ ਹੇਠ 11 ਸ਼ਿਕਾਇਤਾਂ ਜਾਂਚ ਲਈ ਦਰਜ ਕੀਤੀਆਂ।
ਇਹ ਤ੍ਰਾਸਦੀ ਹੀ ਹੈ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਦੇਸ਼ ਭ੍ਰਿਸ਼ਟਾਚਾਰ ਦੀ ਲਾਹਨਤ ਤੋਂ ਮੁਕਤ ਨਹੀਂ ਹੋਇਆ ਹੈ ਤੇ ਭ੍ਰਿਸ਼ਟਾਚਾਰ ਤੋਂ ਰਹਿਤ ਸ਼ਾਸਨ ਦੇਣ ਦੇ ਮੋਦੀ ਸਰਕਾਰ ਦੇ ਵਾਅਦੇ ਅਜੇ ਤਕ ਪੂਰੇ ਨਹੀਂ ਹੋਏ, ਲਿਹਾਜ਼ਾ ਸਰਕਾਰ ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਤੁਰੰਤ ਪ੍ਰਭਾਵਸ਼ਾਲੀ ਤੇ ਕਠੋਰ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਦੇਸ਼ ਇਸ ਲਾਹਨਤ ਤੋਂ ਮੁਕਤ ਹੋ ਸਕੇ।                              
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra