ਪੁਲਸ ਸੁਰੱਖਿਆ ਲੈਣ ਲਈ ਆਗੂ ਤੇ ਵਪਾਰੀ ਕਰਵਾਉਂਦੇ ਲਾਰੈਂਸ ਬਿਸ਼ਨੋਈ ਕੋਲੋਂ ਧਮਕੀ ਦੇ ਫੋਨ

06/29/2023 5:30:35 AM

ਚੰਡੀਗੜ੍ਹ ਡੀ. ਏ. ਵੀ. ਕਾਲਜ ਦੇ ਵਿਦਿਆਰਥੀ ਰਹੇ ਲਾਰੈਂਸ ਬਿਸ਼ਨੋਈ ਨੇ ਕਾਲਜ ਦੀ ਚੋਣ ’ਚ ਸਖਤ ਹਾਰ ਦੇ ਬਾਅਦ ਪਿਸਤੌਲ ਕੱਢ ਲਈ ਸੀ ਅਤੇ ਬਾਅਦ ’ਚ ਆਪਣੇ ਚਚੇਰੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਅਪਰਾਧ ਦੀ ਦੁਨੀਆ ’ਚ ਕਦਮ ਰੱਖ ਲਿਆ।

ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮੁੱਖ ਦੋਸ਼ੀ ਬਿਸ਼ਨੋਈ ਅਪ੍ਰੈਲ ਤੋਂ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਹਿਰਾਸਤ ’ਚ ਹੈ ਅਤੇ ਫਿਲਹਾਲ ਬਠਿੰਡਾ ਦੀ ਜੇਲ ’ਚ ਬੰਦ ਹੈ। ਖਾਲਿਸਤਾਨੀ ਸੰਗਠਨਾਂ ਲਈ ਫੰਡਿੰਗ ਨਾਲ ਜੁੜੇ ਮਾਮਲੇ ’ਚ ਵੀ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਸ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਦੱਸਿਆ ਕਿ ਪੁਲਸ ਸੁਰੱਖਿਆ ਪ੍ਰਾਪਤ ਕਰਨ ਦੇ ਇੱਛੁਕ ਸਿਆਸੀ ਆਗੂ ਅਤੇ ਕਾਰੋਬਾਰੀ ਉਸ ਕੋਲੋਂ ‘ਧਮਕੀ ਭਰੀ ਕਾਲ’ ਕਰਵਾਉਣ ਦੇ ਬਦਲੇ ਉਸ ਨੂੰ ਪੈਸੇ ਦਿੰਦੇ ਤਾਂ ਕਿ ਉਸ ਦੇ ਆਧਾਰ ’ਤੇ ਉਨ੍ਹਾਂ ਨੂੰ ਪੁਲਸ ਸੁਰੱਖਿਆ ਮਿਲ ਜਾਵੇ।

ਉਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਸ਼ਰਾਬ ਡੀਲਰਾਂ, ਕਾਲ ਸੈਂਟਰ ਦੇ ਮਾਲਕਾਂ, ਦਵਾਈ ਸਪਲਾਇਰਾਂ ਅਤੇ ਰੀਅਲ ਅਸਟੇਟ ਕਾਰੋਬਾਰੀਆਂ ਤੋਂ ਹਰ ਮਹੀਨੇ 2.5 ਕਰੋੜ ਰੁਪਏ ਦੀ ਉਗਰਾਹੀ ਕਰਦਾ ਰਿਹਾ ਹੈ।

ਲਾਰੈਂਸ ਬਿਸ਼ਨੋਈ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ ਉਸ ਨੇ ਜੇਲ ਦੇ ਅੰਦਰ ਕਾਰੋਬਾਰੀ ਸਾਮਰਾਜ ਬਣਾਇਆ ਹੋਇਆ ਹੈ ਅਤੇ ਉਸ ਦੀ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਗੈਂਗਸਟਰਾਂ ਨਾਲ ਡੀਲ ਜਾਰੀ ਹੈ। ਕਿਸੇ ਵਿਰੋਧੀ ਨੂੰ ਖਤਮ ਕਰਵਾਉਣਾ ਹੋਵੇ ਤਾਂ ਆਪਸ ’ਚ ਸ਼ੂਟਰਾਂ ਅਤੇ ਹਥਿਆਰਾਂ ਨੂੰ ਵੀ ਸ਼ੇਅਰ ਕਰਦੇ ਹਨ।

ਲਾਰੈਂਸ ਬਿਸ਼ਨੋਈ ਦੇ ਉਕਤ ਭੇਤ ਭਰੇ ਇੰਕਸ਼ਾਫ ਤੋਂ ਸਪੱਸ਼ਟ ਹੈ ਕਿ ਅੱਜ ਅਪਰਾਧੀ ਗਿਰੋਹਾਂ ਦੀ ਦਹਿਸ਼ਤ ਇੰਨੀ ਵਧ ਚੁੱਕੀ ਹੈ ਕਿ ਉਨ੍ਹਾਂ ਦੀ ਧਮਕੀ ਲੋਕਾਂ ਨੂੰ ਪੁਲਸ ਸੁਰੱਖਿਆ ਤਕ ਦਿਵਾਉਣ ਦਾ ਜ਼ਰੀਆ ਬਣਦੀ ਜਾ ਰਹੀ ਹੈ ਜੋ ਇਕ ਨਵਾਂ ਭੇਤ ਭਰਿਆ ਇੰਕਸ਼ਾਫ ਹੈ।

- ਵਿਜੇ ਕੁਮਾਰ

Anmol Tagra

This news is Content Editor Anmol Tagra