ਆਪਣੇ ਬਜ਼ੁਰਗਾਂ ’ਤੇ ਅੱਤਿਆਚਾਰ ਕਰ ਕੇ ਉਨ੍ਹਾਂ ਨੂੰ ਮੌਤ ਦੇ ਮੂੰਹ ’ਚ ਧੱਕ ਰਹੀਆਂ ਕੁਝ ਕਲਯੁਗੀ ਔਲਾਦਾਂ

04/21/2023 3:52:12 AM

60-70 ਸਾਲ ਦੀ ਉਮਰ ਤੱਕ ਪੁੱਜਦੇ-ਪੁੱਜਦੇ ਕਈ ਲੋਕਾਂ ਦਾ ਸਰੀਰ ਅਤੇ ਯਾਦ ਸ਼ਕਤੀ ਕਮਜ਼ੋਰ ਹੋਣ ਲੱਗਦੀ ਹੈ ਅਤੇ ਉਨ੍ਹਾਂ ਦੀ ਕਾਰਜ ਸਮਰੱਥਾ ਪਹਿਲਾਂ ਵਰਗੀ ਨਹੀਂ ਰਹਿੰਦੀ ਅਤੇ ਉਨ੍ਹਾਂ ਨੂੰ ਪਹਿਲਾਂ ਦੀ ਤੁਲਨਾ ’ਚ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਅਤੇ ਸਹਾਰੇ ਦੀ ਲੋੜ ਮਹਿਸੂਸ ਹੋਣ ਲੱਗਦੀ ਹੈ।

ਅਜਿਹੇ ’ਚ ਔਲਾਦਾਂ ਵੱਲੋਂ ਆਪਣੇ ਮਾਤਾ-ਪਿਤਾ ਜਾਂ ਹੋਰ ਬਜ਼ੁਰਗਾਂ ਨਾਲ ਸਨੇਹ ਅਤੇ ਹਮਦਰਦੀ ਵਾਲਾ ਵਿਵਹਾਰ ਕਰਨ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਭਾਰਤ ’ਚ ਬਜ਼ੁਰਗਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੇ ਕਾਨੂੰਨਾਂ ਦੀ ਮੌਜੂਦਗੀ ਦੇ ਬਾਵਜੂਦ ਵੱਖ-ਵੱਖ ਕਾਰਨਾਂ ਕਰ ਕੇ ਵੱਡੀ ਗਿਣਤੀ ’ਚ ਬਜ਼ੁਰਗ ਆਪਣੀਆਂ ਹੀ ਔਲਾਦਾਂ ਦੀ ਅਣਦੇਖੀ ਅਤੇ ਉਨ੍ਹਾਂ ਦੇ ਹੱਥੋਂ ਸ਼ੋਸ਼ਣ ਦੇ ਸ਼ਿਕਾਰ ਹੋ ਰਹੇ ਹਨ।

ਇਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 10 ਜਨਵਰੀ ਨੂੰ ਇਕ ਬਜ਼ੁਰਗ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਸ ਦੇ ਪੁੱਤਰਾਂ ਨੇ ਜਿਨ੍ਹਾਂ ’ਚੋਂ ਇਕ ਲੈਕਚਰਾਰ ਹੈ, ਉਸ ਦੀ ਸਾਰੀ ਜਾਇਦਾਦ ਹੜੱਪਣ ਤੋਂ ਬਾਅਦ ਉਸ ਨੂੰ ਅਲਵਰ (ਰਾਜਸਥਾਨ) ਸਥਿਤ ਜੱਦੀ ਮਕਾਨ ’ਚੋਂ ਬਾਹਰ ਕਰ ਕੇ ਬੇਸਹਾਰਾ ਛੱਡ ਦਿੱਤਾ ਜਿਸ ਤੋਂ ਬਾਅਦ ਉਹ ਕਰੌਲੀ ’ਚ ਆ ਕੇ ਰਹਿਣ ਲਈ ਮਜਬੂਰ ਹੋ ਗਿਆ ਅਤੇ ਖਿਡੌਣੇ ਵੇਚ ਕੇ ਆਪਣਾ ਪੇਟ ਭਰ ਰਿਹਾ ਹੈ।

* 19 ਜਨਵਰੀ ਨੂੰ ਬਿਹਾਰ ਦੇ ਬੇਗੂਸਰਾਏ ਦੇ ‘ਏਜੜੀ’ ਪਿੰਡ ’ਚ ਰਹਿਣ ਵਾਲੀ ਇਕ 90 ਸਾਲਾ ਬਜ਼ੁਰਗ ਦੇ ਰਹਿਣ ਦੀ ਵਿਵਸਥਾ ਕਰਨ ਲਈ ਪਿੰਡ ਦੀ ਪੰਚਾਇਤ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ। ਬਜ਼ੁਰਗ ਦਾ ਇਕ ਬੇਟਾ ਦਾਰੋਗਾ ਅਤੇ ਦੂਜਾ ਪ੍ਰਾਈਵੇਟ ਕੰਪਨੀ ’ਚ ਚੰਗੀ ਪੋਸਟ ’ਤੇ ਹੈ ਪਰ ਦੋਵੇਂ ਹੀ ਉਸ ਨੂੰ ਪਿੰਡ ’ਚ ਬੇਸਹਾਰਾ ਛੱਡ ਕੇ ਆਪਣੇ-ਆਪਣੇ ਘਰਾਂ ਨੂੰ ਤਾਲਾ ਲਗਾ ਕੇ ਜਾ ਚੁੱਕੇ ਹਨ ਅਤੇ ਉਹ ਗੁਆਂਢੀਆਂ ਦੇ ਸਹਾਰੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗੁਜ਼ਾਰਨ ਨੂੰ ਮਜਬੂਰ ਹੈ।

* 31 ਜਨਵਰੀ ਨੂੰ ਇੰਦੌਰ (ਮੱਧ ਪ੍ਰਦੇਸ਼) ’ਚ ਪੁਲਸ ’ਚ ਗੋਪੀ ਯਾਦਵ ਨਾਮਕ ਇਕ 65 ਸਾਲਾ ਬਜ਼ੁਰਗ ਨੇ ਆਪਣੇ ਬੇਟੇ ਤੇ ਨੂੰਹ ਖਿਲਾਫ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਘਰੋਂ ਕੱਢ ਦੇਣ ਦੀ ਸ਼ਿਕਾਇਤ ਦਰਜ ਕਰਵਾਈ ਜਿਸ ’ਤੇ ਪੁਲਸ ਨੇ ਉਨ੍ਹਾਂ ਦੋਵਾਂ ਵਿਰੁੱਧ ‘ਸੀਨੀਅਰ ਸਿਟੀਜ਼ਨ ਐਕਟ’ ਤਹਿਤ ਕੇਸ ਦਰਜ ਕੀਤਾ।

* 23 ਫਰਵਰੀ ਨੂੰ ਰਾਏਪੁਰ (ਛੱਤੀਸਗੜ੍ਹ) ਦੇ ਰਾਜਿੰਦਰ ਨਗਰ ’ਚ ਗੀਤਾ ਸਲੂਜਾ ਨਾਮਕ ਬੀਮਾਰ ਬਜ਼ੁਰਗ ਮਹਿਲਾ ਨੇ ਆਪਣੇ ਕਲਯੁਗੀ ਬੇਟੇ ਅਤੇ ਨੂੰਹ ਵਿਰੁੱਧ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।

ਉਸ ਨੇ ਦੋਸ਼ ਲਾਇਆ ਕਿ ਬੇਟੇ ਅਤੇ ਨੂੰਹ ਨੇ ਉਸ ਨੂੰ ਬੰਧੀ ਬਣਾ ਕੇ ਲੱਤਾਂ ਤੇ ਮੁੱਕਿਆਂ ਨਾਲ ਕੁੱਟਮਾਰ ਕਰ ਕੇ ਚਾਕੂ ਦੀ ਨੋਕ ’ਤੇ ਸਾਢੇ 5 ਲੱਖ ਰੁਪਏ ਦੀ ਐੱਫ. ਡੀ. ਤੁੜਵਾ ਕੇ ਪੈਸੇ ਕੱਢ ਲਏ। ਪੀੜਤਾ ਨੇ ਆਪਣੇ ਬੇਟੇ ਅਤੇ ਨੂੰਹ ’ਤੇ ਫਰਜ਼ੀ ਇਕਰਾਰਨਾਮਾ ਬਣਾ ਕੇ ਉਸ ਦੇ ਮਕਾਨ ’ਤੇ ਕਬਜ਼ਾ ਕਰ ਲੈਣ ਦਾ ਦੋਸ਼ ਵੀ ਲਾਇਆ ਹੈ।

* 2 ਮਾਰਚ ਨੂੰ ਜਬਲਪੁਰ (ਮੱਧ ਪ੍ਰਦੇਸ਼) ਦੀ ‘ਰੱਦੀ ਚੌਕੀ’ ’ਚ ਰਹਿਣ ਵਾਲੀ ਇਕ ਬੀਮਾਰ ਬਜ਼ੁਰਗ ਮਹਿਲਾ ਨੂੰ ਹਸਪਤਾਲ ਤੋਂ ਡਿਸਚਾਰਜ ਕਰਨ ਤੋਂ ਬਾਅਦ ਜਦੋਂ ਉਸ ਦੀ ਬੇਟੀ ਨੇ ਘਰ ਲਿਜਾਣ ਤੋਂ ਨਾਂਹ ਕਰ ਦਿੱਤੀ ਤਾਂ 3 ਦਿਨ ਲਾਵਾਰਿਸ ਹਾਲਤ ’ਚ ਇਕ ਮੰਦਿਰ ’ਚ ਪਈ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ।

* 25 ਮਾਰਚ ਨੂੰ ਓਰੱਈਆ (ਉੱਤਰ ਪ੍ਰਦੇਸ਼) ਦੇ ‘ਦਿਬੀਆਪੁਰ’ ਵਾਸੀ ਮਹਿਲਾ ਨੇ ਆਪਣੇ ਪਤੀ ਦੇ ਨਾਲ ਐੱਸ. ਡੀ. ਐੱਮ. ਦੇ ਦਫਤਰ ’ਚ ਪੁੱਜ ਕੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਬੀਮਾਰ ਰਹਿੰਦੀ ਹੈ ਤੇ ਉਸ ਦੇ ਬੇਟੇ ਨੇ ਆਪਣੀ ਪਤਨੀ ਦੇ ਨਾਲ ਮਿਲ ਕੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਹੈ ਜਿਸ ’ਤੇ ਅਧਿਕਾਰੀ ਨੇ ਦੋਸ਼ੀ ਬੇਟੇ ਅਤੇ ਨੂੰਹ ਨੂੰ ਝਾੜ ਪਾਉਣ ਤੋਂ ਬਾਅਦ ਪੀੜਤ ਮਹਿਲਾ ਅਤੇ ਉਸ ਦੇ ਪਤੀ ਨੂੰ ਉਸ ਦੇ ਘਰ ’ਚ ਸ਼ਿਫਟ ਕਰ ਦਿੱਤਾ।

ਇਹ ਤਾਂ ਔਲਾਦਾਂ ਵੱਲੋਂ ਆਪਣੇ ਬਜ਼ੁਰਗਾਂ ਨਾਲ ਮਾੜੇ ਵਿਵਹਾਰ ਦੀਆਂ ਕੁਝ ਉਦਾਹਰਣਾਂ ਹਨ ਜਦਕਿ ਅਜਿਹੀਆਂ ਉਦਾਹਰਣਾਂ ਅਕਸਰ ਆਉਂਦੀਆਂ ਹੀ ਰਹਿੰਦੀਆਂ ਹਨ। ਬੀਤੇ ਸਾਲ ਰਾਜਗੜ੍ਹ (ਰਾਜਸਥਾਨ) ਦੀ ਇਕ ਬਜ਼ੁਰਗ ਨੇ ਪੁਲਸ ’ਚ ਆਪਣੇ ਬੇਟੇ ਅਤੇ ਨੂੰਹ ਵਿਰੁੱਧ ਦਰਜ ਸ਼ਿਕਾਇਤ ’ਚ ਕਿਹਾ ਸੀ ਕਿ ਸਵੇਰੇ-ਸਵੇਰੇ ਉਸ ਦਾ ਚਿਹਰਾ ਦੇਖ ਕੇ ਉਸ ਦੀ ਨੂੰਹ ਭੜਕ ਉੱਠਦੀ ਹੈ। ਉਸ ਨੇ ਆਪਣੀ ਨੂੰਹ ’ਤੇ ਉਸ ਨੂੰ ‘ਮਨਹੂਸ’ ਕਹਿਣ, ਝਾੜੂ ਨਾਲ ਕੁੱਟਣ ਅਤੇ ਰੱਸੀ ਨਾਲ ਬੰਨ੍ਹ ਕੇ ਪਟਕਣ ਦਾ ਦੋਸ਼ ਵੀ ਲਾਇਆ।

ਔਲਾਦਾਂ ਵੱਲੋਂ ਆਪਣੇ ਬਜ਼ੁਰਗਾਂ ਦੇ ਇਸ ਤਰ੍ਹਾਂ ਦੇ ਸ਼ੋਸ਼ਣ ਕਾਰਨ ਹੀ ਅਸੀਂ ਆਪਣੇ ਲੇਖਾਂ ’ਚ ਵਾਰ-ਵਾਰ ਲਿਖਦੇ ਰਹਿੰਦੇ ਹਾਂ ਕਿ ਮਾਤਾ-ਪਿਤਾ ਆਪਣੀ ਜਾਇਦਾਦ ਦੀ ਵਸੀਅਤ ਤਾਂ ਆਪਣੇ ਬੱਚਿਆਂ ਦੇ ਨਾਂ ਜ਼ਰੂਰ ਕਰ ਦੇਣ ਪਰ ਇਸ ਨੂੰ ਟ੍ਰਾਂਸਫਰ ਨਾ ਕਰਨ।

ਅਜਿਹਾ ਕਰ ਕੇ ਉਹ ਆਪਣੀ ਜ਼ਿੰਦਗੀ ਦੀ ਸ਼ਾਮ ’ਚ ਆਉਣ ਵਾਲੀਆਂ ਅਨੇਕਾਂ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ ਪਰ ਅਕਸਰ ਬਜ਼ੁਰਗ ਇਹ ਭੁੱਲ ਕਰ ਬੈਠਦੇ ਹਨ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਆਪਣੀ ਬਾਕੀ ਦੀ ਜ਼ਿੰਦਗੀ ’ਚ ਭੁਗਤਣਾ ਪੈਂਦਾ ਹੈ। 

-ਵਿਜੇ ਕੁਮਾਰ

Anmol Tagra

This news is Content Editor Anmol Tagra