ਸਮਾਰਟ ਫੋਨ ‘ਵਰਦਾਨ’ ਅਤੇ ‘ਸਰਾਪ’ ਵੀ ਰੋਟੀ ਮਿਲੇ ਨਾ ਮਿਲੇ, ਮੋਬਾਇਲ ਹੈ ਜ਼ਰੂਰੀ

09/26/2021 3:52:06 AM

ਸਮਾਰਟ ਫੋਨ ਨੂੰ ਇਸ ਸ਼ਤਾਬਦੀ ਦੀ ਸਭ ਤੋਂ ਵੱਡੀ ਖੋਜ ਕਿਹਾ ਜਾ ਸਕਦਾ ਹੈ। ਕੁਝ ਹੀ ਸਾਲਾਂ ’ਚ ਇਹ ਸਮਾਜ ਦੇ ਲਈ ਸਾਰੇ ਵਰਗਾਂ ਦੇ ਲੋਕਾਂ ਦੀ ਜ਼ਿੰਦਗੀ ਦਾ ਇਕ ਅਨਿੱਖੜਵਾਂ ਅੰਗ ਬਣ ਗਿਆ ਹੈ। ਅੱਜ ਇਹ ਵਿਸ਼ਵ ’ਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਯੰਤਰ ਹੈ, ਫੁੱਟਪਾਥ ’ਤੇ ਬੈਠੇ ਲੋਕਾਂ ਦੇ ਕੋਲ ਵੀ ਮੋਬਾਇਲ ਹਨ।

ਹਰੇਕ ਵਸਤੂ ’ਚ ਕੁਝ ਖਾਮੀਆਂ ਅਤੇ ਖੂਬੀਆਂ ਹੁੰਦੀਆਂ ਹਨ। ਇਸ ਦੀਆਂ ਖਾਮੀਆਂ ਦੀ ਗੱਲ ਕਰੀਏ ਤਾਂ ਲੋਕਾਂ, ਖਾਸ ਕਰ ਕੇ ਨਵੇਂ ਵਿਆਹੇ ਜੋੜਿਆਂ ਦੀ ਗ੍ਰਹਿਸਥੀ ਜ਼ਿੰਦਗੀ ’ਚ ਸਮੱਸਿਆਵਾਂ ਖੜ੍ਹੀਆਂ ਕਰਨ ’ਚ ਇਸ ਦਾ ਵੱਡਾ ਯੋਗਦਾਨ ਹੈ।

ਨਿੱਕੀ-ਨਿੱਕੀ ਗੱਲ ’ਤੇ ਧੀਆਂ ਆਪਣੀਆਂ ਮਾਤਾਵਾਂ ਨੂੰ ਫੋਨ ’ਤੇ ਆਪਣੇ ਪਤੀ ਜਾਂ ਸਹੁਰਿਆਂ ਦੀਆਂ ਸ਼ਿਕਾਇਤਾਂ ਕਰਨ ਲੱਗਦੀਆਂ ਹਨ ਜਿਸ ਨਾਲ ਕਈ ਵਾਰ ਮਾਤਾ-ਪਿਤਾ ਵੱਲੋਂ ਗਲਤ ਸਲਾਹ ਦੇਣ ਨਾਲ ਉਨ੍ਹਾਂ ਦੀ ਗ੍ਰਹਿਸਥੀ ਖਤਰੇ ’ਚ ਪੈ ਜਾਂਦੀ ਹੈ।

ਸਮਾਰਟ ਫੋਨ ਦੀ ਵਰਤੋਂ ਨਸ਼ੇ ਦੀ ਹੱਦ ਤੱਕ ਵਧ ਜਾਣ ਦੇ ਕਾਰਨ ਇਹ ਸੜਕ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਇਨ੍ਹਾਂ ’ਤੇ ਆਸਾਨੀ ਨਾਲ ਮੁਹੱਈਆ ਅਸ਼ਲੀਲ ਤਸਵੀਰਾਂ ਦੇਖ ਕੇ ਲੜਕੇ-ਲੜਕੀਆਂ ਦੇ ਚਰਿੱਤਰ ਵੀ ਭ੍ਰਿਸ਼ਟ ਹੋ ਰਹੇ ਹਨ।

ਇਹੀ ਨਹੀਂ ਕਈ ਔਰਤਾਂ ਆਪਣੇ ਛੋਟੇ ਬੱਚਿਆਂ ਨੂੰ ਪਰਚਾਉਣ ਦੇ ਲਈ ਉਨ੍ਹਾਂ ਨੂੰ ਮੋਬਾਇਲ ਫੋਨ ਫੜਾ ਦਿੰਦੀਆਂ ਹਨ ਅਤੇ ਬੱਚੇ ਕੁਝ ਸਿੱਖਣ ਦੀ ਬਜਾਏ ਉਨ੍ਹਾਂ ਨਾਲ ਖੇਡਣ ’ਚ ਸਮਾਂ ਨਸ਼ਟ ਕਰਦੇ ਹਨ। ਇਸੇ ਤਰ੍ਹਾਂ ਮੋਬਾਇਲ ’ਤੇ ਗੱਲ ਕਰਦੇ ਹੋਏ ਵਾਹਨ ਚਲਾਉਣ ਨਾਲ ਸੜਕ ਹਾਦਸੇ ਹੁੰਦੇ ਹਨ ਅਤੇ ਦਫਤਰਾਂ ਦੇ ਕਰਮਚਾਰੀ ਕੰਮ ਦੇ ਸਮੇਂ ਦੌਰਾਨ ਵੀ ਚੈਟਿੰਗ ਆਦਿ ਕਰਨ ’ਚ ਸਮਾਂ ਬਿਤਾਉਂਦੇ ਹਨ ਜਿਸ ਨਾਲ ਦਫਤਰ ਦੇ ਕੰਮ ਦਾ ਨੁਕਸਾਨ ਹੁੰਦਾ ਹੈ।

ਇਨ੍ਹਾਂ ਖਾਮੀਆਂ ਦੇ ਬਾਵਜੂਦ ਮੋਬਾਇਲ ਦੇ ਲਾਭ ਵੀ ਹਨ-ਜਿਵੇਂ ਐਮਰਜੈਂਸੀ ’ਚ ਡਾਕਟਰ ਅਤੇ ਪੁਲਸ ਨੂੰ ਸੱਦਣਾ, ਘਰ ਤੋਂ ਬਾਹਰ ਹੋਣ ’ਤੇ ਪਰਿਵਾਰ ਜਾਂ ਦਫਤਰ ਵਾਲਿਆਂ ਨਾਲ ਸੰਪਰਕ ਰੱਖਣਾ, ਕਿਸੇ ਨੂੰ ਤਤਕਾਲ ਮਹੱਤਵਪੂਰਨ ਸੰਦੇਸ਼ ਪਹੁੰਚਾਉਣਾ, ਕਿਸੇ ਹਾਦਸੇ ਦੀ ਤਸਵੀਰ ਖਿੱਚ ਕੇ ਸਬੂਤ ਸੰਭਾਲਣਾ ਆਦਿ। ਕੋਰੋਨਾ ਕਾਲ ’ਚ ਸਕੂਲ ਬੰਦ ਹੋਣ ਦੇ ਕਾਰਨ ਘਰ ਬੈਠੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਸਮਾਰਟ ਫੋਨ ਦੇ ਰਾਹੀਂ ਕਰਵਾਈ ਜਾ ਰਹੀ ਹੈ।

ਅੱਜ ਭਾਵੇਂ ਕਿਸੇ ਨੂੰ ਰੋਟੀ ਮਿਲੇ ਜਾਂ ਨਾ ਮਿਲੇ, ਉਸ ਦੇ ਲਈ ਮੋਬਾਇਲ ਫੋਨ ਇਕ ਲੋੜ ਬਣ ਗਿਆ ਹੈ, ਇਸ ਲਈ ਸਾਡੇ ਦੇਸ਼ ’ਚ ਜੁਲਾਈ ਮਹੀਨੇ ਦੇ ਦੌਰਾਨ ਹੀ ਮੋਬਾਇਲ ਫੋਨ ਖਪਤਕਾਰਾਂ ਦੀ ਿਗਣਤੀ 60 ਲੱਖ ਤੋਂ ਵਧ ਕੇ 118.68 ਕਰੋੜ ਹੋ ਗਈ ਜੋ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਦੇ ਅਨੁਸਾਰ 23 ਸਤੰਬਰ ਨੂੰ ਭਾਰਤ ਦੀ 1,396,605,602 ਆਬਾਦੀ ਨਾਲੋਂ ਕੁਝ ਹੀ ਘੱਟ ਹੈ।

ਇਸ ਲਈ ਲੋੜ ਇਸ ਗੱਲ ਦੀ ਹੈ ਕਿ ਲੋਕ ਮੋਬਾਇਲ ਫੋਨ ਦਾ ਲਾਭ ਤਾਂ ਜ਼ਰੂਰ ਉਠਾਉਣ ਪਰ ਇਸ ਦੀਆਂ ਹਾਨੀਆਂ ਤੋਂ ਖੁਦ ਨੂੰ ਬਚਾਉਣ ਅਤੇ ਨਾਲ ਹੀ ਮਾਤਾ-ਪਿਤਾ, ਅਧਿਆਪਕ ਅਤੇ ਹੋਰ ਸਾਰੇ ਲੋਕ ਆਪਣੇ ਬੱਚੇ-ਬੱਚੀ ਅਤੇ ਵਿਦਿਆਰਥੀਆਂ ਆਦਿ ਨੂੰ ਵੀ ਮੋਬਾਇਲ ਫੋਨ ਦੀ ਗਲਤ ਵਰਤੋਂ ਨਾਲ ਹੋਣ ਵਾਲੀਆਂ ਹਾਨੀਆਂ ਦੇ ਬਾਰੇ ’ਚ ਜਾਗਰੂਕ ਕਰਨ ਤਾਂ ਕਿ ਮੋਬਾਇਲ ਫੋਨ ਵਰਦਾਨ ਹੀ ਰਹੇ, ਸਰਾਪ ਨਾ ਬਣੇ।

-ਵਿਜੇ ਕੁਮਾਰ

Bharat Thapa

This news is Content Editor Bharat Thapa