ਸ਼੍ਰੀ ਸਿੱਧੀ ਵਿਨਾਇਕ ਮੰਦਰ (ਮੁੰ.) ਵਿਚ ''ਪ੍ਰਭੂ ਗੁਣਗਾਨ'' ਦੇ ਨਾਲ ''ਵਾਤਾਵਰਣ'' ਦੀ ਸੁਰੱਖਿਆ

10/27/2016 7:50:05 AM

ਮੁੰਬਈ ਦੇ ''ਪ੍ਰਭਾਦੇਵੀ'' ਇਲਾਕੇ ਵਿਚ ਸਥਿਤ ਸ਼੍ਰੀ ਸਿੱਧੀ ਵਿਨਾਇਕ ਮੰਦਰ ਗਣੇਸ਼ ਜੀ ਦੇ ਉਨ੍ਹਾਂ ਅਣਗਿਣਤ ਮੰਦਰਾਂ ਵਿਚੋਂ ਹੈ ਜਿਥੇ ਸਾਰੇ ਧਰਮਾਂ ਦੇ ਲੋਕ ਵਿਘਨ ਵਿਨਾਸ਼ਕ ਗਣੇਸ਼ ਜੀ ਦੇ ਦਰਸ਼ਨਾਂ ਅਤੇ ਪੂਜਾ-ਪਾਠ ਲਈ ਆਉੁਂਦੇ ਹਨ।
350 ਸਾਲ ਪੁਰਾਣੇ ਇਸ ਪੰਜ ਮੰਜ਼ਿਲਾ ਮੰਦਰ ਵਿਚ ਬੁੱਧਵਾਰ ਨੂੰ ਸ਼ਰਧਾਲੂਆਂ ਦੀ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਕਿ ਲਾਈਨ ਵਿਚ ਖੜ੍ਹੇ ਹੋ ਕੇ ਚਾਰ-ਪੰਜ ਘੰਟੇ ਉਡੀਕ ਕਰਨ ਤੋਂ ਬਾਅਦ ਹੀ ਦਰਸ਼ਨਾਂ ਲਈ ਵਾਰੀ ਆਉਂਦੀ ਹੈ।
ਧਰਮ ਪ੍ਰਚਾਰ ਤੋਂ ਇਲਾਵਾ ਸਮਾਜਿਕ ਸਰੋਕਾਰ ਨਾਲ ਜੁੜੀਆਂ ਸਰਗਰਮੀਆਂ ਲਈ ਵੀ ਪ੍ਰਸਿੱਧ ਇਸ ਮੰਦਰ ਨੂੰ ਵਾਤਾਵਰਣ ਦੀ ਸੁਰੱਖਿਆ ਵਿਚ ਅਹਿਮ ਯੋਗਦਾਨ ਦੇਣ ਲਈ ਹੁਣੇ-ਹੁਣੇ ''ਇੰਡੀਅਨ ਗ੍ਰੀਨ ਬਿਲਡਿੰਗ ਕੌਂਸਲ'' (ਆਈ. ਜੀ. ਬੀ. ਸੀ.) ਨੇ ਭਾਰਤ ਦੇ ਪਹਿਲੇ ''ਗ੍ਰੀਨ ਟੈਂਪਲ'' ਵਜੋਂ ਮਾਨਤਾ ਦੇ ਕੇ  ਸਨਮਾਨਿਤ ਕੀਤਾ ਹੈ।
ਮੰਦਰ ਟਰੱਸਟ ਦੇ ਪ੍ਰਧਾਨ ਨਰਿੰਦਰ ਰਾਣੇ ਅਨੁਸਾਰ, ''''ਮੰਦਰ ਕੰਪਲੈਕਸ ''ਤੇ ਪੈਣ ਵਾਲੀ ਧੁੱਪ ਦਾ ਸੌ ਫੀਸਦੀ ਇਸਤੇਮਾਲ ਕਰ ਕੇ ਊਰਜਾ ਪੈਦਾ ਕਰਨ ਲਈ ਆਈ. ਜੀ. ਬੀ. ਸੀ. ਨੇ ਮੰਦਰ ਨੂੰ ''ਪਲੈਟੀਨਮ ਐਵਾਰਡ'' ਦਿੱਤਾ ਹੈ।''''
''''ਭਾਰਤ ਵਿਚ ਵਾਤਾਵਰਣ ਦੀ ਸੁਰੱਖਿਆ ਤੇ ਸੰਭਾਲ ਲਈ ਪੁਰਸਕਾਰ ਹਾਸਲ ਕਰਨ ਵਾਲਾ ਇਹ ਪਹਿਲਾ ਮੰਦਰ ਹੈ। ਇਹ ਆਪਣੀਆਂ ਦੋ ਇਮਾਰਤਾਂ ਦੀਆਂ ਛੱਤਾਂ ''ਤੇ ਲਗਾਏ ਸੌਰ ਊਰਜਾ ਪੈਨਲਾਂ ਦੀ ਸਹਾਇਤਾ ਨਾਲ 20 ਕਿਲੋਵਾਟ ਬਿਜਲੀ ਪੈਦਾ ਕਰਦਾ ਹੈ, ਜੋ ਇਸ ਦੀ ਮਾਸਿਕ ਲੋੜ ਦੇ 30-40 ਫੀਸਦੀ ਦੇ ਲਗਭਗ ਹੈ।''''
ਇਹੋ ਨਹੀਂ, ਮੰਦਰ ਮੈਨੇਜਮੈਂਟ 3-3 ਹਜ਼ਾਰ ਵਰਗ ਫੁੱਟ ਵਾਲੀਆਂ ਦੋਹਾਂ ਇਮਾਰਤਾਂ ਦੀਆਂ ਛੱਤਾਂ ''ਤੇ ''ਰੇਨ ਹਾਰਵੈਸਟਿੰਗ ਸਿਸਟਮ'' ਚਲਾ ਕੇ ਵੱਡੀ ਮਾਤਰਾ ਵਿਚ ਮੀਂਹ ਦਾ ਪਾਣੀ ਇਕੱਠਾ ਕਰ ਕੇ ਉਸ ਨੂੰ ਮੰਦਰ ਦੇ ਹੋਰਨਾਂ ਕੰਮਾਂ ਲਈ ਇਸਤੇਮਾਲ ਕਰ ਰਹੀ ਹੈ।
ਮੰਦਰ ਦੇ ਪ੍ਰਬੰਧਕਾਂ ਨੇ ਸੀਵੇਜ ਦੇ ਪਾਣੀ (ਗੰਦੇ ਪਾਣੀ) ਨੂੰ ਸ਼ੁੱਧ ਕਰਨ ਲਈ ਵੀ ਪਲਾਂਟ ਲਗਾਇਆ ਹੋਇਆ ਹੈ ਅਤੇ ਇਸ ਤਰ੍ਹਾਂ 2500  ਲੀਟਰ ਸਾਫ ਕੀਤਾ ਹੋਇਆ ਪਾਣੀ ਮੰਦਰ ਦੇ ਪਖਾਨਿਆਂ ਵਿਚ ਅਤੇ ਹੋਰਨਾਂ ਥਾਵਾਂ ''ਤੇ ਇਸਤੇਮਾਲ ਕੀਤਾ ਜਾਂਦਾ ਹੈ।
ਇਹੋ ਨਹੀਂ, ਇਥੇ ਚੜ੍ਹਾਵੇ ਵਿਚ ਭਗਤਾਂ ਵਲੋਂ ਭੇਟ ਕੀਤੀ ਜਾਣ ਵਾਲੀ ਕੋਈ ਵੀ ਚੀਜ਼ ਬੇਕਾਰ ਨਹੀਂ ਜਾਣ ਦਿੱਤੀ ਜਾਂਦੀ। ਸ਼ਰਧਾਲੂਆਂ ਵਲੋਂ ਚੜ੍ਹਾਏ ਫੁੱਲਾਂ, ਹਾਰਾਂ ਤੇ ਨਾਰੀਅਲਾਂ ਨੂੰ ਵੱਖ-ਵੱਖ ਕਰ ਕੇ ਵੱਖ-ਵੱਖ ਕੰਮਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਨਾਰੀਅਲ ਦੀ ਗਿਰੀ ਨੂੰ ਪੀਸ ਕੇ ਮਿੱਠਾ ਪ੍ਰਸ਼ਾਦ ਬਣਾਇਆ ਜਾਂਦਾ ਹੈ ਅਤੇ ਇਸ ਦੇ ਖੋਲ ਤੇ ਹੋਰ ਕਚਰੇ ਨਾਲ ਖਾਦ ਬਣਾਈ ਜਾਂਦੀ ਹੈ। ਇਸੇ ਤਰ੍ਹਾਂ ਗੇਂਦੇ ਦੇ ਫੁੱਲਾਂ ਨਾਲ ਪ੍ਰਸ਼ਾਦ ਵਾਲੇ ਲੱਡੂਆਂ ਦਾ ਰੰਗ, ਤਿਲਕ ਤੇ ਸਿੰਧੂਰ ਤਿਆਰ ਕੀਤਾ ਜਾਂਦਾ ਹੈ। ਆਈ. ਜੀ. ਬੀ. ਸੀ. ਹੁਣ ਤਕ ਵਾਤਾਵਰਣ ਦੀ ਸੁਰੱਖਿਆ ਵਿਚ ਸ਼ਲਾਘਾਯੋਗ ਕੰਮ ਕਰਨ ਵਿਚ ਅਹਿਮ ਯੋਗਦਾਨ ਦੇਣ ਵਾਲੀਆਂ ਸਰਕਾਰੀ, ਕਮਰਸ਼ੀਅਲ ਤੇ ਰਿਹਾਇਸ਼ੀ ਇਮਾਰਤਾਂ ਨੂੰ ਹੀ ਚੁਣਦੀ ਸੀ ਪਰ ਪਹਿਲੀ ਵਾਰ ਵਾਤਾਵਰਣ ਦੀ ਸੁਰੱਖਿਆ ਦੇ ਖੇਤਰ ਵਿਚ ਮੰਦਰ ਦੇ ਕੰਮਾਂ ਅਤੇ ਕੁਝ ਸਮਾਂ ਪਹਿਲਾਂ ਇਸ ਵਲੋਂ ''ਜ਼ੀਰੋ ਗਾਰਬੇਜ'' (ਸਿਫਰ ਕੂੜਾ) ਟੀਚੇ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਇਸ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ।
ਇਸ ਤੋਂ ਪਹਿਲਾਂ ਸੌਰ ਊਰਜਾ ਦੀ ਵਰਤੋਂ ਤੇ ਕੂੜੇ ਦੀ ਮੈਨੇਜਮੈਂਟ ਤੋਂ ਇਲਾਵਾ ਕੁਦਰਤੀ ਢੰਗ ਨਾਲ ਸ਼ੁਧਤਾ ਨੂੰ ਧਿਆਨ ਵਿਚ ਰੱਖ ਕੇ ਲੱਡੂਆਂ ਦਾ ਪ੍ਰਸ਼ਾਦ ਬਣਾਉਣ ਲਈ ਆਈ. ਜੀ. ਬੀ. ਸੀ. ਤੋਂ ਇਲਾਵਾ ਭਾਰਤੀ ਖੁਰਾਕ ਸੁਰੱਖਿਆ ਅਤੇ ਸਟੈਂਡਰਡ ਅਥਾਰਟੀ ਵੀ ਇਸ ਮੰਦਰ ਦੀ ਮੈਨੇਜਮੈਂਟ ਨੂੰ ਸਰਵਉਚਤਾ ਸਰਟੀਫਿਕੇਟ ਦੇ ਚੁੱਕੀ ਹੈ।
ਕੁਝ ਸਮਾਂ ਪਹਿਲਾਂ ਅਥਾਰਟੀ ਨੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਸੱਦੀ ਸੀ, ਜਿਸ ਵਿਚ ਸਿੱਧੀ ਵਿਨਾਇਕ ਮੰਦਰ ਵਲੋਂ ਤਿਆਰ ਲੱਡੂਆਂ ਦੇ ਪ੍ਰਸ਼ਾਦ ਦੀ ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਨੂੰ ਵੀ ਅਜਿਹਾ ਹੀ ਕਰਨ ਦੀ ਸਲਾਹ ਦਿੱਤੀ ਸੀ।
ਵਾਤਾਵਰਣ ਦੀ ਸੁਰੱਖਿਆ ਤੇ ਸਫਾਈ ਦੇ ਉਚ ਪੈਮਾਨਿਆਂ ਦੀ ਪਾਲਣਾ, ਉਚ ਕੋਟੀ ਦਾ ਪ੍ਰਸ਼ਾਦ ਬਣਾਉਣ, ਵਿਕਰੀ ਤੇ ਵੰਡਣ ਦੀ ਜਿਹੋ ਜਿਹੀ ਵਿਵਸਥਾ ਇਸ ਮੰਦਰ ਵਿਚ ਹੈ, ਉਹੋ ਜਿਹੀ ਭਾਰਤ ਦੇ ਬਹੁਤ ਹੀ ਘੱਟ ਮੰਦਰਾਂ ਵਿਚ ਹੋਵੇਗੀ ਅਤੇ ਸ਼੍ਰੀ ਨਰਿੰਦਰ ਰਾਣੇ ਦਾ ਕਹਿਣਾ ਹੈ ਕਿ ''''ਅਸੀਂ ਚਾਹੁੰਦੇ ਹਾਂ ਕਿ ਵਾਤਾਵਰਣ ਦੀ ਸੰਭਾਲ ਲਈ ਅਸੀਂ ਮੰਦਰ ਵਿਚ ਜੋ ਕੁਝ ਕਰ ਰਹੇ ਹਾਂ, ਉਹੀ ਭਗਤ ਆਪਣੇ ਘਰਾਂ ਤੇ ਆਸ-ਪਾਸ ਦੇ ਇਲਾਕਿਆਂ ਵਿਚ ਵੀ ਕਰਨ।''''
ਇਸ ਮੰਦਰ ਨੇ ਸਮਾਜ ਵਿਚ ਜਾਗ੍ਰਿਤੀ ਲਿਆਉਣ, ਲੋੜਵੰਦਾਂ ਨੂੰ ਇਲਾਜ ਸਹੂਲਤਾਂ ਮੁਹੱਈਆ ਕਰਵਾਉੁਣ ਤੇ ਸਿੱਖਿਆ ਦੇ ਪਸਾਰ ਰਾਹੀਂ ਲੋਕਾਂ ਦੇ ਆਰਥਿਕ ਉੱਥਾਨ ਵਿਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਦੇ ਲਈ ਸਰਕਾਰ ਨੇ ਇਸ ਨੂੰ ਉਚ ਗੁਣਵੱਤਾ ਦਾ ਸਰਟੀਫਿਕੇਟ ਦਿੱਤਾ ਸੀ।
ਇਨ੍ਹਾਂ ਹੀ ਕਾਰਨਾਂ ਕਰਕੇ ਲੋਕਾਂ ਵਿਚ ਧਰਮ ਪ੍ਰਤੀ ਆਸਥਾ ਮਜ਼ਬੂਤ ਕਰਨ ਦੇ ਨਾਲ-ਨਾਲ ਵਾਤਾਵਰਣ ਦੀ ਸੁਰੱਖਿਆ, ਸਾਫ-ਸਫਾਈ, ਦੀਨ-ਦੁਖੀਆਂ ਦੀ ਸੇਵਾ ਵਰਗੇ ਕੰਮਾਂ ਲਈ ਇਹ ਮੰਦਰ ਇਕ ਪ੍ਰੇਰਣਾ ਦੇ ਰੂਪ ਵਿਚ ਉਭਰਿਆ ਹੈ।
ਕਿਉਂਕਿ ਧਾਰਮਿਕ ਸਥਾਨਾਂ ''ਚ ਵੱਖ-ਵੱਖ ਮੌਕਿਆਂ ''ਤੇ ਲੋਕ ਵੱਡੇ ਪੱਧਰ ''ਤੇ ਇਕੱਠੇ ਹੁੰਦੇ ਹਨ, ਇਸ ਲਈ ਧਰਮ ਪ੍ਰਚਾਰ ਦੇ ਨਾਲ-ਨਾਲ ਲੋਕਾਂ ਨੂੰ ਵਾਤਾਵਰਣ ਦੀ ਸੁਰੱਖਿਆ ਅਤੇ ਸਾਫ-ਸਫਾਈ ਆਦਿ ਲਈ ਪ੍ਰੇਰਿਤ ਕਰਨ ਵਾਸਤੇ ਵੀ ਧਾਰਮਿਕ ਸਥਾਨਾਂ ਦਾ ਅਸਰਦਾਰ ਢੰਗ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।              
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra