‘ਸ਼ੈਲਟਰ ਹੋਮਜ਼’ ਬਣ ਗਏ ‘ਸ਼ੋਸ਼ਣ ਹੋਮਜ਼’ ਕੀਤਾ ਜਾ ਰਿਹਾ ਲੋੜਵੰਦ ਔਰਤਾਂ ਨੂੰ ਤੰਗ

09/10/2023 3:52:06 AM

ਹਾਲਾਂਕਿ ਦੇਸ਼ ’ਚ ਸਰਕਾਰੀ ਅਤੇ ਗੈਰ-ਸਰਕਾਰੀ ਤੌਰ ’ਤੇ ਚਲਾਏ ਜਾ ਰਹੇ ਮਹਿਲਾ ਪਨਾਹਘਰਾਂ (ਸ਼ੈਲਟਰ ਹੋਮਜ਼) ਅਤੇ ਯਤੀਮਖਾਨਿਆਂ ਦੇ ਪ੍ਰਬੰਧਕਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉੱਥੇ ਲੋੜਵੰਦ, ਬੇਸਹਾਰਾ ਅਤੇ ਲਾਚਾਰ ਔਰਤਾਂ ਨੂੰ ਸੁਰੱਖਿਅਤ ਵਾਤਾਵਰਣ ’ਚ ਰੱਖਿਆ ਜਾਵੇਗਾ ਪਰ ਉੱਥੇ ਲਗਾਤਾਰ ਇਨ੍ਹਾਂ ਦਾ ਸ਼ੋਸ਼ਣ ਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

* 8 ਸਤੰਬਰ ਨੂੰ ਕੋਲਕਾਤਾ ’ਚ ਨੇਤਰਹੀਣਾਂ ਦੇ ਇਕ ਸਕੂਲ (ਬਲਾਈਂਡ ਸਕੂਲ) ਅਤੇ ਬਾਲਘਰ ’ਚ 3 ਨਾਬਾਲਿਗ ਕੁੜੀਆਂ ਨਾਲ ਜਬਰ-ਜ਼ਨਾਹ ਕੀਤੇ ਜਾਣ ਦੀ ਸ਼ਿਕਾਇਤ ਮਿਲਣ ’ਤੇ ਪੁਲਸ ਨੇ ਉਕਤ ਬਲਾਈਂਡ ਹੋਮ ਦੇ ਨਿਰਦੇਸ਼ਕ-ਪ੍ਰਿੰਸੀਪਲ ਜਬੇਸ਼ ਦੱਤਾ ਅਤੇ ਸਾਬਕਾ ਰਸੋਈਏ ਬਬਲੂ ਕੁੰਡੂ ਨੂੰ ਗ੍ਰਿਫਤਾਰ ਕਰ ਲਿਆ।

ਪੁਲਸ ਮੁਤਾਬਕ ਇਨ੍ਹਾਂ ’ਚੋਂ ਇਕ ਨੇਤਰਹੀਣ ਨਾਬਾਲਿਗਾ, ਜੋ ਹੁਣ 20 ਸਾਲ ਦੀ ਹੋ ਗਈ ਹੈ, ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ ਕਿ ਉਸ ਨਾਲ ਪਿਛਲੇ 10 ਸਾਲਾਂ ਤੋਂ ਜਬਰ-ਜ਼ਨਾਹ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹ ਗਰਭਵਤੀ ਤਕ ਹੋ ਗਈ ਸੀ ਅਤੇ ਉਸ ਦਾ ਖੁਫੀਆ ਢੰਗ ਨਾਲ ਜਬਰੀ ਗਰਭਪਾਤ ਕਰਵਾ ਦਿੱਤਾ ਗਿਆ।

ਪੀੜਤਾ ਨੇ ਦੋਸ਼ ਲਾਇਆ ਕਿ 1988 ਤੋਂ ਚੱਲ ਰਹੇ ਇਸ ਨਿੱਜੀ ਬਲਾਈਂਡ ਹੋਮ ’ਚ ਪਨਾਹ ਲੈ ਕੇ ਰਹਿ ਰਹੀਆਂ ਨਾਬਾਲਿਗਾਂ ਦਾ ਪਿਛਲੇ 13 ਸਾਲਾਂ ਤੋਂ ਸੈਕਸ ਸ਼ੋਸ਼ਣ ਕੀਤਾ ਜਾ ਰਿਹਾ ਸੀ।

* 24 ਜੂਨ ਨੂੰ ਹਿਸਾਰ ਪੁਲਸ ਨੇ ਇਕ 38 ਸਾਲਾ ਮਹਿਲਾ ਦੀ Bਸ਼ਿਕਾਇਤ ’ਤੇ ਬਰਵਾਲਾ ਦੇ ਇਕ ਅਨਾਥ ਤੇ ਬਿਰਧ ਆਸ਼ਰਮ ਦੇ ਮੁਖੀ ਸੋਹਨਾਨੰਦ ਉਰਫ ਸੋਹਨ ਉਰਫ ਸੋਨੂ ਵਿਰੁੱਧ ਉਸ ਨੂੰ ਨਸ਼ਾ ਮਿਲੀ ਕੋਲਡ ਡ੍ਰਿੰਕ ਪਿਆ ਕੇ ਉਸ ਨਾਲ ਜਬਰ-ਜ਼ਨਾਹ ਕਰ ਕੇ ਘਟਨਾ ਦੀ ਵੀਡੀਓ ਬਣਾਉਣ ਅਤੇ ਫਿਰ ਉਸ ਨੂੰ ਬਲੈਕਮੇਲ ਕਰਨ ਦੀ ਧਮਕੀ ਦੇਣ ਦੇ ਦੋਸ਼ ’ਚ ਕੇਸ ਦਰਜ ਕੀਤਾ।

* 21 ਜੂਨ ਨੂੰ ਵਿਸ਼ਾਖਾਪਟਨਮ ਸਥਿਤ ‘ਗਿਆਨਾਨੰਦ ਆਸ਼ਰਮ’ ਦੇ ਸੰਚਾਲਕ ਸਵਾਮੀ ਪੂਰਨਾਨੰਦ ਸਰਸਵਤੀ ਉਰਫ ਸਵਾਮੀ ਪ੍ਰੇਮਾਨੰਦ ਨੂੰ ਪੁਲਸ ਨੇ ਇਜਾਜ਼ਤ ਦੇ ਬਗੈਰ ਯਤੀਮਖਾਨਾ ਅਤੇ ਬਿਰਧ ਆਸ਼ਰਮ ਚਲਾਉਣ, ਉੱਥੇ ਰਹਿਣ ਵਾਲੀ ਇਕ 15 ਸਾਲਾ ਅਨਾਥ ਲੜਕੀ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਣ ਅਤੇ ਉਸ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

* 16 ਫਰਵਰੀ ਨੂੰ ਤਮਿਲਨਾਡੂ ਦੇ ਵਿੱਲੂਪੁਰਮ ਦੇ ਕੇਦਾਰਗਾਂਵ ’ਚ ‘ਅੰਬੂਜੋਥੀ ਆਸ਼ਰਮ’ ਨਾਂ ਦੇ ਸ਼ੈਲਟਰ ਹੋਮ ਦੇ ਸੰਚਾਲਕਾਂ ‘ਬੀ. ਜ਼ੁਬੀਨ’ ਅਤੇ ਉਸ ਦੀ ਪਤਨੀ ‘ਸੀ. ਮਾਰਿਆ’ ਨੂੰ, ਉਨ੍ਹਾਂ ਦੇ ਵਿਰੁੱਧ ਸ਼ੈਲਟਰ ਹੋਮ ’ਚ ਪਨਾਹ ਲੈ ਕੇ ਰਹਿ ਰਹੀਆਂ ਲੋੜਵੰਦ ਔਰਤਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ’ਚ ਕੇਸ ਦਰਜ ਕਰਨ ਪਿੱਛੋਂ ਸ਼ੈਲਟਰ ਹੋਮ ਦੇ ਵਾਰਡਨ ਅਤੇ ਕੰਪਿਊਟਰ ਆਪ੍ਰੇਟਰ ਆਦਿ ਨਾਲ ਗ੍ਰਿਫਤਾਰ ਕੀਤਾ ਗਿਆ।

ਇਨ੍ਹਾਂ ’ਤੇ ਮਨੁੱਖੀ ਸਮੱਗਲਿੰਗ, ਔਰਤਾਂ ਅਤੇ ਹੋਰ ਰਹਿਣ ਵਾਲਿਆਂ ਨੂੰ ਨਾਜਾਇਜ਼ ਤੌਰ ’ਤੇ ਕਬਜ਼ੇ ’ਚ ਰੱਖਣ ਅਤੇ ਉੱਥੇ ਰਹਿਣ ਵਾਲਿਆਂ ਨੂੰ ਟਾਰਚਰ ਕਰਨ ਦੇ ਇਲਾਵਾ ਉੱਥੇ ਰਹਿਣ ਵਾਲੀਆਂ ਔਰਤਾਂ ਨੂੰ ਨਸ਼ਾ ਦੇ ਕੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹਨ।

ਕੁਝ ਲੋਕਾਂ ਦਾ ਦੋਸ਼ ਹੈ ਕਿ ਇਸ ਸ਼ੈਲਟਰ ਹੋਮ ’ਚ ਰਹਿ ਰਹੀਆਂ ਆਪਣੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਔਰਤਾਂ ਨੂੰ ਸ਼ੈਲਟਰ ਹੋਮ ਦੇ ਕੰਪਲੈਕਸ ’ਚ ਰੱਖੇ ਹੋਏ ਬਾਂਦਰਾਂ ਨੂੰ ਦੁੱਧ ਪਿਆਉਣ ਤਕ ਦੇ ਲਈ ਮਜਬੂਰ ਕੀਤਾ ਜਾਂਦਾ ਸੀ।

ਇਸ ਸਬੰਧ ’ਚ ਸ਼ਿਕਾਇਤ ਮਿਲਣ ’ਤੇ ਇੱਥੇ ਪਨਾਹ ਲੈਣ ਵਾਲੀਆਂ ਕੁਝ ਔਰਤਾਂ ਨੂੰ ਦੂਜੇ ਸਰਕਾਰੀ ਸ਼ੈਲਟਰ ਹੋਮਜ਼ ’ਚ ਤਬਦੀਲ ਕੀਤਾ ਗਿਆ। ਇੱਥੇ ਰਹਿਣ ਵਾਲੀਆਂ ਔਰਤਾਂ ਦੇ ਗਾਇਬ ਹੋਣ ਦੀਆਂ ਵੀ ਖਬਰਾਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਤੰਗ-ਪ੍ਰੇਸ਼ਾਨ ਤੋਂ ਤੰਗ ਹੋ ਕੇ ਇੱਥੇ ਰਹਿਣ ਵਾਲੀਆਂ ਕੁਝ ਔਰਤਾਂ ਖਿੜਕੀਆਂ ਤੋੜ ਕੇ ਭੱਜ ਗਈਆਂ।

* 10 ਫਰਵਰੀ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ’ਚ ‘ਅਨੁਭੂਤੀ ਵਿਜ਼ਨ ਸੇਵਾ ਸੰਸਥਾਨ’ ਨਾਂ ਦੇ ਸ਼ੈਲਟਰ ਹੋਮ ’ਚ ਇਕ 17 ਸਾਲਾ ਮਾਨਸਿਕ ਤੌਰ ’ਤੇ ਕਮਜ਼ੋਰ ਅੱਲ੍ਹੜ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।

* 5 ਫਰਵਰੀ ਨੂੰ ਦਿੱਲੀ ’ਚ ਵਸੰਤ ਕੁੰਜ ਦੇ ਇਕ ਬਾਲਘਰ ਦੇ ਸਿਕਿਓਰਿਟੀ ਗਾਰਡ ਨੂੰ ਇਸ ’ਚ ਰਹਿਣ ਵਾਲੀ 16 ਸਾਲਾ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਪੀੜਤਾ ਨੇ ਪੇਟ ’ਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਤਾਂ ਡਾਕਟਰੀ ਜਾਂਚ ਕਰਵਾਉਣ ’ਤੇ ਉਸ ਦੇ ਗਰਭਵਤੀ ਹੋਣ ਦਾ ਪਤਾ ਲੱਗਾ।

ਸ਼ੈਲਟਰ ਹੋਮਜ਼ ’ਚ ਰਹਿਣ ਵਾਲੀਆਂ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਅਤੇ ਗਾਇਬ ਹੋਣ ਤੋਂ ਸਪੱਸ਼ਟ ਹੈ ਕਿ ਇਹ ਲੋਕਹਿੱਤਕਾਰੀ ਸੰਸਥਾਵਾਂ ਕਿਸ ਤਰ੍ਹਾਂ ਮਾੜੇ ਪ੍ਰਬੰਧਾਂ ਦਾ ਸ਼ਿਕਾਰ ਹਨ ਜੋ ਕੁੜੀਆਂ ਦੇ ਪਨਾਹ ਵਾਲੀ ਥਾਂ ਦੀ ਬਜਾਇ ਤੰਗ-ਪ੍ਰੇਸ਼ਾਨ ਕਰਨ ਵਾਲੀ ਥਾਂ ਸਿੱਧ ਹੋ ਰਹੀਆਂ ਹਨ।

ਇਸ ਸਥਿਤੀ ਨੂੰ ਦੇਸ਼ ਦੇ ਸਾਰੇ ਸ਼ੈਲਟਰ ਹੋਮਜ਼ ’ਚ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਅਤੇ ਇਨ੍ਹਾਂ ਦੇ ਲਗਾਤਾਰ ਨਿਰੀਖਣ ਤੇ ਸਟਾਫ ਦੀ ਜਵਾਬਦੇਹੀ ਤੈਅ ਕਰ ਕੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇ ਕੇ ਹੀ ਸੁਧਾਰਿਆ ਜਾ ਸਕਦਾ ਹੈ।

- ਵਿਜੇ ਕੁਮਾਰ

Anmol Tagra

This news is Content Editor Anmol Tagra