ਖੇਡ ਸੰਸਥਾਵਾਂ ਦੇ ‘ਕੋਚਾਂ ਦੁਆਰਾ’ ‘ਮਹਿਲਾ ਖਿਡਾਰੀਆਂ ਦਾ ਸੈਕਸ ਸ਼ੋਸ਼ਣ’

03/31/2021 2:59:44 AM

ਜਬਰ-ਜ਼ਨਾਹ ਅਤੇ ਸੈਕਸ ਸ਼ੋਸ਼ਣ ਦੀ ਬੁਰਾਈ ਸਮਾਜ ਦੇ ਹਰ ਖੇਤਰ ’ਚ ਫੈਲਦੀ ਜਾ ਰਹੀ ਹੈ। ਇੱਥੋਂ ਤੱਕ ਕਿ ਸਿੱਖਿਆ ਅਤੇ ਖੇਡ ਸੰਸਥਾਵਾਂ ’ਚ ਵੀ ਅਧਿਆਪਕਾਂ ਅਤੇ ਕੋਚਾਂ ਦੁਅਾਰਾ ਆਪਣੇ ਅਧੀਨ ਪੜ੍ਹਨ ਜਾਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਜਾਂ ਖਿਡਾਰਨਾਂ ਨਾਲ ਜਬਰ- ਜ਼ਨਾਹ, ਸੈਕਸ ਸ਼ੋਸ਼ਣ ਤੇ ਤੰਗ-ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਆਮ ਹੋ ਗਈਆਂ ਹਨ।

ਜਨਵਰੀ 2014 ’ਚ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਦੇ ਹਿਸਾਰ ਸਥਿਤ ਸਿਖਲਾਈ ਕੇਂਦਰ ’ਚ ਸਿਖਲਾਈ ਹਾਸਲ ਕਰਦੀਆਂ 5 ਨਾਬਾਲਗ ਵਿਦਿਆਰਥਣਾਂ ਨੇ ਆਪਣੇ ਕੋਚ ’ਤੇ ‘ਵਿਸ਼ਵ ਚੁੰਮਣ ਦਿਵਸ’ ਦੇ ਬਹਾਨੇ ਚੁੰਮਣ ਅਤੇ ਉਨ੍ਹਾਂ ਨੂੰ ਗਲਤ ਢੰਗ ਨਾਲ ਸਰੀਰ ਨੂੰ ਛੂਹਣ ਦਾ ਦੋਸ਼ ਲਗਾਇਆ ਸੀ ਅਤੇ ਜਾਂਚ ਦੇ ਬਾਅਦ ਅਧਿਕਾਰੀਆਂ ਨੇ ਉਕਤ ਲੜਕੀਆਂ ਦੀ ਸ਼ਿਕਾਇਤ ਨੂੰ ਸਹੀ ਪਾਇਆ ਸੀ।

ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਦੇ ਨਵੇਂ ਅਧਿਕਾਰਤ ਅੰਕੜਿਆਂ ਦੇ ਅਨੁਸਾਰ ਪਿਛਲੇ 10 ਸਾਲਾਂ ’ਚ ‘ਸਾਈ’ ’ਚ ਸੈਕਸ ਸ਼ੋਸ਼ਣ ਦੀਆਂ 45 ਸ਼ਿਕਾਇਤਾਂ ਦਿੱਤੀਆਂ ਗਈਆਂ ਜਿਨ੍ਹਾਂ ’ਚੋਂ 29 ਕੋਚਾਂ ਦੇ ਵਿਰੁੱਧ ਸਨ। ਖਿਡਾਰਨਾਂ ਦੇ ਸੈਕਸ ਸ਼ੋਸ਼ਣ ਅਤੇ ਤੰਗ-ਪ੍ਰੇਸ਼ਾਨ ਕਰਨ ਦੀਆਂ ਸਿਰਫ ਪਿਛਲੇ 4 ਮਹੀਨਿਆਂ ਦੀਅ ਾਂ ਉਦਾਹਰਣਾਂ ਹੇਠਾਂ ਦਰਜ ਹਨ :

* 10 ਦਸੰਬਰ, 2020 ਨੂੰ ਸੀ. ਆਰ. ਪੀ. ਐੱਫ. ਦੇ ਲਈ ਕੁਸ਼ਤੀ ਮੁਕਾਬਲਿਆਂ ’ਚ ਕਈ ਤਮਗੇ ਜਿੱਤ ਚੁੱਕੀ ਇਕ 30 ਸਾਲਾ ਮਹਿਲਾ ਕਾਂਸਟੇਬਲ ਨੇ ਆਪਣੇ ਕੁਸ਼ਤੀ ਕੋਚ ਅਤੇ ਮੁੱਖ ਖੇਡ ਅਧਿਕਾਰੀ ’ਤੇ ਉਸ ਦੇ ਸੈਕਸ ਸ਼ੋੋੋਸ਼ਣ ਅਤੇ ਜਬਰ-ਜ਼ਨਾਹ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦਿੱਲੀ ’ਚ 3 ਸਾਲ ਤੱਕ ਉਸ ਨਾਲ ਅਜਿਹਾ ਕੀਤਾ ਗਿਆ।

* 23 ਦਸੰਬਰ, 2020 ਨੂੰ ਹਰਿਆਣਾ ਦੀ ਇਕ 23 ਸਾਲਾ ਖਿਡਾਰਨ ਨੇ ਇਕ ਕਬੱਡੀ ਕੋਚ ’ਤੇ ਨੌਕਰੀ ਦਿਵਾਉਣ ਦੇ ਬਹਾਨੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ। ਕੋਚ ਦੇ ਵਿਰੁੱਧ ਗੁਰੂਗ੍ਰਾਮ ਸੈਕਟਰ 9-ਏ ਥਾਣੇ ’ਚ ਰਿਪੋਰਟ ਦਰਜ ਕਰਵਾਈ ਗਈ ਹੈ।

* 19 ਫਰਵਰੀ, 2021 ਨੂੰ ਗੁਰੂਗ੍ਰਾਮ ਦੀ ਇਕ ਸਪੋਰਟਸ ਅਕੈਡਮੀ ’ਚ ਕੰਮ ਕਰਨ ਵਾਲੇ ਕੋਚ ਦੇ ਵਿਰੁੱਧ ਇਕ ਮਹਿਲਾ ਨਾਲ ਦੋਸਤੀ ਤੋਂ ਬਾਅਦ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ 2 ਸਾਲ ਤੱਕ ਜਬਰ-ਜ਼ਨਾਹ ਕਰਨ, ਉਸ ਦਾ ਵੀਡੀਓ ਬਣਾਉਣ ਅਤੇ ਵਾਇਰਲ ਕਰਨ ਦੀ ਧਮਕੀ ਦੇਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 22 ਫਰਵਰੀ ਨੂੰ ਭੋਪਾਲ ਦੀ ਮਹਿਲਾ ਵੇਟ ਲਿਫਟਰ ਦੀ ਹੱਤਿਆ ਦੇ ਮਾਮਲੇ ’ਚ ਪੁਲਸ ਨੇ ਦੋਸ਼ੀ ਕੋਚ ਨੂੰ ਹਰਿਦੁਆਰ ਤੋਂ ਗ੍ਰਿਫਤਾਰ ਕੀਤਾ। ਕੋਚ ਨੇ ਇਹ ਹੱਤਿਆ ਲੜਕੀ ਵੱਲੋਂ ਉਸ ਦੇ ਵਿਰੁੱਧ ਜਬਰ-ਜ਼ਨਾਹ ਦੀ ਸ਼ਿਕਾਇਤ ਦਰਜ ਕਰਵਾਉਣ ਦੇ ਕਾਰਨ ਕੀਤੀ।

* 10 ਮਾਰਚ ਨੂੰ ਮੁੰਬਈ ’ਚ ਇਕ 30 ਸਾਲਾ ਬਾਕਸਿੰਗ ਕੋਚ ਨੂੰ ਇਕ 14 ਸਾਲਾ ਨਾਬਾਲਗ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਜਬਰ-ਜ਼ਨਾਹ ਪੀੜਤਾ ਦੇ ਅਨੁਸਾਰ ਕੋਚ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦਾ ਕਰੀਅਰ ਖਰਾਬ ਕਰ ਦੇਵੇਗਾ।

* ਅਤੇ ਹੁਣ 27 ਮਾਰਚ ਨੂੰ ਜੀਂਦ ਪੁਲਸ ਨੇ ਇਲਾਕੇ ਦੇ ਇਕ ਸਰਕਾਰੀ ਸਕੂਲ ਦੇ ਅਖਾੜੇ ’ਚ ਕੁਸ਼ਤੀ ਸਿੱਖਣ ਵਾਲੀ 14 ਸਾਲਾ ਵਿਦਿਆਰਥਣ ਦੇ ਨਾਲ ਉਸ ਦੇ ਕੋਚ ਵੱਲੋਂ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਕਿਸੇ ਨੂੰ ਦੱਸਣ ’ਤੇ ਬੁਰਾ ਅੰਜਾਮ ਭੁਗਤਨ ਦੀ ਚਿਤਾਵਨੀ ਦੇਣ ’ਤੇ ਮਹਿਲਾ ਥਾਣਾ ਪੁਲਸ ਨੇ ਵਿਦਿਆਰਥਣ ਦੇ ਪਿਤਾ ਦੀ ਸ਼ਿਕਾਇਤ ’ਤੇ ਕੋਚ ਦੇ ਵਿਰੁੱਧ ਜਬਰ-ਜ਼ਨਾਹ, ਪੋਕਸੋ ਕਾਨੂੰਨ ਤੇ ਐੱਸ. ਸੀ./ਐੱਸ. ਟੀ. ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ 28 ਮਾਰਚ ਨੂੰ ਮਾਮਲਾ ਦਰਜ ਕੀਤਾ ਹੈ।

ਅਧਿਕਾਰੀਆਂ ਦੇ ਅਨੁਸਾਰ ਆਮ ਤੌਰ ’ਤੇ ਕੋਚਾਂ ਆਦਿ ਵੱਲੋਂ ਆਪਣਾ ਕਰੀਅਰ ਖਰਾਬ ਕਰ ਦੇਣ ਦੇ ਡਰ ਤੋਂ ਔਰਤਾਂ ਆਪਣੀਆਂ ਸ਼ਿਕਾਇਤਾਂ ਵਾਪਸ ਲੈ ਲੈਂਦੀਆਂ ਹਨ ਜਾਂ ਬਿਆਨ ਬਦਲ ਦਿੰਦੀਆਂ ਹਨ ਜਿਸ ਨਾਲ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨੀ ਔਖੀ ਹੋ ਜਾਂਦੀ ਹੈ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਟੋਕੀਓ (ਜਾਪਾਨ) ’ਚ ਇਸ ਸਾਲ 23 ਜੁਲਾਈ ਤੋਂ 8 ਅਗਸਤ ਤੱਕ ਤਜਵੀਜ਼ਤ ਓਲੰਪਿਕ ਖੇਡਾਂ ਦੀ ਤਿਆਰੀ ’ਚ ਲੱਗੇ 64 ਖੇਡਾਂ ਦੇ ਕੋਚਾਂ ’ਚੋਂ ਸਿਰਫ 4 ਖੇਡਾਂ ਦੀਆਂ ਮਹਿਲਾ ਕੋਚ ਹਨ।

ਖਿਡਾਰਨਾਂ ਵੱਲੋਂ ਕੋਚਾਂ ਦੇ ਸੈਕਸ ਸ਼ੋਸ਼ਣ ਦਾ ਸ਼ਿਕਾਰ ਹੋਣ ਦੇ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਖੇਡ ਸੰਸਥਾਵਾਂ ’ਚ ਮਹਿਲਾਂ ਕੋਚਾਂ ਦੀ ਗਿਣਤੀ ਬਹੁਤ ਘੱਟ ਹੈ। ਲਿਹਾਜ਼ਾ ਜਿੱਥੇ ਖੇਡ ਸੰਸਥਾਵਾਂ ’ਚ ਸਾਰੇ ਪੱਧਰਾਂ ’ਤੇ ਮਹਿਲਾ ਕੋਚਾਂ ਦੀ ਗਿਣਤੀ ਵਧਾਉਣ ਦੀ ਲੋੜ ਹੈ ਤਾਂ ਕਿ ਮਹਿਲਾ ਖਿਡਾਰੀਆਂ ਦੀ ਮਰਦ ਕੋੋਚਾਂ ’ਤੇ ਨਿਰਭਰਤਾ ਕੁਝ ਘੱਟ ਕੀਤੀ ਜਾ ਸਕੇ, ਉੱਥੇ ਦੋਸ਼ੀ ਕੋਚਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਵੀ ਲੋੜ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।

-ਵਿਜੇ ਕੁਮਾਰ

Bharat Thapa

This news is Content Editor Bharat Thapa