ਦੁਨੀਆ ’ਤੇ ਸ਼ਨੀ ਦੀ ਸਾੜ੍ਹਸਤੀ ਦਾ ਪ੍ਰਕੋਪ ਜਾਰੀ, ਬਿਜਲੀ ਡਿੱਗਣ, ਭੂਚਾਲ, ਅੱਗ, ਕੋਰੋਨਾ ਆਦਿ ਨਾਲ ਮੌਤਾਂ

04/29/2021 3:20:43 AM

ਕੁਝ ਸਮੇਂ ਤੋਂ ਦੇਸ਼-ਵਿਦੇਸ਼ ਦੇ ਹਾਲਾਤ ਨੂੰ ਦੇਖਦੇ ਹੋਏ ਕਈ ਲੋਕਾਂ ਦਾ ਕਹਿਣਾ ਠੀਕ ਹੀ ਲੱਗਦਾ ਹੈ ਕਿ ਸ਼ਨੀਦੇਵ ਨਾਰਾਜ਼ ਹਨ ਅਤੇ ਦੁਨੀਆ ’ਤੇ ਸਾੜ੍ਹਸਤੀ ਆਈ ਹੋਈ ਹੈ ਜਿਸ ਦਾ ਜ਼ਿਕਰ ਅਸੀਂ ਪਹਿਲਾਂ ਵੀ ਆਪਣੇ ਸੰਪਾਦਕੀ ਲੇਖਾਂ ’ਚ ਕਰ ਚੁੱਕੇ ਹਾਂ।

‘ਸ਼ਨੀ ਦੀ ਇਸ ਸਾੜ੍ਹਸਤੀ’ ਕਾਰਨ ਸਮੁੱਚੀ ਦੁਨੀਆ ’ਚ ਲਗਾਤਾਰ ਜੰਗਲਾਂ, ਹਸਪਤਾਲਾਂ ਅਤੇ ਨਾਗਰਿਕ ਆਬਾਦੀ ’ਚ ਅੱਗ, ਭੂਚਾਲ, ਹੜ੍ਹ, ਆਸਮਾਨੀ ਬਿਜਲੀ ਆਦਿ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਤਾਂ ਪਹਿਲਾਂ ਵਾਂਗ ਹੀ ਹੋ ਰਿਹਾ ਹੈ, ਹੁਣ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਸੰਕਟ ਹੋਰ ਵੀ ਵਧਾ ਦਿੱਤਾ ਹੈ :

* 09 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਅਤੇ ਭਦੋਹੀ ਵਿਖੇ 3 ਥਾਵਾਂ ’ਤੇ ਆਸਮਾਨੀ ਬਿਜਲੀ ਡਿੱਗਣ ਨਾਲ 2 ਬੱਚਿਆਂ ਅਤੇ ਇਕ ਔਰਤ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਰੂਪ ’ਚ ਝੁਲਸ ਗਏ।

* 13 ਅਪ੍ਰੈਲ ਨੂੰ ਉੱਤਰਾਖੰਡ ਦੀਆਂ ਵੱਖ-ਵੱਖ ਥਾਵਾਂ ’ਤੇ ਲਗਭਗ 133 ਹੈਕਟੇਅਰ ਖੇਤਰ ’ਚ ਫੈਲੇ ਜੰਗਲਾਂ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਪੁੱਜਾ।

* 16 ਅਪ੍ਰੈਲ ਨੂੰ ਹਰਿਆਣਾ ਦੇ ਬੇਰੀ ਖੇਤਰ ਦੇ ਡੀਘਲ ਪਿੰਡ ’ਚ ਆਸਮਾਨੀ ਬਿਜਲੀ ਡਿੱਗਣ ਨਾਲ ਇਕ ਵਿਅਕਤੀ ਦੀ ਜਾਨ ਚਲੀ ਗਈ।

* 17 ਅਪ੍ਰੈਲ ਨੂੰ ਛੱਤੀਸਗੜ੍ਹ ਕੇ ਰਾਏਪੁਰ ਵਿਖੇ ਇਕ ਪ੍ਰਾਈਵੇਟ ਹਸਪਤਾਲ ਦੇ ਆਈ. ਸੀ. ਯੂ. ’ਚ ਅੱਗ ਲੱਗਣ ਨਾਲ 5 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ।

* 20 ਅਪ੍ਰੈਲ ਨੂੰ ਦਿੱਲੀ ਤੋਂ ਹਿਜਰਤ ਕਰ ਕੇ ਮੱਧ ਪ੍ਰਦੇਸ਼ ’ਚ ਆਪਣੇ ਘਰ ਟੀਕਮਗੜ੍ਹ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਬੱਸ ਗਵਾਲੀਅਰ ਨੇੜੇ ਉਲਟ ਗਈ ਜਿਸ ਕਾਰਨ 2 ਪ੍ਰਵਾਸੀ ਮਜ਼ਦੂਰ ਮਾਰੇ ਗਏ ਅਤੇ 8 ਜ਼ਖਮੀ ਹੋ ਗਏ।

* 21 ਅਪ੍ਰੈਲ ਨੂੰ ਨਾਸਿਕ ਦੇ ਹਸਪਤਾਲ ’ਚ ਆਕਸੀਜਨ ਟੈਂਕ ਲੀਕ ਹੋ ਜਾਣ ਕਾਰਨ ਆਕਸੀਜਨ ਸਪਲਾਈ ਰੁਕ ਗਈ ਜਿਸ ਕਾਰਨ 24 ਮਰੀਜ਼ਾਂ ਦੀ ਮੌਤ ਹੋ ਗਈ।

* 21 ਅਪ੍ਰੈਲ ਨੂੰ ਹੀ ਹਿਮਾਚਲ ਦੇ ‘ਡੋਡਰਾਕਵਾਰ’ ਉਪ-ਮੰਡਲ ਦੇ ਝਾਲਟਾ ਗਿਲਟਾੜੀ ਦੇ ਕਾਸ਼ਲਾ ਜੰਗਲ ’ਚ ਬਿਜਲੀ ਡਿੱਗਣ ਨਾਲ 3 ਦਰਜਨ ਭੇਡ-ਬੱਕਰੀਆਂ ਦੀ ਮੌਤ ਹੋ ਗਈ।

* 22 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲੇ ਦੇ ‘ਤਕੀਆ’ ਪਿੰਡ ’ਚ ਆਸਮਾਨੀ ਬਿਜਲੀ ਡਿੱਗਣ ਨਾਲ ਖੇਤਾਂ ’ਚ ਕੰਮ ਕਰ ਰਹੇ ਇਕ ਕਿਸਾਨ ਦੀ ਮੌਤ ਹੋ ਗਈ।

* 23 ਅਪ੍ਰੈਲ ਨੂੰ ਲੀਬੀਆ ਦੇ ਕੰਢੇ ਨੇੜੇ ਭੂਮੱਧ ਸਾਗਰ ’ਚ ਇਕ ਜਹਾਜ਼ ਦੇ ਡੁੱਬ ਜਾਣ ਕਾਰਨ ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ 130 ਤੋਂ ਵੱਧ ਪ੍ਰਵਾਸੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

* 23 ਅਪ੍ਰੈਲ ਨੂੰ ਚੀਨ ’ਚ ਸ਼ੰਘਾਈ ਦੀ ਇਕ ਇਲੈਕਟ੍ਰਾਨਿਕਸ ਫੈਕਟਰੀ ’ਚ ਹੋਏ ਭਿਆਨਕ ਅਗਨੀਕਾਂਡ ’ਚ 8 ਵਿਅਕਤੀ ਮਾਰੇ ਗਏ।

* 23 ਅਪ੍ਰੈਲ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਦੇ ਦਾਨਾਪੁਰ ਇਲਾਕੇ ’ਚ ਜੀਪ ਦੇ ਨਦੀ ’ਚ ਡਿੱਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ।

* 23 ਅਪ੍ਰੈਲ ਨੂੰ ਹਿਮਾਚਲ ’ਚ ਬੈਜਨਾਥ ਉਪ-ਮੰਡਲ ਦੇ ‘ਢਗ’ ਨਾਮੀ ਥਾਂ ’ਤੇ ਭਾਰੀ ਬਰਫਬਾਰੀ ਕਾਰਨ 400 ਭੇਡ-ਬੱਕਰੀਆਂ ਦੀ ਦੱਬੇ ਜਾਣ ਨਾਲ ਮੌਤ ਹੋ ਗਈ।

* 23 ਅਪ੍ਰੈਲ ਨੂੰ ਉੱਤਰਾਖੰਡ ਦੇ ਚਮੋਲੀ ਜ਼ਿਲੇ ਨਾਲ ਲੱਗਣ ਵਾਲੀ ਭਾਰਤ-ਤਿੱਬਤ ਸਰਹੱਦੀ ਖੇਤਰ ’ਚ 15 ਮਜ਼ਦੂਰਾਂ ਦੀ ਬਰਫ ਦੇ ਤੋਦਿਆਂ ਹੇਠ ਦੱਬੇ ਜਾਣ ਨਾਲ ਮੌਤ ਹੋ ਗਈ।

* 23 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਵਿਰਾਰ ਵਿਖੇ ਸਵੇਰ ਦੇ ਸਮੇਂ ਇਕ ਪ੍ਰਾਈਵੇਟ ਹਸਪਤਾਲ ਦੇ ਆਈ. ਸੀ. ਯੂ. ’ਚ ਅੱਗ ਲੱਗਣ ਕਾਰਨ ਕੋਰੋਨਾ ਪੀੜਤ 13 ਮਰੀਜ਼ਾਂ ਦੀ ਜਾਨ ਚਲੀ ਗਈ।

* 24 ਅਪ੍ਰੈਲ ਨੂੰ ਜ਼ਿੰਬਾਬਵੇ ਹਵਾਈ ਫੌਜ ਦਾ ਇਕ ਹੈਲੀਕਾਪਟਰ ਰਾਜਧਾਨੀ ਹਰਾਰੇ ਤੋਂ 30 ਕਿਲੋਮੀਟਰ ਦੂਰ ਹਾਦਸੇ ਦਾ ਸ਼ਿਕਾਰ ਹੋ ਕੇ ਇਕ ਮਕਾਨ ਉਪਰ ਜਾ ਡਿੱਗਾ ਜਿਸ ਕਾਰਨ ਚਾਲਕ ਦਲ ਦੇ 3 ਮੈਂਬਰ ਅਤੇ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ।

* 24 ਅਪ੍ਰੈਲ ਨੂੰ ਬਾਲੀ ਟਾਪੂ ਨੇੜੇ ਸਮੁੰਦਰ ਦੀ ਡੂੰਘਾਈ ’ਚੋਂ ਬਰਾਮਦ ਹੋਈ ਇੰਡੋਨੇਸ਼ੀਆ ਦੀ ਲਾਪਤਾ ਪਣਡੁੱਬੀ ਦੇ ਸਭ 53 ਸਮੁੰਦਰੀ ਫੌਜੀ ਮ੍ਰਿਤਕ ਮਿਲੇ।

* 25 ਅਪ੍ਰੈਲ ਨੂੰ ਇਰਾਕ ਦੀ ਰਾਜਧਾਨੀ ਬਗਦਾਦ ਦੇ ਇਕ ਹਸਪਤਾਲ ’ਚ ਆਕਸੀਜਨ ਸਿਲੰਡਰ ਫਟਣ ਨਾਲ ਅੱਗ ਲੱਗਣ ਕਾਰਨ ਉੱਥੇ ਇਲਾਜ ਅਧੀਨ 82 ਕੋਰੋੋਨਾ ਪੀੜਤਾਂ ਦੀ ਮੌਤ ਹੋ ਗਈ ਅਤੇ 110 ਹੋਰ ਜ਼ਖਮੀ ਹੋ ਗਏ।

* 26 ਅਪ੍ਰੈਲ ਨੂੰ ਲੇਹ-ਲੱਦਾਖ ਦੇ ਸਿਆਚਿਨ ਖੇਤਰ ’ਚ ਬਰਫ ਦੇ ਤੋਦੇ ਡਿੱਗਣ ਨਾਲ ਪੰਜਾਬ ਦੇ 2 ਜਵਾਨ ਦੱਬੇ ਜਾਣ ਨਾਲ ਸ਼ਹੀਦ ਹੋ ਗਏ।

* 28 ਅਪ੍ਰੈਲ ਨੂੰ ਅਸਾਮ ਅਤੇ ਉੱਤਰ-ਪੂਰਬ ਦੇ ਹੋਰਨਾਂ ਸੂਬਿਆਂ ਚ 6.4 ਤੀਬਰਤਾ ਦਾ ਭੂਚਾਲ ਆਉਣ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਅਤੇ ਸੜਕਾਂ ’ਚ ਤਰੇੜਾਂ ਪੈ ਗਈਆਂ।

* 28 ਅਪ੍ਰੈਲ ਨੂੰ ਹੀ ਮਹਾਰਾਸ਼ਟਰ ’ਚ ਠਾਣੇ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਅੱਗ ਲੱਗਣ ਨਾਲ 4 ਕੋਰੋਨਾ ਪੀੜਤ ਰੋਗੀ ਮਾਰੇ ਗਏ।

* 28 ਅਪ੍ਰੈਲ ਵਾਲੇ ਦਿਨ ਹੀ ਸ਼ਿਮਲਾ ਦੇ ਕੋਟਖਾਈ ’ਚ ਅੱਗ ਲੱਗਣ ਨਾਲ 6 ਮਕਾਨ ਸੜ ਕੇ ਸੁਆਹ ਹੋ ਗਏ ਅਤੇ ਇਕ ਔਰਤ ਦੀ ਝੁਲਸ ਜਾਣ ਨਾਲ ਮੌਤ ਹੋ ਗਈ।

* 28 ਅਪ੍ਰੈਲ ਨੂੰ ਹੀ ਬਿਹਾਰ ’ਚ ਪਟਨਾ ਦੇ ‘ਅਲਾਊਦੀਨ ਚੱਕ’ ਨਾਮੀ ਪਿੰਡ ’ਚ ਸਵੇਰੇ ਭੋਜਨ ਤਿਆਰ ਕਰਨ ਦੌਰਾਨ ਇਕ ਘਰ ’ਚ ਅੱਗ ਲੱਗ ਜਾਣ ਨਾਲ 4 ਮਾਸੂਮ ਬੱਚੇ ਜ਼ਿੰਦਾ ਸੜ ਗਏ।

ਇਕ ਪਾਸੇ ਦੁਨੀਆ ਕੋਰੋਨਾ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੀ ਹੈ ਤਾਂ ਦੂਜੇ ਪਾਸੇ ਕੁਦਰਤ ਦਾ ਪ੍ਰਕੋਪ ਜਾਨਾਂ ਲੈ ਰਿਹਾ ਹੈ। ਸ਼ਾਇਦ ਕੁਦਰਤ ਸਾਨੂੰ ਚਿਤਾਵਨੀ ਦੇ ਰਹੀ ਹੈ ਕਿ :

‘‘ਨਕਲੀ ਖਾਦ ਅਤੇ ਕੀੜੇਮਾਰ ਦਵਾਈਆਂ ਦੀ ਵਧੇਰੇ ਵਰਤੋਂ ਕਾਰਨ ਧਰਤੀ ਨੂੰ, ਨਦੀਆਂ ’ਚ ਕਾਰਖਾਨਿਆਂ ਦਾ ਜ਼ਹਿਰੀਲਾ ਪਾਣੀ ਛੱਡ ਕੇ ਪਾਣੀ ਦੇ ਸੋਮਿਆਂ ਨੂੰ ਅਤੇ ਹਵਾਮੰਡਲ ’ਚ ਕਾਰਖਾਨਿਆਂ ਦਾ ਜ਼ਹਿਰੀਲਾ ਧੂੰਆਂ ਛੱਡ ਕੇ ਇਸ ਨੂੰ ਨੁਕਸਾਨ ਪਹੁੰਚਾਉਣਾ ਬੰਦ ਕਰ ਦਿਓ ਨਹੀਂ ਤਾਂ ਤਬਾਹੀ ਦੀ ਲੀਲਾ ਦੇ ਦਿਲ ਕੰਬਾਊ ਦ੍ਰਿਸ਼ ਇਸੇ ਤਰ੍ਹਾਂ ਚੱਲਦੇ ਰਹਿਣਗੇ।’’

- ਵਿਜੇ ਕੁਮਾਰ

Bharat Thapa

This news is Content Editor Bharat Thapa