ਬੇਲਾਰੂਸ ’ਤੇ ਕਬਜ਼ੇ ਦੀ ਤਾਕ ’ਚ ਰੂਸ

09/27/2021 3:18:44 AM

ਨੈਪੋਲੀਅਨ ਬੋਨਾਪਾਰਟ ਅਤੇ ਐਡੋਲਫ ਹਿਟਲਰ ਦੋਵੇਂ ਅੱਜ ਦੇ ਬੇਲਾਰੂਸ ਰਾਹੀਂ ਰੂਸ ’ਤੇ ਕਬਜ਼ਾ ਕਰਨ ਸਮੇਂ ਦਾਖਲ ਹੋਏ ਸਨ ਅਤੇ ਇਸ ਦੇਸ਼ ਨੂੰ ਕ੍ਰੈਮਲਿਨ ਲੰਮੇ ਸਮੇਂ ਤੋਂ ਰੂਸ ਅਤੇ ਪੱਛਮ ਦੇ ਦਰਮਿਆਨ ਇਕ ਮਹੱਤਵਪੂਰਨ ਅੜਿੱਕੇ ਵਜੋਂ ਦੇਖਦਾ ਹੈ, ਮਾਸਕੋ ਲਈ ਰਸਤਾ ਮਿੰਸਕ ਵਿਚੋਂ ਹੋ ਕੇ ਲੰਘਦਾ ਹੈ, ਜੋ ਬੇਹੱਦ ਅਹਿਮ ਹੈ।

ਪਰ ਜਿੱਥੇ ਇਕ ਪਾਸੇ ਰੂਸ ਬੇਲਾਰੂਸ ’ਚ ਆਪਣਾ ਏਅਰ ਬੇਸ ਬਣਾਉਣ ਲਈ ਤਿੱਖੇ ਰੂਪ ਨਾਲ ਇੱਛੁਕ ਰਿਹਾ ਹੈ, ਉੱਥੇ ਇਸ ਗੱਲ ਦੀ ਸੰਭਾਵਨਾ ਹੈ ਕਿ ਨਾਟੋ ਸੰਗਠਨ ਇਸ ਨੂੰ ਭੜਕਾਊ ਕਾਰਵਾਈ ਵਜੋਂ ਲੈ ਸਕਦਾ ਹੈ ਅਤੇ ਫਰਾਂਸੀਸੀ ਦਾਰਸ਼ਨਿਕ ਕੋਫਮੈਨ ਦਾ ਕਹਿਣਾ ਹੈ ਕਿ ਬੇਲਾਰੂਸ ਦੇ ਲੋਕ ਵੀ ਇਸ ਨੂੰ ਨਾਪਸੰਦ ਕਰ ਸਕਦੇ ਹਨ। ਇਸ ਦੇ ਬਾਵਜੂਦ ਰੂਸ ਹੌਲੀ-ਹੌਲੀ ਇਸ ਦਿਸ਼ਾ ’ਚ ਅੱਗੇ ਵਧ ਰਿਹਾ ਹੈ, ਠੀਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਚੀਨ ਪ੍ਰਸ਼ਾਂਤ ਮਹਾਸਾਗਰ ’ਚ ਆਪਣੇ ਵਿਰੋਧੀਆਂ ਨੂੰ ਕੰਟਰੋਲ ’ਚ ਰੱਖਣ ਲਈ ਕਰਦਾ ਹੈ।

ਕੋਫਮੈਨ ਦਾ ਕਹਿਣਾ ਹੈ ਕਿ ਬੇਲਾਰੂਸ ਦੇ ਲੋਕਾਂ ਦੀ ਨਾਰਾਜ਼ਗੀ ਨੂੰ ਧਿਆਨ ’ਚ ਰੱਖਦੇ ਹੋਏ ਰੂਸ ਮੱਠੀ ਰਫਤਾਰ ਨਾਲ ਆਪਣੀ ਫੌਜੀ ਮੌਜੂਦਗੀ ਇਸ ਖੇਤਰ ’ਚ ਵਧਾ ਰਿਹਾ ਹੈ। ਬੇਲਾਰੂਸ ਦੇ ਜੰਗ ’ਚ ਰੁੱਝੇ ਹੋਏ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਦਾ ਪਹਿਲਾਂ ਹੀ ਪੱਛਮ ਨੇ ਬਾਈਕਾਟ ਕੀਤਾ ਹੋਇਆ ਹੈ। ਉਸ ’ਤੇ ਇਹ ਕਾਰਵਾਈ ਅਗਸਤ 2020 ਦੀਆਂ ਚੋਣਾਂ ਤੋਂ ਬਾਅਦ ਹੋਏ ਵਿਖਾਵਿਆਂ ਨੂੰ ਜ਼ਾਲਮਾਨਾ ਢੰਗ ਨਾਲ ਕੁਚਲਣ ਕਾਰਨ ਕੀਤੀ ਗਈ ਸੀ।

ਗੁਆਂਢੀ ਪੋਲੈਂਡ ਨੇ ਬੇਲਾਰੂਸ ਨਾਲ ਲੱਗਦੀ ਆਪਣੀ ਸਰਹੱਦ ’ਤੇ ਪਿਛਲੇ ਹਫਤੇ ਫੌਜੀ ਅਭਿਆਸ ਤੋਂ ਪਹਿਲਾਂ ਐਮਰਜੈਂਸੀ ਐਲਾਨ ਦਿੱਤੀ ਸੀ। ਲਾਤੀਵੀਆ ਅਤੇ ਲਿਥੁਆਨੀਆ ਨੇ ਵੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਇਨ੍ਹਾਂ ਤਿੰਨਾਂ ਹੀ ਦੇਸ਼ਾਂ ’ਚ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਤੋਂ ਕਾਫੀ ਪ੍ਰਵਾਸੀ ਪੁੱਜੇ ਹਨ, ਜੋ ਇਥੋਂ ਯੂਰਪੀਅਨ ਯੂਨੀਅਨ ’ਚ ਦਾਖਲ ਹੋਣਾ ਚਾਹੁੰਦੇ ਹਨ।

ਰਾਸ਼ਟਰਪਤੀ ਲੂਕਾਸ਼ੈਂਕੋ ਦੇ ਇਸ ਐਲਾਨ ਨੇ ਤਣਾਅ ਨੂੰ ਹੋਰ ਵਧਾ ਦਿੱਤਾ ਕਿ ਬੇਲਾਰੂਸ ਲੱਖਾਂ ਡਾਲਰ ਦੇ ਰੂਸੀ ਫੌਜੀ ਯੰਤਰ ਖਰੀਦੇਗਾ। ਇਹ ਅਭਿਆਸ ਰੂਸ ਅਤੇ ਬੇਲਾਰੂਸ ਦਰਮਿਆਨ ਵਧਦੇ ਏਕੀਕਰਨ ਦੇ ਸੰਕੇਤ ਹਨ, ਜਿਨ੍ਹਾਂ ’ਚ ਬੇਲਾਰੂਸ ਦੀ ਸਿਆਸੀ ਉਥਲ-ਪੁਥਲ ਦਰਮਿਆਨ ਵਾਧਾ ਵੇਖਿਆ ਗਿਆ ਹੈ।

ਇਸ ਮਹੀਨੇ ਦੇ ਸ਼ੁਰੂ ’ਚ ਰੂਸ ਨੇ ਬੇਲਾਰੂਸ ’ਚ ਸੁਖੋਈ ਲੜਾਕੂ ਹਵਾਈ ਜਹਾਜ਼ਾਂ ਦੀ ਤਾਇਨਾਤੀ ਕੀਤੀ ਹੈ। ਸਭ ਜਾਣਦੇ ਹਨ ਕਿ ਰੂਸ ਪਹਿਲਾਂ ਵੀ ਫੌਜੀ ਅਭਿਆਸ ਦੇ ਬਹਾਨੇ ਆਪਣੇ ਗੁਆਂਢੀ ਦੇਸ਼ਾਂ ’ਚ ਘੁਸਪੈਠ ਕਰਦਾ ਰਿਹਾ ਹੈ। ਹੁਣ ਉਹ ਪਿਛਲੀ ਜੁਲਾਈ ਤੋਂ ਬੇਲਾਰੂਸ ਵਿਖੇ ਫੌਜੀ ਅਭਿਆਸ ਕਰ ਰਿਹਾ ਹੈ, ਜਿਸ ਦੇ ਆਖਰੀ ਪੜਾਅ ’ਚ ਪੂਰੇ ਬੇਲਾਰੂਸ ’ਚ ਲਾਈਵ ਫਾਇਰ ਡ੍ਰਿੱਲਜ਼ ਹੋਣਗੀਆਂ, ਜੋ ਵੀਰਵਾਰ ਨੂੰ ਖਤਮ ਹੋ ਰਿਹਾ ਹੈ।

ਰੂਸ ਦੇ ਰੱਖਿਆ ਮੰਤਰਾਲਾ ਦਾ ਕਹਿਣਾ ਹੈ ਕਿ ਇਸ ’ਚ ਦੋ ਲੱਖ ਫੌਜੀ ਕਰਮਚਾਰੀ ਹਿੱਸਾ ਲੈਣਗੇ, ਜਿਨ੍ਹਾਂ ’ਚੋਂ ਕੁਝ ਕਿਰਗਿਸਤਾਨ, ਮੰਗੋਲੀਆ, ਕਜ਼ਾਕਿਸਤਾਨ ਅਤੇ ਆਰਮੇਨੀਆ ਆਦਿ ਤੋਂ ਹੋਣਗੇ। ਨਾਟੋ ਫੌਜ ਨੇ ਇਸ ਪੂਰੀ ਸਥਿਤੀ ’ਤੇ ਨਜ਼ਰ ਰੱਖੀ ਹੋਈ ਹੈ, ਜਦੋਂ ਕਿ ਖੇਤਰ ਦੇ ਹੋਰ ਸਾਰੇ ਦੇਸ਼ ਆਪਣੀ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ ਕਿਉਂਕਿ ਜੇਕਰ ਰੂਸ ਬੇਲਾਰੂਸ ’ਤੇ (ਉੱਥੋਂ ਦੀ ਸਰਕਾਰ ਦੀ ਮਦਦ ਨਾਲ) ਕੰਟਰੋਲ ਕਰ ਲੈਂਦਾ ਹੈ ਤਾਂ ਇਹ ਪੂਰਬੀ ਯੂਰਪ, ਈ. ਯੂ. ਅਤੇ ਨਾਟੋ ਦੀਆਂ ਫੋਰਸਾਂ ਲਈ ਬਹੁਤ ਵੱਡਾ ਝਟਕਾ ਹੋਵੇਗਾ।

ਰੂਸ ਨੇ ਅਤੀਤ ’ਚ ਗੁਆਂਢੀ ਦੇਸ਼ਾਂ ਦੇ ਨਿਯੋਜਿਤ ਹਮਲਿਆਂ ਦੀ ਤਿਆਰੀ ਲਈ ਫੌਜੀ ਅਭਿਆਸ ਦੀ ਵਰਤੋਂ ਕੀਤੀ ਹੈ, ਜਿਸ ’ਚ ਜਾਰਜੀਆ ਨਾਲ 2008 ਦੀ ਜੰਗ ਅਤੇ 2014 ’ਚ ਯੂਕ੍ਰੇਨ ਤੋਂ ਕ੍ਰੀਮੀਅਨ ਪ੍ਰਾਇਦੀਪ ’ਤੇ ਕਬਜ਼ਾ ਸ਼ਾਮਲ ਹੈ। ਜੁਲਾਈ ਤੋਂ ਅਭਿਆਸਾਂ ਦੀ ਇਕ ਲੜੀ ਚੱਲ ਰਹੀ ਹੈ, ਜਿਸ ਦੀ ਸਮਾਪਤੀ 6 ਦਿਨਾਂ ’ਚ ਹੋਵੇਗੀ।

Bharat Thapa

This news is Content Editor Bharat Thapa