ਸੰਘ ਮੁਖੀ ਸ਼੍ਰੀ ਮੋਹਨ ਭਾਗਵਤ ਦੀ ਭਾਜਪਾ-ਸ਼ਿਵ ਸੈਨਾ ਨੂੰ ਨਸੀਹਤ ‘ਆਪਸ ’ਚ ਲੜਨ ਨਾਲ ਦੋਵਾਂ ਨੂੰ ਹਾਨੀ ਹੋਵੇਗੀ’

11/21/2019 1:25:09 AM

ਹਰਿਆਣਾ ਅਤੇ ਮਹਾਰਾਸ਼ਟਰ ਦੇ ਚੋਣ ਨਤੀਜਿਆਂ ਦਾ ਐਲਾਨ ਹੋਇਆਂ ਇਕ ਮਹੀਨਾ ਹੋਣ ਨੂੰ ਆਇਆ ਹੈ। ਇਸ ਦੌਰਾਨ ਹਰਿਆਣਾ ’ਚ ਤਾਂ ਕਿਸੇ ਤਰ੍ਹਾਂ ਧੁਰ-ਵਿਰੋਧੀ ਜਜਪਾ ਦੇ ਸਮਰਥਨ ਨਾਲ ਭਾਜਪਾ ਦੀ ਸਰਕਾਰ ਬਣ ਗਈ ਪਰ ਮਹਾਰਾਸ਼ਟਰ ’ਚ ਸ਼ਿਵ ਸੈਨਾ-ਭਾਜਪਾ ਵਲੋਂ ਸੱਤਾ ਦੀ ਵੰਡ ’ਤੇ ਸਹਿਮਤੀ ਨਾ ਹੋਣ ਕਾਰਣ ਸਰਕਾਰ ਦੇ ਗਠਨ ’ਤੇ ਅੜਿੱਕਾ ਪਿਆ ਹੋਇਆ ਹੈ।

ਇਸ ਕਾਰਣ ਨਾ ਸਿਰਫ ਭਾਜਪਾ ਅਤੇ ਸ਼ਿਵ ਸੈਨਾ ਦਾ 30 ਸਾਲ ਪੁਰਾਣਾ ਗੱਠਜੋੜ ਟੁੱਟ ਗਿਆ ਹੈ ਸਗੋਂ ਕਿਸੇ ਵੀ ਦਲ ਵਲੋਂ ਸਰਕਾਰ ਬਣਾਉਣ ’ਚ ਅਸਫਲ ਰਹਿਣ ’ਤੇ ਮਹਾਰਾਸ਼ਟਰ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਇਕ ਪਾਸੇ ਸ਼ਿਵ ਸੈਨਾਰਾਕਾਂਪਾ ਅਤੇ ਕਾਂਗਰਸ ਵਿਚਾਲੇ ਇਕ ਬਰਾਬਰ ਸਾਂਝਾ ਪ੍ਰੋਗਰਾਮ ਬਣਾ ਕੇ ਸਰਕਾਰ ਦੇ ਗਠਨ ਲਈ ਸਿਰਖਪਾਈ ਜਾਰੀ ਹੈ ਤਾਂ ਦੂਜੇ ਪਾਸੇ ਸ਼ਿਵ ਸੈਨਾ ਨੇਤਾਵਾਂ ਦੇ ਭਾਜਪਾ ਨੇਤਾਵਾਂ ਪ੍ਰਤੀ ਤਿੱਖੇ ਤੇਵਰਾਂ ਅਤੇ ਬਿਆਨਾਂ ਨਾਲ ਦੋਵਾਂ ਪਾਰਟੀਆਂ ’ਚ ਕੁੜੱਤਣ ਵਧਦੀ ਜਾ ਰਹੀ ਹੈ, ਜੋ ਹਾਲ ਹੀ ’ਚ ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਵਿਚ ਪ੍ਰਕਾਸ਼ਿਤ ਵੱਖ-ਵੱਖ ਸੰਪਾਦਕੀ ਲੇਖਾਂ ਤੋਂ ਸਪੱਸ਼ਟ ਹੈ :

‘‘ਅਸੀਂ ਮਹਾਰਾਸ਼ਟਰ ਦੇ ਮਾਲਕ ਹਾਂ ਅਤੇ ਦੇਸ਼ ਦੇ ਬਾਪ ਹਾਂ, ਅਜਿਹਾ ਕਿਸੇ ਨੂੰ ਲੱਗਦਾ ਹੋਵੇਗਾ ਤਾਂ ਉਹ ਇਸ ਮਾਨਸਿਕਤਾ ’ਚੋਂ ਬਾਹਰ ਆਉਣ। ਇਹ ਮਨੋਦਸ਼ਾ 105 ਵਾਲਿਆਂ (ਭਾਜਪਾ) ਦੀ ਸਿਹਤ ਲਈ ਖਤਰਨਾਕ ਹੈ। ਅਜਿਹੀ ਸਥਿਤੀ ਜ਼ਿਆਦਾ ਸਮਾਂ ਰਹੀ ਤਾਂ ਮਾਨਸਿਕ ਸੰਤੁਲਨ ਵਿਗੜ ਜਾਵੇਗਾ ਅਤੇ ਪਾਗਲਪਣ ਵੱਲ ਯਾਤਰਾ ਸ਼ੁਰੂ ਹੋ ਜਾਵੇਗੀ।’’

‘‘ਸਾਨੂੰ ਐੱਨ. ਡੀ. ਏ. ’ਚੋਂ ਕੱਢਣ ਵਾਲੇ ਤੁਸੀਂ ਕੌਣ? ਭਾਜਪਾ ਦੇ ਬਗਲ ’ਚ ਵੀ ਕੋਈ ਖੜ੍ਹਾ ਨਹੀਂ ਹੋਣਾ ਚਾਹੁੰਦਾ ਸੀ ਤਾਂ ਜਨਸੰਘ ਦੇ ਦੀਵੇ ’ਚ ਸ਼ਿਵ ਸੈਨਾ ਨੇ ਤੇਲ ਪਾਇਆ, ਜਿਸ ਨੇ ਐੱਨ. ਡੀ. ਏ. ਦੀ ਸਥਾਪਨਾ ਕੀਤੀ, ਉਸ ਨੂੰ ਹੀ ਬਾਹਰ ਕੱਢਣ ਦੀ ਨੀਚ ਕੋਸ਼ਿਸ਼ ਕੀਤੀ ਗਈ। ਛਤਰਪਤੀ ਸ਼ਿਵਾਜੀ ਮਹਾਰਾਜ ਦੇ ਮਹਾਰਾਸ਼ਟਰ ਨਾਲ ਲਿਆ ਗਿਆ ਪੰਗਾ ਤੁਹਾਡਾ ਤੰਬੂ ਉਖਾੜ ਕੇ ਰਹੇਗਾ।’’

ਇਕ ਹੋਰ ਸੰਪਾਦਕੀ ’ਚ ਸ਼ਿਵ ਸੈਨਾ ਨੇ ਭਾਜਪਾ ਨੂੰ 13ਵੀਂ ਸ਼ਤਾਬਦੀ ਦੇ ਮੁਸਲਮਾਨ ਹਮਲਾਵਰ ਮੁਹੰਮਦ ਗੌਰੀ ਵਰਗਾ ਵਿਸ਼ਵਾਸਘਾਤੀ ਦੱਸਿਆ, ਜਿਸ ਨੇ ਪ੍ਰਿਥਵੀਰਾਜ ਚੌਹਾਨ ਦੀ ਹੱਤਿਆ ਕਰ ਦਿੱਤੀ ਸੀ, ਜਦਕਿ ਪ੍ਰਿਥਵੀਰਾਜ ਚੌਹਾਨ ਨੇ ਕਈ ਵਾਰ ਉਸ ਦੀ ਜਾਨ ਬਖਸ਼ ਦਿੱਤੀ ਸੀ। ਸੰਪਾਦਕੀ ’ਚ ਲਿਖਿਆ ਹੈ, ‘‘ਮਹਾਰਾਸ਼ਟਰ ’ਚ ਵੀ ਸ਼ਿਵ ਸੈਨਾ ਅਜਿਹੇ ਵਿਸ਼ਵਾਸਘਾਤੀਆਂ ਨੂੰ ਕਈ ਵਾਰ ਮੁਆਫ ਕਰ ਚੁੱਕੀ ਹੈ ਪਰ ਹੁਣ ਉਹ ਸਾਡੀ ਪਿੱਠ ’ਚ ਛੁਰਾ ਮਾਰਨਾ ਚਾਹੁੰਦੇ ਹਨ।’’

ਉੱਪਰ ਦਿੱਤੇ ਗਏ ਬਿਆਨਾਂ ਤੋਂ ਸਪੱਸ਼ਟ ਹੈ ਕਿ ਭਾਜਪਾ ਅਤੇ ਸ਼ਿਵ ਸੈਨਾ ਦੇ ਵਿਗੜ ਰਹੇ ਸਬੰਧਾਂ ਦੇ ਪਿੱਛੇ ਦੋਵਾਂ ਹੀ ਪਾਰਟੀਆਂ ਦੀ ਅਗਵਾਈ ਦੀ ਕੁਝ ਨਾ ਕੁਝ ਕਮਜ਼ੋਰੀ ਜ਼ਰੂਰ ਹੈ, ਜਿਸ ਕਾਰਣ ਇਹ ਮਾਮਲਾ ਸੁਲਝਣ ਦੀ ਬਜਾਏ ਉਲਝਦਾ ਹੀ ਗਿਆ।

ਹੁਣ ਜਦਕਿ ਬਹੁਤ ਦੇਰ ਹੋ ਚੁੱਕੀ ਹੈ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਸ਼੍ਰੀ ਮੋਹਨ ਭਾਗਵਤ ਨੇ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਭਾਜਪਾ ਅਤੇ ਸ਼ਿਵ ਸੈਨਾ ਦੋਵਾਂ ਦੇ ਨੇਤਾਵਾਂ ਨੂੰ ਨਸੀਹਤ ਦਿੰਦੇ ਹੋਏ ਇਕ ਗੋਸ਼ਠੀ ’ਚ ਕਿਹਾ ਕਿ :

‘‘ਆਪਸ ’ਚ ਲੜਨ ਨਾਲ ਦੋਵਾਂ ਨੂੰ ਹਾਨੀ ਹੋਵੇਗੀ। ਸਵਾਰਥ ਬਹੁਤ ਖਰਾਬ ਚੀਜ਼ ਹੈ ਪਰ ਲੋਕ ਇਸ ਨੂੰ ਛੱਡਦੇ ਨਹੀਂ ਹਨ। ਗੱਲ ਭਾਵੇਂ ਦੇਸ਼ ਦੀ ਹੋਵੇ ਜਾਂ ਨਿੱਜੀ ਹੋਵੇ, ਆਪਸ ’ਚ ਝਗੜੇ ਨਾਲ ਸਿਰਫ ਨੁਕਸਾਨ ਹੁੰਦਾ ਹੈ। ਇਹ ਜਾਣਨ ਦੇ ਬਾਵਜੂਦ ਕੁਝ ਲੋਕ ਝਗੜਾ ਕਰਦੇ ਹਨ। ਤੁਸੀਂ ਭਾਵੇਂ ਲੋਕਾਂ ਦੀ ਮਿਸਾਲ ਲਓ ਜਾਂ ਦੇਸ਼ਾਂ ਦੀ।’’

ਇਹ ਗੱਲ ਸਭ ਨੂੰ ਪਤਾ ਹੈ ਕਿ ਭਾਜਪਾ ਦੇ ਲੱਗਭਗ ਸਾਰੇ ਸੀਨੀਅਰ ਨੇਤਾ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਹੀ ਉਪਜ ਹਨ ਅਤੇ ਅਤੀਤ ’ਚ ਪਾਰਟੀ ਦੇ ਸਾਰੇ ਸੀਨੀਅਰ ਨੇਤਾ ਮਾਰਗਦਰਸ਼ਨ ਲਈ ਸੰਘ ਮੁੱਖ ਦਫਤਰ ’ਚ ਹੀ ਆਉਂਦੇ-ਜਾਂਦੇ ਹਨ।

ਇਸ ਲਈ ਜੇਕਰ ਭਾਜਪਾ ਅਤੇ ਸ਼ਿਵ ਸੈਨਾ ਦੇ ਨੇਤਾ ਆਪਣੇ ਆਪਸੀ ਵਿਵਾਦ ਨੂੰ ਜਨਤਕ ਨਾ ਕਰਦੇ ਅਤੇ ਸ਼੍ਰੀ ਭਾਗਵਤ ਸਬੰਧਤ ਭਾਜਪਾ ਨੇਤਾਵਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਉਚਿਤ ਮਾਰਗਦਰਸ਼ਨ ਦਿੰਦੇ ਤਾਂ ਸ਼ਾਇਦ ਇਹ ਸਮੱਸਿਆ ਖੜ੍ਹੀ ਨਾ ਹੁੰਦੀ।

ਇਸੇ ਦੌਰਾਨ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਰਾਜ ਸਭਾ ’ਚ ਆਪਣੀ ਸੀਟ ਬਦਲਣ ’ਤੇ ਨਾਰਾਜ਼ਗੀ ਜਤਾਉਂਦੇ ਹੋਏ ਇਹ ਕਹਿ ਕੇ ਭਾਜਪਾ-ਸ਼ਿਵ ਸੈਨਾ ਸਬੰਧਾਂ ਨੂੰ ਲੈ ਕੇ ਦੁਚਿੱਤੀ ਵਧਾ ਦਿੱਤੀ ਹੈ ਕਿ ਜਦੋਂ ਅਜੇ ਤਕ ਰਾਜਗ ਤੋਂ ਵੱਖ ਹੋਣ ਨੂੰ ਲੈ ਕੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਤਾਂ ਉਨ੍ਹਾਂ (ਸੰਜੇ ਰਾਊਤ) ਦੀ ਸੀਟ ਕਿਉਂ ਬਦਲੀ ਗਈ?

ਦੂਸਰੇ ਪਾਸੇ ਇਹ ਸੰਕੇਤ ਵੀ ਮਿਲ ਰਹੇ ਹਨ ਕਿ 20 ਨਵੰਬਰ ਨੂੰ ਸ਼ਰਦ ਪਵਾਰ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸੋਨੀਆ ਗਾਂਧੀ ਨੇ ਮਹਾਰਾਸ਼ਟਰ ’ਚ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਨਾਲ ਗੱਠਜੋੜ ’ਤੇ ਹਾਮੀ ਭਰ ਦਿੱਤੀ ਹੈ। ਲਿਹਾਜ਼ਾ ਭਵਿੱਖ ’ਚ ਘਟਨਾਚੱਕਰ ਕੀ ਰੂਪ ਲੈਂਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।

–ਵਿਜੇ ਕੁਮਾਰ

Bharat Thapa

This news is Content Editor Bharat Thapa