''500 ਰੁਪਏ ਵਾਲੇ ਵਿਆਹ ਨੇ'' ਮਾਤ ਦਿੱਤੀ 500 ਕਰੋੜ ਵਾਲੇ ਵਿਆਹ ਨੂੰ

12/03/2016 3:04:19 AM

ਪੁਰਾਣੇ ਜ਼ਮਾਨੇ ''ਚ ਲੋਕ ਵਿਆਹਾਂ ''ਤੇ ਆਪਣੀ ਵਿੱਤ ਮੁਤਾਬਿਕ ਖਰਚਾ ਕਰਦੇ ਸਨ ਪਰ ਪਿਛਲੇ 4-5 ਦਹਾਕਿਆਂ ''ਚ ਇਕ-ਦੂਜੇ ਦੀ ਦੇਖਾ-ਦੇਖੀ ਵਿਆਹਾਂ ''ਤੇ ਹੋਣ ਵਾਲਾ ਖਰਚ ਬਹੁਤ ਜ਼ਿਆਦਾ ਵਧ ਗਿਆ ਹੈ। ਇਸ ਦੇ ਲਈ ਕੁੜੀ ਵਾਲਿਆਂ ਨੂੰ ਕਰਜ਼ਾ ਤਕ ਲੈਣਾ ਪੈ ਜਾਂਦਾ ਹੈ, ਜਿਸ ਨੂੰ ਉਤਾਰਨ ਵਿਚ ਉਨ੍ਹਾਂ ਦੀ ਉਮਰ ਬੀਤ ਜਾਂਦੀ ਹੈ। 
ਬੇਸ਼ੱਕ ਜ਼ਿਆਦਾਤਰ ਲੋਕ ਵਿਆਹਾਂ ''ਤੇ ਫਜ਼ੂਲਖਰਚੀ ਦੇ ਗਲਤ ਰੁਝਾਨ ਦੀ ਆਲੋਚਨਾ ਤਾਂ ਕਰਦੇ ਹਨ ਪਰ ਖੁਦ ਇਸ ''ਤੇ ਅਮਲ ਨਹੀਂ ਕਰਦੇ। ਅਜੇ 16 ਨਵੰਬਰ ਨੂੰ ਹੀ ਕਰਨਾਟਕ ਦੇ ਮਾਈਨਿੰਗ ਕਿੰਗ ਜੀ. ਜਨਾਰਦਨ ਰੈੱਡੀ ਨੇ ਉਦਯੋਗਪਤੀ ਰਾਜੀਵ ਰੈੱਡੀ ਨਾਲ ਆਪਣੀ ਧੀ ''ਬ੍ਰਹਿਮਾਣੀ'' ਦੇ ਵਿਆਹ ''ਤੇ 500 ਕਰੋੜ ਰੁਪਏ ਤੋਂ ਵੀ ਜ਼ਿਆਦਾ ਰਕਮ ਖਰਚ ਕਰ ਕੇ 2 ਮਾਰਚ 2011 ਨੂੰ ਹਰਿਆਣਾ ਦੇ ਸਾਬਕਾ ਵਿਧਾਇਕ ਸੁਖਬੀਰ ਸਿੰਘ ਜੌਨਪੁਰੀਆ ਵਲੋਂ ਆਪਣੀ ਧੀ ਯੋਗਿਤਾ ਦੇ ਵਿਆਹ ''ਤੇ ਕੀਤੇ ਲੱਗਭਗ 250 ਕਰੋੜ ਰੁਪਏ ਦੇ ਖਰਚ ਦਾ ਰਿਕਾਰਡ ਤੋੜ ਦਿੱਤਾ। 
ਅੱਜ ਜਦੋਂ ਦੇਸ਼ ''ਚ ਵੱਡੀ ਗਿਣਤੀ ਵਿਚ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਿਤਾ ਰਹੇ ਹਨ ਤੇ ਰਾਤ ਨੂੰ ਰੱਜਵੀਂ ਰੋਟੀ ਖਾਧੇ ਬਿਨਾਂ ਹੀ ਸੌਣ ਲਈ ਮਜਬੂਰ ਹਨ, ਵਿਆਹਾਂ ''ਤੇ ਪੈਸੇ ਦੀ ਇੰਨੀ ਫਜ਼ੂਲਖਰਚੀ ਨੈਤਿਕ ਅਪਰਾਧ ਤੋਂ ਘੱਟ ਨਹੀਂ। ਇਸੇ ਗਲਤ ਰੁਝਾਨ ਨੂੰ ਰੋਕਣ ਲਈ ਕੁਝ ਲੋਕ ਇਸ ਮਾਮਲੇ ਵਿਚ ਨਿੱਜੀ ਤੌਰ ''ਤੇ ਪਹਿਲ ਕਰ ਰਹੇ ਹਨ। 
ਇਸੇ ਸਿਲਸਿਲੇ ''ਚ 28 ਨਵੰਬਰ ਨੂੰ ਆਂਧਰਾ ਪ੍ਰਦੇਸ਼ ਵਿਚ ਵਿਜੇਵਾੜਾ ਦੀ ਸਬ-ਕਲੈਕਟਰ ਡਾ. ਸਲੋਨੀ ਸਿਡਾਨਾ ਆਈ. ਏ. ਐੱਸ. ਅਤੇ ਮੱਧ ਪ੍ਰਦੇਸ਼ ਕੇਡਰ ਦੇ ਆਈ. ਏ. ਐੱਸ. ਅਧਿਕਾਰੀ ਆਸ਼ੀਸ਼ ਵਸ਼ਿਸ਼ਟ ਨੇ ਭਿੰਡ ਦੇ ਵਧੀਕ ਜ਼ਿਲਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਸਿਰਫ 500 ਰੁਪਏ ਕੋਰਟ ਫੀਸ ਅਦਾ ਕਰ ਕੇ ਆਪਣੇ ਵਿਆਹ ਦੀਆਂ ਕਾਨੂੰਨੀ ਰਸਮਾਂ ਪੂਰੀਆਂ ਕਰ ਕੇ ਅਤੇ ਓਨੀ ਹੀ ਸਾਦਗੀ ਨਾਲ ਧਾਰਮਿਕ ਰਸਮਾਂ ਵੀ ਨਿਭਾਅ ਕੇ ਇਕ ਮਿਸਾਲ ਪੇਸ਼ ਕੀਤੀ ਹੈ। 
ਇਹੋ ਨਹੀਂ, ਵਿਆਹ ਤੋਂ 48 ਘੰਟਿਆਂ ਬਾਅਦ ਹੀ ਬੁੱਧਵਾਰ ਨੂੰ ਦੋਵੇਂ ਪਤੀ-ਪਤਨੀ ਆਪੋ-ਆਪਣੀ ਡਿਊਟੀ ''ਤੇ ਵੀ ਪਰਤ ਗਏ। ਡਾ. ਸਲੋਨੀ ਨੇ ਵਿਜੇਵਾੜਾ ਵਿਚ ਅਤੇ ਉਨ੍ਹਾਂ ਦੇ ਪਤੀ ਨੇ ਮੱਧ ਪ੍ਰਦੇਸ਼ ਵਿਚ ਆਪਣੀ ਡਿਊਟੀ ਸੰਭਾਲ ਲਈ। 
ਇਨ੍ਹਾਂ ਦੀ ਸਾਦਗੀ ਦਾ ਆਲਮ ਇਹ ਹੈ ਕਿ ਆਪਣੇ ਵਿਆਹ ਦੀ ਖੁਸ਼ੀ ''ਚ ਆਪਣੇ ਮਿੱਤਰਾਂ, ਜਾਣ-ਪਛਾਣ ਵਾਲਿਆਂ ਤੇ ਰਿਸ਼ਤੇਦਾਰਾਂ ਨੂੰ ਕੋਈ ਪਾਰਟੀ ਦੇਣ ਦਾ ਵੀ ਉਨ੍ਹਾਂ ਦਾ ਵਿਚਾਰ ਨਹੀਂ ਹੈ। 
ਇਕ ਪਾਸੇ ਜਿਥੇ ਕਰਨਾਟਕ ਦੇ ਮਾਈਨਿੰਗ ਕਿੰਗ ਜੀ. ਜਨਾਰਦਨ ਰੈੱਡੀ ਵਲੋਂ ਆਪਣੀ ਧੀ ਦੇ ਵਿਆਹ ''ਤੇ 500 ਕਰੋੜ ਰੁਪਏ ਖਰਚ ਕਰਨ ਲਈ ਉਨ੍ਹਾਂ ਦੀ ਤਿੱਖੀ ਆਲੋਚਨਾ ਹੋ ਰਹੀ ਹੈ, ਉਥੇ ਹੀ ਡਾ. ਸਲੋਨੀ ਸਿਡਾਨਾ ਅਤੇ ਆਸ਼ੀਸ਼ ਵਸ਼ਿਸ਼ਟ ਵਲੋਂ ਸਿਰਫ 500 ਰੁਪਏ ਵਿਚ ਵਿਆਹ ਕਰਵਾਉਣ ਤੇ ਉਸ ਤੋਂ ਤੁਰੰਤ ਬਾਅਦ ਆਪੋ-ਆਪਣੀ ਡਿਊਟੀ ''ਤੇ ਪਰਤ ਜਾਣ ਲਈ ਉਨ੍ਹਾਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। 
ਡਾ. ਸਲੋਨੀ ਸਿਡਾਨਾ ਦੇ ਇਕ ਜੂਨੀਅਰ ਅਧਿਕਾਰੀ ਅਨੁਸਾਰ, ''''ਇਸ ਸਮੇਂ ਜਦੋਂ ਪੂਰਾ ਦੇਸ਼ ਘੋਰ ਕਰੰਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਸਾਡੀ ਅਧਿਕਾਰੀ ਵਲੋਂ ਇਸ ਤਰ੍ਹਾਂ ਵਿਆਹ ਕਰਵਾਉਣਾ ਸਾਰਿਆਂ ਲਈ ਇਕ ਸੁਖਾਵੀਂ ਹੈਰਾਨੀ ਹੈ।''''
ਸਲੋਨੀ ਸਿਡਾਨਾ ਦਾ ਕਹਿਣਾ ਹੈ ਕਿ ''''ਅਸੀਂ ਅਜਿਹਾ ਪ੍ਰਚਾਰ ਲਈ ਨਹੀਂ ਕੀਤਾ ਤੇ ਨਾ ਹੀ ਇਸ ਨੂੰ ਮੈਂ ਕੋਈ ਅਸਾਧਾਰਨ ਕੰਮ ਸਮਝਦੀ ਹਾਂ। ਅਸੀਂ ਦੋਵੇਂ ਸਾਦਾ ਵਿਆਹ ਕਰਨਾ ਚਾਹੁੰਦੇ ਸੀ ਤੇ ਅਜਿਹਾ ਹੀ ਕੀਤਾ।''''
ਦੇਸ਼ ਤਬਦੀਲੀ ਦੇ ਇਕ ਦੌਰ ਦੇ ਨਾਲ-ਨਾਲ ਆਰਥਿਕ ਸੰਕਟ ''ਚੋਂ ਵੀ ਲੰਘ ਰਿਹਾ ਹੈ। ਅਜਿਹੀ ਸਥਿਤੀ ਵਿਚ ਇਹ ਬਹੁਤ ਚੰਗਾ ਤੇ ਵਿਵਹਾਰਿਕ ਫੈਸਲਾ ਹੈ, ਜਿਸ ਤੋਂ ਪ੍ਰੇਰਨਾ ਲੈ ਕੇ ਸਾਡੇ ਨੌਜਵਾਨਾਂ ਨੂੰ ਵੀ ਸਾਦਗੀ ਨਾਲ ਤੇ ਘੱਟ ਖਰਚੇ ਵਿਚ ਵਿਆਹ ਕਰਵਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ।
ਇਸ ਨਾਲ ਨਾ ਸਿਰਫ ਲੋਕ ਗੈਰ-ਜ਼ਰੂਰੀ ਆਰਥਿਕ ਬੋਝ ਤੋਂ ਬਚਣਗੇ, ਸਗੋਂ ਵਿਆਹਾਂ ''ਚ ਦਿਖਾਵੇ ''ਤੇ ਖਰਚ ਕੀਤਾ ਜਾਣ ਵਾਲਾ ਪੈਸਾ ਹੋਰ ਉਪਯੋਗੀ ਕੰਮਾਂ ਲਈ ਵਰਤਿਆ ਜਾ ਸਕੇਗਾ। ਸਾਰੀਆਂ ਬਰਾਦਰੀਆਂ ਦੇ ਸੰਗਠਨਾਂ ਨੂੰ ਆਪੋ-ਆਪਣੇ ਭਾਈਚਾਰਿਆਂ ਵਿਚ ਵਿਆਹ ਸਮਾਗਮਾਂ ''ਤੇ ਫਜ਼ੂਲਖਰਚੀ ਅਤੇ ਪੈਸੇ ਦਾ ਨਾਜਾਇਜ਼ ਪ੍ਰਦਰਸ਼ਨ ਕਰਨ ਵਿਰੁੱਧ ਫ਼ਤਵੇ ਜਾਰੀ ਕਰਨੇ ਚਾਹੀਦੇ ਹਨ ਤੇ ਇਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਸਿੱਖਿਆਦਾਇਕ ਸਜ਼ਾ ਦੀ ਵਿਵਸਥਾ ਕਰਨੀ ਚਾਹੀਦੀ ਹੈ। 
ਇਸ ਨਾਲ ਉਨ੍ਹਾਂ ਮਾਪਿਆਂ ਨੂੰ ਬਹੁਤ ਸਹਾਇਤਾ ਮਿਲੇਗੀ, ਜਿਨ੍ਹਾਂ ਦੀ ਨੀਂਦ ਆਪਣੀ ਧੀ ਦੇ ਵਿਆਹ ਲਈ ਧਨ ਇਕੱਠਾ ਕਰਨ ਦੀ ਚਿੰਤਾ ''ਚ ਉੱਡੀ ਰਹਿੰਦੀ ਹੈ। 
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra