ਹਿੰਸਕ ਹੁੰਦੇ ਜਾ ਰਹੇ ਅਾਵਾਰਾ ਪਸ਼ੂ ਵਧਦੀ ਜਾ ਰਹੀ ਦਿਨੋ-ਦਿਨ ਸਮੱਸਿਆ

01/17/2019 7:57:26 AM

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਅਾਵਾਰਾ ਜਾਨਵਰਾਂ ਨੇ ਭਾਰੀ ਖਰੂਦ ਮਚਾਇਆ ਹੋਇਆ  ਹੈ। ਦਿੱਲੀ ਅਤੇ ਇਸ ਦੇ ਆਲੇ-ਦੁਆਲੇ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ, ਰਾਜਸਥਾਨ ਅਤੇ ਪੰਜਾਬ ਆਦਿ ’ਚ ਅਾਵਾਰਾ ਜਾਨਵਰਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ।
ਉੱਤਰ ਪ੍ਰਦੇਸ਼ ’ਚ ਤਾਂ ਆਵਾਰਾ ਜਾਨਵਰਾਂ ਵਲੋਂ ਫਸਲ ਬਰਬਾਦ ਕਰਨ ਕਰਕੇ ਗੁੱਸੇ ’ਚ ਆਏ ਕਿਸਾਨਾਂ ਵਲੋਂ ਇਨ੍ਹਾਂ ਨੂੰ ਸਰਕਾਰੀ ਸਕੂਲਾਂ ਅਤੇ ਨਗਰ ਨਿਗਮਾਂ ਆਦਿ ਦੇ ਕੰਪਲੈਕਸਾਂ ’ਚ ਬੰਦ ਕਰਨ ਤਕ ਦੀਆਂ ਖਬਰਾਂ ਮਿਲ ਰਹੀਆਂ ਹਨ।
ਇਨ੍ਹਾਂ ਕਾਰਨ ਨਾ ਸਿਰਫ ਸੜਕ ਹਾਦਸੇ ਹੋ ਰਹੇ ਹਨ ਸਗੋਂ ਆਪਸ ’ਚ ਮਾਰ-ਕੁਟਾਈ ਤਕ ਹੋ ਰਹੀ ਹੈ, ਜਿਸ ਦੀਆਂ ਜਨਵਰੀ ਮਹੀਨੇ ਦੀਆਂ ਹੀ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 01 ਜਨਵਰੀ ਨੂੰ ਜੈਪੁਰ ਨੇੜੇ ਕੰਵਰਪੁਰ ਪਿੰਡ ’ਚ ਅਾਵਾਰਾ ਸਾਨ੍ਹ ਵਲੋਂ ਬਾਈਕ ਸਵਾਰ ਨੂੰ ਟੱਕਰ ਮਾਰ ਦੇਣ ਨਾਲ ਉਸ ਦੀ ਮੌਤ ਹੋ ਗਈ।
* 04 ਜਨਵਰੀ ਨੂੰ ਫਰੂਖਾਬਾਦ ਨੇੜੇ ਸੜਕ ’ਤੇ ਅਚਾਨਕ ਆਏ ਅਾਵਾਰਾ ਪਸ਼ੂ ਨਾਲ ਇਕ ਬਾਈਕ ਦੇ ਟਕਰਾ ਜਾਣ ’ਤੇ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਜ਼ਖਮੀ ਹੋ ਗਿਆ।
* 09 ਜਨਵਰੀ ਨੂੰ ਮਥੁਰਾ ’ਚ ਅਾਵਾਰਾ ਸਾਨ੍ਹ ਨੇ ਇਕ 15 ਸਾਲਾ ਲੜਕੇ ਨੂੰ ਪਟਕ-ਪਟਕ ਕੇ ਮਾਰ ਦਿੱਤਾ। ਹਿੰਸਕ ਹੋਏ ਸਾਨ੍ਹ ਨੇ ਲੜਕੇ ਨੂੰ ਬਚਾਉਣ ਗਏ ਦਿਹਾਤੀਆਂ ’ਤੇ ਵੀ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।
* 10 ਜਨਵਰੀ ਨੂੰ ਫਿਰੋਜ਼ਾਬਾਦ ਦੇ ਫਰੀਹਾ ਪਿੰਡ ’ਚ ਖੇਤਾਂ ਦੀ ਰਖਵਾਲੀ ਕਰ ਰਹੇ ਕਿਸਾਨ ਨੂੰ ਉਸ ਦੇ ਖੇਤ ’ਚ ਆ ਵੜੇ ਆਵਾਰਾ ਸਾਨ੍ਹ ਨੇ ਹਮਲਾ ਕਰ ਕੇ ਮਾਰ ਦਿੱਤਾ। 
* 10 ਜਨਵਰੀ ਨੂੰ ਹੀ ਅਬੋਹਰ ਦੀ ਨਵੀਂ ਅਨਾਜ ਮੰਡੀ ਨੇੜੇ ਇਕ ਸਾਨ੍ਹ ਨੇ ਇਕ ਰਿਕਸ਼ਾ ਚਾਲਕ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। 
* 11 ਜਨਵਰੀ ਨੂੰ ਯੂ. ਪੀ. ’ਚ ਬਦਾਯੂੰ ਜ਼ਿਲੇ ਦੇ ਪਿੰਡ ਬਿਲਸੀ ’ਚ ਗਊਆਂ ਲਈ ਬਣਾਈ ਗਈ ਸਥਾਈ ਗਊਸ਼ਾਲਾ ’ਚੋਂ ਨਿਕਲ ਕੇ ਭੱਜੇ ਇਕ ਸਾਨ੍ਹ ਨੇ ਇਕ 12 ਸਾਲਾ ਬੱਚੇ ਨੂੰ ਪਟਕ-ਪਟਕ ਕੇ ਮਾਰ ਦਿੱਤਾ।
* 13 ਜਨਵਰੀ ਨੂੰ ਆਗਰਾ ਨੇੜੇ ਸ਼ਾਹਗੰਜ ’ਚ ਗਊ ਦੇ ਸਾਹਮਣੇ ਆ ਜਾਣ ’ਤੇ ਇਕ ਬੱਸ ਬੇਕਾਬੂ ਹੋ ਕੇ ਪਲਟ ਜਾਣ ਨਾਲ ਬੱਸ ’ਚ ਸਵਾਰ ਇਕ ਔਰਤ ਅਤੇ ਉਸ ਦੀ ਦੋਹਤੀ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ।
* 14 ਜਨਵਰੀ ਨੂੰ ਰਾਤ 11 ਵਜੇ ਪਠਾਨਕੋਟ ਨੇੜੇ ਲੜ ਰਹੇ ਦੋ ਸਾਨ੍ਹਾਂ ਦੀ ਲਪੇਟ ’ਚ ਆ  ਕੇ ਹਾਦਸੇ ਦਾ ਸ਼ਿਕਾਰ ਹੋਏ ਦੋ ਸਕੂਟੀ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। 
* 14 ਜਨਵਰੀ ਨੂੰ ਹੀ ਕਾਠਗੜ੍ਹ ਨੇੜੇ ਬਲਾਚੌਰ-ਰੂਪਨਗਰ ਮੁੱਖ ਮਾਰਗ ’ਤੇ ਪਿੰਡ ਟੌਂਸਾ ਨੇੜੇ ਆਵਾਰਾ ਪਸ਼ੂ ਨੂੰ ਬਚਾਉਂਦਿਆਂ ਟਿੱਪਰ ਅਤੇ ਟਰੱਕ ਦੀ ਟੱਕਰ ਹੋ ਜਾਣ ਨਾਲ ਟਿੱਪਰ ਚਾਲਕ ਦੀ ਮੌਤ ਹੋ ਗਈ।
* 14 ਜਨਵਰੀ ਨੂੰ ਹੀ ਜਲੰਧਰ ਨੇੜੇ ਪਿੰਡ ਸਰਮਸਤਪੁਰ ’ਚ ਲਾਵਾਰਿਸ ਪਸ਼ੂ ਨੂੰ ਬਚਾਉਂਦੇ ਸਮੇਂ ਇਕ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਨਾਲ ਕਾਰ ਡਰਾਈਵਰ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਤੇ ਦੋ ਧੀਆਂ ਜ਼ਖਮੀ ਹੋ ਗਈਆਂ।
* 14 ਜਨਵਰੀ ਨੂੰ ਹੀ ਗੁਰਦਾਸਪੁਰ ਨੇੜਲੇ ਪਿੰਡ ਫੁੱਲੜਾ ’ਚ ਖੇਤਾਂ ’ਚ ਫਸਲਾਂ ਨੂੰ ਨੁਕਸਾਨ ਪਹੁੰਚਾਉਣ ’ਤੇ ਕੁਝ ਲੋਕ ਇੰਨੇ ਗੁੱਸੇ ’ਚ ਆ ਗਏ ਕਿ ਉਨ੍ਹਾਂ ਨੇ ਗਾਂ ਨੂੰ ਗੱਡੀ ਨਾਲ ਬੰਨ੍ਹ ਕੇ 7 ਕਿਲੋਮੀਟਰ ਤਕ ਬੁਰੀ ਤਰ੍ਹਾਂ ਘੜੀਸਿਆ, ਜਿਸ ਨਾਲ ਗਾਂ ਗੰਭੀਰ ਜ਼ਖਮੀ ਹੋ ਗਈ। ਜਦੋਂ ਇਕ ਵਿਅਕਤੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ’ਚ ਸਵਾਰ ਤਿੰਨ ਵਿਅਕਤੀਆਂ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ।
ਆਵਾਰਾ ਜਾਨਵਰਾਂ ਕਾਰਨ ਹੋਣ ਵਾਲੇ ਹਾਦਸਿਆਂ ਦੇ ਇਹ ਤਾਂ ਕੁਝ ਨਮੂਨੇ ਮਾਤਰ ਹਨ, ਜਿਨ੍ਹਾਂ ਦੀ ਰਿਪੋਰਟ ਦਰਜ ਹੋਈ ਹੈ। ਰਾਤ ਦੇ ਸਮੇਂ ਸੜਕਾਂ ’ਤੇ ਘੁੰਮਣ ਵਾਲੇ ਕਾਲੀ ਚਮੜੀ ਦੇ ਜਾਨਵਰਾਂ ਬਾਰੇ ਖਾਸ ਤੌਰ ’ਤੇ ਡਰਾਈਵਰਾਂ ਨੂੰ ਪਤਾ ਨਹੀਂ ਲੱਗਦਾ, ਜਿਸ ਕਾਰਨ ਹਾਦਸਾ ਹੋ ਜਾਂਦਾ ਹੈ। ਹਿੰਸਕ ਹੁੰਦੇ ਜਾ ਰਹੇ ਇਹ ਆਵਾਰਾ ਜਾਨਵਰ ਲੋਕਾਂ ਵਲੋਂ ਡਰਾਉਣ ’ਤੇ ਵੀ ਭੱਜਦੇ ਨਹੀਂ, ਉਲਟਾ ਉਨ੍ਹਾਂ ’ਤੇ ਹਮਲਾ ਕਰ ਦਿੰਦੇ ਹਨ। 
ਪ੍ਰਸ਼ਾਸਨ ਵਲੋਂ ਲਾਵਾਰਿਸ ਪਸ਼ੂਆਂ ਨੂੰ ਕਾਬੂ ’ਚ ਰੱਖਣ ਲਈ ‘ਕੈਟਲ ਪਾਊਂਡ’ ਆਦਿ ਬਣਾਉਣ ਦੀਆਂ ਯੋਜਨਾਵਾਂ ਵੀ ਖੱਟੇ ’ਚ ਹੀ ਪਈਆਂ ਹੋਈਆਂ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਜਿਥੇ ਆਵਾਰਾ ਪਸ਼ੂਆਂ ਦੀ ਆਬਾਦੀ ਵਧਣ ਤੋਂ ਰੋਕਣ ਦੇ ਯਤਨ ਕਰਨ ਦੀ ਲੋੜ ਹੈ, ਉਥੇ ਹੀ ਇਨ੍ਹਾਂ ਲਈ ‘ਕਾਂਜੀ ਹਾਊਸ’ ਬਣਾਉਣ ਦੀ ਵੀ ਲੋੜ ਹੈ।
ਜਦੋਂ ਤਕ ਅਜਿਹਾ ਨਹੀਂ ਕੀਤਾ ਜਾਂਦਾ, ਸੜਕਾਂ ’ਤੇ ਘੁੰਮਣ ਵਾਲੇ ਆਵਾਰਾ ਜਾਨਵਰਾਂ ਦੇ ਸਰੀਰ ਅਤੇ ਸਿੰਙਾਂ ’ਤੇ ਰਿਫਲੈਕਟਰ ਲਾਉਣ ਨਾਲ ਰਾਤ ਦੇ ਸਮੇਂ ਇਨ੍ਹਾਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ’ਚ ਕੁਝ ਮਦਦ ਮਿਲ ਸਕਦੀ ਹੈ। ਅਜਿਹਾ ਨਾ ਕਰਨ ’ਤੇ ਲੋਕ ਮਰਦੇ ਅਤੇ ਜ਼ਖਮੀ ਹੁੰਦੇ ਰਹਿਣਗੇ।                                  

–ਵਿਜੇ ਕੁਮਾਰ