‘ਸੰਸਦ ਅਤੇ ਵਿਧਾਨ ਸਭਾਵਾਂ ’ਚ ਹੰਗਾਮੇ’ ‘ਸਮਾਂ, ਧਨ ਅਤੇ ਮਰਿਆਦਾ ਦੀ ਬਰਬਾਦੀ’

03/25/2021 3:16:36 AM

ਇਸ ਨੂੰ ਤਰਾਸਦੀ ਹੀ ਕਿਹਾ ਜਾਵੇਗਾ ਕਿ ਅੱਜ ਭਾਰਤਵਰਸ਼ ’ਚ ਲੋਕਤੰਤਰ ਦੇ ਮੰਦਰਾਂ ਸੰਸਦ ਅਤੇ ਵਿਧਾਨ ਸਭਾਵਾਂ ’ਚ ਬੈਠਣ ਵਾਲੇ ਮਾਣਯੋਗ ਇਨ੍ਹਾਂ ਦੀ ਉੱਚ ਮਰਿਆਦਾ ਭੁੱਲਦੇ ਜਾ ਰਹੇ ਹਨ, ਜਿਸ ਕਾਰਨ ਇਹ ਦੇਸ਼ ਹਿੱਤ ਦੇ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਦੀ ਥਾਂ ’ਤੇ ਰੌਲ਼ਾ-ਰੱਪਾ ਅਤੇ ਅਵਿਵਸਥਾ ਦਾ ਪ੍ਰਤੀਕ ਬਣ ਗਏ ਹਨ, ਜੋ ਇਸੇ ਮਹੀਨੇ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 1 ਮਾਰਚ ਨੂੰ ਝਾਰਖੰਡ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਵਿਧਾਇਕ ਆਸਨ ਦੇ ਨੇੜੇ ਪਹੁੰਚ ਕੇ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ ਅਤੇ ਵਾਰ-ਵਾਰ ਸਦਨ ਦੀ ਕਾਰਵਾਈ ਵਿਚ ਅੜਿੱਕਾ ਪਾਉਂਦੇ ਰਹੇ।

* 8 ਮਾਰਚ ਨੂੰ ਮੱਧ ਪ੍ਰਦੇਸ਼ ਵਿਚ ਮੰਤਰੀਆਂ ਅਤੇ ਵਿਧਾਇਕਾਂ ਦੇ ਵਿਧਾਨ ਸਭਾ ਵਿਚ ਦਾਖਲ ਹੋਣ ਲਈ ਵੱਖ-ਵੱਖ ਰਸਤਾ ਨਿਰਧਾਰਿਤ ਕੀਤੇ ਜਾਣ ਦੀ ਨਵੀਂ ਵਿਵਸਥਾ ਦੇ ਵਿਰੁੱਧ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਕੀਤਾ ਅਤੇ ਕਿਹਾ ਕਿ ਅਜਿਹਾ ਕਰ ਕੇ ਉਨ੍ਹਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।

* 10 ਮਾਰਚ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਧਾਨ ਸਭਾ ਕੰਪਲੈਕਸ ’ਚ ਘਿਰਾਓ ਕਰਨ ਅਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਦੇ ਦੋਸ਼ ’ਚ ਬਿਕਰਮ ਸਿੰਘ ਮਜੀਠੀਆ ਸਮੇਤ 9 ਸ਼੍ਰੋਅਦ ਵਿਧਾਇਕਾਂ ਦੇ ਵਿਰੁੱਧ ਹਰਿਆਣਾ ਸਰਕਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ।

* 12 ਮਾਰਚ ਨੂੰ ਦਿੱਲੀ ਵਿਧਾਨ ਸਭਾ ’ਚ ਦੰਗਾ ਪੀੜਤਾਂ ਨੂੰ ਨੁਕਸਾਨਪੂਰਤੀ ਦੀ ਸਮੀਖਿਆ ਲਈ ਗਠਿਤ ਕਮੇਟੀ ਦੀ ਰਿਪੋਰਟ ਪੇਸ਼ ਕਰਨ ਦੇ ਦੌਰਾਨ ਭਾਰੀ ਹੰਗਾਮਾ ਹੋਇਆ।

* 16 ਮਾਰਚ ਨੂੰ ਰਾਜਸਥਾਨ ਵਿਧਾਨ ਸਭਾ ’ਚ ਲੋਕ ਪ੍ਰਤੀਨਿਧੀਆਂ ਦੇ ਫੋਨ ਟੈਪਿੰਗ ਸਬੰਧੀ 2 ਮੁਲਤਵੀ ਮਤੇ ਵਿਧਾਨ ਸਭਾ ਦੇ ਸਪੀਕਰ ਸੀ. ਪੀ. ਜੋਸ਼ੀ ਵੱਲੋਂ ਰੱਦ ਕਰਨ ਦੇ ਵਿਰੁੱਧ ਵਿਰੋਧੀ ਮੈਂਬਰਾਂ ਦੇ ਹੰਗਾਮੇ ਦੇ ਕਾਰਨ ਸਦਨ ਦੀ ਕਾਰਵਾਈ 4 ਵਾਰ ਰੁਕੀ।

* 18 ਮਾਰਚ ਨੂੰ ਗੁਜਰਾਤ ਵਿਧਾਨ ਸਭਾ ’ਚ ਕਾਂਗਰਸ ਵਿਧਾਇਕ ਰਿਤਵਿਕ ਮਕਵਾਨਾ ਵੱਲੋਂ ਵੀਰ ਸਾਵਰਕਰ ਦੇ ਸਬੰਧ ’ਚ ਇਤਰਾਜ਼ਯੋਗ ਟਿੱਪਣੀ ਦੇ ਜਵਾਬ ’ਚ ਉਪ ਮੁੱਖ ਮੰਤਰੀ ਨਿਤਿਨ ਪਟੇਲ (ਭਾਜਪਾ) ਵੱਲੋਂ ਕਾਂਗਰਸ ਦੇ ਬਾਰੇ ’ਚ ਇਤਰਾਜ਼ਯੋਗ ਟਿੱਪਣੀ ਦੇ ਬਾਅਦ ਦੋਵਾਂ ਧਿਰਾਂ ਦੇ ਮੈਂਬਰਾਂ ਨੇ ਖੁੱਲ੍ਹ ਕੇ ਹੰਗਾਮਾ ਕੀਤਾ ਜਿਸ ਨਾਲ ਕਾਫੀ ਦੇਰ ਤੱਕ ਸਦਨ ’ਚ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ।

* 23 ਮਾਰਚ ਨੂੰ ਕਰਨਾਟਕ ਵਿਧਾਨ ਸਭਾ ’ਚ ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਰਮੇਸ਼ ਜਰਕਿਹੋਲੀ ਦੀ ਸ਼ਮੂਲੀਅਤ ਵਾਲੇ ‘ਨੌਕਰੀ ਦੇ ਬਦਲੇ ਸੈਕਸ’ ਸਕੈਂਡਲ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਭਾਰੀ ਹੰਗਾਮਾ ਅਤੇ ਰੋਸ-ਵਿਖਾਵਾ ਕੀਤਾ ਜਿਸ ਨਾਲ ਕਾਰਵਾਈ ਵਾਰ-ਵਾਰ ਮੁਲਤਵੀ ਹੋਈ। ਸਰਕਾਰ ਵੀ ਵਿਰੋਧੀ ਧਿਰ ਦੀ ਮੰਗ ਨਾ ਮੰਨਣ ’ਤੇ ਅੜੀ ਰਹੀ।

* 23 ਮਾਰਚ ਵਾਲੇ ਦਿਨ ਹੀ ਬਿਹਾਰ ਵਿਧਾਨ ਮੰਡਲ ’ਚ ਲਿਆਂਦੇ ਗਏ ਪੁਲਸ ਕਾਨੂੰਨ 2021 ਦੇ ਵਿਰੋਧ ’ਚ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਦੇ ਜ਼ਬਰਦਸਤ ਹੰਗਾਮੇ ਦੇ ਨਤੀਜੇ ਵਜੋਂ ਨਾ ਸਿਰਫ 4 ਵਾਰ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ ਸਗੋਂ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਸਪੀਕਰ ਵਿਜੇ ਸਿਨ੍ਹਾ ਨੂੰ ਉਨ੍ਹਾਂ ਦੇ ਚੈਂਬਰ ’ਚ ਬੰਧਕ ਬਣਾ ਕੇ ਉਨ੍ਹਾਂ ਦਾ ਮੁੱਖ ਦਰਵਾਜ਼ਾ ਰੱਸੀ ਨਾਲ ਬੰਨ੍ਹ ਕੇ ਬੰਦ ਕਰ ਦਿੱਤਾ ਅਤੇ ਰਾਜਦ ਤੇ ਕਾਂਗਰਸ ਦੀਆਂ 7 ਮਹਿਲਾ ਵਿਧਾਇਕਾਂ ਨੇ ਉਨ੍ਹਾਂ ਦਾ ਆਸਨ ਘੇਰ ਲਿਆ।

ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਰਾਜਦ ਅਤੇ ਕਾਂਗਰਸ ਦੇ ਵਿਧਾਇਕਾਂ ਨੇ ਆਸਨ ਦੇ ਕੋਲ ਪਹੁੰਚ ਕੇ ਪੁਲਸ ਕਾਨੂੰਨ ਦੀ ਕਾਪੀ ਪਾੜ ਦਿੱਤੀ, ਰਿਪੋਰਟਰ ਟੇਬਲ ਤੋੜ ਦਿੱਤਾ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਾਹਮਣੇ ਕੁਰਸੀਆਂ ਸੁੱਟੀਆਂ।

ਇਸ ਦੌਰਾਨ ਮੰਤਰੀ ਅਸ਼ੋਕ ਚੌਧਰੀ ਅਤੇ ਰਾਜਦ ਵਿਧਾਇਕ ਚੰਦਰ ਸ਼ੇਖਰ ’ਚ ਹੱਥੋਪਾਈ ਹੋਈ ਅਤੇ ਇਕ-ਦੂਸਰੇ ’ਤੇ ਮਾਈਕ ਸੁੱਟੇ ਗਏ।

ਅਖੀਰ ਵਿਧਾਨ ਸਭਾ ਚੈਂਬਰ ਦੇ ਬਾਹਰ ਮੌਜੂਦ ਮਾਰਸ਼ਲਾਂ ਨੂੰ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਹਟਾਉਣ ਲਈ ਸੱਦਣਾ ਪਿਆ ਜਿਨ੍ਹਾਂ ਨੇ ਇਕ-ਇਕ ਕਰ ਕੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬਾਹਰ ਕੱਢਿਆ ਤੇ ਇਸ ਦੌਰਾਨ 3 ਵਿਧਾਇਕ ਜ਼ਖਮੀ ਹੋ ਗਏ।

* ਸ਼ਾਇਦ, ਅਜਿਹੇ ਹੀ ਘਟਨਾਕ੍ਰਮ ਨੂੰ ਦੇਖਦੇ ਹੋਏ 23 ਮਾਰਚ ਨੂੰ ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕੱਈਆ ਨਾਇਡੂ ਨੇ ਸਦਨ ਵਿਚ ਮੈਂਬਰਾਂ ਦੇ ਗੱਲਬਾਤ ਕਰਨ ’ਤੇ ਨਾਰਾਜ਼ਗੀ ਪ੍ਰਗਟਾਈ ਅਤੇ ਨਸੀਹਤ ਦਿੰਦੇ ਹੋਏ ਕਿਹਾ ਕਿ ਵਧੇਰੇ ਮੈਂਬਰਾਂ ਨੂੰ ਜਾਪਦਾ ਹੈ ਕਿ ਮਾਸਕ ਪਹਿਨ ਕੇ ਗੱਲ ਕਰਨ ਦੇ ਕਾਰਨ ਉਨ੍ਹਾਂ ਦੀ ਆਵਾਜ਼ ਘੱਟ ਆ ਰਹੀ ਹੈ, ਇਸ ਲਈ ਉਹ ਜ਼ੋਰ-ਜ਼ੋਰ ਨਾਲ ਗੱਲ ਕਰਨ ਲੱਗਦੇ ਹਨ।

ਉਨ੍ਹਾਂ ਨੇ ਰੇਲ ਮੰਤਰੀ ਪਿਊਸ਼ ਗੋਇਲ ਨੂੰ ਟੋਕਿਆ ਅਤੇ ਕਿਹਾ ਕਿ ਜੇਕਰ ਕੋਈ ਜ਼ਰੂਰੀ ਗੱਲ ਹੈ ਤਾਂ ਉਹ ਲਾਬੀ ਵਿਚ ਜਾ ਕੇ ਕਰ ਲੈਣ ਅਤੇ ਵਾਪਸ ਆ ਜਾਣ ਪਰ ਸਦਨ ਵਿਚ ਗੱਲ ਨਾ ਕਰਨ। ਸ਼੍ਰੀ ਗੋਇਲ ਨੇ ਇਸ ਨਸੀਹਤ ਲਈ ਸ਼੍ਰੀ ਨਾਇਡੂ ਦਾ ਧੰਨਵਾਦ ਕੀਤਾ।

ਸ਼੍ਰੀ ਨਾਇਡੂ ਵੱਲੋਂ ਦਿੱਤੀ ਗਈ ਇਹ ਨਸੀਹਤ ਬਿਲਕੁਲ ਸਹੀ ਹੈ ਕਿਉਂਕਿ ਦੇਸ਼ ਨੂੰ ਦਿਸ਼ਾ ਦਿਖਾਉਣ ਵਾਲੇ ਮਾਣਯੋਗਾਂ ਤੋਂ ਅਜਿਹੇ ਆਚਰਣ ਦੀ ਕਦੇ ਵੀ ਆਸ ਨਹੀਂ ਕੀਤੀ ਜਾਂਦੀ, ਜਿਸ ਨਾਲ ਸਦਨ ਦੇ ਕੰਮ ਵਿਚ ਅੜਿੱਕਾ ਪੈਦਾ ਹੋਵੇ।

ਇਸ ਨਾਲ ਨਾ ਸਿਰਫ ਸਦਨ ਦਾ ਅਤੇ ਮੈਂਬਰਾਂ ਦਾ ਕੀਮਤੀ ਸਮਾਂ ਅਤੇ ਸਰਕਾਰੀ ਧਨ ਨਸ਼ਟ ਹੁੰਦਾ ਹੈ, ਲੋਕਾਂ ਦੇ ਆਪਸੀ ਰਿਸ਼ਤੇ ਖਰਾਬ ਹੁੰਦੇ ਹਨ, ਸਗੋਂ ਦੇਸ਼ ਦਾ ਵਿਕਾਸ ਵੀ ਰੁਕਦਾ ਹੈ ਅਤੇ ਸਦਨ ਦੇ ਮੈਂਬਰਾਂ ਵਿਚ ਆਪਸ ਵਿਚ ਕੁੜੱਤਣ ਪੈਦਾ ਹੁੰਦੀ ਹੈ।

ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪਣੀ ਗੱਲ ਕਹਿਣ ਅਤੇ ਕਿਸੇ ਵੀ ਮੁੱਦੇ ’ਤੇ ਅਸਹਿਮਤੀ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਹੈ। ਇਸ ਲਈ ਜੇਕਰ ਸੱਤਾ ਧਿਰ ਵੀ ਧਿਆਨਪੂਰਵਕ ਉਨ੍ਹਾਂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਸੰਤੁਸ਼ਟ ਕਰੇ ਤਾਂ ਇਸ ਨਾਲ ਨਾ ਸਿਰਫ ਸਦਨ ਵਿਚ ਲੋਕਹਿੱਤ ਨਾਲ ਜੁੜੇ ਕੰਮ ਤੇਜ਼ੀ ਨਾਲ ਹੋ ਸਕਣਗੇ, ਸਗੋਂ ਸਦਭਾਵ ਵੀ ਬਣਿਆ ਰਹੇਗਾ ਅਤੇ ਇਸ ਨਾਲ ਦੇਸ਼ ਨੂੰ ਲਾਭ ਹੋਵੇਗਾ।

- ਵਿਜੇ ਕੁਮਾਰ

Bharat Thapa

This news is Content Editor Bharat Thapa