ਕਸ਼ਮੀਰੀ ਮੁਸਲਮਾਨ ਅਤੇ ਹਿੰਦੂ ਮਿਲ ਕੇ ਕਰ ਰਹੇ ਪੁਲਵਾਮਾ ''ਚ ਮੰਦਿਰ ਦਾ ਨਵੀਨੀਕਰਨ

03/07/2019 6:28:36 AM

ਧਰਤੀ ਦਾ ਸਵਰਗ ਕਹਾਉਣ ਵਾਲਾ ਕਸ਼ਮੀਰ ਢਾਈ ਦਹਾਕਿਆਂ ਤੋਂ ਅਸ਼ਾਂਤੀ ਅਤੇ ਅੱਤਵਾਦੀ ਹਿੰਸਾ ਦਾ ਸ਼ਿਕਾਰ ਹੈ, ਜਿਥੇ ਪਾਕਿਸਤਾਨ ਦਾ ਸਮਰਥਨ  ਹਾਸਲ ਅੱਤਵਾਦੀ ਆਪਣੇ ਹੀ ਭੈਣਾਂ-ਭਰਾਵਾਂ  ਦਾ ਖੂਨ ਵਹਾ ਕੇ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ। 
ਮਾਹਿਰਾਂ ਅਨੁਸਾਰ ਲੋਕਾਂ ਨੇ ਸਮਾਜ ਵਿਰੋਧੀ ਅਨਸਰਾਂ ਦੇ ਉਕਸਾਵੇ ਦੇ ਬਾਵਜੂਦ  ਸੂਬੇ 'ਚ ਕਸ਼ਮੀਰੀਅਤ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਜ਼ਿੰਦਾ ਰੱਖਿਆ ਹੋਇਆ ਹੈ।
ਇਸੇ ਦਾ  ਸਬੂਤ ਦਿੰਦੇ ਹੋਏ ਸ਼ਿਵਰਾਤਰੀ ਦੇ ਦਿਨ ਦੱਖਣੀ ਕਸ਼ਮੀਰ 'ਚ ਪੁਲਵਾਮਾ ਜ਼ਿਲੇ ਦੇ ਅਚਨ ਪਿੰਡ 'ਚ ਮੁਸਲਮਾਨਾਂ ਅਤੇ ਪੰਡਿਤਾਂ ਨੇ ਮਿਲ ਕੇ 80 ਸਾਲ ਪੁਰਾਣੇ ਸ਼ਿਵ ਮੰਦਿਰ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ। ਇਹ ਮੰਦਿਰ ਪੁਲਵਾਮਾ ਦੇ ਉਸ ਸਥਾਨ ਤੋਂ ਸਿਰਫ 15 ਕਿਲੋਮੀਟਰ ਦੂਰ  ਹੈ, ਜਿਥੇ 14 ਫਰਵਰੀ ਨੂੰ ਜੈਸ਼ ਅੱਤਵਾਦੀਆਂ ਨੇ ਹਮਲਾ ਕਰ ਕੇ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। 
ਇਸ ਮੰਦਿਰ 'ਚ ਦਰਸ਼ਨਾਂ ਲਈ ਦੇਸ਼ ਭਰ ਤੋਂ ਲੋਕ ਆਉਂਦੇ ਸਨ ਪਰ 30 ਸਾਲ ਪਹਿਲਾਂ 1989 'ਚ ਵਾਦੀ ਵਿਚ ਕਸ਼ਮੀਰੀ ਪੰਡਿਤਾਂ 'ਤੇ ਹਮਲੇ ਸ਼ੁਰੂ ਹੋਣ 'ਤੇ ਜਦੋਂ ਇਥੋਂ ਕਸ਼ਮੀਰੀ ਪੰਡਿਤ ਹਿਜਰਤ ਕਰ ਗਏ ਅਤੇ ਸਿਰਫ 2-4 ਪਰਿਵਾਰ ਹੀ ਰਹਿ ਗਏ ਤਾਂ ਇਸ ਨੂੰ ਬੰਦ ਕਰ ਦਿੱਤਾ ਗਿਆ ਅਤੇ ਹੁਣ ਤਾਂ ਇਥੇ ਇਕ ਪੰਡਿਤ ਪਰਿਵਾਰ ਹੀ ਬਚਿਆ ਹੈ।
ਮੁਹੰਮਦ ਯੂਨਿਸ ਨਾਂ ਦੇ ਸਥਾਨਕ ਨਿਵਾਸੀ ਨੇ ਕਿਹਾ  ਕਿ ''ਸਾਡੀ ਹਾਰਦਿਕ ਇੱਛਾ ਹੈ ਕਿ ਉਹੀ ਪੁਰਾਣਾ ਸਮਾਂ ਪਰਤ ਆਏ, ਜਦੋਂ ਇਕ ਪਾਸੇ ਮੰਦਿਰ ਦੀਆਂ ਘੰਟੀਆਂ ਵੱਜਦੀਆਂ ਸਨ ਅਤੇ ਦੂਸਰੇ ਪਾਸੇ ਮਸਜਿਦ 'ਚੋਂ ਅਜਾਨ ਦੀ ਆਵਾਜ਼ ਆਉਂਦੀ ਸੀ।'' 
ਮੰਦਿਰ ਦੇ ਨਵੀਨੀਕਰਨ ਲਈ ਪੰਡਿਤ ਪਰਿਵਾਰਾਂ ਨੇ 'ਮਸਜਿਦ ਓਕਾਫ ਸਮਿਤੀ' ਨਾਲ ਸੰਪਰਕ ਕੀਤਾ ਸੀ। ਇਸ ਦੇ ਪ੍ਰਧਾਨ ਨਜ਼ੀਰ ਮੀਰ ਅਨੁਸਾਰ, ''ਅਸੀਂ ਆਪਣੇ ਇਸ ਯਤਨ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਥੇ ਪਹਿਲਾਂ ਵਾਂਗ ਹੀ ਮੁਸਲਮਾਨ ਅਤੇ ਕਸ਼ਮੀਰੀ ਪੰਡਿਤ ਸਦਭਾਵਨਾ ਨਾਲ ਮਿਲਜੁਲ ਕੇ ਰਹਿਣ।'' 
ਇਕ ਹੋਰ ਨਿਵਾਸੀ ਭੂਸ਼ਣ ਲਾਲ ਨੇ ਕਿਹਾ, ''ਸਾਡੇ ਗੁਆਂਢੀ ਮੁਸਲਿਮ ਅਜਿਹਾ ਕਰ ਰਹੇ ਹਨ ਕਿਉਂਕਿ ਉਹ ਇਸ ਮੰਦਿਰ ਦਾ ਸਨਮਾਨ ਕਰਦੇ ਹਨ।''
ਇਸ ਮੌਕੇ 'ਤੇ ਮੁਸਲਮਾਨ ਭਰਾਵਾਂ ਨੇ ਸਾਰਿਆਂ ਨੂੰ ਰਸਮੀ ਕਸ਼ਮੀਰੀ ਕਾਹਵਾ ਪਰੋਸਿਆ। ਜ਼ਿਲਾ ਪ੍ਰਸ਼ਾਸਨ ਨੇ ਵੀ ਇਸ ਦੇ ਲਈ 4 ਲੱਖ ਰੁਪਏ ਦਿੱਤੇ ਹਨ ਅਤੇ ਇਹ ਮੰਦਿਰ ਸ਼ਰਧਾਲੂਆਂ ਲਈ ਇਸ ਸਾਲ ਅਗਸਤ 'ਚ ਖੋਲ੍ਹਣ ਦੀ ਸੰਭਾਵਨਾ ਹੈ। 
ਮੰਦਿਰ ਦੇ ਨਵੀਨੀਕਰਨ 'ਚ ਮੁਸਲਿਮ ਭਾਈਚਾਰੇ ਦੇ ਸਹਿਯੋਗ ਤੋਂ ਸਪੱਸ਼ਟ ਹੈ ਕਿ ਕਸ਼ਮੀਰ ਦੇ ਬਹੁਗਿਣਤੀ ਲੋਕਾਂ 'ਚ ਕਸ਼ਮੀਰੀਅਤ ਦੀ ਭਾਵਨਾ ਅੱਜ ਵੀ ਜ਼ਿੰਦਾ ਹੈ, ਜੋ ਕਦੇ ਖਤਮ ਨਹੀਂ ਕੀਤੀ ਜਾ ਸਕਦੀ। ਬੇਸ਼ੱਕ ਪਾਕਿਸਤਾਨ ਦੇ ਪਾਲ਼ੇ ਹੋਏ ਅੱਤਵਾਦੀ ਇਸ ਨੂੰ ਨਸ਼ਟ ਕਰਨ ਲਈ ਕਿੰਨਾ ਵੀ ਜ਼ੋਰ ਕਿਉਂ ਨਾ ਲਾ  ਲੈਣ।        –ਵਿਜੇ ਕੁਮਾਰ

ਮਿਸਰ ਦੇ ਸਰਵਉੱਚ ਇਮਾਮ ਨੇ  ਬਹੁ-ਵਿਆਹ ਨੂੰ ਔਰਤਾਂ ਨਾਲ ਅਨਿਆਂ ਕਰਾਰ ਦਿੱਤਾ
ਬਹੁ-ਵਿਆਹ ਦੇ ਮਾਮਲੇ 'ਚ ਕੁਰਾਨ ਅਤੇ ਹਦੀਸ ਦੇ ਹਵਾਲੇ ਨਾਲ ਇਹ ਤਰਕ ਦਿੱਤਾ ਜਾਂਦਾ ਹੈ ਕਿ ਇਸਲਾਮ 'ਚ 4 ਪਤਨੀਆਂ ਰੱਖਣਾ ਉਚਿਤ ਹੈ ਪਰ ਇਸ ਦੇ ਨਾਲ ਹੀ ਕੁਝ ਸ਼ਰਤਾਂ ਵੀ ਲਾਈਆਂ ਗਈਆਂ ਹਨ।
ਆਧੁਨਿਕ ਦੌਰ ਦੇ ਬਦਲੇ ਹੋਏ ਸੰਦਰਭ 'ਚ ਜੇਕਰ ਅਸੀਂ ਦੇਖੀਏ ਤਾਂ ਇਕ ਤੋਂ ਵੱਧ ਪਤਨੀਆਂ ਦੀ ਧਾਰਨਾ ਗੈਰ-ਪ੍ਰਸੰਗਿਕ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਹੁਣ ਤਾਂ ਮੁਸਲਿਮ ਸਮਾਜ 'ਚ ਪਾਈਆਂ ਜਾ ਰਹੀਆਂ ਨਿਕਾਹ ਹਲਾਲਾ, ਬਹੁ-ਵਿਆਹ ਵਰਗੀਆਂ ਕੁਰੀਤੀਆਂ 'ਤੇ ਪਾਬੰਦੀ ਲਾਉਣ ਦੀ ਮੰਗ ਉੱਠਣ ਲੱਗੀ ਹੈ।
ਇਸੇ ਸੰਦਰਭ 'ਚ ਕੁਰਾਨ ਦਾ ਹਵਾਲਾ ਦੇ ਕੇ ਬਹੁ-ਵਿਆਹ ਨੂੰ ਉਚਿਤ ਠਹਿਰਾਉਣ ਵਾਲਿਆਂ ਦਾ ਖੰਡਨ ਕਰਦੇ ਹੋਏ ਮਿਸਰ ਦੇ (ਅਲ ਅਜ਼ਹਰ) ਇਮਾਮ-ਏ-ਆਜ਼ਮ (ਗ੍ਰੈਂਡ ਇਮਾਮ) ਸ਼ੇਖ ਅਹਿਮਦ ਅਲ ਤੈਯਬ ਨੇ ਕਿਹਾ ਹੈ ਕਿ ''ਬਹੁ-ਵਿਆਹ ਔਰਤਾਂ ਦੇ ਨਾਲ ਅਨਿਆਂ ਹੈ। ਇਹ ਇਸਲਾਮ 'ਚ ਪਾਬੰਦੀਸ਼ੁਦਾ ਹੈ ਅਤੇ ਇਸ 'ਚ ਸਪੱਸ਼ਟਤਾ ਦੀ ਜ਼ਰੂਰਤ ਹੈ।'' 
''ਜੋ ਲੋਕ ਇਹ ਕਹਿੰਦੇ ਹਨ ਕਿ ਵਿਆਹ ਨਿਸ਼ਚੇ ਹੀ ਬਹੁ-ਵਿਆਹੀ ਹੋਣਾ ਚਾਹੀਦਾ ਹੈ। ਉਹ ਗਲਤ ਹਨ। ਸਾਨੂੰ (ਕੁਰਾਨ ਦੀਆਂ) ਆਇਤਾਂ ਦਾ ਵਿਸਥਾਰ ਨਾਲ ਅਧਿਐਨ ਕਰਨਾ ਚਾਹੀਦਾ ਹੈ। ਬਹੁ-ਵਿਆਹ ਦੀ ਪ੍ਰਥਾ ਕੁਰਾਨ ਅਤੇ ਪੈਗੰਬਰ ਦੀ ਪ੍ਰੰਪਰਾ ਦੀ ਸਮਝ ਦੀ ਕਮੀ ਕਾਰਨ ਆਈ। ਇਕ ਵਿਆਹ ਦਾ ਨਿਯਮ ਸੀ ਅਤੇ ਬਹੁ-ਵਿਆਹ ਇਕ ਵਰਜਿਤ ਅਪਵਾਦ ਸੀ। ਇਸਲਾਮ 'ਚ ਇਹ ਵਰਜਿਤ ਹੈ ਅਤੇ ਇਸ 'ਚ ਸਪੱਸ਼ਟਤਾ ਦੀ ਲੋੜ ਹੈ। ਜੇਕਰ ਇਸ 'ਚ ਸਪੱਸ਼ਟਤਾ ਨਹੀਂ ਹੈ ਤਾਂ ਇਕ ਤੋਂ ਵੱਧ ਪਤਨੀਆਂ ਰੱਖਣ ਦੀ ਮਨਾਹੀ ਹੈ।''
ਹਾਲਾਂਕਿ ਇਮਾਮ-ਏ-ਆਜ਼ਮ ਦੀ ਉਕਤ ਟਿੱਪਣੀ ਨਾਲ ਸੋਸ਼ਲ ਮੀਡੀਆ 'ਚ ਇਕ ਬਹਿਸ ਛਿੜ ਗਈ ਹੈ ਪਰ ਮੌਜੂਦਾ ਪਰਿਪੇਖ 'ਚ ਬਹੁ-ਵਿਆਹ  ਨੂੰ ਕਿਸੇ ਵੀ  ਨਜ਼ਰੀਏ ਤੋਂ ਉਚਿਤ ਨਹੀਂ ਕਿਹਾ ਜਾ ਸਕਦਾ, ਇਸ ਲਈ ਇਸ ਕੁਰੀਤੀ ਨੂੰ ਖਤਮ ਕਰਨਾ  ਹੀ ਚਾਹੀਦਾ ਹੈ।  ਇਸੇ  ਕਾਰਨ  ਜਾਗਰੂਕ  ਵਰਗ  ਵਲੋਂ  ਇਸ  ਦੇ  ਵਿਰੁੱਧ  ਆਵਾਜ਼  ਉਠਾਈ  ਜਾ ਰਹੀ  ਹੈ। ਭਾਰਤ ਵਿਚ ਵੀ 'ਇੰਡੀਅਨ ਮੁਸਲਿਮਸ ਫਾਰ ਸੈਕੁਲਰ ਡੈਮੋਕ੍ਰੇਸੀ' ਅਤੇ ਹੋਰ ਜਾਗਰੂਕ ਸੰਗਠਨ ਇਸ 'ਤੇ ਪਾਬੰਦੀ ਲਾਉਣ ਦੀ ਮੰਗ ਕਰ ਚੁੱਕੇ ਹਨ।   –ਵਿਜੇ ਕੁਮਾਰ

Bharat Thapa

This news is Content Editor Bharat Thapa