ਇਟਲੀ ਵਿਚ ਸੰਵਿਧਾਨ ''ਚ ਤਬਦੀਲੀ ਲਈ ਰਾਇਸ਼ੁਮਾਰੀ

12/05/2016 3:44:35 AM

ਉਂਝ ਤਾਂ ਯੂਰਪ ਵਿਚ ਸਭ ਦੀ ਨਜ਼ਰ ਆਸਟ੍ਰੇਲੀਆ ਵਿਚ ਅਪ੍ਰੈਲ ਤੋਂ ਹੁਣ ਤਕ ਤੀਸਰੀ ਵਾਰ ਹੋਣ ਜਾ ਰਹੀ ਚੋਣ ''ਤੇ ਹੈ ਪਰ ਯੂਰਪ ਦੀ ''ਬ੍ਰੈਗਜ਼ਿਟ'' ਹਲਚਲ ਇਟਲੀ ਵਿਚ ਹੋਣ ਜਾ ਰਹੀ ਹੈ। ਕਹਿੰਦੇ ਤਾਂ ਇਹ ਹੈ ਕਿ ਇਹ ਇਕ ਰਾਇਸ਼ੁਮਾਰੀ ਹੀ ਹੈ, ਜੋ ਕਿ ਇਟਲੀ ਦੀ ਸਰਕਾਰ ਦੇ ਸਰੂਪ ਨੂੰ ਮੁੜ ਪਰਿਭਾਸ਼ਿਤ ਕਰੇਗੀ ਪਰ ਇਟਲੀ ਦੇ ਲੋਕ ਉਸ ਨੂੰ ਸੰਸਾਰੀਕਰਨ ਅਤੇ ਅਪ੍ਰਵਾਸ ਦੇ ਵਿਰੋਧ ''ਚ ਇਕ ਜਨਮਤ ਮੰਨ ਰਹੇ ਹਨ। 
ਬੇਸ਼ੱਕ ਇਹ ਦੇਸ਼ ਸੰਸਕ੍ਰਿਤੀ ਅਤੇ ਹੋਰਨਾਂ ਖੇਤਰਾਂ ਵਿਚ ਆਧੁਨਿਕ ਯੂਰਪ ਦੇ ਨੀਂਹ ਪੱਥਰ ਦੇ ਰੂਪ ਵਿਚ ਮੰਨਿਆ ਜਾਂਦਾ ਹੈ ਪਰ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਇਹ ਸਿਆਸੀ ਉਥਲ-ਪੁਥਲ ਦਾ ਸ਼ਿਕਾਰ ਹੈ ਅਤੇ ਇਸ ਮਿਆਦ ਵਿਚ 65 ਵਾਰ ਸਰਕਾਰ ਬਦਲ ਚੁੱਕੀ ਹੈ ਪਰ ਇਸ ਵਾਰ ਨਾ ਸਿਰਫ ਇਸਦੇ ਸਿਆਸੀ ਅਤੇ ਆਰਥਿਕ ਢਾਂਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ, ਸਗੋਂ ਯੂਰਪੀਅਨ ਯੂਨੀਅਨ ਨੂੰ ਵੀ ਇਹ ਅਲਵਿਦਾ ਕਹਿ ਸਕਦਾ ਹੈ। ਇਨ੍ਹੀਂ ਦਿਨੀਂ ਉਥੇ ਸੰਵਿਧਾਨ ਬਦਲਣ ਦੀ ਕਵਾਇਦ ਚੱਲ ਰਹੀ ਹੈ ਅਤੇ ਇਸਦੇ ਲਈ ਐਤਵਾਰ 4 ਦਸੰਬਰ ਨੂੰ ਉਥੇ ਰਾਇਸ਼ੁਮਾਰੀ ਕਰਵਾਈ ਗਈ। 
ਇਸਦੇ ਰਾਹੀਂ ਦੇਸ਼ ਦੇ ਸੰਵਿਧਾਨ ਵਿਚ ਭਾਰੀ ਤਬਦੀਲੀ ਕਰਨ ਲਈ ਜਨਤਾ ਦੀ ਇਜਾਜ਼ਤ ਲੈ ਕੇ ਕਿਸੇ ਨਵੇਂ ਕਾਨੂੰਨ ਅਤੇ ਕਿਸੇ ਨਵੇਂ ਚੁਣੇ ਹੋਏ ਮੈਂਬਰ ਦੀ ਚੋਣ ਰੱਦ ਕਰਨ ਜਾਂ ਸਿਰਫ ਸਰਕਾਰ ਦੀ ਕਿਸੇ ਵਿਸ਼ੇਸ਼ ਨੀਤੀ ਨੂੰ ਸਵੀਕਾਰ ਜਾਂ ਅਸਵੀਕਾਰ ਨਾ ਕਰਨ ਨਾਲ ਸਬੰਧਿਤ ਅਧਿਕਾਰ ਹਾਸਿਲ ਕਰਨ ਲਈ ਮੌਜੂਦਾ ਸੰਵਿਧਾਨ ਵਿਚ ਸੋਧ ਰਾਹੀਂ ਨਵਾਂ ਸੰਵਿਧਾਨ ਬਣਾਉਣਾ ਲੋੜੀਂਦਾ ਹੈ। 
ਇਸ ਰਾਇਸ਼ੁਮਾਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੈਟਿਓ ਰੈਂਜੀ  ਅਜੀਬ ਉਲਝਣ ਵਿਚ ਫਸੇ ਹੋਏ ਹਨ ਅਤੇ ਜਿਸ ਤਰ੍ਹਾਂ ਇੰਗਲੈਂਡ ਵਿਚ ਯੂਰਪੀ ਸੰਘ ''ਚ ਸ਼ਾਮਲ ਰਹਿਣ ਜਾਂ ਵੱਖ ਹੋਣ ਦੇ ਸਵਾਲ ''ਤੇ ਰਾਇਸ਼ੁਮਾਰੀ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ, ਉਸੇ ਤਰ੍ਹਾਂ ਇਟਲੀ ਦੀ ਰਾਇਸ਼ੁਮਾਰੀ ਵਿਚ ਪ੍ਰਧਾਨ ਮੰਤਰੀ ਮੈਟਿਓ ਰੈਂਜੀ ਦੀ ਕੁਰਸੀ ਦਾਅ ''ਤੇ ਲੱਗੀ ਹੋਈ ਸੀ। 
ਮੈਟਿਓ ਰੈਂਜੀ ਇਟਲੀ ਦੀ ਸੈਨੇਟ ਦੀਆਂ ਸ਼ਕਤੀਆਂ ਵਿਚ ਭਾਰੀ ਕਮੀ ਕਰਨਾ ਚਾਹੁੰਦੇ ਹਨ, ਤਾਂ ਕਿ ਸੰਸਦ ''ਤੇ ਇਟਲੀ ਦੀਆਂ ਭਵਿੱਖ ਦੀਆਂ ਸਰਕਾਰਾਂ ਦੀ ਪਕੜ ਨੂੰ ਜ਼ਿਆਦਾ ਮਜ਼ਬੂਤ ਕਰਕੇ ਕਮਜ਼ੋਰ ਬਹੁਮਤ ਵਾਲੀ ਮੁੱਖ ਪਾਰਟੀ ਨੂੰ ਵੀ ਨਿਰੰਕੁਸ਼ ਸ਼ਕਤੀਆਂ ਪ੍ਰਦਾਨ ਕੀਤੀਆਂ ਜਾ ਸਕਣ। ਇਨ੍ਹਾਂ ਤਬਦੀਲੀਆਂ ਦੇ ਪੱਖ ਵਿਚ ਪ੍ਰਧਾਨ ਮੰਤਰੀ ਮੈਟਿਓ ਰੈਂਜੀ ਦਾ ਕਹਿਣਾ ਹੈ ਕਿ ਆਰਥਿਕ ਸੰਕਟ ''ਚੋਂ ਲੰਘ ਰਹੀ ਇਟਲੀ ਨੂੰ ਸੰਕਟ ''ਚੋਂ ਕੱਢਣ ਲਈ ਵਿਧਾਨ ਪਾਲਿਕਾ ਵਿਚ ਇਹ ਬਦਲਾਅ ਜ਼ਰੂਰੀ ਸੀ। 
ਇਨ੍ਹਾਂ ਤਬਦੀਲੀਆਂ ਰਾਹੀਂ ਪ੍ਰਧਾਨ ਮੰਤਰੀ ਲਈ ਇਹ ਫੈਸਲਾ ਕਰਨਾ ਵੀ ਆਸਾਨ ਹੋ ਜਾਵੇਗਾ ਕਿ ਕਿਸ ਨੂੰ ਰਾਸ਼ਟਰਪਤੀ ਬਣਾਉਣਾ ਹੈ ਅਤੇ ਕਿਉਂਕਿ ਇਟਲੀ ਵਿਚ ਜ਼ਿਆਦਾਤਰ ਜੱਜਾਂ ਦੀ ਚੋਣ ਰਾਸ਼ਟਰਪਤੀ ਜਾਂ ਸੰਸਦ ਵਲੋਂ ਕੀਤੀ ਜਾਂਦੀ ਹੈ, ਇਸ ਲਈ ਪ੍ਰਧਾਨ ਮੰਤਰੀ ਵਲੋਂ ਦੇਸ਼ ਦੀ ਨਿਆਂਪਾਲਿਕਾ ਨੂੰ ਪ੍ਰਭਾਵਿਤ ਕਰਨਾ ਵੀ ਆਸਾਨ ਹੋ ਜਾਵੇਗਾ। 
ਕਿਉਂਕਿ ਨਿਰੰਕੁਸ਼ ਅਧਿਕਾਰ ਹਾਸਿਲ ਕਰਨ ਲਈ ਮੈਟਿਓ ਰੈਂਜੀ ਸੰਵਿਧਾਨ ਵਿਚ ਬਦਲਾਅ ਦੇ ਪੱਖ ਵਿਚ ਹਨ, ਲਿਹਾਜ਼ਾ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਦੇਸ਼ ਦੀ ਜਨਤਾ ਨੇ ਸੰਵਿਧਾਨ ਵਿਚ ਬਦਲਾਅ ਦੇ ਵਿਰੁੱਧ ਮਤ ਜ਼ਾਹਿਰ ਕੀਤਾ ਤਾਂ ਰੈਂਜੀ ਦੀ ਕੁਰਸੀ ਚਲੀ ਜਾਵੇਗੀ। 
ਮਤਦਾਨ ਤੋਂ ਕਾਫੀ ਸਮਾਂ ਪਹਿਲਾਂ ਹੀ ਸੰਵਿਧਾਨ ਦਾ ਵਿਰੋਧ ਕਰਨ ਵਾਲਿਆਂ ਵਲੋਂ ਰੈਂਜੀ ''ਤੇ ਵੱਧ ਤੋਂ ਵੱਧ ਸ਼ਕਤੀਆਂ ਹਾਸਿਲ ਕਰਨ ਦੇ ਦੋਸ਼ ਲਗਾਏ ਜਾਂਦੇ ਰਹੇ ਹਨ। ਸ਼ੁਰੂ-ਸ਼ੁਰੂ ''ਚ ਇਨ੍ਹਾਂ ਤਬਦੀਲੀਆਂ ਦੀ ਹਮਾਇਤ ਕਰਨ ਵਾਲੀ ਫੋਰਜਾ ਇਟਾਲੀਆ ਪਾਰਟੀ ਦੇ ਨੇਤਾ ਸਿਲਵੀਓ ਬਰਲੁਸਕੋਨੀ ਨੇ ਚਿਤਾਵਨੀ ਦਿੱਤੀ ਹੈ ਕਿ ''''ਇਸ ਨਾਲ ਪ੍ਰਧਾਨ ਮੰਤਰੀ ਇਟਲੀ ਅਤੇ ਇਟਲੀ ਵਾਲਿਆਂ ਦਾ ਮਾਲਕ ਬਣ ਜਾਏਗਾ।''''
ਇਸੇ ਤਰ੍ਹਾਂ ਕੁਝ ਨਰਮ ਸ਼ਬਦਾਂ ਵਿਚ ਇਨ੍ਹਾਂ ਤਬਦੀਲੀਆਂ ਦੀ ਆਲੋਚਨਾ ਕਰਨ ਵਾਲਿਆਂ ਦਾ ਕਹਿਣਾ ਸੀ ਕਿ  ਬੇਸ਼ੱਕ ਰੈਂਜੀ ਵਲੋਂ ਵੱਧ ਤੋਂ ਵੱਧ ਸ਼ਕਤੀਆਂ ਹਾਸਿਲ ਕਰਨ ਨੂੰ ਬਰਦਾਸ਼ਤ ਕਰ ਲਿਆ ਜਾਵੇ ਪਰ ਕਿਸੇ ਦਿਨ ਇਹ ਸ਼ਕਤੀਆਂ ਕਿਸੇ ਅਜਿਹੇ ਪ੍ਰਧਾਨ ਮੰਤਰੀ ਦੇ ਹੱਥ ਵਿਚ ਵੀ ਆ ਸਕਦੀਆਂ ਹਨ, ਜਿਸਦੀ ਲੋਕਤੰਤਰ ਵਿਚ ਆਸਥਾ ਨਾ ਹੋਵੇ। 
ਖੈਰ, ਇਸ ਰਾਇਸ਼ੁਮਾਰੀ ਦੇ ਸਬੰਧ ਵਿਚ ਅਗਾਓਂ ਅਨੁਮਾਨ ਜ਼ਾਹਿਰ ਕਰਨ ਤੋਂ ਪਹਿਲਾਂ ਕੀਤੀ ਗਈ ਰਾਇਸ਼ੁਮਾਰੀ ਅਨੁਸਾਰ ਰਾਇਸ਼ੁਮਾਰੀ ਦੇ ਪੱਖ ਤੇ ਵਿਰੋਧ ਵਿਚ ਲੋਕਾਂ ਦੀ ਗਿਣਤੀ ''ਚ ਸਿਰਫ 4 ਫੀਸਦੀ ਦੇ ਲਗਭਗ ਹੀ ਮਾਮੂਲੀ ਫਰਕ ਚੱਲ ਰਿਹਾ ਸੀ ਪਰ ਇਸਦੇ ਨਾਲ ਹੀ ਇਨ੍ਹਾਂ ਸਰਵੇਖਣਾਂ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਅਜੇ ਵੀ 40 ਤੋਂ 60 ਫੀਸਦੀ ਦੇ ਵਿਚਾਲੇ ਵੋਟਰਾਂ ਨੇ ਇਸ ਵਿਸ਼ੇ ਵਿਚ ਕੋਈ ਫੈਸਲਾ ਨਹੀਂ ਲਿਆ ਹੈ ਜਾਂ ਫਿਰ ਉਹ ਇਸ ਰਾਇਸ਼ੁਮਾਰੀ ਤੋਂ ਗੈਰ-ਹਾਜ਼ਰ ਰਹਿਣ ਬਾਰੇ ਸੋਚ ਰਹੇ ਸਨ।
ਜੇਕਰ ਅਜਿਹਾ ਹੁੰਦਾ ਹੈ ਤਾਂ ਇਸਦਾ ਦੇਸ਼ ਦੀ ਅਰਥ ਵਿਵਸਥਾ ''ਤੇ ਅਤਿਅੰਤ ਬੁਰਾ ਅਸਰ ਪਏਗਾ ਅਤੇ ਇਟਲੀ ਦੇ ਤੀਸਰੇ ਸਭ ਤੋਂ ਵੱਡੇ ਬੈਂਕ ਮੋਨਟੇ ਡੇ ਪਾਸ਼ਚੀ ਡੀ ਸਿਏਨਾ ਦੇ ਲਈ ਸੰਕਟ ਖੜ੍ਹਾ ਹੋ ਜਾਵੇਗਾ।
ਇਕ ਚਿੰਤਾ ਇਹ ਵੀ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਰਾਇਸ਼ੁਮਾਰੀ ਵਿਚ ਰੈਂਜੀ ਦੀ ਹਾਰ ਦਾ ਮਤਲਬ ਹੈ ਉਨ੍ਹਾਂ ਦੀ ਡੈਮੋਕ੍ਰੇਟਿਕ ਪਾਰਟੀ ਦੇ ਪਿੱਛੇ-ਪਿੱਛੇ ਚੱਲ ਰਹੀ ਇਟਲੀ ਦੀ ਕੱਟੜਵਾਦੀ ਅਤੇ ਸ਼ਰਾਰਤਬਾਜ਼  ਫਾਈਵ ਸਟਾਰ ਮੂਵਮੈਂਟ (ਐੱਮ-5 ਐੱਸ) ਦਾ ਉਦੈ, ਜੋ ਕਿਸੇ ਵੀ ਹਾਲਤ ਵਿਚ ਸ਼ਾਸਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ।
ਇਸ ਤੋਂ ਇਲਾਵਾ ਚਿੰਤਾ ਦਾ ਇਕ ਤੀਸਰਾ ਕਾਰਨ ਵੀ ਹੈ। ਇਸ ਰਾਇਸ਼ੁਮਾਰੀ ਦਾ ਕੋਈ ਨਤੀਜਾ ਨਾ ਨਿਕਲਣ ''ਤੇ ਇਟਲੀ ਦੇ ਸਿਆਸੀ ਅਤੇ ਆਰਥਿਕ ਠਹਿਰਾਅ ਦੀ ਮਿਆਦ ਵਧ ਸਕਦੀ ਹੈ, ਜਿਸ ਨਾਲ ਦੇਸ਼ ਦਾ ਆਰਥਿਕ ਵਿਕਾਸ ਰੁਕੇਗਾ।