ਰਿਸ਼ਵਤਖੋਰ ਪੁਲਸ ਮੁਲਾਜ਼ਮ ਬਣ ਰਹੇ ਵਿਭਾਗ ਦੀ ਬਦਨਾਮੀ ਦਾ ਕਾਰਨ

08/12/2023 4:03:04 AM

ਹਾਲਾਂਕਿ ਪੁਲਸ ਵਿਭਾਗ ਦੇ ਮੈਂਬਰਾਂ ਤੋਂ ਅਨੁਸ਼ਾਸਿਤ ਅਤੇ ਰਿਸ਼ਵਤਖੋਰੀ ਵਰਗੀਆਂ ਬੁਰਾਈਆਂ ਤੋਂ ਰਹਿਤ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ’ਚ ਕੁਝ ਪੁਲਸ ਮੁਲਾਜ਼ਮ ਭ੍ਰਿਸ਼ਟਾਚਾਰ ’ਚ ਸ਼ਾਮਲ ਹੋ ਕੇ ਆਪਣੇ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ ਅਤੇ ਇਸ ’ਚ ਮਹਿਲਾ ਪੁਲਸ ਮੁਲਾਜ਼ਮਾਂ ਵੀ ਬਰਾਬਰ ਤੌਰ ’ਤੇ ਸ਼ਾਮਲ ਪਾਈਆਂ ਜਾ ਰਹੀਆਂ ਹਨ, ਜਿਸ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 9 ਅਗਸਤ ਨੂੰ ਨੋਇਡਾ (ਉੱਤਰ ਪ੍ਰਦੇਸ਼) ਸੈਕਟਰ-20 ਪੁਲਸ ਥਾਣੇ ਦੇ ਇਕ ਕਾਂਸਟੇਬਲ ਮੁਕੇਸ਼ ਰਾਠੌਰ ਨੂੰ ਇਕ ਕੈਦੀ ਦੇ ਰਿਸ਼ਤੇਦਾਰਾਂ ਕੋਲੋਂ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ।

* 8 ਅਗਸਤ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਿਟੀ-1 ਮਾਲੇਰਕੋਟਲਾ ’ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਮਾਲਵਿੰਦਰ ਸਿੰਘ ਵਿਰੁੱਧ ਮਾਲੇਰਕੋਟਲਾ ਜ਼ਿਲੇ ਦੇ ਪਿੰਡ ਹਿਮਤਾਨਾ ਨਿਵਾਸੀ ਜਗਤਾਰ ਸਿੰਘ ਕੋਲੋਂ 10,000 ਰੁਪਏ ਲੈਣ ਦੇ ਦੋਸ਼ ’ਚ ਕੇਸ ਦਰਜ ਕੀਤਾ। ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਸ਼ਿਕਾਇਤਕਰਤਾ ਤੋਂ ਪ੍ਰਾਪਤ 10,000 ਰੁਪਏ ਰਿਸ਼ਵਤ ਦੀ ਰਕਮ ਸਮੇਤ ਏ. ਐੱਸ. ਆਈ. ਆਪਣੀ ਕਾਰ ’ਚ ਮੌਕੇ ਤੋਂ ਫਰਾਰ ਹੋ ਗਿਆ।

* 6 ਅਗਸਤ ਨੂੰ ਚੰਡੀਗੜ੍ਹ ਤੋਂ ਬਠਿੰਡਾ ਦੇ ਵਪਾਰੀ ਨੂੰ ਅਗਵਾ ਕਰ ਕੇ ਉਸ ਕੋਲੋਂ ਇਕ ਕਰੋੜ ਇਕ ਲੱਖ ਰੁਪਏ ਲੁੱਟਣ ਦੇ ਦੋਸ਼ ’ਚ ਸੈਕਟਰ-39 ਚੰਡੀਗੜ੍ਹ ਥਾਣੇ ’ਚ ਤਾਇਨਾਤ ਐਡੀਸ਼ਨਲ ਐੱਸ. ਐੱਚ. ਓ. ਨਵੀਨ ਫੋਗਾਟ ਨੂੰ ਬਰਖਾਸਤ ਕੀਤਾ ਿਗਆ।

ਇਸ ਮਾਮਲੇ ’ਚ ਹੁਣ ਤਕ 3 ਹੋਰ ਦੋਸ਼ੀਆਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਜਿਨ੍ਹਾਂ ’ਚ ਚੰਡੀਗੜ੍ਹ ਪੁਲਸ ਦੇ ਕਾਂਸਟੇਬਲ ਵਰਿੰਦਰ ਤੇ ਸ਼ਿਵਕੁਮਾਰ ਅਤੇ ਅੰਕਿਤ ਗਿੱਲ ਸ਼ਾਮਲ ਹਨ।

* 4 ਅਗਸਤ ਨੂੰ ਦੌਸਾ (ਰਾਜਸਥਾਨ) ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਅਧਿਕਾਰੀਆਂ ਨੇ ਇਕ ਰਿਸ਼ਵਤਖੋਰ ਹੈੱਡ ਕਾਂਸਟੇਬਲ ਰਾਮ ਪ੍ਰਸਾਦ ਨੂੰ 4000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਫੜਿਆ।

* 2 ਅਗਸਤ ਨੂੰ ਵੂਮੈਨ ਸੈੱਲ ਫਰੀਦਕੋਟ (ਪੰਜਾਬ) ’ਚ ਿਨਯੁਕਤ ਔਰਤ ਏ. ਐੱਸ. ਆਈ. ਹਰਜਿੰਦਰ ਕੌਰ ਨੂੰ ਸ਼ਿਕਾਇਤਕਰਤਾ ਔਰਤ ਤੋਂ 75,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ।

* 2 ਅਗਸਤ ਨੂੰ ਹੀ ਥਾਣਾ ਕੂਮਕਲਾਂ (ਪੰਜਾਬ) ’ਚ ਤਾਇਨਾਤ ਐੱਸ. ਐੱਚ. ਓ. (ਮੁਨਸ਼ੀ) ਹਰਦੀਪ ਸਿੰਘ ਨੂੰ ਸ਼ਿਕਾਇਤਕਰਤਾ ਔਰਤ ਕੋਲੋਂ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਵਿਜੀਲੈਂਸ ਬਿਊਰੋ ਨੇ ਕਾਬੂ ਕੀਤਾ।

* 31 ਜੁਲਾਈ ਨੂੰ ਲੁਧਿਆਣਾ (ਪੰਜਾਬ) ਦੇ ਵਧੀਕ ਸੈਸ਼ਨ ਜੱਜ ਡਾ. ਅਜੀਤ ਅੱਤਰੀ ਦੀ ਅਦਾਲਤ ਨੇ ਰਿਸ਼ਵਤ ਮੰਗਣ ਦੇ ਦੋਸ਼ੀ ਏ. ਐੱਸ. ਆਈ. ਜਗਤਾਰ ਸਿੰਘ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ 2 ਵੱਖ-ਵੱਖ ਧਾਰਾਵਾਂ ’ਚ 5-5 ਸਾਲ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀਆਂ ਸਜ਼ਾ ਸੁਣਾਈਆਂ।

* 14 ਜੂਨ ਨੂੰ ਜੈਪੁਰ (ਰਾਜਸਥਾਨ) ’ਚ ਜਯੋਤੀ ਨਗਰ ਥਾਣੇ ਦੇ ਕਾਂਸਟੇਬਲ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ 3000 ਰੁਪਏ ਿਰਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।

* 26 ਮਈ ਨੂੰ ਕੋਟਾ (ਰਾਜਸਥਾਨ) ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਦਿੱਲੀ ਪੁਲਸ ਦੀ ਇਕ ਔਰਤ ਏ. ਐੱਸ. ਆਈ. ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ। ਵਰਨਣਯੋਗ ਹੈ ਕਿ ਦੋਸ਼ੀ ਔਰਤ ਏ. ਐੱਸ. ਆਈ. ਰਿਸ਼ਵਤ ਦੀ ਰਕਮ ਲੈ ਕੇ ਤੁਰੰਤ ਟ੍ਰੇਨ ’ਚ ਚੜ੍ਹ ਗਈ ਪਰ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਪਿੱਛਾ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਅਗਲੇ ਸਟੇਸ਼ਨ ’ਤੇ ਉਤਾਰ ਲਿਆ।

* 27 ਅਪ੍ਰੈਲ ਨੂੰ ਸੀ. ਬੀ. ਆਈ. ਨੇ ਬਵਾਨਾ (ਦਿੱਲੀ) ਦੇ ਸਾਈਬਰ ਸੈੱਲ ਥਾਣੇ ’ਚ ਤਾਇਨਾਤ ਇਕ ਔਰਤ ਏ. ਐੱਸ. ਆਈ. ਨੂੰ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।

* 26 ਫਰਵਰੀ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਫਰੀਦਾਬਾਦ ’ਚ ਇਕ ਕੈਦੀ ਨੂੰ ਆਪਣੇ ਰਿਸ਼ਤੇਦਾਰ ਨਾਲ ਫੋਨ ’ਤੇ 15 ਮਿੰਟ ਗੱਲ ਕਰਵਾਉਣ ਦੀ ਇਵਜ਼ ’ਚ 10,000 ਰੁਪਏ ਰਿਸ਼ਵਤ ਲੈਂਦੇ ਔਰਤ ਕਾਂਸਟੇਬਲ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

ਪਹਿਲਾਂ ਵੀ ਪੁਲਸ ਬਲ ਦੇ ਕੁਝ ਮੈਂਬਰ ਆਪਣੀਆਂ ਅਜਿਹੀਆਂ ਹਰਕਤਾਂ ਨਾਲ ਕਾਨੂੰਨ ਦੇ ਸ਼ਿਕੰਜੇ ’ਚ ਫਸ ਚੁੱਕੇ ਹਨ। ਪੁਲਸ ਮੁਲਾਜ਼ਮਾਂ ਦਾ ਇਸ ਤਰ੍ਹਾਂ ਦਾ ਗਲਤ ਆਚਰਣ ਸੁਰੱਖਿਆ ਵਿਵਸਥਾ ਲਈ ਵੀ ਭਾਰੀ ਖਤਰਾ ਸਿੱਧ ਹੋ ਸਕਦਾ ਹੈ।

ਇਸ ਲਈ ਅਜਿਹਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ, ਤਾਂ ਕਿ ਦੂਜਿਆਂ ਨੂੰ ਵੀ ਇਸ ਤੋਂ ਸਬਕ ਮਿਲੇ ਅਤੇ ਉਹ ਰਿਸ਼ਵਤ ਲੈਣ ਦੀ ਗੱਲ ਤਾਂ ਦੂਰ ਰਹੀ, ਇਸ ਦੇ ਨਾਂ ਤੋਂ ਵੀ ਡਰਨ ਲੱਗਣ। -ਵਿਜੇ ਕੁਮਾਰ

Manoj

This news is Content Editor Manoj