ਦੇਸ਼ ’ਚ ਇਹ ਕੀ ਹੋ ਰਿਹਾ ਹੈ; ਧੀਆਂ, ਨੂੰਹਾਂ ਨਾਲ ਜਬਰ-ਜ਼ਨਾਹ, ਮਾਤਾਵਾਂ, ਪਿਤਾਵਾਂ, ਪਤੀਆਂ, ਪਤਨੀਆਂ ਦੀ ਹੱਤਿਆ

03/01/2023 4:21:01 AM

ਬੇਸ਼ੱਕ ਕਿਸੇ ਜ਼ਮਾਨੇ ’ਚ ਭਾਰਤ ਆਪਣੇ ਉੱਚ ਆਦਰਸ਼ਾਂ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਲਈ ਜਾਣਿਆ ਜਾਂਦਾ ਸੀ ਪਰ ਅੱਜ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਤੋਂ ਲੱਗਦਾ ਹੈ ਕਿ ਹੁਣ ਭਾਰਤ ਤੋਂ ਉਨ੍ਹਾਂ ਆਦਰਸ਼ਾਂ ਅਤੇ ਨੈਤਿਕ ਕਦਰਾਂ-ਕੀਮਤਾਂ ਅਤੇ ਮਾਣ-ਮਰਿਆਦਾਵਾਂ ਦੀ ਵਿਦਾਈ ਹੁੰਦੀ ਜਾ ਰਹੀ ਹੈ, ਜੋ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 18 ਫਰਵਰੀ ਨੂੰ ਰਾਜਸਥਾਨ ਦੇ ਕੋਟਾ ਜ਼ਿਲੇ ’ਚ ਇਕ ਨੌਜਵਾਨ ਨੇ ਲਕਵੇ ਦੀ ਗੰਭੀਰ ਬੀਮਾਰੀ ਨਾਲ ਗ੍ਰਸਤ ਆਪਣੇ ਸੌਂ ਰਹੇ ਪਿਤਾ ਦੇ ਸਿਰ ’ਤੇ ਭਾਰੀ ਬਰਤਨ ਨਾਲ ਵਾਰ ਕਰ ਕੇ ਉਸ ਦੀ ਜੀਵਨ ਲੀਲਾ ਖਤਮ ਕਰ ਦਿੱਤੀ।

* 20 ਫਰਵਰੀ ਨੂੰ ਦਿੱਲੀ ਦੇ ਕਰਵਲ ਨਗਰ ’ਚ ਇਕ ਔਰਤ ਨੂੰ ਆਪਣੇ ਪਤੀ ਦੀ ਹੱਤਿਆ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਪੁਲਸ ਦੇ ਅਨੁਸਾਰ ਦੋਸ਼ੀ ਔਰਤ ਆਪਣੇ ਅਤੇ ਆਪਣੇ ਪਤੀ ਦੀ ਉਮਰ ਦੇ ਦਰਮਿਆਨ ਫਰਕ ਤੋਂ ਦੁਖੀ ਸੀ ਕਿਉਂਕਿ ਉਸ ਦੇ ਪਤੀ ਨੇ ਆਪਣੀ ਅਸਲ ਉਮਰ ਲੁਕਾ ਕੇ ਉਸ ਨਾਲ ਵਿਆਹ ਕੀਤਾ ਸੀ।

* 20 ਫਰਵਰੀ ਨੂੰ ਹੀ ਅਸਾਮ ਦੇ ਗੁਹਾਟੀ ’ਚ ਇਕ ਔਰਤ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਅਤੇ ਸੱਸ ਦੀ ਹੱਤਿਆ, ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ 3 ਦਿਨ ਫਰਿਜ ’ਚ ਰੱਖਣ ਅਤੇ ਫਿਰ ਆਪਣੇ ਪ੍ਰੇਮੀ ਅਤੇ ਉਸ ਦੇ ਇਕ ਦੋਸਤ ਦੇ ਨਾਲ ਰਲ ਕੇ ਉਨ੍ਹਾਂ ਟੁਕੜਿਆਂ ਨੂੰ ਮੇਘਾਲਿਆ ਲਿਜਾ ਕੇ ਚੇਰਾਪੂੰਜੀ ’ਚ ਇਕ ਖੱਡ ’ਚ ਸੁੱਟਣ ਦੇ ਦੋਸ਼ ’ਚ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ।

* 21 ਫਰਵਰੀ ਨੂੰ ਨਵੀਂ ਦਿੱਲੀ ਦੇ ਅਮਨ ਵਿਹਾਰ ਇਲਾਕੇ ’ਚ ਪਰਿਵਾਰਕ ਕਲੇਸ਼ ਦੇ ਬਾਅਦ ਮਾਜਿਦ ਨਾਂ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ’ਤੇ ਹਥੌੜਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

* 23 ਫਰਵਰੀ ਨੂੰ ਆਪਣੀ 14 ਸਾਲਾ ਨਾਬਾਲਗ ਧੀ ਦਾ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਲੁਧਿਆਣਾ ਦੀ ਇਕ ਅਦਾਲਤ ਨੇ ਇਕ ਵਿਅਕਤੀ ਨੂੰ ਉਮਰ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

* 24 ਫਰਵਰੀ ਨੂੰ ਫਰੀਦਾਬਾਦ ਦੀ ਇਕ ਔਰਤ ਨੇ ਆਪਣੇ ਪਤੀ ਅਤੇ ਸਹੁਰੇ ’ਤੇ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ, ਸ਼ਰਾਬ ਅਤੇ ਸਿਗਰਟ ਪੀਣ ਲਈ ਮਜਬੂਰ ਕਰਨ, ਪਤੀ ਵੱਲੋਂ ਗੈਰ-ਕੁਦਰਤੀ ਦੁਰਾਚਾਰ, ਕੁੱਟਮਾਰ, ਸਹੁਰੇ ਵਲੋਂ ਜਬਰ-ਜ਼ਨਾਹ ਦੀ ਕੋਸ਼ਿਸ਼, ਜਾਨ ਤੋਂ ਮਾਰਨ ਆਦਿ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ।

* 26 ਫਰਵਰੀ ਨੂੰ ਦਿੱਲੀ ’ਚ ਦੁਆਰਕਾ ਦੇ ਵਿਪਿਨ ਗਾਰਡਨ ਇਲਾਕੇ ’ਚ ਇਕ ਵਿਅਕਤੀ ਨੇ ਆਰਥਿਕ ਤੰਗੀ ਦੇ ਕਾਰਨ ਆਪਣੀ ਪਤਨੀ ਅਤੇ 2 ਪੁੱਤਰਾਂ ਦੀ ਹੱਤਿਆ ਕਰਨ ਦੇ ਬਾਅਦ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

* 26 ਫਰਵਰੀ ਨੂੰ ਹੀ ਰੋਹਤਕ ਦੇ ਇਕ ਨਿੱਜੀ ਹਸਪਤਾਲ ’ਚ ਇਕ ਨਰਸ, ਜਿਸ ਦੇ ਪਤੀ ਅਤੇ ਸੱਸ ਦੀ ਮੌਤ ਹੋ ਚੁੱਕੀ ਹੈ, ਨੇ ਆਪਣੇ ਸਹੁਰੇ ਦੇ ਵਿਰੁੱਧ ਉਸ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ’ਚ ਕੇਸ ਦਰਜ ਕਰਵਾਇਆ।

* 27 ਫਰਵਰੀ ਨੂੰ ਲੌਂਗੋਵਾਲ ਦੇ ਪਿੰਡ ਮੰਡੇਰ ਕਲਾਂ ’ਚ ਦੁਪਹਿਰ ਦੇ ਸਮੇਂ ਆਪਣੇ ਘਰ ’ਚ ਸੌਂ ਰਹੀ ਬਜ਼ੁਰਗ ਅਮਰਜੀਤ ਕੌਰ (60) ’ਤੇ ਉਸ ਦੇ ਪੁੱਤਰ ਗੁਰਦੀਪ ਸਿੰਘ (35) ਨੇ ਕੱਸੀ ਨਾਲ ਤਾਬੜਤੋੜ ਵਾਰ ਕਰ ਕੇ ਉਸ ਦੀ ਜਾਨ ਲੈ ਲਈ।

* 27 ਫਰਵਰੀ ਨੂੰ ਹੀ ਨਵੀਂ ਦਿੱਲੀ ’ਚ ਇਕ ਮੁਟਿਆਰ ਨੇ ਆਪਣੀ ਮਾਂ ਵੱਲੋਂ ਉਸ ਦੇ ਮੂੰਹ ’ਚ ਕੱਪੜਾ ਤੁੰਨ ਕੇ ਆਪਣੇ ਪ੍ਰੇਮੀ ਕੋਲੋਂ ਆਪਣੀਅਾਂ ਅੱਖਾਂ ਸਾਹਮਣੇ ਉਸ ਦਾ ਜਬਰ-ਜ਼ਨਾਹ ਕਰਵਾਉਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ। ਪੀੜਤਾ ਦੀ ਮਾਂ ਅਤੇ ਉਸ ਦਾ ਪ੍ਰੇਮੀ ਦੋਵੇਂ ਫਰਾਰ ਹਨ।

* 27 ਫਰਵਰੀ ਨੂੰ ਹੀ ਇੰਦੌਰ ਦੀ ਇਕ ਅਦਾਲਤ ਨੇ ਇਕ ਔਰਤ ਅਤੇ ਉਸ ਦੇ ਪਤੀ ਨੂੰ ਆਪਣੀ 3 ਮਹੀਨੇ ਦੀ ਬਿਨਾਂ ਇਕ ਕੰਨ ਦੇ ਜੰਮੀ ਬੱਚੀ ਦੇ ਸਿਰ ’ਤੇ ਗੰਡਾਸੀ ਮਾਰ ਕੇ ਉਸ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਕਚਰੇ ਦੇ ਢੇਰ ’ਤੇ ਸੁੱਟ ਦੇਣ ਦੇ ਦੋਸ਼ ’ਚ ਉਮਰ ਕੈਦ ਦੀ ਸਜ਼ਾ ਸੁਣਾਈ।

ਪਰਿਵਾਰਕ ਕਲੇਸ਼, ਨੈਤਿਕ ਪਤਨ ਅਤੇ ਹੋਰਨਾਂ ਕਾਰਨਾਂ ਦੇ ਨਤੀਜੇ ਵਜੋਂ ਸਿਰਫ 10 ਦਿਨਾਂ ’ਚ ਸਾਹਮਣੇ ਆਈਆਂ ਉਕਤ ਘਟਨਾਵਾਂ ਇਸ ਤੱਥ ਦਾ ਮੂੰਹ ਬੋਲਦਾ ਸਬੂਤ ਹਨ ਕਿ ਅੱਜ ਅਸੀਂ ਆਪਣੇ ਪ੍ਰਾਚੀਨ ਉੱਚ ਆਦਰਸ਼ਾਂ ਅਤੇ ਨੈਤਿਕ ਕਦਰਾਂ-ਕੀਮਤਾਂ ਤੋਂ ਕਿਸ ਕਦਰ ਭਟਕ ਗਏ ਹਨ। ਕਾਸ਼! ਕੋਈ ਮਸੀਹਾ ਇਸ ਧਰਤੀ ’ਤੇ ਆਵੇ, ਜੋ ਭਟਕੇ ਹੋਏ ਲੋਕਾਂ ਨੂੰ ਸਹੀ ਰਸਤੇ ’ਤੇ ਚੱਲਣ ਦੀ ਸੁਮੱਤ ਦੇਵੇ।

-ਵਿਜੇ ਕੁਮਾਰ

Mukesh

This news is Content Editor Mukesh