ਰਾਜ ਸਭਾ ਚੋਣਾਂ; ਵਿਧਾਇਕਾਂ ਦੇ ‘ਇਧਰ-ਓਧਰ ਹੋਣ ਦੇ ਡਰ ਤੋਂ’ ਉਨ੍ਹਾਂ ਨੂੰ ਠਹਿਰਾਇਆ ਪੰਜ ਸਿਤਾਰਾ ਹੋਟਲਾਂ ’ਚ

06/09/2022 12:50:05 AM

ਇਸ ਸਮੇਂ ਜਦਕਿ ਭਾਰਤ ਦੀ ਸਿਆਸਤ ’ਚ ਗਰਮਾਹਟ ਸਿਖਰ ’ਤੇ ਪਹੁੰਚੀ ਹੋਈ ਹੈ, ਮਹਾਰਾਸ਼ਟਰ, ਰਾਜਸਥਾਨ ਅਤੇ ਹਰਿਆਣਾ ’ਚ 10 ਜੂਨ ਨੂੰ ਹੋਣ ਵਾਲੀਆਂ ਰਾਜ ਸਭਾ ਦੀਆਂ ਚੋਣਾਂ ’ਚ ਹਰ ਪਾਰਟੀ ਨੂੰ ਆਪਣੇ ਵਿਧਾਇਕਾਂ ਵੱਲੋਂ ਦਲ-ਬਦਲ ਦਾ ਡਰ ਸਤਾ ਰਿਹਾ ਹੈ, ਇਸੇ ਲਈ ਉਨ੍ਹਾਂ ਨੇ ਆਪਣੇ ਤੇ ਆਪਣੇ ਸਮਰਥਕ ਵਿਧਾਇਕਾਂ ਨੂੰ ਵੱਸ ’ਚ ਰੱਖਣ ਦੇ ਲਈ  ਇਨ੍ਹਾਂ ਨੂੰ ਦੂਰ ਪੰਜ ਸਿਤਾਰਾ ਹੋਟਲਾਂ ’ਚ ਪਹੁੰਚਾ ਦਿੱਤਾ ਹੈ।
ਮਹਾਰਾਸ਼ਟਰ ’ਚ 6 ਸੀਟਾਂ ਲਈ ਸ਼ਿਵਸੈਨਾ ਨੇ ਪਹਿਲਾਂ ਤਾਂ ਆਪਣੇ ਵਿਧਾਇਕਾਂ ਦੇ ਲਈ ਦੱਖਣੀ ਮੁੰਬਈ ਦੇ ‘ਟ੍ਰਾਈਡੈਂਟ ਹੋਟਲ’ ’ਚ ਕਮਰੇ ਬੁੱਕ ਕਰਵਾਏ ਪਰ ਇਹ ਪਤਾ  ਲੱਗਣ ’ਤੇ  ਕਿ ਭਾਜਪਾ ਵੀ ਆਪਣੇ ਵਿਧਾਇਕਾਂ ਨੂੰ ਉਥੇ  ਹੀ ਠਹਿਰਾਉਣ ਜਾ ਰਹੀ ਹੈ ਤਾਂ ਉਨ੍ਹਾਂ ਨੇ ਆਪਣੇ ਵਿਧਾਇਕਾਂ ਨੂੰ ਦੱਖਣੀ ਮੁੰਬਈ ਦੇ ਇਕ ਫਾਈਵ ਸਟਾਰ ਹੋਟਲ ’ਚ ਸ਼ਿਫਟ ਕਰ ਦਿੱਤਾ।
ਭਾਜਪਾ ਨੇ ਵੀ ਆਪਣੇ ਵਿਧਾਇਕਾਂ ਨੂੰ ‘ਟ੍ਰਾਈਡੈਂਟ ਹੋਟਲ’ ’ਚ ਠਹਿਰਾਉਣ ਦਾ ਪਹਿਲਾ ਪ੍ਰੋਗਰਾਮ ਰੱਦ ਕਰ ਕੇ ਉਨ੍ਹਾਂ ਨੂੰ ਹੋਟਲ ‘ਤਾਜ ਵਿਵਾਂਤਾ’ ’ਚ ਠਹਿਰਾਇਆ ਹੈ।
ਰਾਜਸਥਾਨ ’ਚ 4 ਸੀਟਾਂ ’ਤੇ ਚੋਣ ਦੇ ਮੱਦੇਨਜ਼ਰ ਅੰਦਰੂਨੀ  ਨੁਕਸਾਨ ਦੇ ਡਰ ਤੋਂ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ  ਇਧਰ-ਓਧਰ ਜਾਣ ਤੋਂ ਰੋਕਣ ਦੇ ਲਈ ਉਨ੍ਹਾਂ ਨੂੰ ਉਦੈਪੁਰ ਦੇ ਹੋਟਲ ‘ਤਾਜ ਅਰਾਵਲੀ ਰਿਸੋਰਟ ਤੇ ਸਪਾ’ ਵਿਚ ਠਹਿਰਾਇਆ ਹੈ।
ਇੱਥੇ ਉਨ੍ਹਾਂ ਦੇ ਆਰਾਮ ਅਤੇ ਮਨੋਰੰਜਨ ਦੇ ਲਈ ਜਾਦੂ ਦੀ ਖੇਡ ਅਤੇ ਫਿਲਮਾਂ ਦਿਖਾਉਣ, ਅੰਤਾਕਸ਼ਰੀ ਖੇਡਣ, ਜਨਮਦਿਨ ਮਨਾਉਣ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਰਿਸੋਰਟ ਤੋਂ ਮਿਲਣ ਵਾਲੇ ਵੀਡੀਓ ’ਚ  ਸਾਰੇ  ਉਮੀਦਵਾਰ ਤੇ ਹੋਰ ਨੇਤਾਗਣ ਖੂਬ ਮਨੋਰੰਜਨ ਕਰਦੇ ਤੇ ਸਵੀਮਿੰਗ ਪੂਲ ’ਚ ਨਹਾਉਂਦੇ, ਗਾਂਦੇ ਅਤੇ ਨੱਚਦੇ ਦਿਖਾਈ ਦੇ ਰਹੇ ਹਨ।
‘ਤਾਜ ਅਰਾਵਲੀ’ ਹੋਟਲ ’ਚ 3 ਕਰੋੜ ਰੁਪਏ ਦੀ ਲਾਗਤ ਨਾਲ 150 ਕਮਰੇ ਬੁੱਕ ਕਰਵਾਏ ਗਏ। ਹਰ ਵਿਧਾਇਕ ਨੂੰ ਵੱਖ-ਵੱਖ ਕਮਰੇ ’ਚ ਠਹਿਰਾਇਆ ਗਿਆ, ਹਰ  ਵਿਧਾਇਕ ਦੇ ਰੋਜ਼ ਦੇ ਖਾਣੇ ਤੇ ਰਹਿਣ ਦਾ ਖਰਚ ਲਗਭਗ 20,000  ਰੁਪਏ ਦੱਸਿਆ ਜਾਂਦਾ ਹੈ। ਇੱਥੇ ਕਾਂਗਰਸ ਦੇ ਲਗਭਗ 30 ਲੱਖ ਰੁਪਏ ਰੋਜ਼ਾਨਾ ਖਰਚ ਹੋ ਰਹੇ ਹਨ।
ਭਾਜਪਾ ਨੇ ਆਪਣੇ ਵਿਧਾਇਕਾਂ ਦੇ ਲਈ ਜੈਪੁਰ ਦੇ ‘ਹੋਟਲ  ਦੇਵੀਰਤਨ’ ’ਚ 62 ਕਮਰੇ ਬੁੱਕ ਕਰਵਾਏ ਹਨ ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਦੇ ਨਾਲ ਯੋਗ ਕਰਨ ਦੀ ਸਹੂਲਤ ਵੀ ਮੁਹੱਈਆ ਕੀਤੀ ਗਈ ਹੈ। ਇਨ੍ਹਾਂ ’ਤੇ ਕੁਲ ਖਰਚ ਲਗਭਗ 50 ਲੱਖ ਰੁਪਏ ਅਤੇ ਰੋਜ਼ਾਨਾ ਖਰਚ ਲਗਭਗ ਸਾਢੇ 9 ਲੱਖ ਰੁਪਏ ਦੱਸਿਆ ਜਾਂਦਾ ਹੈ।
ਹਰਿਆਣਾ ’ਚ ਰਾਜ ਸਭਾ ਦੀ 1 ਸੀਟ ਜਿੱਤਣ ਦੇ ਲਈ ਕਾਂਗਰਸ ਨੇ ਪੂਰਾ ਜਹਾਜ਼ ਕਿਰਾਏ ’ਤੇ ਲੈ ਕੇ ਆਪਣੇ ਵਿਧਾਇਕਾਂ ਨੂੰ ਛੱਤੀਸਗੜ੍ਹ ਦੇ ਰਾਏਪੁਰ ਦੇ ‘ਮੇਫੇਅਰ ਲੇਕ ਰਿਸੋਰਟ’ ’ਚ ਲਿਜਾ ਕੇ ਠਹਿਰਾਇਆ ਹੈ।
ਇੱਥੇ ਵੀ ਵਿਧਾਇਕ ਖੂਬ ਮੌਜ ਮਸਤੀ ਕਰ ਰਹੇ ਹਨ। ਉਹ ਸਵੇਰੇ ਨਾਸ਼ਤਾ ਕਿਤੇ ਹੋਰ ਅਤੇ ਸ਼ਾਮ ਨੂੰ ਡ੍ਰਿੰਕਸ ਕਿਤੇ ਦੂਜੀ ਥਾਂ ਲੈਂਦੇ ਹਨ। ਉਨ੍ਹਾਂ ਲਈ ਤਾਂ ਇਹ ਪ੍ਰਵਾਸ ਛੁੱਟੀਆਂ ਤੋਂ ਵੀ ਵਧ ਕੇ ਹੈ। ਇਨ੍ਹਾਂ ਨੂੰ 10 ਜੂਨ ਨੂੰ ਰਾਏਪੁਰ ਤੋਂ ਸਿੱਧੇ ਚੰਡੀਗੜ੍ਹ ਲਿਆ ਕੇ  ਹਰਿਆਣਾ ਵਿਧਾਨ ਸਭਾ ’ਚ ਪਹੁੰਚਾਇਆ ਜਾਵੇਗਾ ਜਿਥੇ ਵੋਟਾਂ ਪੈਣੀਆਂ  ਹਨ।  
ਰਾਜ ਸਭਾ ਦੀਆਂ ਚੋਣਾਂ ’ਚ ਸਾਰੀਆਂ ਪਾਰਟੀਆਂ ਨੂੰ ਉਲਟਫੇਰ ਤੇ ਚੁੱਕ-ਥੱਲ ਦਾ ਇੰਨਾ ਡਰ ਹੈ ਅਤੇ ਉਨ੍ਹਾਂ ਦਾ ਆਪਣੀ ਹੀ ਪਾਰਟੀ ਦੇ ਲੋਕਾਂ ਤੋਂ ਇਸ ਕਦਰ ਯਕੀਨ ਉਠ ਗਿਆ ਹੈ ਕਿ ਉਨ੍ਹਾਂ ਨੂੰ ਹੋਟਲਾਂ ’ਚ ਮਹਿਮਾਨ ਬਣਾ ਕੇ ਉਨ੍ਹਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰ ਕੇ ਆਪਣੇ ਨਾਲ ਜੋੜੀ ਰੱਖਣ ਲਈ ਪਾਣੀ ਦੇ ਵਾਂਗ ਪੈਸਾ ਵਹਾਉਣਾ ਪੈ ਰਿਹਾ ਹੈ। ਦੇਸ਼ ਦੀ ਸਿਆਸਤ ’ਚ ਧਨਬਲ ਦੀ ਭੂਮਿਕਾ ਦਾ ਇਹ ਜਿਊਂਦਾ-ਜਾਗਦਾ ਸਬੂਤ ਹੈ।  
-ਵਿਜੇ ਕੁਮਾਰ

Mukesh

This news is Content Editor Mukesh