ਭਾਜਪਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਤੋਂ ਬਾਅਦ ਹੁਣ ਰਾਜਪਾਲ ਵੀ ਸਿਆਸੀ ਬਿਆਨਬਾਜ਼ੀ ਕਰਨ ਲੱਗੇ

11/24/2015 7:49:39 AM

ਇਸ ਸਮੇਂ ਦੇਸ਼ ''ਚ ਇਤਰਾਜ਼ਯੋਗ ਅਤੇ ਬੇਲੋੜੀ ਬਿਆਨਬਾਜ਼ੀ ਦਾ ਇਕ ਦੌਰ ਜਿਹਾ ਚੱਲਿਆ ਹੋਇਆ ਹੈ। ਸੋਚੇ ਬਿਨਾਂ ਸਿਆਸਤਦਾਨ ਅਜਿਹੇ ਬਿਆਨ ਲੱਗਭਗ ਰੋਜ਼ਾਨਾ ਹੀ ਦੇ ਰਹੇ ਹਨ, ਜਿਨ੍ਹਾਂ ਕਾਰਨ ਬੇਵਜ੍ਹਾ ਵਿਵਾਦ ਪੈਦਾ ਹੁੰਦੇ ਹਨ ਅਤੇ ਸਮਾਜ ਵਿਚ ਕੁੜੱਤਣ ਵਧਦੀ ਹੈ।
ਅਜਿਹੇ ਬਿਆਨ-ਵੀਰਾਂ ''ਚ ਹੁਣ ਆਸਾਮ ਦੇ ਰਾਜਪਾਲ ਪਦਮਨਾਭ ਬਾਲਕ੍ਰਿਸ਼ਨ ਆਚਾਰੀਆ ਦਾ ਨਾਂ ਵੀ ਜੁੜ ਗਿਆ ਹੈ। ਬੀਤੀ 21 ਨਵੰਬਰ ਨੂੰ ਗੁਹਾਟੀ ''ਚ ਉਨ੍ਹਾਂ ਨੇ ਇਹ ਕਹਿ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਕਿ ''''ਹਿੰਦੁਸਤਾਨ ਹਿੰਦੂਆਂ ਲਈ ਹੈ, ਇਸ ''ਚ ਕੁਝ ਗਲਤ ਨਹੀਂ ਹੈ। ਬੰਗਲਾਦੇਸ਼ ਵਿਚ ਸਤਾਏ ਹਿੰਦੂਆਂ ਨੂੰ ਭਾਰਤ ਆਉਣ ਦਾ ਹੱਕ ਹੈ। ਸੂਬੇ (ਆਸਾਮ) ਵਿਚ ਬਾਹਰਲੇ ਹਿੰਦੂਆਂ ਦੇ ਆਉਣ ''ਤੇ ਸਾਨੂੰ ਕੋਈ ਦਿੱਕਤ ਨਹੀਂ। ਬਾਹਰਲੇ ਦੇਸ਼ਾਂ ਦੇ ਹਿੰਦੂ ਵੀ ਇਥੇ ਰਹਿ ਸਕਦੇ ਹਨ।''''
ਉਨ੍ਹ੍ਹਾਂ ਦੇ ਇਸ ਬਿਆਨ ''ਤੇ ਜਦੋਂ ਭਾਰੀ ਹੰਗਾਮਾ ਖੜ੍ਹਾ ਹੋ ਗਿਆ ਤਾਂ ਇਸ ''ਤੇ ਆਪਣੀ ਸਫਾਈ ਦੇਣ ਲਈ 22 ਨਵੰਬਰ ਨੂੰ ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ ਸੱਦੀ ਅਤੇ ਕਿਹਾ ਕਿ ਉਨ੍ਹਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਪਰ ਇਹ ਸਫਾਈ ਦਿੰਦਿਆਂ ਉਨ੍ਹਾਂ ਨੇ ਇਹ ਕਹਿ ਕੇ ਇਕ ਹੋਰ ਵਿਵਾਦ ਖੜ੍ਹਾ ਕਰ ਦਿੱਤਾ ਕਿ :
''''ਭਾਰਤ ਦੇ ਮੁਸਲਮਾਨ ਕਿਤੇ ਵੀ ਜਾਣ ਲਈ ਆਜ਼ਾਦ ਹਨ। ਉਹ ਇਥੇ ਰਹਿ ਸਕਦੇ ਹਨ ਪਰ ਜੇ ਉਹ ਮਹਿਸੂਸ ਕਰਦੇ ਹਨ ਕਿ ਇਥੇ ਉਨ੍ਹਾਂ ਨੂੰ ਸਤਾਇਆ ਜਾ ਰਿਹਾ ਹੈ ਤਾਂ ਉਹ ਬੰਗਲਾਦੇਸ਼ ਜਾਂ ਪਾਕਿਸਤਾਨ ਜਾਣ ਲਈ ਆਜ਼ਾਦ ਹਨ। ਕਈ ਮੁਸਲਮਾਨ ਪਾਕਿਸਤਾਨ ਗਏ ਵੀ ਹਨ।
ਤਸਲੀਮਾ ਨਸਰੀਨ ਨੂੰ ਬੰਗਲਾਦੇਸ਼ ਵਿਚ ਸਤਾਇਆ ਜਾ ਰਿਹਾ ਸੀ। ਉਹ ਇਥੇ ਆ ਗਈ ਤੇ ਜੇ ਉਹ ਵੀ (ਬਾਕੀ ਮੁਸਲਮਾਨ) ਆਉਣਗੇ ਤਾਂ ਅਸੀਂ ਉਨ੍ਹਾਂ ਨੂੰ ਵੀ ਪਨਾਹ ਦੇ ਦੇਵਾਂਗੇ... ਜੇ ਉਨ੍ਹਾਂ ਨੂੰ ਸਤਾਇਆ ਜਾਵੇ। ਭਾਰਤ ਦਾ ਦਿਲ ਬਹੁਤ ਵੱਡਾ ਹੈ।''''
ਰਾਜਪਾਲ ਦਾ ਅਹੁਦਾ ਗੈਰ-ਸਿਆਸੀ ਹੁੰਦਾ ਹੈ ਪਰ ਕੇਂਦਰ ਵਿਚ ਸੱਤਾ ''ਚ ਆਉਣ ਵਾਲੀਆਂ ਸਰਕਾਰਾਂ ਕਈ ਮੌਕਿਆਂ ''ਤੇ ਪਿਛਲੀ ਸਰਕਾਰ ਵਲੋਂ ਨਿਯੁਕਤ ਰਾਜਪਾਲਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਆਪਣੇ ਪਸੰਦੀਦਾ ਰਾਜਪਾਲਾਂ ਨੂੰ ਨਿਯੁਕਤ ਕਰਦੀਆਂ ਹਨ। 
ਪਹਿਲਾਂ ਆਰ. ਐੱਸ. ਐੱਸ. ਅਤੇ ਭਾਜਪਾ ਨਾਲ ਸੰਬੰਧਤ ਸ਼੍ਰੀ ਪੀ. ਬੀ. ਆਚਾਰੀਆ ਨੂੰ ਵੀ ਇਸੇ ਲੜੀ ''ਚ 14 ਜੁਲਾਈ 2014 ਨੂੰ ਮੋਦੀ ਸਰਕਾਰ ਨੇ ਨਾਗਾਲੈਂਡ ਦਾ ਰਾਜਪਾਲ ਨਿਯੁਕਤ ਕੀਤਾ ਸੀ ਤੇ ਉਨ੍ਹਾਂ ਨੂੰ ਹੀ 12 ਦਸੰਬਰ 2014 ਨੂੰ ਆਸਾਮ ਦੇ ਰਾਜਪਾਲ ਦਾ ਵਾਧੂ ਕਾਰਜਭਾਰ ਸੌਂਪ ਦਿੱਤਾ ਗਿਆ।
ਕਿਸੇ ਵੀ ਰਾਜਪਾਲ ਤੋਂ ਆਪਣੇ ਫਰਜ਼ ਨਿਭਾਉਣ ਦੌਰਾਨ ਸਿਆਸਤ ਵਿਚ ਨਾ ਉਲਝਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਸ਼੍ਰੀ ਆਚਾਰੀਆ ਨੇ ਇਸ ਅਹੁਦੇ ''ਤੇ ਨਿਯੁਕਤ ਹੋਣ ਤੋਂ ਬਾਅਦ ਵੀ ਆਪਣੇ ਬਿਆਨਾਂ ਤੇ ਕੰਮਾਂ ਨਾਲ ਅਤੀਤ ਵਿਚ ਵੀ ਆਪਣੇ ਸਿਆਸੀ ਝੁਕਾਅ ਦਾ ਸੰਕੇਤ ਦੇ ਕੇ ਕਈ ਵਿਵਾਦ ਖੜ੍ਹੇ ਕੀਤੇ ਹਨ। ਆਬਜ਼ਰਵਰਾਂ ਮੁਤਾਬਿਕ ਭਾਰਤ ਦੇ ਕਿਸੇ ਵੀ ਰਾਜਪਾਲ ਨੇ ਓਨੇ ਵਿਵਾਦ ਖੜ੍ਹੇ ਨਹੀਂ ਕੀਤੇ, ਜਿੰਨੇ ਸ਼੍ਰੀ ਆਚਾਰੀਆ ਨੇ ਕੀਤੇ ਹਨ। 
ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਸਿਲਚਰ ''ਚ ਇਕ ਸਭਾ ਦੌਰਾਨ ਕਾਂਗਰਸ ਵਿਰੁੱਧ ਬਿਆਨ ਦਿੱਤਾ ਅਤੇ ਉਸ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਨੇ ''ਡਿਬਰੂਗੜ੍ਹ ਯੂਨੀਵਰਸਿਟੀ ਕੋਰਟ'' ਵਿਚ ਯੋਗ ਉਮੀਦਵਾਰਾਂ ਦੀ ਅਣਦੇਖੀ ਕਰਕੇ ਸੰਘ ਨਾਲ ਜੁੜੇ ਵਿਅਕਤੀਆਂ ਨੂੰ ਮੈਂਬਰ ਨਿਯੁਕਤ ਕਰਵਾਇਆ।
ਕਾਂਗਰਸ ਨੇ ਪੀ. ਬੀ. ਆਚਾਰੀਆ ''ਤੇ ਰਾਜਭਵਨ ਨੂੰ ਆਰ. ਐੱਸ. ਐੱਸ. ਦਾ ਅੱਡਾ ਬਣਾ ਦੇਣ ਦਾ ਦੋਸ਼ ਲਗਾਉਂਦਿਆਂ ਉਕਤ ਬਿਆਨ ਲਈ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।
ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਅਨੁਸਾਰ :
''''ਰਾਜਪਾਲ ਦਾ ਅਹੁਦਾ ਸੰਵਿਧਾਨਿਕ ਹੈ, ਇਸ ਲਈ ਸੰਘ ਅਤੇ ਭਾਜਪਾ ਨਾਲ ਜੁੜੇ ਵਿਅਕਤੀਆਂ ਨੂੰ ਇਸ ਅਹੁਦੇ ''ਤੇ ਆਉਣ ਤੋਂ ਬਾਅਦ ਆਪਣੀ ਮੂਲ ਪਾਰਟੀ ਨਾਲੋਂ ਸੰਬੰਧ ਤੋੜ ਲੈਣਾ ਚਾਹੀਦਾ ਹੈ। ਹੁਣ ਤਕ ਤਾਂ ਭਾਜਪਾ ਦੇ ਸੰਸਦ ਮੈਂਬਰ ਅਤੇ ਵਿਧਾਇਕ ਹੀ ਸਿਆਸੀ ਬਿਆਨਬਾਜ਼ੀ ਕਰਦੇ ਸਨ ਪਰ ਹੁਣ ਰਾਜਪਾਲ ਵੀ ਅਜਿਹਾ ਹੀ ਕਰਨ ਲੱਗ ਪਏ ਹਨ।''''
ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਪਣੀ ਪਾਰਟੀ ਦੇ ਬਿਆਨ-ਵੀਰਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਬਿਨਾਂ ਸੋਚੇ-ਵਿਚਾਰੇ, ਬੇਲੋੜੇ ਬਿਆਨ ਦੇ ਕੇ ਪਾਰਟੀ ਲਈ ਸਮੱਸਿਆਵਾਂ ਨਾ ਵਧਾਉਣ ਪਰ ਲੱਗਦਾ ਹੈ ਕਿ ਉਨ੍ਹਾਂ ਦੀ ਇਹ ਸਿੱਖਿਆ ਬੋਲ਼ੇ ਕੰਨਾਂ ''ਚ ਹੀ ਪਈ ਹੈ।
ਜਿਥੋਂ ਤਕ ਭਾਜਪਾ ਵਲੋਂ ਨਿਯੁਕਤ ਰਾਜਪਾਲ ਪੀ. ਬੀ. ਆਚਾਰੀਆ ਦੇ ਸਿਆਸੀ ਬਿਆਨਬਾਜ਼ੀ ਤੇ ਸਰਗਰਮੀਆਂ ਵਿਚ ਉਲਝਣ ਦਾ ਸਵਾਲ ਹੈ, ਉਨ੍ਹਾਂ ਦੇ ਇਤਰਾਜ਼ਯੋਗ ਬਿਆਨਾਂ ਅਤੇ ਕੰਮਾਂ ''ਤੇ ਚੁੱਪ ਰਹਿ ਕੇ ਭਾਜਪਾ ਲੀਡਰਸ਼ਿਪ ਇਕ ਗਲਤ ਰਵਾਇਤ ਨੂੰ ਹੀ ਜਨਮ ਦੇ ਰਹੀ ਹੈ।                                                    
—ਵਿਜੇ ਕੁਮਾਰ

 

Vijay Kumar Chopra

This news is Chief Editor Vijay Kumar Chopra