ਸਰਕਾਰੀ ਦਫਤਰਾਂ, ਹਸਪਤਾਲਾਂ, ਥਾਣਿਆਂ, ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਤੇਜ਼ ਕੀਤੀ ਜਾਵੇ

06/02/2021 3:20:07 AM

ਅਸੀਂ ਸ਼ੁਰੂ ਤੋਂ ਹੀ ਲਿਖਦੇ ਆ ਰਹੇ ਹਾਂ ਕਿ ਸਾਡੇ ਮੰਤਰੀਆਂ, ਨੇਤਾਵਾਂ ਅਤੇ ਅਧਿਕਾਰੀਆਂ ਨੂੰ ਆਪਣੇ ਸੂਬਿਆਂ ’ਚ ਸੜਕ ਮਾਰਗ ਰਾਹੀਂ ਯਾਤਰਾ ਕਰਦੇ ਸਮੇਂ ਮਾਰਗ ’ਤੇ ਪੈਣ ਵਾਲੇ ਸਕੂਲਾਂ, ਹਸਪਤਾਲਾਂ ਅਤੇ ਸਰਕਾਰੀ ਦਫਤਰਾਂ ’ਚ ਅਚਾਨਕ ਛਾਪੇ ਮਾਰਨੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਉੱਥੋਂ ਦੀ ਅਸਲ ਸਥਿਤੀ ਦਾ ਪਤਾ ਲੱਗ ਸਕੇ।

ਸਾਡੇ ਸੁਝਾਅ ’ਤੇ 2010 ’ਚ ਇਹ ਮੁਹਿੰਮ ਪੰਜਾਬ ’ਚ ਸ਼ੁਰੂ ਕੀਤੀ ਗਈ। 2012 ’ਚ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਹੁਕਮ ’ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਕੂਲਾਂ ’ਚ ਛਾਪੇ ਮਾਰ ਕੇ ਲੰਬੀ ਛੁੱਟੀ ਲੈ ਕੇ ਵਿਦੇਸ਼ਾਂ ’ਚ ਬੈਠੇ 1200 ਅਧਿਆਪਕਾਂ ਦੇ ਵਿਰੁੱਧ ਕਾਰਵਾਈ ਕਰ ਕੇ 148 ਤੋਂ ਵੱਧ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਸਨ।

ਹੁਣ ਕੁਝ ਸਮੇਂ ਤੋਂ ਇਸ ਵਿਚ ਤੇਜ਼ੀ ਆਈ ਹੈ ਅਤੇ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਸਰਕਾਰੀ ਦਫਤਰਾਂ, ਪੁਲਸ ਥਾਣਿਆਂ, ਹਸਪਤਾਲਾਂ, ਮੈਡੀਕਲ ਸਟੋਰਾਂ ਆਦਿ ਦੇ ਅਚਾਨਕ ਨਿਰੀਖਣ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਜੋ ਮਈ ਮਹੀਨੇ ’ਚ ਮਾਰੇ ਗਏ ਛਾਪਿਆਂ ਤੋਂ ਸਪੱਸ਼ਟ ਹਨ :

* 3 ਮਈ ਨੂੰ ਹਲਦਵਾਨੀ ’ਚ ਕਰਫਿਊ ਦੌਰਾਨ ਸ਼ਹਿਰ ਦੀ ਵਿਵਸਥਾ ਜਾਣਨ ਪਹੁੰਚੇ ਆਈ. ਜੀ. ਅਜੈ ਰੌਤੇਲਾ ਅਤੇ ਐੱਸ. ਐੱਸ. ਪੀ. ਪ੍ਰੀਤੀ ਪ੍ਰਿਯਦਰਸ਼ਨੀ ਨੇ ਵੱਖ-ਵੱਖ ਥਾਣਿਆਂ ਦਾ ਦੌਰਾ ਕਰ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਇਸ ਦੌਰਾਨ ਕੁਸੁਮ ਖੇੜਾ ਮੋੜ ’ਤੇ ਡਿਊਟੀ ਦੇਣ ਦੀ ਬਜਾਏ ਮੋਬਾਇਲ ’ਤੇ ਗੇਮ ਖੇਡਦੇ ਫੜੇ ਗਏ 3 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

* 4 ਮਈ ਨੂੰ ਕੁਨੂੰਰ ਜ਼ਿਲੇ ਦੇ ਕਲੈਕਟਰ ਨੇ ਸਥਾਨਕ ਸਰਕਾਰੀ ਹਸਪਤਾਲ ਦਾ ਅਚਾਨਕ ਨਿਰੀਖਣ ਕੀਤਾ ਅਤੇ ਐਮਰਜੈਂਸੀ ਡਿਊਟੀ ’ਤੇ ਲਗਾਏ ਗਏ ਦੋ ਡਾਕਟਰ ਗੈਰ-ਹਾਜ਼ਰ ਪਾਏ ਜਾਣ ’ਤੇ ਉਨ੍ਹਾਂ ਨੂੰ ਮੁਅੱਤਲ ਕਰ ਿਦੱਤਾ ਗਿਆ।

* 8 ਮਈ ਨੂੰ ਅੰਮ੍ਰਿਤਸਰ ਨਗਰ ਨਿਗਮ ਦੀ ਕਮਿਸ਼ਨਰ ਕੋਮਲ ਮਿੱਤਲ ਨੇ ਦੋ ਕਲਰਕਾਂ ਨੂੰ ਡਿਊਟੀ ਦੌਰਾਨ ਦਫਤਰ ’ਚੋਂ ਗਾਇਬ ਪਾਏ ਜਾਣ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ।

* 16 ਮਈ ਨੂੰ ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਏਜ਼ਾਜ਼ ਅਸਦ ਨੇ ਦਵਾਈਆਂ ਦੀਆਂ ਦੁਕਾਨਾਂ ’ਤੇ ਅਚਾਨਕ ਛਾਪੇਮਾਰੀ ਦੌਰਾਨ 8 ਦੁਕਾਨਾਂ ਦੇ ਹਿਸਾਬ-ਕਿਤਾਬ, ਦਵਾਈਆਂ ਦੇ ਰੱਖ-ਰਖਾਅ ਅਤੇ ਸਫਾਈ ਵਿਵਸਥਾ ’ਚ ਬੇਨਿਯਮੀ ਪਾਏ ਜਾਣ ’ਤੇ ਉਨ੍ਹਾਂ ਨੂੰ ਸੀਲ ਕਰ ਦਿੱਤਾ।

* 18 ਮਈ ਨੂੰ ਦਿੱਲੀ ਦੇ ਖੁਰਾਕ ਅਤੇ ਸਪਲਾਈ ਮੰਤਰੀ ਇਮਰਾਨ ਹੁਸੈਨ ਨੇ ਉੱਤਰ-ਪੱਛਮੀ ਦਿੱਲੀ ’ਚ ਉਚਿਤ ਮੁੱਲ ਦੀਆਂ ਦੁਕਾਨਾਂ ਦਾ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬੰਦ ਪਾਈਆਂ ਗਈਆਂ 3 ਦੁਕਾਨਾਂ ਦੇ ਸੰਚਾਲਕਾਂ ਦੇ ਵਿਰੁੱਧ ਕਾਰਵਾਈ ਕਰਨ ਅਤੇ ਦੁਕਾਨਾਂ ਨੂੰ ਨਿਯਮਿਤ ਤੌਰ ’ਤੇ ਖੋਲ੍ਹਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ।

* 21 ਮਈ ਨੂੰ ਮੇਰਠ ਦੇ ਨਗਰ ਕਮਿਸ਼ਨਰ ਮਨੀਸ਼ ਬੰਸਲ ਨੇ ਨਗਰ ਦੀ ਸਫਾਈ ਵਿਵਸਥਾ ਦਾ ਅਚਾਨਕ ਨਿਰੀਖਣ ਕਰ ਕੇ ਕਈ ਸਫਾਈ ਕਰਮਚਾਰੀਆਂ ਨੂੰ ਡਿਊਟੀ ਤੋਂ ਗੈਰ-ਹਾਜ਼ਰ ਪਾਏ ਜਾਣ ’ਤੇ 4 ਸੁਪਰਵਾਈਜ਼ਰਾਂ ਦੀ ਤਨਖਾਹ ਕੱਟਣ ਦਾ ਹੁਕਮ ਦਿੱਤਾ।

* 23 ਮਈ ਨੂੰ ਡਰੱਗ ਕੰਟਰੋਲ ਟੀਮ ਨੇ ਜੈਪੁਰ ਦੇ ਵੱਡੇ ਹਸਪਤਾਲਾਂ ’ਚ ਸਥਿਤ ਤੇ ਹੋਰ ਮੈਡੀਕਲ ਸਟੋਰਾਂ ਦੇ ਨਿਰੀਖਣ ’ਚ ਕਈ ਬੇਨਿਯਮੀਆਂ ਪਾਏ ਜਾਣ ’ਤੇ 2 ਤੋਂ 15 ਦਿਨਾਂ ਦੇ ਲਈ ਉਨ੍ਹਾਂ ਦੇ ਲਾਇਸੰਸ ਰੱਦ ਕਰ ਦਿੱਤੇ।

* 25 ਮਈ ਨੂੰ ਉੱਨਾਵ ’ਚ ਜ਼ਿਲਾ ਮੈਜਿਸਟ੍ਰੇਟ ਨੇ ਰਾਸ਼ਨ ਦੀਆਂ ਦੋ ਦੁਕਾਨਾਂ ਦਾ ਅਚਾਨਕ ਨਿਰੀਖਣ ਕਰ ਕੇ ਬੰਦ ਪਈ ਇਕ ਦੁਕਾਨ ਦਾ ਲਾਇਸੰਸ ਰੱਦ ਕਰ ਦਿੱਤਾ।

* 26 ਮਈ ਨੂੰ ਬਲੀਆ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਰਾਜੇਂਦਰ ਪ੍ਰਸਾਦ ਨੇ ਦੁਬਹੜ ਸਥਿਤ ਕਮਿਊਨਿਟੀ ਵਿਕਾਸ ਕੇਂਦਰ ਦੇ ਅਚਾਨਕ ਨਿਰੀਖਣ ਦੇ ਦੌਰਾਨ ਹਾਜ਼ਰੀ ਰਜਿਸਟਰ ’ਤੇ ਦਸਤਖਤ ਕਰ ਕੇ ਫਰਲੋ ਮਾਰ ਗਏ 2 ਕਰਮਚਾਰੀਆਂ ਨੂੰ ਮੌਕੇ ’ਤੇ ਹੀ ਮੁਅੱਤਲ ਕਰ ਦਿੱਤਾ।

* 31 ਮਈ ਨੂੰ ਗਾਜ਼ੀਆਬਾਦ ਦੇ ਐੱਸ. ਡੀ. ਐੱਮ. ਨੇ ਧੌਲਾਨਾ ਤਹਿਸੀਲ ਦਫਤਰ ਦੇ ਅਚਾਨਕ ਨਿਰੀਖਣ ਦੇ ਦੌਰਾਨ ਬਿਨਾਂ ਛੁੱਟੀ ਮਨਜ਼ੂਰ ਕਰਵਾਏ ਗੈਰ-ਹਾਜ਼ਰ ਪਾਏ ਜਾਣ ਵਾਲੇ 6 ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ।

* 31 ਮਈ ਨੂੰ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਨਗਰ ਨਿਗਮ ਯਮੁਨਾਨਗਰ ਦੀ ਇੰਜੀਨੀਅਰਿੰਗ ਬਰਾਂਚ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਾਜ਼ਰੀ ਲਗਾਉਣ ਦੇ ਬਾਅਦ ਡਿਊਟੀ ਤੋਂ ਗਾਇਬ ਪਾਏ ਗਏ 3 ਜੇ. ਈ. ਅਤੇ 2 ਐੱਮ. ਈ. ਦੇ ਵਿਰੁੱਧ ਉਚਿਤ ਕਾਰਵਾਈ ਕਰਨ ਦੇ ਨਿਗਮ ਕਮਿਸ਼ਨਰ ਧਰਮਵੀਰ ਸਿੰਘ ਨੂੰ ਹੁਕਮ ਦਿੱਤੇ।

*31 ਮਈ ਨੂੰ ਕੈਥਲ ’ਚ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪ੍ਰਧਾਨ ਅਤੇ ਜ਼ਿਲਾ ਸੈਸ਼ਨ ਜੱਜ ਨਰੇਸ਼ ਕਤਿਆਲ ਨੇ ਬਿਰਧ ਆਸ਼ਰਮ ਅਤੇ ਬਾਲ ਉਪਵਨ ਦਾ ਅਚਾਨਕ ਨਿਰੀਖਣ ਕਰ ਕੇ ਮਹਾਮਾਰੀ ਦੇ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਲਈ।

ਬੇਸ਼ੱਕ ਸਰਕਾਰੀ ਵਿਭਾਗਾਂ ’ਚ ਬੇਨਿਯਮੀਆਂ ਦਾ ਪਤਾ ਲਗਾਉਣ ਲਈ ਛਾਪੇਮਾਰੀ ਦਾ ਸਿਲਸਿਲਾ ਸ਼ਲਾਘਾਯੋਗ ਹੈ ਪਰ ਇਕ ਨਿਸ਼ਚਿਤ ਕਾਰਜਸ਼ੈਲੀ ਨਿਰਧਾਰਿਤ ਕਰ ਕੇ ਗਿਣੇ-ਮਿੱਥੇ ਢੰਗ ਨਾਲ ਇਨ੍ਹਾਂ ਨੂੰ ਹੋਰ ਤੇਜ਼ ਕਰਨ ਅਤੇ ਨਿਯਮਿਤ ਤੌਰ ’ਤੇ ਜਾਰੀ ਰੱਖਣ ਦੀ ਲੋੜ ਹੈ।

ਜਿੰਨੇ ਵੱਧ ਛਾਪੇ ਮਾਰੇ ਜਾਣਗੇ, ਸਰਕਾਰੀ ਸਟਾਫ ’ਚ ਓਨੀ ਹੀ ਮੁਸਤੈਦੀ ਆਵੇਗੀ, ਹਾਜ਼ਰੀ ਸੁਧਰੇਗੀ, ਜਿਸ ਨਾਲ ਆਮ ਲੋਕਾਂ ਅਤੇ ਜਨਤਾ ਨੂੰ ਕੁਝ ਰਾਹਤ ਹਾਸਲ ਹੋਵੇਗੀ। ਇਸ ਦੇ ਨਾਲ ਹੀ ਜਿਹੜੇ ਸੂਬਿਆਂ ’ਚ ਅਚਾਨਕ ਛਾਪੇਮਾਰੀ ਨਹੀਂ ਕੀਤੀ ਜਾ ਰਹੀ ਹੈ, ਉੱਥੇ ਵੀ ਇਸ ਨੂੰ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਉੱਥੋਂ ਦੇ ਲੋਕਾਂ ਨੂੰ ਵੀ ਰਾਹਤ ਮਿਲੇ।

-ਵਿਜੇ ਕੁਮਾਰ

Bharat Thapa

This news is Content Editor Bharat Thapa