ਪੰਜਾਬ ਸਰਕਾਰ ਦੇਵੇਗੀ 5 ਲੱਖ ਰੁਪਏ ਸਰਬਸੰਮਤੀ ਨਾਲ ਚੁਣੀਆਂ ਗ੍ਰਾਮ ਪੰਚਾਇਤਾਂ ਨੂੰ

08/23/2023 3:46:20 AM

ਪੰਚਾਇਤਾਂ ਨੂੰ ਲੋਕਤੰਤਰ ਦੀ ਪਹਿਲੀ ਪੌੜੀ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਦੀਆਂ ਚੋਣਾਂ ’ਚ ਹੁਣ ਉਹੀ ਬੁਰਾਈਆਂ ਘਰ ਕਰਨ ਲੱਗੀਆਂ ਹਨ ਜੋ ਦੂਜੀਆਂ ਚੋਣਾਂ ’ਚ ਦੇਖਣ ਨੂੰ ਮਿਲਦੀਆਂ ਹਨ।

ਇਨ੍ਹਾਂ ’ਚ ਚੋਣ ਜਿੱਤਣ ਲਈ ਧਨ ਸ਼ਕਤੀ ਅਤੇ ਨਸ਼ਿਆਂ ਦੀ ਵਰਤੋਂ ਅਤੇ ਜੋੜ-ਤੋੜ ਆਦਿ ਸ਼ਾਮਲ ਹਨ। ਪੰਚਾਇਤੀ ਚੋਣਾਂ ’ਚ ਹੋਣ ਵਾਲੇ ਝਗੜੇ ਅਕਸਰ ਸ਼ਾਂਤ ਰਹਿਣ ਵਾਲੇ ਪੇਂਡੂ ਇਲਾਕਿਆਂ ਦਾ ਵਾਤਾਵਰਣ ਖਰਾਬ ਕਰ ਦਿੰਦੇ ਹਨ।

ਕਿਤੇ-ਕਿਤੇ ਤਾਂ ਇਹ ਚੋਣ ਝਗੜੇ ਹਿੰਸਕ ਰੂਪ ਧਾਰਨ ਕਰ ਕੇ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਦਾ ਕਾਰਨ ਵੀ ਬਣ ਜਾਂਦੇ ਹਨ, ਜਿਵੇਂ ਕਿ ਕੁਝ ਸਮਾਂ ਪਹਿਲਾਂ ਸੰਪੰਨ ਪੱਛਮੀ ਬੰਗਾਲ ਦੀਆਂ ਪੰਚਾਇਤੀ ਚੋਣਾਂ ’ਚ ਹੋਇਆ ਸੀ।

ਇਸ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ’ਚ ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ‘ਮੁੱਖ ਮੰਤਰੀ ਗ੍ਰਾਮ ਏਕਤਾ ਸਨਮਾਨ’ ਦੇ ਤਹਿਤ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਪੰਚਾਇਤੀ ਚੋਣਾਂ ’ਚ ਫਿਰਕੂ ਸੁਹਿਰਦਤਾ ਬਣਾਈ ਰੱਖਣ ’ਤੇ ਜ਼ੋਰ ਿਦੰਦੇ ਹੋਏ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਇਹ ਚੋਣਾਂ ਬਹੁਤ ਮਹੱਤਵਪੂਰਨ ਹਨ। ਇਸ ਨਾਲ ਪਿੰਡਾਂ ’ਚ ਆਮ ਰਾਇ ਨਾਲ ਪੰਚਾਇਤਾਂ ਚੁਣਨ ਦਾ ਰੁਝਾਨ ਵਧੇਗਾ, ਜਿਸ ਨਾਲ ਪਿੰਡਾਂ ’ਚ ਸਿਆਸੀ ਤੌਰ ’ਤੇ ਪੈਦਾ ਹੋਣ ਵਾਲੀ ਕੁੜੱਤਣ ਦੂਰ ਹੋਵੇਗੀ।

ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਪਿੰਡ ਦਾ ਵਿਕਾਸ ਯਕੀਨੀ ਬਣਾਉਣ ਲਈ ਹੁੰਦੀਆਂ ਹਨ। ਇਨ੍ਹਾਂ ਚੋਣਾਂ ਨੂੰ ਕਦੀ ਵੀ ਸਿਆਸਤ ਦੇ ਰੰਗ ’ਚ ਨਹੀਂ ਰੰਗਣਾ ਚਾਹੀਦਾ, ਕਿਉਂਕਿ ਪਿੰਡ ਦੇ ਲੋਕ ਇਕ-ਦੂਜੇ ਨਾਲ ਦੁੱਖ-ਸੁੱਖ ਸਾਂਝਾ ਕਰਦੇ ਹਨ। ਸਰਪੰਚ ਪਿੰਡ ਦਾ ਮੁਖੀਆ ਹੁੰਦਾ ਹੈ, ਇਸ ਲਈ ਉਸ ਨੂੰ ਕਿਸੇ ਇਕ ਧੜੇ ਦੀ ਨਹੀਂ ਸਗੋਂ ਸਾਰੇ ਪੇਂਡੂਆਂ ਦੀ ਪ੍ਰਤੀਨਿਧਤਾ ਕਰਨੀ ਚਾਹੀਦੀ ਹੈ।

ਪੰਜਾਬ ਸਰਕਾਰ ਨੇ ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਉਤਸ਼ਾਹ ਵਧਾਊ ਰਕਮ ਦੇਣ ਦਾ ਐਲਾਨ ਕਰ ਕੇ ਲੋਕਾਂ ’ਚ ਆਪਸੀ ਭਾਈਚਾਰਾ, ਪ੍ਰੇਮ ਅਤੇ ਸੁਹਿਰਦਤਾ ਬਣਾਈ ਰੱਖਣ ਦੀ ਦਿਸ਼ਾ ’ਚ ਇਕ ਚੰਗੀ ਪਹਿਲ ਕੀਤੀ ਹੈ। ਇਸ ਨਾਲ ਜਿੱਥੇ ਪਿੰਡਾਂ ਦੇ ਵਿਕਾਸ ਨੂੰ ਰਫਤਾਰ ਮਿਲੇਗੀ, ਉੱਥੇ ਹੀ ਭਾਈਚਾਰਾ ਵੀ ਮਜ਼ਬੂਤ ਹੋਵੇਗਾ। ਹੋਰ ਸੂਬਿਆਂ ’ਚ ਵੀ ਅਜਿਹੀ ਹੀ ਉਤਸ਼ਾਹ ਵਧਾਊ ਯੋਜਨਾ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
-ਵਿਜੇ ਕੁਮਾਰ

Manoj

This news is Content Editor Manoj