ਦਲ-ਬਦਲੂਆਂ ਨੂੰ ਭਾਜਪਾ ’ਚ ਲੈਣ ਵਿਰੁੱਧ ਪਾਰਟੀ ਵਿਚ ਪੈਦਾ ਹੋ ਰਿਹਾ ਰੋਸ

08/21/2019 6:45:06 AM

ਚੋਣਾਂ ’ਚ ਬੇਮਿਸਾਲ ਸਫਲਤਾ ਤੋਂ ਉਤਸ਼ਾਹਿਤ ਭਾਜਪਾ ਲੀਡਰਸ਼ਿਪ ਜਿੱਥੇ ਦੇਸ਼ ’ਚ ਆਪਣੇ ਨਾਲ ਢਾਈ ਕਰੋੜ ਨਵੇਂ ਮੈਂਬਰ ਜੋੜਨ ਲਈ ਯਤਨਸ਼ੀਲ ਹੈ, ਉਥੇ ਹੀ ਵੱਡੀ ਗਿਣਤੀ ’ਚ ਆਪਣੀ ਮੂਲ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਣ ਦੀ ਦੂਜੀਆਂ ਪਾਰਟੀਆਂ ਦੇ ਛੋਟੇ-ਵੱਡੇ ਨੇਤਾਵਾਂ ’ਚ ਇਕ ਦੌੜ ਜਿਹੀ ਲੱਗੀ ਹੋਈ ਹੈ।

ਅਸੀਂ ਆਪਣੇ 13 ਜੁਲਾਈ ਦੇ ਅੰਕ ’ਚ ਪ੍ਰਕਾਸ਼ਿਤ ਲੇਖ ‘ਦਲ-ਬਦਲੂਆਂ ਨੂੰ ਪਨਾਹ ਦੇਣ ਵਿਰੁੱਧ ਭਾਜਪਾ ’ਚ ਉੱਭਰਦਾ ਰੋਸ’ ਵਿਚ ਲਿਖਿਆ ਵੀ ਸੀ ਕਿ ‘‘ਬੇਸ਼ੱਕ ਭਾਜਪਾ ਲੀਡਰਸ਼ਿਪ ਬਾਹਾਂ ਫੈਲਾ ਕੇ ਦਲ-ਬਦਲੂਆਂ ਦਾ ਸਵਾਗਤ ਕਰ ਰਹੀ ਹੈ ਪਰ ਪਾਰਟੀ ਦੇ ਇਕ ਵਰਗ ’ਚ ਇਸ ਵਿਰੁੱਧ ਨਾਰਾਜ਼ਗੀ ਦੇ ਸੁਰ ਵੀ ਉੱਭਰਨੇ ਸ਼ੁਰੂ ਹੋ ਗਏ ਹਨ।’’

ਇਸੇ ਪਿਛੋਕੜ ’ਚ ਗੋਆ ਵਿਚ ਪਿਛਲੇ ਮਹੀਨੇ ਕਾਂਗਰਸ ਦੇ 10 ਦਲ-ਬਦਲੂ ਵਿਧਾਇਕਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ’ਤੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਅਰਲੇਕਰ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਸੀ ਕਿ ‘‘ਜੋ ਕੁਝ ਵੀ ਹੋਇਆ ਹੈ, ਉਹ ਠੀਕ ਨਹੀਂ ਹੈ।’’

ਅਤੇ ਹੁਣ 17 ਅਗਸਤ ਨੂੰ ਮਹਾਰਾਸ਼ਟਰ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਏਕਨਾਥ ਖਡਸੇ ਨੇ ਕਿਹਾ ਕਿ ‘‘ਜਿਹੜੇ ਨੇਤਾਵਾਂ ਵਿਰੁੱਧ ਭਾਜਪਾ ਕਦੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੀ ਸੀ, ਉਨ੍ਹਾਂ ਨੂੰ ਪਾਰਟੀ ’ਚ ਸ਼ਾਮਿਲ ਕਰਨਾ ਕੋਈ ਚੰਗਾ ਵਿਚਾਰ ਨਹੀਂ ਹੈ। ਭਾਜਪਾ ਹੋਰਨਾਂ ਪਾਰਟੀਆਂ ਤੋਂ ਵੱਖਰੀ ਪਾਰਟੀ ਵਜੋਂ ਜਾਣੀ ਜਾਂਦੀ ਸੀ। ਇਸ ਲਈ ਇਸ ਅਕਸ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਣਾ ਚਾਹੀਦਾ।’’

ਜ਼ਿਕਰਯੋਗ ਹੈ ਕਿ ਹੁਣੇ ਜਿਹੇ ਕਾਂਗਰਸ ਅਤੇ ਰਾਕਾਂਪਾ ’ਚੋਂ ਕਈ ਨੇਤਾਵਾਂ ਨੂੰ ਭਾਜਪਾ ਵਿਚ ਸ਼ਾਮਿਲ ਕੀਤਾ ਗਿਆ ਹੈ। ਖਡਸੇ ਨੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿਚ ਆਉਣ ਦੇ ਚਾਹਵਾਨਾਂ ਦੀ ਲੰਮੀ ਕਤਾਰ ’ਤੇ ਟਿੱਪਣੀ ਕਰਦਿਆਂ ਸ਼੍ਰੀ ਨਿਤਿਨ ਗਡਕਰੀ ਦੇ ਇਕ ਬਿਆਨ ਦੇ ਹਵਾਲੇ ਨਾਲ ਕਿਹਾ ਕਿ :

‘‘ਭਾਜਪਾ ਸੱਤਾ ਵਿਚ ਹੈ, ਇਸ ਲਈ ਕਈ ਲੋਕ ਨਿੱਜੀ ਸੁਆਰਥਾਂ ਕਾਰਣ ਇਸ ਵਿਚ ਸ਼ਾਮਿਲ ਹੋ ਰਹੇ ਹਨ ਅਤੇ ਉਹ ਭਾਜਪਾ ਦੇ ਸੱਤਾ ਤੋਂ ਬਾਹਰ ਹੋਣ ’ਤੇ ਇਸ ਨੂੰ ਛੱਡ ਕੇ ਚਲੇ ਜਾਣਗੇ।’’

ਵਿਰੋਧੀ ਪਾਰਟੀਆਂ ਤਾਂ ਪਹਿਲਾਂ ਹੀ ਭਾਜਪਾ ਨੂੰ ‘ਸ਼ਿਕਾਰੀ ਪਾਰਟੀ’ ਕਹਿਣ ਲੱਗ ਪਈਆਂ ਹਨ, ਲਿਹਾਜ਼ਾ ਹੁਣ ਦਲ-ਬਦਲੀ ਨੂੰ ਹੱਲਾਸ਼ੇਰੀ ਦੇਣ ਵਿਰੁੱਧ ਭਾਜਪਾ ਦੇ ਅੰਦਰੋਂ ਹੀ ਉੱਠ ਰਹੀਆਂ ਆਵਾਜ਼ਾਂ ਪਾਰਟੀ ਲੀਡਰਸ਼ਿਪ ਨੂੰ ਸੁਣ ਕੇ ਸੁਆਰਥ ਤੋਂ ਪ੍ਰੇਰਿਤ ਇਸ ਰੁਝਾਨ ’ਤੇ ਰੋਕ ਲਾਉਣੀ ਚਾਹੀਦੀ ਹੈ ਤਾਂ ਕਿ ਉਸ ’ਤੇ ਦਲ-ਬਦਲੀ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਨਾ ਲੱਗਣ ਅਤੇ ਪਾਰਟੀ ਦੇ ਅਕਸ ਨੂੰ ਵੀ ਠੇਸ ਨਾ ਪੁੱਜੇ।

ਇਸ ਦੇ ਨਾਲ ਹੀ ਲੋਕਤੰਤਰ ਦੇ ਵੱਕਾਰ ਦੀ ਰਾਖੀ ਲਈ ਅਜਿਹਾ ਕਾਨੂੰਨ ਵੀ ਬਣਨਾ ਚਾਹੀਦਾ ਹੈ ਕਿ ਜਿਹੜਾ ਉਮੀਦਵਾਰ ਜਿਸ ਪਾਰਟੀ ਤੋਂ ਚੁਣਿਆ ਜਾਵੇ, ਉਹ ਆਪਣਾ ਕਾਰਜਕਾਲ ਖਤਮ ਹੋਣ ਤਕ ਉਸੇ ਪਾਰਟੀ ’ਚ ਰਹੇ ਅਤੇ ਦਲ-ਬਦਲੀ ਨਾ ਕਰ ਸਕੇ।

–ਵਿਜੇ ਕੁਮਾਰ
 

Bharat Thapa

This news is Content Editor Bharat Thapa